ਵਿਗਿਆਨ, ਇੰਜਨੀਅਰਿੰਗ, ਗਣਿਤ ਦੇ ਗਰੈਜੂਏਟਾਂ ’ਚ 35 ਫੀਸਦ ਮਹਿਲਾਵਾਂ
ਨਵੀਂ ਦਿੱਲੀ, 18 ਮਈ
ਯੂਨੈਸਕੋ ਦੀ ਆਲਮੀ ਸਿੱਖਿਆ ਨਿਗਰਾਨੀ (ਜੀਈਐੱਮ) ਟੀਮ ਅਨੁਸਾਰ ਦੁਨੀਆ ਭਰ ’ਚ ਸਿਰਫ਼ 35 ਫੀਸਦ ਮਹਿਲਾਵਾਂ ਹੀ ਵਿਗਿਆਨ, ਤਕਨੀਕ, ਇੰਜਨੀਅਰਿੰਗ ਤੇ ਗਣਿਤ (ਐੱਸਟੀਈਐੱਮ) ’ਚ ਗਰੈਜੂਏਸ਼ਨ ਪੱਧਰ ਤੱਕ ਦੀ ਪੜ੍ਹਾਈ ਕਰ ਸਕੀਆਂ ਹਨ ਅਤੇ ਪਿਛਲੇ ਦਹਾਕੇ ਦੌਰਾਨ ਇਸ ਕੋਈ ਜ਼ਿਕਰਯੋਗ ਪ੍ਰਗਤੀ ਨਹੀਂ ਹੋਈ ਹੈ।
ਜੀਈਐੱਮ ਅਨੁਸਾਰ ਇਸ ਦੀ ਇੱਕ ਵਜ੍ਹਾ ਗਣਿਤ ’ਚ ਘੱਟ ਆਤਮ-ਵਿਸ਼ਵਾਸ ਤੇ ਲਿੰਗ ਆਧਾਰਿਤ ਰੂੜੀਵਾਦ ਹੈ। ਦੁਨੀਆ ਭਰ ’ਚ ਸਿੱਖਿਆ ਖੇਤਰ ’ਚ ਹੋ ਰਹੇ ਘਟਨਾਕ੍ਰਮਾਂ ਤੇ ਰੁਝਾਨਾਂ ਦਾ ਵਿਸ਼ਲੇਸ਼ਣ ਕਰਨ ਵਾਲੀ ਟੀਮ ਨੇ ਦੱਸਿਆ ਕਿ ਡਿਜੀਟਲ ਤਬਦੀਲੀਆਂ ਦੀ ਅਗਵਾਈ ਪੁਰਸ਼ ਕਰ ਰਹੇ ਹਨ ਅਤੇ ਡੇਟਾ ਤੇ ਮਸਨੂਈ ਬੌਧਿਕਤਾ (ਏਆਈ) ’ਚ ਮਹਿਲਾਵਾਂ ਦੀ ਗਿਣਤੀ ਸਿਰਫ਼ 26 ਫੀਸਦ ਹੈ। ਜੀਈਐੱਮ ਦੀ ਟੀਮ ਦੇ ਇੱਕ ਮੈਂਬਰ ਨੇ ਦੱਸਿਆ, ‘2018 ਤੋਂ 2023 ਤੱਕ ਦੇ ਅਹਿਮ ਅੰਕੜਿਆਂ ਤੋਂ ਪਤਾ ਲਗਦਾ ਹੈ ਕਿ ਆਲਮੀ ਪੱਧਰ ’ਤੇ ਐੱਸਟੀਈਐੱਮ ’ਚ ਗਰੈਜੂਏਸ਼ਨ ਪੱਧਰ ਦੀ ਪੜ੍ਹਾਈ ਕਰਨ ਵਾਲਿਆਂ ’ਚ ਸਿਰਫ਼ 35 ਫੀਸਦ ਮਹਿਲਾਵਾਂ ਹਨ ਅਤੇ ਪਿਛਲੇ 10 ਸਾਲਾਂ ’ਚ ਇਸ ਵਿੱਚ ਕੋਈ ਪ੍ਰਗਤੀ ਨਹੀਂ ਹੋਈ ਹੈ। ਇਸ ਦੀ ਵਜ੍ਹਾ ਇਹ ਹੈ ਕਿ ਲੜਕੀਆਂ ਦਾ ਗਣਿਤ ਨੂੰ ਲੈ ਕੇ ਆਤਮ-ਵਿਸ਼ਵਾਸ ਜਲਦੀ ਹੀ ਖਤਮ ਹੋ ਜਾਂਦਾ ਹੈ, ਭਾਵੇਂ ਉਹ ਚੰਗਾ ਪ੍ਰਦਰਸ਼ਨ ਕਰ ਸਕਦੀਆਂ ਹੋਣ। ਇਸ ਦਾ ਇੱਕ ਕਾਰਨ ਲਿੰਗ ਆਧਾਰਿਤ ਰੂੜੀਵਾਦ ਨੂੰ ਮੰਨਿਆ ਜਾ ਸਕਦਾ ਹੈ ਜਿਸ ਕਾਰਨ ਮਹਿਲਾਵਾਂ ਐੱਸਟੀਈਐੱਮ ’ਚ ਕਰੀਅਰ ਨਹੀਂ ਬਣਾ ਪਾਉਂਦੀਆਂ।’ ਅਧਿਕਾਰੀ ਨੇ ਦੱਸਿਆ, ‘ਯੂਰਪੀ ਯੂਨੀਅਨ ’ਚ ਸੂਚਨਾ ਤਕਨੀਕ ਦੀ ਡਿਗਰੀ ਹਾਸਲ ਕਰਨ ਵਾਲੀਆਂ ਚਾਰ ’ਚੋਂ ਸਿਰਫ਼ ਇੱਕ ਮਹਿਲਾ ਨੇ ਡਿਜੀਟਲ ਕੰਮਕਾਜ ਨੂੰ ਅਪਣਾਇਆ ਜਦਕਿ ਦੋ ’ਚੋਂ ਇੱਕ ਪੁਰਸ਼ ਨੇ ਅਜਿਹਾ ਕੀਤਾ ਹੈ। -ਪੀਟੀਆਈ