ਡਿਜੀਟਲ ਅਰੈਸਟ ’ਚ 31.83 ਕਰੋੜ ਗੁਆਏ
ਠੱਗਾਂ ਨੇ ਸਾਫਟਵੇਅਰ ਇੰਜਨੀਅਰ ਨੂੰ ਛੇ ਮਹੀਨੇ ਤੋਂ ਵੱਧ ਸਮਾਂ ਡਿਜੀਟਲ ਅਰੈਸਟ ਰੱਖਿਆ
ਇੱਥੋਂ ਦੀ 57 ਸਾਲਾ ਮਹਿਲਾ ਨੇ ਕਥਿਤ ‘ਡਿਜੀਟਲ ਅਰੈਸਟ’ ਘੁਟਾਲੇ ’ਚ 31.83 ਕਰੋੜ ਰੁਪਏ ਗੁਆ ਦਿੱਤੇ ਹਨ। ਇਸ ਸਬੰਧੀ ਕੇਸ ਦਰਜ ਕਰਕੇ ਜਾਂਚ ਕੀਤੀ ਜਾ ਰਹੀ ਹੈ।
ਧੋਖੇਬਾਜ਼ਾਂ ਨੇ ਸੀ ਬੀ ਆਈ ਅਧਿਕਾਰੀ ਬਣ ਕੇ ਸਕਾਈਪ ਰਾਹੀਂ ਮਹਿਲਾ ’ਤੇ ਲਗਾਤਾਰ ਨਿਗਰਾਨੀ ਰੱਖ ਕੇ ਉਸ ਨੂੰ ‘ਡਿਜੀਟਲ ਅਰੈਸਟ’ ਦੀ ਸਥਿਤੀ ਵਿੱਚ ਰੱਖਿਆ ਤੇ ਉਸ ਦੇ ਡਰ ਦਾ ਫਾਇਦਾ ਚੁੱਕ ਕੇ ਉਸ ਤੋਂ ਸਾਰੀ ਵਿੱਤੀ ਜਾਣਕਾਰੀ ਪ੍ਰਾਪਤ ਕੀਤੀ ਤੇ 187 ਬੈਂਕ ਲੈਣ-ਦੇਣ ਲਈ ਦਬਾਅ ਬਣਾਇਆ। ਸ਼ਹਿਰ ਦੇ ਇੰਦਰਾਨਗਰ ਦੀ ਸਾਫਟਵੇਅਰ ਇੰਜਨੀਅਰ ਨੇ ਕਿਹਾ ਕਿ ਅਖੀਰ ’ਚ ‘ਕਲੀਅਰੈਂਸ ਲੈਟਰ’ ਮਿਲਣ ਤੱਕ ਠੱਗਾਂ ਨੇ ਉਸ ਨੂੰ ਛੇ ਮਹੀਨੇ ਤੋਂ ਵੱਧ ਸਮਾਂ ‘ਡਿਜੀਟਲ ਅਰੈਸਟ’ ਦੇ ਧੋਖੇ ’ਚ ਰੱਖਿਆ। ਉਸ ਨੇ ਦੱਸਿਆ ਕਿ ਇਹ ਸਭ ਕੁਝ 15 ਸਤੰਬਰ 2024 ਨੂੰ ਸ਼ੁਰੂ ਹੋਇਆ ਜਦੋਂ ਡੀ ਐੱਚ ਐੱਲ ਅੰਧੇਰੀ ਤੋਂ ਫੋਨ ਕਰਨ ਦਾ ਦਾਅਵਾ ਕਰਨ ਵਾਲੇ ਵਿਅਕਤੀ ਨੇ ਦੋਸ਼ ਲਾਇਆ ਕਿ ਉਸ ਦੇ ਨਾਂ ’ਤੇ ਬੁੱਕ ਪਾਰਸਲ ’ਚੋਂ ਕਰੈਡਿਟ ਕਾਰਡ, ਪਾਸਪੋਰਟ ਤੇ ਐੱਮ ਡੀ ਐੱਮ ਏ ਬਰਾਮਦ ਹੋਏ ਹਨ ਅਤੇ ਉਸ ਦੀ ਪਛਾਣ ਦੀ ਦੁਰਵਰਤੋਂ ਕੀਤੀ ਗਈ ਹੈ। ਇਸ ਤੋਂ ਪਹਿਲਾਂ ਕਿ ਉਹ ਜਵਾਬ ਦੇ ਸਕਦੀ, ਸਬੰਧਤ ਵਿਅਕਤੀ ਨੇ ਕਾਲ ਸੀ ਬੀ ਆਈ ਅਫਸਰ ਬਣੇ ਲੋਕਾਂ ਕੋਲ ਤਬਦੀਲ ਕਰ ਦਿੱਤੀ।
ਉਸ ਨੇ ਦੱਸਿਆ ਕਿ ਠੱਗਾਂ ਨੇ ਉਸ ਨੂੰ ਪੁਲੀਸ ਨਾਲ ਸੰਪਰਕ ਨਾ ਕਰਨ ਦੀ ਚਿਤਾਵਨੀ ਦਿੱਤੀ ਤੇ ਕਿਹਾ ਕਿ ਅਪਰਾਧੀ ਉਸ ਦੇ ਘਰ ’ਤੇ ਨਜ਼ਰ ਰੱਖ ਰਹੇ ਹਨ। ਉਹ ਡਰ ਕੇ ਚੁੱਪ ਰਹੀ। ਠੱਗਾਂ ਨੇ ਆਪਣੀ ਪਛਾਣ ਮੋਹਿਤ ਹਾਂਡਾ, ਰਾਹੁਲ ਯਾਦਵ ਤੇ ਪ੍ਰਦੀਪ ਸਿੰਘ ਵਜੋਂ ਦੱਸੀ ਜਿਨ੍ਹਾਂ ਉਸ ਨੂੰ ਡਿਜੀਟਲ ਅਰੈਸਟ ਰੱਖਿਆ। ਉਸ ਨੇ 24 ਸਤੰਬਰ ਤੋਂ 22 ਅਕਤੂਬਰ ਤੱਕ ਠੱਗਾਂ ਨੂੰ ਆਪਣੇ ਵਿੱਤੀ ਵੇਰਵੇ ਦਿੱਤੇ ਤੇ ਵੱਡੀ ਰਾਸ਼ੀ ਉਨ੍ਹਾਂ ਨੂੰ ਤਬਦੀਲ ਕੀਤੀ। ਪੀੜਤ ਨੇ ਦੱਸਿਆ ਕਿ ਠੱਗਾਂ ਨੇ ਮਾਰਚ 2025 ਤੱਕ ਉਸ ਦੀ ਨਿਗਰਾਨੀ ਕੀਤੀ ਤੇ 26 ਮਾਰਚ 2025 ਤੋਂ ਬਾਅਦ ਉਨ੍ਹਾਂ ਨਾਲ ਸਾਰੇ ਸੰਪਰਕ ਟੁੱਟ ਗਏ।

