ਪੰਜਾਬ ਦੇ 70 ਫ਼ੀਸਦੀ ਕਾਂਗਰਸੀ ਮੇਰੇ ਨਾਲ: ਨਵਜੋਤ ਕੌਰ
ਸਾਬਕਾ ਮੰਤਰੀ ਅਤੇ ਪਾਰਟੀ ’ਚੋਂ ਮੁਅੱਤਲ ਡਾ. ਨਵਜੋਤ ਕੌਰ ਸਿੱਧੂ ਨੇ ਪੰਜਾਬ ਕਾਂਗਰਸ ਦੇ ਆਗੂਆਂ ਨੂੰ ਅੱਜ ਮੁੜ ਘੇਰਦਿਆਂ ਦਾਅਵਾ ਕੀਤਾ ਕਿ ਉਨ੍ਹਾਂ ਨੂੰ ਸੂਬੇ ਦੇ 70 ਫ਼ੀਸਦੀ ਅਤੇ ਕੇਂਦਰੀ ਲੀਡਰਸ਼ਿਪ ਦੇ 90 ਫ਼ੀਸਦੀ ਆਗੂਆਂ ਦੀ ਹਮਾਇਤ ਹਾਸਲ ਹੈ। ਇਥੇ...
ਸਾਬਕਾ ਮੰਤਰੀ ਅਤੇ ਪਾਰਟੀ ’ਚੋਂ ਮੁਅੱਤਲ ਡਾ. ਨਵਜੋਤ ਕੌਰ ਸਿੱਧੂ ਨੇ ਪੰਜਾਬ ਕਾਂਗਰਸ ਦੇ ਆਗੂਆਂ ਨੂੰ ਅੱਜ ਮੁੜ ਘੇਰਦਿਆਂ ਦਾਅਵਾ ਕੀਤਾ ਕਿ ਉਨ੍ਹਾਂ ਨੂੰ ਸੂਬੇ ਦੇ 70 ਫ਼ੀਸਦੀ ਅਤੇ ਕੇਂਦਰੀ ਲੀਡਰਸ਼ਿਪ ਦੇ 90 ਫ਼ੀਸਦੀ ਆਗੂਆਂ ਦੀ ਹਮਾਇਤ ਹਾਸਲ ਹੈ।
ਇਥੇ ਆਪਣੇ ਜੱਦੀ ਘਰ ਪੁੱਜਣ ਮਗਰੋਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਡਾ. ਸਿੱਧੂ ਨੇ ਕਿਹਾ ਕਿ ਉਨ੍ਹਾਂ ਨੂੰ ਚੁੱਪ ਕਰਾਉਣ ਲਈ ਫੋਨ ਆਏ ਹਨ ਪਰ ਉਹ ਖਾਮੋਸ਼ ਨਹੀਂ ਬੈਠਣਗੇ ਕਿਉਂਕਿ ‘‘ਜਿਨ੍ਹਾਂ ਟਿਕਟਾਂ ਵੇਚੀਆਂ ਅਤੇ ਕਾਂਗਰਸ ਨੂੰ ਨੁਕਸਾਨ ਪਹੁੰਚਾਇਆ, ਉਨ੍ਹਾਂ ਨੂੰ ਚੁੱਪ ਕਰਾਉਣ ਦੀ ਲੋੜ ਹੈ। ਪੰਜਾਬ ਵਾਲੇ 4-5 ਲੀਡਰਾਂ ਨਾਲ ਕਿਸੇ ਵੀ ਹਾਲਤ ਵਿਚ ਸਮਝੌਤਾ ਨਹੀਂ ਕਰਾਂਗੀ। ਮੈਂ ਕਿਸੇ ਮੁਅੱਤਲੀ ਨੂੰ ਨਹੀਂ ਮੰਨਦੀ ਹਾਂ ਕਿਉਂਕਿ ਰਾਜਾ ਵੜਿੰਗ ਤਾਂ ਖ਼ੁਦ ਵਿਵਾਦਤ ਹੈ।’’ ਉਨ੍ਹਾਂ ਦੋਸ਼ ਲਾਇਆ ਕਿ ਸ਼ਿਵਾਲਿਕ ਰੇਂਜ ਵਿਚ ਹਜ਼ਾਰਾਂ ਏਕੜ ਜ਼ਮੀਨ ’ਤੇ ਵੱਡੇ ਪੂੰਜੀਪਤੀਆਂ ਨੇ ਸਰਕਾਰ ਦੀ ਸ਼ਹਿ ’ਤੇ ਕਬਜ਼ੇ ਕੀਤੇ ਹੋਏ ਹਨ, ਜਿਨ੍ਹਾਂ ਨੂੰ ਕਥਿਤ ਤੌਰ ’ਤੇ ਮੁੱਖ ਮੰਤਰੀ ਭਗਵੰਤ ਮਾਨ ਰਜਿਸਟਰੀਆਂ ਰਾਹੀਂ ਮਾਨਤਾ ਦੇਣ ਦੀ ਕੋਸ਼ਿਸ਼ ’ਚ ਹਨ। ਉਨ੍ਹਾਂ ਇਹ ਦਾਅਵਾ ਵੀ ਕੀਤਾ ਕਿ ‘ਆਪ’ ਸਰਕਾਰ ਦੀ ਅਗਵਾਈ ਹੇਠ ਸੂਬੇ ’ਚ ਅਮਨ ਕਾਨੂੰਨੀ ਦੀ ਹਾਲਤ ਨਾਜ਼ੁਕ ਦੌਰ ਵਿਚ ਪੁੱਜ ਗਈ ਹੈ। ਉਨ੍ਹਾਂ ਦਾਅਵਾ ਕੀਤਾ ਕਿ ਉਹ ਪੰਜਾਬ ਨਾਲ ਜੁੜੇ ਮੁੱਦਿਆਂ ਨੂੰ ਲੈ ਕੇ ਕੌਮੀ ਆਗੂ ਰਾਹੁਲ ਗਾਂਧੀ ਨਾਲ ਗੱਲ ਕਰਨਾ ਚਾਹੁੰਦੇ ਸਨ ਪਰ ਕੋਈ ਗੱਲ ਨਹੀਂ ਬਣੀ ਜਿਸ ਮਗਰੋਂ ਉਨ੍ਹਾਂ ਨੂੰ ਰਾਜਪਾਲ ਕੋਲ ਜਾਣਾ ਪਿਆ ਸੀ। ਉਨ੍ਹਾਂ ਕਾਂਗਰਸੀ ਸੰਸਦ ਮੈਂਬਰ ਸੁਖਜਿੰਦਰ ਸਿੰਘ ਰੰਧਾਵਾ ’ਤੇ ਮੁੜ ਦੋਸ਼ ਲਾਏ ਕਿ ਉਨ੍ਹਾਂ ਰਾਜਸਥਾਨ ਵਿਚ ਕਥਿਤ ਤੌਰ ’ਤੇ ਟਿਕਟਾਂ ਵੇਚੀਆਂ। ਉਨ੍ਹਾਂ ਕਿਹਾ ਕਿ ਕਾਂਗਰਸ ਪਾਰਟੀ 2027 ਵਿਚ ਹਰ ਹਾਲ ਸਰਕਾਰ ਬਣਾਏਗੀ। ਉਨ੍ਹਾਂ ਆਪਣੀ ਮੁਅੱਤਲੀ ਬਾਰੇ ਹਾਈਕਮਾਂਡ ਨਾਲ ਗੱਲ ਹੋਣ ਦਾ ਦਾਅਵਾ ਕਰਦਿਆਂ ਕਿਹਾ ਕਿ ਉਹ ਜਲਦੀ ਕੋਈ ਫ਼ੈਸਲਾ ਕਰੇਗੀ। ਡਾ. ਨਵਜੋਤ ਕੌਰ ਸਿੱਧੂ ਨੇ ਇਹ ਦੋਸ਼ ਵੀ ਲਾਇਆ ਕਿ ਅਨਿਲ ਜੋਸ਼ੀ ਕਥਿਤ ਤੌਰ ’ਤੇ ਪੈਸੇ ਦੇ ਕੇ ਕਾਂਗਰਸ ਵਿਚ ਸ਼ਾਮਲ ਹੋਏ ਅਤੇ ਹੁਣ ਪ੍ਰੇਸ਼ਾਨ ਹੋ ਕੇ ਮੁੜ ਅਕਾਲੀ ਦਲ ਵਿਚ ਜਾਣ ਲਈ ਤਿਆਰ ਹਨ। ਉਨ੍ਹਾਂ ਕਿਹਾ ਕਿ ਉਹ ਨਵਜੋਤ ਸਿੱਧੂ ਨੂੰ ਵੀ ਕਹਿਣਗੇ ਕਿ ਉਹ ਸਿਆਸਤ ਵਿਚ ਸਰਗਰਮ ਹੋਣ।
ਰੰਧਾਵਾ ਨੇ ਕਾਨੂੰਨੀ ਨੋਟਿਸ ਭੇਜਿਆ
ਪੰਜਾਬ ਦੇ ਸਾਬਕਾ ਉਪ ਮੁੱਖ ਮੰਤਰੀ ਅਤੇ ਸੰਸਦ ਮੈਂਬਰ ਸੁਖਜਿੰਦਰ ਸਿੰਘ ਰੰਧਾਵਾ ਨੇ ਡਾ. ਨਵਜੋਤ ਕੌਰ ਸਿੱਧੂ ਨੂੰ ਕਾਨੂੰਨੀ ਨੋਟਿਸ ਭੇਜਿਆ ਹੈ। ਉਨ੍ਹਾਂ ਆਪਣੇ ਵਕੀਲ ਗੁਰਮੁਖ ਸਿੰਘ ਰੰਧਾਵਾ ਰਾਹੀਂ ਭੇਜੇ ਨੋਟਿਸ ’ਚ ਕਿਹਾ ਕਿ ਜੇ ਨਵਜੋਤ ਕੌਰ ਸਿੱਧੂ ਨੇ ਹਫ਼ਤੇ ਦੇ ਅੰਦਰ-ਅੰਦਰ ਜਨਤਕ ਤੌਰ ’ਤੇ ਮੁਆਫ਼ੀ ਨਾ ਮੰਗੀ ਤਾਂ ਉਹ ਅਦਾਲਤ ਵਿੱਚ ਮਾਣਹਾਨੀ ਦਾ ਕੇਸ ਕਰਨਗੇ। ਨਵਜੋਤ ਕੌਰ ਸਿੱਧੂ ਨੇ ਸੁਖਜਿੰਦਰ ਸਿੰਘ ਰੰਧਾਵਾ ’ਤੇ ਦੋਸ਼ ਲਾਏ ਸਨ ਕਿ ਉਨ੍ਹਾਂ ਰਾਜਸਥਾਨ ’ਚ ਕਾਂਗਰਸ ਦਾ ਇੰਚਾਰਜ ਹੋਣ ਦੌਰਾਨ ਵਿਧਾਨ ਸਭਾ ਚੋਣਾਂ ’ਚ ਟਿਕਟਾਂ ਬਦਲੇ ਪੈਸੇ ਲਏ ਸਨ। ਇਸ ਦੌਰਾਨ ਨਵਜੋਤ ਕੌਰ ਸਿੱਧੂ ਨੇ ਕਿਹਾ ਕਿ ਉਹ ਸਬੂਤਾਂ ਸਮੇਤ ਨੋਟਿਸ ਦਾ ਜਵਾਬ ਦੇਣਗੇ।

