74 ਫੀਸਦ ਵਿਦਿਆਰਥੀ ਵੀਜ਼ਾ ਅਰਜ਼ੀਆਂ ਰੱਦ
ਕੈਨੇਡਾ ਦੀ ਸਖ਼ਤੀ ਦੀ ਸਭ ਤੋਂ ਵੱਧ ਮਾਰ ਭਾਰਤੀਆਂ ’ਤੇ; ਭਾਰਤੀ ਬਿਨੈਕਾਰਾਂ ਦੀ ਗਿਣਤੀ ਵੀ ਘਟੀ
ਕੈਨੇਡਾ ਵੱਲੋਂ ਕੌਮਾਂਤਰੀ ਵਿਦਿਆਰਥੀਆਂ ’ਤੇ ਕੀਤੀ ਸਖ਼ਤੀ ਨੇ ਭਾਰਤੀ ਵਿਦਿਆਰਥੀਆਂ ’ਤੇ ਸਭ ਤੋਂ ਵੱਧ ਅਸਰ ਪਾਇਆ ਹੈ। ਇਮੀਗ੍ਰੇਸ਼ਨ ਵਿਭਾਗ ਦੇ ਅੰਕੜਿਆਂ ਅਨੁਸਾਰ ਅਗਸਤ 2025 ਵਿੱਚ ਕੈਨੇਡੀਅਨ ਸੰਸਥਾਵਾਂ ਵਿੱਚ ਪੜ੍ਹਨ ਲਈ ਭਾਰਤੀ ਵਿਦਿਆਰਥੀਆਂ ਦੀਆਂ ਤਕਰੀਬਨ 74 ਫੀਸਦ ਅਰਜ਼ੀਆਂ ਰੱਦ ਕਰ ਦਿੱਤੀਆਂ ਗਈਆਂ; ਅਗਸਤ 2023 ਵਿੱਚ ਇਹ ਦਰ ਸਿਰਫ਼ 32 ਫੀਸਦ ਸੀ। ਅਗਸਤ 2025 ਵਿੱਚ ਚੀਨੀ ਵਿਦਿਆਰਥੀਆਂ ਦੀਆਂ ਸਿਰਫ਼ 24 ਫੀਸਦ ਅਰਜ਼ੀਆਂ ਹੀ ਰੱਦ ਹੋਈਆਂ।
ਭਾਰਤੀ ਬਿਨੈਕਾਰਾਂ ਦੀ ਗਿਣਤੀ ਵਿੱਚ ਵੀ ਭਾਰੀ ਗਿਰਾਵਟ ਆਈ ਹੈ। ਅਗਸਤ 2023 ਵਿੱਚ ਜਿੱਥੇ 20,900 ਭਾਰਤੀਆਂ ਨੇ ਅਰਜ਼ੀ ਦਿੱਤੀ ਸੀ, ਉੱਥੇ ਅਗਸਤ 2025 ਵਿੱਚ ਇਹ ਗਿਣਤੀ ਘਟ ਕੇ ਸਿਰਫ਼ 4,515 ਰਹਿ ਗਈ। ਕੈਨੇਡਾ ਨੇ ਵਿਦਿਆਰਥੀ ਵੀਜ਼ਿਆਂ ਨਾਲ ਸਬੰਧਤ ਧੋਖਾਧੜੀ ਨੂੰ ਰੋਕਣ ਅਤੇ ਅਸਥਾਈ ਪਰਵਾਸੀਆਂ ਦੀ ਗਿਣਤੀ ਘਟਾਉਣ ਲਈ ਇਹ ਕਦਮ ਚੁੱਕਿਆ ਹੈ। 2023 ਵਿੱਚ ਲਗਪਗ 1,550 ਜਾਅਲੀ ਪ੍ਰਵਾਨਗੀ ਪੱਤਰਾਂ ਵਾਲੀਆਂ ਅਰਜ਼ੀਆਂ ਦਾ ਪਤਾ ਲੱਗਾ ਸੀ, ਜਿਨ੍ਹਾਂ ’ਚੋਂ ਜ਼ਿਆਦਾਤਰ ਭਾਰਤ ਤੋਂ ਸਨ। ਹੁਣ ਕੈਨੇਡਾ ਨੇ ਜਾਂਚ ਪ੍ਰਕਿਰਿਆ ਸਖ਼ਤ ਕਰ ਦਿੱਤੀ ਹੈ। ਓਟਵਾ ਵਿੱਚ ਭਾਰਤੀ ਦੂਤਾਵਾਸ ਨੇ ਕਿਹਾ ਕਿ ਉਨ੍ਹਾਂ ਦੇ ਧਿਆਨ ਵਿੱਚ ਇਹ ਮਾਮਲਾ ਆਇਆ ਹੈ ਪਰ ਵੀਜ਼ਾ ਜਾਰੀ ਕਰਨਾ ਕੈਨੇਡਾ ਦਾ ਆਪਣਾ ਅਧਿਕਾਰ ਹੈ। ਉਂਝ ਉਨ੍ਹਾਂ ਜ਼ੋਰ ਦੇ ਕੇ ਕਿਹਾ, ‘‘ਦੁਨੀਆ ਦੇ ਕੁਝ ਸਭ ਤੋਂ ਵਧੀਆ ਵਿਦਿਆਰਥੀ ਭਾਰਤ ਤੋਂ ਹਨ ਅਤੇ ਕੈਨੇਡੀਅਨ ਸੰਸਥਾਵਾਂ ਨੇ ਪਿਛਲੇ ਸਮੇਂ ਵਿੱਚ ਇਨ੍ਹਾਂ ਵਿਦਿਆਰਥੀਆਂ ਦੀ ਪ੍ਰਤਿਭਾ ਤੋਂ ਬਹੁਤ ਲਾਭ ਉਠਾਇਆ ਹੈ।’’

