ਇੱਥੇ ਐਂਟੀ-ਨਾਰਕੋਟਿਕਸ ਟਾਸਕ ਫੋਰਸ (ਏ ਐੱਨ ਟੀ ਐੱਫ਼) ਨੇ ਮੁਲਜ਼ਮ ਸੰਦੀਪ ਸਿੰਘ ਨੂੰ ਕਾਬੂ ਕਰ ਕੇ ਉਸ ਦੀ ਗੱਡੀ ’ਚੋਂ 50 ਕਿਲੋ ਹੈਰੋਇਨ ਬਰਾਮਦ ਕੀਤੀ ਹੈ। ਹੈਰੋਇਨ ਦੀ ਕੌਮਾਂਤਰੀ ਬਾਜ਼ਾਰ ’ਚ ਕੀਮਤ 250 ਕਰੋੜ ਰੁਪਏ ਤੋਂ ਵੱਧ ਦੱਸੀ ਗਈ ਹੈ। ਮੁਲਜ਼ਮ ਤਲਵੰਡੀ ਚੌਧਰੀਆਂ, ਕਪੂਰਥਲਾ ਦਾ ਰਹਿਣ ਵਾਲਾ ਹੈ।
ਫ਼ਿਰੋਜ਼ਪੁਰ ’ਚ ਏ ਐੱਨ ਟੀ ਐੱਫ਼ ਦੇ ਐੱਸ ਪੀ ਗੁਰਿੰਦਰਬੀਰ ਸਿੰਘ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਪਿਛਲੇ ਦਿਨਾਂ ਤੋਂ ਨਸ਼ਾ ਤਸਕਰੀ ਮਾਮਲੇ ’ਚ ਸੰਦੀਪ ਸਿੰਘ ਦੀ ਭਾਲ ਕੀਤੀ ਜਾ ਰਹੀ ਸੀ। ਪੁਲੀਸ ਨੂੰ ਸੂਹ ਮਿਲੀ ਕਿ ਉਹ ਫ਼ਿਰੋਜ਼ਪੁਰ ਨੇੜਲੇ ਇਲਾਕੇ ’ਚ ਹੈਰੋਇਨ ਦੀ ਵੱਡੀ ਖੇਪ ਲੈਣ ਆਇਆ ਹੈ। ਜਦੋਂ ਉਸ ਦਾ ਪਿੱਛਾ ਕੀਤਾ ਤਾਂ ਉਸ ਨੇ ਆਪਣੀ ਗੱਡੀ ਪੁਲੀਸ ਦੀ ਗੱਡੀ ’ਚ ਮਾਰੀ, ਜਿਸ ਮਗਰੋਂ ਪੁਲੀਸ ਨੇ ਹਵਾਈ ਫਾਇਰ ਕਰ ਕੇ ਉਸ ਨੂੰ ਕਾਬੂ ਕੀਤਾ। ਜਲਾਲਾਬਾਦ ਤੋਂ ਹੈਰੋਇਨ ਲੈ ਕੇ ਆ ਰਹੇ ਮੁਲਜ਼ਮ ਨੂੰ ਮਮਦੋਟ ਵਿੱਚ ਕਾਬੂ ਕੀਤਾ ਗਿਆ ਹੈ। ਤਲਾਸ਼ੀ ਲੈਣ ’ਤੇ ਮੁਲਜ਼ਮ ਦੀ ਗੱਡੀ ’ਚੋਂ 50 ਕਿਲੋ 14 ਗ੍ਰਾਮ ਹੈਰੋਇਨ ਬਰਾਮਦ ਹੋਈ। ਮੁਲਜ਼ਮ ਵਿਰੁੱਧ 8 ਮਾਮਲੇ ਪਹਿਲਾਂ ਤੋਂ ਦਰਜ ਹਨ, ਇੱਕ ਇਸ ਦੀ ਪਤਨੀ ’ਤੇ ਵੀ ਦਰਜ ਹੈ। ਲੰਘੀ 3 ਨਵੰਬਰ ਨੂੰ ਇਹ ਕਪੂਰਥਲਾ ਜੇਲ੍ਹ ਤੋਂ ਬਾਹਰ ਆਇਆ ਹੈ। ਇਸ ਸਬੰਧੀ ਹੋਰ ਜਾਂਚ ਕੀਤੀ ਜਾ ਰਹੀ ਹੈ, ਕਈ ਖੁਲਾਸੇ ਹੋਣ ਦੀ ਉਮੀਦ ਹੈ।

