ਦੀਰ ਅਲ-ਬਲਾਹ, 13 ਜੁਲਾਈ
ਗਾਜ਼ਾ ਪੱਟੀ ’ਚ ਇਜ਼ਰਾਇਲੀ ਫੌਜ ਦੇ ਹਮਲਿਆਂ ’ਚ ਐਤਵਾਰ ਨੂੰ 30 ਵਿਅਕਤੀ ਮਾਰੇ ਗਏ। ਸਥਾਨਕ ਸਿਹਤ ਅਧਿਕਾਰੀਆਂ ਨੇ ਕਿਹਾ ਕਿ ਮ੍ਰਿਤਕਾਂ ’ਚ ਛੇ ਬੱਚੇ ਵੀ ਸ਼ਾਮਲ ਹਨ ਜੋ ਇਕ ਥਾਂ ਤੋਂ ਪਾਣੀ ਲੈ ਰਹੇ ਸਨ। ਇਸ ਦੌਰਾਨ ਗਾਜ਼ਾ ਸਿਹਤ ਮੰਤਰਾਲੇ ਨੇ ਦਾਅਵਾ ਕੀਤਾ ਕਿ ਇਜ਼ਰਾਈਲ ਅਤੇ ਹਮਾਸ ਵਿਚਕਾਰ 21 ਮਹੀਨੇ ਤੋਂ ਹੋ ਰਹੀ ਜੰਗ ’ਚ 58 ਹਜ਼ਾਰ ਤੋਂ ਜ਼ਿਆਦਾ ਫਲਸਤੀਨੀ ਮਾਰੇ ਜਾ ਚੁੱਕੇ ਹਨ ਜਿਨ੍ਹਾਂ ’ਚ ਅੱਧੇ ਤੋਂ ਵੱਧ ਔਰਤਾਂ ਅਤੇ ਬੱਚੇ ਸ਼ਾਮਲ ਹਨ। ਉਧਰ ਇਜ਼ਰਾਈਲ ਅਤੇ ਹਮਾਸ ਵਿਚਾਲੇ ਗੋਲੀਬੰਦੀ ਲਈ ਚੱਲ ਰਹੀ ਗੱਲਬਾਤ ਹਾਲੇ ਤੱਕ ਸਿਰੇ ਨਹੀਂ ਚੜ੍ਹੀ ਹੈ। ਗਾਜ਼ਾ ’ਚ ਅਲ-ਅਵਦਾ ਹਸਪਤਾਲ ਦੇ ਅਧਿਕਾਰੀਆਂ ਨੇ ਕਿਹਾ ਕਿ ਨੁਸਰਤ ’ਚ ਇਕ ਵਾਟਰ ਕੁਲੈਕਸ਼ਨ ਪੁਆਇੰਟ ’ਤੇ ਇਜ਼ਰਾਇਲੀ ਹਮਲੇ ਮਗਰੋਂ 10 ਲਾਸ਼ਾਂ ਮਿਲੀਆਂ ਹਨ ਜਿਨ੍ਹਾਂ ’ਚ ਛੇ ਬੱਚੇ ਸ਼ਾਮਲ ਹਨ। ਇਕ ਪ੍ਰਤੱਖਦਰਸ਼ੀ ਨੇ ਦੱਸਿਆ ਕਿ ਐਤਵਾਰ ਸਵੇਰੇ ਪਾਣੀ ਭਰਨ ਲਈ ਕਰੀਬ 20 ਬੱਚੇ ਅਤੇ 14 ਬਾਲਗ ਖੜ੍ਹੇ ਸਨ। ਜਦੋਂ ਹਮਲਾ ਹੋਇਆ ਤਾਂ ਕੁਝ ਉਥੋਂ ਭੱਜ ਗਏ ਸਨ। ਉਸ ਨੇ ਕਿਹਾ ਕਿ ਫਲਸਤੀਨੀਆਂ ਨੂੰ ਪਾਣੀ ਭਰਨ ਲਈ ਦੋ ਕਿਲੋਮੀਟਰ ਚਲ ਕੇ ਆਉਣਾ ਪੈਂਦਾ ਹੈ। ਅਲ-ਅਕਸਾ ਮਾਰਟਰਜ਼ ਹਸਪਤਾਲ ਨੇ ਕਿਹਾ ਕਿ ਜ਼ਵਾਇਦਾ ’ਚ ਇਕ ਘਰ ’ਤੇ ਇਜ਼ਰਾਇਲੀ ਹਮਲੇ ਕਾਰਨ ਦੋ ਔਰਤਾਂ ਅਤੇ ਤਿੰਨ ਬੱਚਿਆਂ ਸਮੇਤ 9 ਵਿਅਕਤੀ ਮਾਰੇ ਗਏ। ਇਜ਼ਰਾਇਲੀ ਫੌਜ ਨੇ ਕਿਹਾ ਕਿ ਉਨ੍ਹਾਂ ਬੀਤੇ ਦਿਨੀਂ 150 ਤੋਂ ਵੱਧ ਥਾਵਾਂ ’ਤੇ ਹਮਲੇ ਕੀਤੇ ਹਨ। -ਏਪੀ