ਮਹਾਰਾਸ਼ਟਰ ਦੇ ਗੜ੍ਹਚਿਰੌਲੀ ਜ਼ਿਲ੍ਹੇ ’ਚ ਚੋਟੀ ਦੇ ਨਕਸਲੀ ਮੱਲੋਜੁਲਾ ਵੇਣੂਗੋਪਾਲ ਉਰਫ਼ ਭੂਪਤੀ ਉਰਫ ਸੋਨੂੰ ਤੇ 60 ਹੋਰ ਨਕਸਲੀਆਂ ਨੇ ਪੁਲੀਸ ਅੱਗੇ ਆਤਮ-ਸਮਰਪਣ ਕਰ ਦਿੱਤਾ। ਅਧਿਕਾਰੀਆਂ ਨੇ ਦੱਸਿਆ ਕਿ ਪਾਬੰਦੀਸ਼ੁਦਾ ਸੀ ਪੀ ਆਈ (ਮਾਓਵਾਦੀ) ਦੇ ਪ੍ਰਭਾਵਸ਼ਾਲੀ ਰਣਨੀਤੀਕਾਰਾਂ ’ਚੋਂ ਇੱਕ ਭੂਪਤੀ ਕੇਂਦਰੀ ਕਮੇਟੀ ਅਤੇ ਪੋਲਿਟ ਬਿਊਰੋ ਦਾ ਮੈਂਬਰ ਸੀ ਤੇ ਉਸ ਦੇ ਸਿਰ ’ਤੇ 6 ਕਰੋੜ ਰੁਪਏ ਦਾ ਇਨਾਮ ਸੀ।
ਉਨ੍ਹਾਂ ਕਿਹਾ ਕਿ ਨਕਸਲੀਆਂ ਨੇ ਰਾਤ ਸਮੇਂ ਪੁਲੀਸ ਅੱਗੇ ਆਤਮ-ਸਮਰਪਣ ਕੀਤਾ। ਉਨ੍ਹਾਂ ਮੁਤਾਬਿਕ ਨਕਸਲੀਆਂ ਨੂੰ ਪੁਲੀਸ ਵਾਹਨਾਂ ਵਿੱਚ ਹੋਦਰੀ ਪਿੰਡ ਤੋਂ ਗੜ੍ਹਚਿਰੌਲੀ ਪੁਲੀਸ ਹੈੱਡਕੁਆਰਟਰ ਲਿਆਂਦਾ ਗਿਆ, ਜਿੱਥੇ ਉਨ੍ਹਾਂ ਨੇ ਆਤਮ-ਸਮਰਪਣ ਕਰ ਦਿੱਤਾ। ਅਧਿਕਾਰੀ ਨੇ ਕਿਹਾ ਕਿ ਜ਼ਬਤ ਕੀਤੇ ਗਏ ਹਥਿਆਰਾਂ ਵਿੱਚ ਸੱਤ ਏਕੇ-47 ਅਤੇ ਨੌਂ ਇਨਸਾਸ ਰਾਈਫਲਾਂ ਹਨ। ਆਤਮ-ਸਮਰਪਣ ਕਰਨ ਵਾਲੇ ਕਾਡਰਾਂ ਵਿੱਚ ਇੱਕ ਕੇਂਦਰੀ ਕਮੇਟੀ ਮੈਂਬਰ, ਦੰਡਕਾਰਨੀਆ ਸਪੈਸ਼ਲ ਜ਼ੋਨਲ ਕਮੇਟੀ ਦੇ ਤਿੰਨ ਮੈਂਬਰ ਤੇ ਪਾਬੰਦੀਸ਼ੁਦਾ ਸੀ ਪੀ ਆਈ (ਮਾਓਵਾਦੀ) ਦੀ ਡਿਵੀਜ਼ਨਲ ਕਮੇਟੀ ਦੇ 10 ਮੈਂਬਰ ਸ਼ਾਮਲ ਹਨ। ਭੂਪਤੀ ਤੇ 60 ਨਕਸਲੀਆਂ ਦੇ ਆਤਮ-ਸਮਰਪਣ ਨੂੰ ਸੂਬੇ ’ਚ ਮਾਓਵਾਦੀ ਲਹਿਰ ਲਈ ਵੱਡਾ ਝਟਕਾ ਮੰਨਿਆ ਜਾ ਰਿਹਾ ਹੈ। ਇਸ ਵਰ੍ਹੇ ਦੇ ਸ਼ੁਰੂ ਵਿੱਚ ਭੂਪਤੀ ਦੀ ਪਤਨੀ ਤਾਰੱਕਾ ਨੇ ਵੀ ਆਤਮ-ਸਮਰਪਣ ਕਰ ਦਿੱਤਾ ਸੀ
ਝਾਰਖੰਡ ’ਚ ਮਾਓਵਾਦੀਆਂ ਨੇ ਮੋਬਾਈਲ ਟਾਵਰ ਨੂੰ ਅੱਗ ਲਾਈ
ਚਾਇਬਾਸਾ: ਝਾਰਖੰਡ ’ਚ ਪੱਛਮੀ ਸਿੰਘਭੂਮ ਜ਼ਿਲ੍ਹੇ ਦੇ ਸਾਰੰਡਾ ਜੰਗਲੀ ਇਲਾਕੇ ’ਚ ਪਾਬੰਦੀਸ਼ੁਦਾ ਸੀ ਪੀ ਆਈ (ਮਾਓਵਾਦੀ) ਨੇ ਪ੍ਰਾਈਵੇਟ ਟੈਲੀਕਾਮ ਕੰਪਨੀ ਦੇ ਮੋਬਾਈਲ ਟਾਵਰ ਨੂੰ ਅੱਗ ਲਾ ਦਿੱਤੀ। ਐੱਸ ਪੀ ਅਮਿਤ ਕੁਮਾਰ ਨੇ ਦੱਸਿਆ ਕਿ ਮਾਓਵਾਦੀਆਂ ਦੇ ਗਰੁੱਪ ਨੇ ਸੋਮਵਾਰ ਤੇ ਮੰਗਲਵਾਰ ਦੀ ਦਰਮਿਆਨੀ ਰਾਤ ਛੋਟਾ ਨਗਰਾ ਥਾਣੇ ਅਧੀਨ ਪੈਂਦੇ ਬਾਹਦਾ ਪਿੰਡ ’ਚ ਮੋਬਾਈਲ ਟਾਵਰ ਨੂੰ ਅੱਗ ਲਾਈ ਤੇ ਪੋਸਟਰ ਚਿਪਕਾਏ। ਮਾਓਵਾਦੀਆਂ ਵੱਲੋਂ ਪੋਸਟਰਾਂ ’ਚ ਸਾਥੀਆਂ ਦੀ ਮੌਤ ਦਾ ਬਦਲਾ ਲੈਣ ਦੀ ਧਮਕੀ ਤੋਂ ਇਲਾਵਾ ਪੁਲੀਸ ਕਾਰਵਾਈ ਵਿਰੁੱਧ 15 ਅਕਤੂਬਰ ਨੂੰ ਝਾਰਖੰਡ, ਬਿਹਾਰ, ਉੱਤਰੀ ਛੱਤੀਸਗੜ੍ਹ, ਪੱਛਮੀ ਬੰਗਾਲ ਤੇ ਅਸਾਮ ’ਚ ਬੰਦ ਦਾ ਸੱਦਾ ਦਿੱਤਾ ਗਿਆ ਹੈ। -ਪੀਟੀਆਈ