ਇਸ ਖੇਤਰ ਵਿੱਚ ਰਾਵੀ ਦਰਿਆ ਦਾ ਰੁਖ਼ ਬਦਲਣ ਕਾਰਨ ਸਰਹੱਦੀ ਪਿੰਡ ਕੱਕੜ ਅਤੇ ਰਾਣੀਆਂ ਦੇ ਕਿਸਾਨਾਂ ਦੀ ਲਗਪਗ 50 ਏਕੜ ਉਪਜਾਊ ਜ਼ਮੀਨ ਦਰਿਆ ਬੁਰਦ ਹੋ ਗਈ ਹੈ। ਇਸ ਇਲਾਕੇ ਦੇ ਕਿਸਾਨ ਪਹਿਲਾਂ ਹੀ ਉਨ੍ਹਾਂ ਦੀ ਵਾਹੀਯੋਗ ਜ਼ਮੀਨ ਕੰਡਿਆਲੀ ਤਾਰ ਦੇ ਪਾਰ ਹੋਣ ਕਾਰਨ ਮੁਸ਼ਕਲਾਂ ਨਾਲ ਜੂਝ ਰਹੇ ਸਨ।
ਸਥਾਨਕ ਲੋਕਾਂ ਮੁਤਾਬਕ ਜ਼ਮੀਨ ਦਾ ਵੱਡਾ ਹਿੱਸਾ ਦਰਿਆ ਦੀ ਭੇਟ ਚੜ੍ਹ ਗਿਆ ਹੈ। ਕੱਕੜ ਪਿੰਡ ਦੇ ਸੁਖਰਾਜਬੀਰ ਪਾਲ ਸਿੰਘ ਗਿੱਲ ਨੇ ਕਿਹਾ ਕਿ ਉਹ ਤਿੰਨ ਭਰਾ 50 ਏਕੜ ਜ਼ਮੀਨ ਦੇ ਮਾਲਕ ਸਨ, ਜਿਸ ਵਿੱਚੋਂ ਕਰੀਬ 15 ਏਕੜ ਜ਼ਮੀਨ ਦਰਿਆ ’ਚ ਵਹਿ ਗਈ ਹੈ। ਛੇ ਏਕੜ ਜ਼ਮੀਨ ਦੇ ਮਾਲਕ ਕੁਲਬੀਰ ਸਿੰਘ ਗਿੱਲ ਨੇ ਕਿਹਾ ਕਿ ਸਰਕਾਰਾਂ ਨੇ ਉਨ੍ਹਾਂ ਦੀ ਕੋਈ ਮਦਦ ਨਹੀਂ ਕੀਤੀ। ਹੜ੍ਹਾਂ ਨੇ ਉਨ੍ਹਾਂ ਦੇ ਗੁਜ਼ਾਰੇ ਦਾ ਸਾਧਨ ਵੀ ਖੋਹ ਲਿਆ ਹੈ। ਜਸਬੀਰ ਸਿੰਘ ਨੇ ਕਿਹਾ ਕਿ ਦਰਿਆ ਅਜੇ ਵੀ ਜ਼ਮੀਨਾਂ ਨੂੰ ਖੋਰਾ ਲਾ ਰਿਹਾ ਹੈ। ਕਿਸਾਨ ਹਰਜੀਤ ਸਿੰਘ ਨੇ ਕਿਹਾ ਕਿ ਜ਼ਮੀਨ ਦਾ ਦਰਿਆ ਦੀ ਭੇਟ ਚੜ੍ਹਨਾ ਉਨ੍ਹਾਂ ਲਈ ਦੁੱਖਦਾਈ ਹੈ।
ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਨੇ ਕਿਹਾ ਕਿ ਇਸ ਖੇਤਰ ਵਿੱਚ ਹੋਏ ਨੁਕਸਾਨ ਦਾ ਨਿਰੀਖਣ ਕੀਤਾ ਜਾ ਰਿਹਾ ਹੈ। ਜ਼ਮੀਨ ਦਰਿਆ ਵਿੱਚ ਵਹਿਣ ਬਦਲੇ ਪ੍ਰਤੀ ਹੈਕਟੇਅਰ 47 ਹਜ਼ਾਰ ਰੁਪਏ ਤੇ ਫ਼ਸਲ ਲਈ ਪ੍ਰਤੀ ਏਕੜ 20 ਹਜ਼ਾਰ ਰੁਪਏ ਸਣੇ ਹੋਰ ਮਾਮਲਿਆਂ ਵਿੱਚ ਸਰਕਾਰ ਵੱਲੋਂ ਸਬਸਿਡੀ ਦਿੱਤੀ ਜਾਵੇਗੀ। ਉੱਧਰ, ਜਮਹੂਰੀ ਕਿਸਾਨ ਸਭਾ ਦੇ ਆਗੂ ਰਤਨ ਸਿੰਘ ਰੰਧਾਵਾ ਨੇ ਮੰਗ ਕੀਤੀ ਕਿ ਜ਼ਮੀਨਾਂ ਗੁਆਉਣ ਵਾਲੇ ਕਿਸਾਨਾਂ ਨੂੰ ਪ੍ਰਤੀ ਏਕੜ 45 ਲੱਖ ਰੁਪਏ ਮੁਆਵਜ਼ਾ ਦਿੱਤਾ ਜਾਵੇ।