ਬੱਸ ਅਤੇ ਟਰੱਕ ਦੀ ਸਿੱਧੀ ਟੱਕਰ ’ਚ 5 ਦੀ ਮੌਤ, 15 ਜ਼ਖਮੀ
ਉੱਤਰ ਪ੍ਰਦੇਸ਼ ਦੇ ਜੌਨਪੁਰ ਵਿੱਚ ਬੁੱਧਵਾਰ ਨੂੰ ਇੱਕ ਰੋਡਵੇਜ਼ ਬੱਸ ਅਤੇ ਟਰੱਕ ਦੀ ਸਿੱਧੀ ਟੱਕਰ ਵਿੱਚ ਇੱਕ ਨਾਬਾਲਗ ਲੜਕੀ ਸਮੇਤ ਪੰਜ ਵਿਅਕਤੀਆਂ ਦੀ ਮੌਤ ਹੋ ਗਈ ਅਤੇ 15 ਹੋਰ ਜ਼ਖ਼ਮੀ ਹੋ ਗਏ।
ਪੁਲੀਸ ਨੇ ਦੱਸਿਆ ਕਿ ਇਹ ਘਟਨਾ ਮੰਗਲਵਾਰ ਰਾਤ ਲਗਭਗ 10:30 ਵਜੇ ਖੇਤਾਸਰਾਏ ਥਾਣਾ ਖੇਤਰ ਦੇ ਗੁਰਾਏਨੀ ਪੈਟਰੋਲ ਪੰਪ ਨੇੜੇ ਵਾਪਰੀ। ਪੁਲੀਸ ਸੁਪਰਡੈਂਟ ਡਾ. ਕੌਸਤੁਭ ਨੇ ਦੱਸਿਆ ਕਿ ਜੌਨਪੁਰ ਤੋਂ ਆ ਰਹੀ ਰੋਡਵੇਜ਼ ਬੱਸ ਅਤੇ ਸ਼ਾਹਗੰਜ ਤੋਂ ਆ ਰਹੇ ਟਰੱਕ ਦੀ ਆਪਸ ਵਿੱਚ ਟੱਕਰ ਹੋ ਗਈ, ਜਿਸ ਵਿੱਚ ਦੋ ਸਾਲ ਦੀ ਲੜਕੀ, ਦੋ ਔਰਤਾਂ ਅਤੇ ਦੋ ਮਰਦਾਂ ਦੀ ਮੌਤ ਹੋ ਗਈ।
ਪੁਲੀਸ ਅਨੁਸਾਰ ਇਹ ਹਾਦਸਾ ਬੱਸ ਡਰਾਈਵਰ ਦੀ ਲਾਪਰਵਾਹੀ ਕਾਰਨ ਵਾਪਰਿਆ। ਹਾਦਸੇ ਬਾਰੇ ਜਾਣਕਾਰੀ ਮਿਲਣ ’ਤੇ ਪੁਲੀਸ ਅਤੇ ਪ੍ਰਸ਼ਾਸਨਿਕ ਅਧਿਕਾਰੀ ਤੁਰੰਤ ਮੌਕੇ 'ਤੇ ਪਹੁੰਚੇ ਅਤੇ ਜ਼ਖ਼ਮੀਆਂ ਨੂੰ ਨਿੱਜੀ ਅਤੇ ਜ਼ਿਲ੍ਹਾ ਹਸਪਤਾਲਾਂ ਵਿੱਚ ਦਾਖਲ ਕਰਵਾਇਆ। ਉਨ੍ਹਾਂ ਦੱਸਿਆ ਕਿ 15 ਜ਼ਖ਼ਮੀਆਂ ਵਿੱਚੋਂ ਤਿੰਨ ਦੀ ਹਾਲਤ ਗੰਭੀਰ ਹੈ, ਜਿਨ੍ਹਾਂ ਵਿੱਚੋਂ ਦੋ ਦਾ ਇਲਾਜ ਜ਼ਿਲ੍ਹਾ ਹਸਪਤਾਲ ਵਿੱਚ ਚੱਲ ਰਿਹਾ ਹੈ ਅਤੇ ਇੱਕ ਨੂੰ ਵਾਰਾਣਸੀ ਰੈਫਰ ਕੀਤਾ ਗਿਆ ਹੈ। -ਪੀਟੀਆਈ