ਹਿਮਾਚਲ ਪ੍ਰਦੇਸ਼ ’ਚ 577 ਸੜਕਾਂ ਆਵਾਜਾਈ ਲਈ ਬੰਦ
ਹਿਮਾਚਲ ਪ੍ਰਦੇਸ਼ ’ਚ ਹਾਲ ਹੀ ਵਿੱਚ ਪਏ ਮੀਹਾਂ ਕਾਰਨ ਨੁਕਸਾਨੇ ਤਿੰਨ ਕੌਮੀ ਮਾਰਗਾਂ ਸਮੇਤ ਤਕਰੀਬਨ 577 ਸੜਕਾਂ ਆਵਾਜਾਈ ਲਈ ਬੰਦ ਕਰ ਦਿੱਤੀਆਂ ਗਈਆਂ ਹਨ। ਇਸੇ ਦੌਰਾਨ ਮੌਸਮ ਵਿਭਾਗ ਨੇ ਇਸ ਹਫ਼ਤੇ ਦੇ ਅਖੀਰ ’ਚ ਸੂਬੇ ਦੇ ਵੱਖ ਵੱਖ ਹਿੱਸਿਆਂ ’ਚ ਭਾਰੀ ਮੀਂਹ ਦੀ ਚਿਤਾਵਨੀ ਜਾਰੀ ਕੀਤੀ ਹੈ।
ਕੌਮੀ ਮਾਰਗਾਂ ’ਚ ਅਨਾਰੀ-ਲੇਹ ਮਾਰਗ (ਐੱਨਐੱਚ 3), ਓਟ-ਸੈਂਜ ਮਾਰਗ (ਐੱਨਐੱਚ 305) ਅਤੇ ਅੰਮ੍ਰਿਤਸਰ-ਭੋਟਾ ਮਾਰਚ (ਐੱਨਐੱਚ 503ਏ) ਖਰਾਬ ਮੌਸਮ ਕਾਰਨ ਬੰਦ ਰਹੇ। ਇਨ੍ਹਾਂ 577 ਸੜਕਾਂ ’ਚੋਂ ਸਭ ਤੋਂ ਵੱਧ 213 ਸੜਕਾਂ ਕੁੱਲੂ ’ਚ ਬੰਦ ਹਨ ਜਦਕਿ 154 ਸੜਕਾਂ ਮੰਡੀ ਜ਼ਿਲ੍ਹੇ ’ਚ ਬੰਦ ਹਨ। ਰਾਜ ਐਮਰਜੈਂਸੀ ਸੰਚਾਲਨ ਕੇਂਦਰ (ਐੱਸ ਈ ਓ ਸੀ) ਅਨੁਸਾਰ ਹੜ੍ਹਾਂ ਤੇ ਢਿੱਗਾਂ ਡਿੱਗਣ ਕਾਰਨ ਸੂਬੇ ’ਚ ਬਿਜਲੀ ਦੇ ਤਕਰੀਬਨ 812 ਟਰਾਂਸਫਰ ਅਤੇ 369 ਜਲ ਸਪਲਾਈ ਯੋਜਨਾਵਾਂ ਪ੍ਰਭਾਵਿਤ ਹੋਈਆਂ ਹਨ। ਸੂਬੇ ’ਚ 20 ਜੂਨ ਨੂੰ ਮੌਨਸੂਨ ਦੀ ਸ਼ੁਰੂਆਤ ਤੋਂ ਬਾਅਦ ਮੀਂਹ ਨਾਲ ਸਬੰਧਤ ਘਟਨਾਵਾਂ ਤੇ ਸੜਕ ਹਾਦਸਿਆਂ ’ਚ ਕੁੱਲ 380 ਵਿਅਕਤੀਆਂ ਦੀ ਮੌਤ ਹੋ ਚੁੱਕੀ ਹੈ। ਸੂਬੇ ਨੂੰ ਹੁਣ ਤੱਕ 4,306 ਕਰੋੜ ਰੁਪਏ ਤੋਂ ਵੱਧ ਦਾ ਨੁਕਸਾਨ ਹੋਇਆ ਹੈ। ਐੱਸ ਈ ਓ ਸੀ ਅਨੁਸਾਰ 380 ’ਚੋਂ 48 ਮੌਤਾਂ ਢਿੱਗਾਂ ਡਿੱਗਣ, 17 ਬੱਦਲ ਫਟਣ, 11 ਹੜ੍ਹਾਂ ਕਾਰਨ ਹੋਈਆਂ ਹਨ ਅਤੇ 165 ਮੌਤਾਂ ਸੜਕ ਹਾਦਸਿਆਂ ’ਚ ਹੋਈਆਂ ਹਨ। ਇਸ ਤੋਂ ਇਲਾਵਾ 40 ਵਿਅਕਤੀ ਅਜੇ ਵੀ ਲਾਪਤਾ ਦੱਸੇ ਜਾ ਰਹੇ ਹਨ। ਇਸੇ ਦੌਰਾਨ ਲੰਘੀ ਸ਼ਾਮ ਕਾਂਗੜਾ, ਪਾਲਮਪੁਰ, ਸੁੰਦਰਨਗਰ ਤੇ ਮੰਡੀ ਸਮੇਤ ਸੂਬੇ ਦੀਆਂ ਕਈ ਥਾਵਾਂ ’ਤੇ ਹਲਕੇ ਤੋਂ ਦਰਮਿਆਨਾ ਮੀਂਹ ਪਿਆ ਹੈ।
ਜੰਮੂ-ਸ੍ਰੀਨਗਰ ਰਾਜਮਾਰਗ ’ਤੇ ਇੱਕ ਪਾਸੇ ਆਵਾਜਾਈ ਬਹਾਲ
ਜੰਮੂ: ਜੰਮੂ-ਸ੍ਰੀਨਗਰ ਕੌਮੀ ਮਾਰਗ ’ਤੇ ਊਧਮਪੁਰ ਜ਼ਿਲ੍ਹੇ ਦੇ ਥਾਰੜ ਸੈਕਸ਼ਨ ’ਚ ਸੜਕ ’ਤੇ ਤਿਲਕਣ ਹੋਣ ਕਾਰਨ ਅੱਜ ਸਿਰਫ਼ ਇੱਕਪਾਸੜ ਆਵਾਜਾਈ ਦੀ ਇਜਾਜ਼ਤ ਦਿੱਤੀ ਗਈ ਹੈ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਹ ਰਾਜਮਾਰਗ ਬੀਤੇ ਦਿਨ ਨੌਂ ਦਿਨ ਬਾਅਦ ਆਵਾਜਾਈ ਲਈ ਮੁੜ ਤੋਂ ਖੋਲ੍ਹਿਆ ਗਿਆ ਸੀ। ਇਹ ਰਾਜਮਾਰਗ 26 ਅਗਸਤ ਤੋਂ ਭਾਰੀ ਮੀਂਹ, ਹੜ੍ਹ ਤੇ ਢਿੱਗਾਂ ਡਿੱਗਣ ਕਾਰਨ ਕਈ ਥਾਵਾਂ ’ਤੇ ਬੰਦ ਸੀ। ਇਸ ਨੂੰ 30 ਅਗਸਤ ਨੂੰ ਖੋਲ੍ਹਿਆ ਗਿਆ ਸੀ ਪਰ ਫਿਰ ਤੋਂ ਬੰਦ ਕਰ ਦਿੱਤਾ ਗਿਆ। ਕੁੱਲ ਮਿਲਾ ਕੇ ਇਹ ਮਾਰਗ 14 ਦਿਨ ਤੱਕ ਬੰਦ ਰਿਹਾ। ਇਸੇ ਦੌਰਾਨ ਰੇਲਵੇ ਨੇ ਕਸ਼ਮੀਰ ਤੋਂ ਜੰਮੂ ਤੇ ਦਿੱਲੀ ਲਈ ਦੋ ਪਾਰਸਲ ਵੈਨਾਂ ਚਲਾਉਣ ਦਾ ਫ਼ੈਸਲਾ ਕੀਤਾ ਹੈ ਤਾਂ ਜੋ ਘਾਟੀ ਦੇ ਫਲ ਦੇਸ਼ ਦੇ ਬਾਜ਼ਾਰਾਂ ਤੱਕ ਪਹੁੰਚਾਏ ਜਾ ਸਕਣ। -ਪੀਟੀਆਈ