ਹਿਮਾਚਲ ’ਚ ਢਿੱਗਾਂ ਡਿੱਗਣ ਤੇ ਹੜ੍ਹਾਂ ਕਾਰਨ 400 ਸੜਕਾਂ ਬੰਦ
ਮੌਸਮ ਵਿਭਾਗ ਵੱਲੋਂ ਅੱਜ ਭਾਰੀ ਮੀਂਹ ਪੈਣ ਦੀ ਪੇਸ਼ੀਨਗੋਈ; ਨੈਨਾ ਦੇਵੀ ’ਚ 112.4 ਮਿਲੀਮੀਟਰ ਮੀਂਹ ਪਿਆ
ਹਿਮਾਚਲ ਪ੍ਰਦੇਸ਼ ਵਿੱਚ ਕੁਝ ਦਿਨਾਂ ਤੋਂ ਪੈ ਰਹੇ ਭਾਰੀ ਮੀਂਹ ਅਤੇ ਬੱਦਲ ਫਟਣ ਕਰਕੇ ਆਏ ਹੜ੍ਹਾਂ ਤੇ ਢਿੱਗਾਂ ਡਿੱਗਣ ਕਾਰਨ ਕੌਮੀ ਮਾਰਗ ਸਮੇਤ 400 ਸੜਕਾਂ ’ਤੇ ਆਵਾਜਾਈ ਠੱਪ ਹੋ ਗਈ ਹੈ। ਕੁੱਲੂ ਜ਼ਿਲ੍ਹੇ ਦੇ ਜਾਹੇਦ ਅਤੇ ਬੰਜਾਰ ਦੇ ਨੇੜੇ ਆਟੋ-ਸੈਂਜ ਸੜਕ (ਐੱਨਐੱਚ 305) ਬੰਦ ਹੈ। ਸਟੇਟ ਐਮਰਜੈਂਸੀ ਅਪਰੇਸ਼ਨ ਸੈਂਟਰ (ਐੱਸਈਓਸੀ) ਅਨੁਸਾਰ ਕੁੱਲ 400 ਸੜਕਾਂ ਵਾਹਨਾਂ ਦੀ ਆਵਾਜਾਈ ਲਈ ਬੰਦ ਹਨ, ਜਿਨ੍ਹਾਂ ’ਚੋਂ 240 ਮੰਡੀ ਜ਼ਿਲ੍ਹੇ ਵਿੱਚ, ਜਦਕਿ 100 ਕੁੱਲੂ ਜ਼ਿਲ੍ਹੇ ਵਿੱਚ ਹਨ। ਸਥਾਨਕ ਮੌਸਮ ਵਿਭਾਗ ਦਫ਼ਤਰ ਨੇ ਸ਼ਨਿਚਰਵਾਰ ਅਤੇ ਐਤਵਾਰ ਨੂੰ ਸੂਬੇ ਦੇ ਵੱਖ-ਵੱਖ ਇਲਾਕਿਆਂ ਵਿੱਚ ਤੂਫ਼ਾਨ ਅਤੇ ਬਿਜਲੀ ਲਿਸ਼ਕਣ ਦੇ ਨਾਲ ਭਾਰੀ ਮੀਂਹ ਲਈ ‘ਯੈਲੋ’ ਅਲਰਟ ਜਾਰੀ ਕੀਤਾ ਹੈ। ਇਸੇ ਤਰ੍ਹਾਂ ਸੋਮਵਾਰ ਤੋਂ ਵੀਰਵਾਰ ਤੱਕ ਰਾਜ ਦੇ ਵੱਖ-ਵੱਖ ਇਲਾਕਿਆਂ ਵਿੱਚ ਭਾਰੀ ਤੋਂ ਬਹੁਤ ਭਾਰੀ ਮੀਂਹ ਲਈ ‘ਓਰੇਂਜ ਅਲਰਟ’ ਜਾਰੀ ਕੀਤਾ ਗਿਆ ਹੈ। ਜਾਣਕਾਰੀ ਅਨੁਸਾਰ ਸੂਬੇ ਦੇ ਕੁਝ ਹਿੱਸਿਆਂ ਵਿੱਚ ਅੱਜ ਹਲਕੇ ਤੋਂ ਦਰਮਿਆਨਾ ਮੀਂਹ ਪਿਆ। ਇਸ ਤਹਿਤ ਨੈਨਾ ਦੇਵੀ ਵਿੱਚ 112.4, ਪੰਡੋਹ ਵਿੱਚ 102, ਰਾਏਪੁਰ ਮੈਦਾਨ ਵਿੱਚ 74.6, ਨਾਰਕੰਡਾ ਵਿੱਚ 66.5, ਕਸੌਲੀ ਵਿੱਚ 65.5, ਕੁਫ਼ਰੀ ਵਿੱਚ 55.2 ਅਤੇ ਸੋਲਨ ਵਿੱਚ 45.6 ਮਿਲੀਮੀਟਰ ਮੀਂਹ ਦਰਜ ਕੀਤਾ ਗਿਆ। ਐੱਸਈਓਸੀ ਨੇ ਦੱਸਿਆ ਕਿ ਇਸ ਮੌਨਸੂਨ ਵਿੱਚ ਸੂਬੇ ’ਚ ਹੁਣ ਤੱਕ ਮੀਂਹ ਨਾਲ ਸਬੰਧਤ ਘਟਨਾਵਾਂ ਵਿੱਚ ਲਗਪਗ 112 ਲੋਕਾਂ ਦੀ ਮੌਤ ਹੋ ਗਈ ਹੈ, ਜਦਕਿ 37 ਲਾਪਤਾ ਹਨ। ਇਸ ਤੋਂ ਇਲਾਵਾ 704 ਟ੍ਰਾਂਸਫਾਰਮਰ ਅਤੇ 178 ਜਲ ਸਪਲਾਈ ਯੋਜਨਾਵਾਂ ਪ੍ਰਭਾਵਿਤ ਹੋਈਆਂ ਹਨ।