ਲਹਿੰਦੇ ਪੰਜਾਬ ’ਚ ਹੜ੍ਹਾਂ ਕਾਰਨ 30 ਮੌਤਾਂ
ਪਾਕਿਸਤਾਨ ਦੇ ਪੰਜਾਬ ਸੂਬੇ ਵਿੱਚ ‘ਇਤਿਹਾਸਕ ਹੜ੍ਹਾਂ’ ਨੇ ਵੱਡੇ ਪੱਧਰ ’ਤੇ ਤਬਾਹੀ ਮਚਾਈ ਹੋਈ ਹੈ। ਪਿਛਲੇ 24 ਘੰਟਿਆਂ ਵਿੱਚ ਇੱਥੇ ਘੱਟੋ-ਘੱਟ 30 ਮੌਤਾਂ ਹੋ ਚੁੱਕੀਆਂ ਹਨ, ਜਿਸ ਤੋਂ ਬਾਅਦ ਅਧਿਕਾਰੀਆਂ ਨੂੰ ਸ਼ਹਿਰਾਂ ਨੂੰ ਬਚਾਉਣ ਲਈ ਬੰਨ੍ਹ ਤੋੜਨ ਵਾਸਤੇ ਬਾਰੂਦ ਦਾ ਸਹਾਰਾ ਲੈਣਾ ਪਿਆ। ਅੱਜ ਸਵੇਰ ਤੋਂ ਮੀਂਹ ਨੇ ਹਾਲਾਤ ਹੋਰ ਵੀ ਮਾੜੇ ਕਰ ਦਿੱਤੇ ਹਨ। ਮੌਸਮ ਵਿਭਾਗ ਨੇ 2 ਸਤੰਬਰ ਤੱਕ ਹੋਰ ਮੀਂਹ ਦੀ ਪੇਸ਼ੀਨਗੋਈ ਕੀਤੀ ਹੈ, ਜਿਸ ਨਾਲ ਹਾਲਾਤ ਹੋਰ ਵਿਗੜਨ ਦਾ ਖਦਸ਼ਾ ਹੈ। ਪਾਕਿਸਤਾਨ ਦਾ ਸਭ ਤੋਂ ਵੱਧ ਆਬਾਦੀ ਵਾਲਾ ਸੂਬਾ ਪੰਜਾਬ ਲਗਪਗ ਹਫ਼ਤੇ ਤੋਂ ਭਿਆਨਕ ਹੜ੍ਹਾਂ ਦੀ ਮਾਰ ਹੇਠ ਹੈ। ਇੱਥੇ ਸਿੱਖ ਧਾਰਮਿਕ ਸਥਾਨ ਕਰਤਾਰਪੁਰ ਸਾਹਿਬ ਸਮੇਤ ਸੂਬੇ ਭਰ ਦੇ ਘੱਟੋ-ਘੱਟ 1,700 ਪਿੰਡ ਡੁੱਬ ਚੁੱਕੇ ਹਨ। 26 ਜੂਨ ਨੂੰ ਮੌਨਸੂਨ ਸ਼ੁਰੂ ਹੋਣ ਤੋਂ ਬਾਅਦ ਦੇਸ਼ ਭਰ ਵਿੱਚ ਮੀਂਹ ਤੇ ਹੜ੍ਹਾਂ ਕਾਰਨ ਹੁਣ ਤੱਕ 842 ਮੌਤਾਂ ਹੋ ਚੁੱਕੀਆਂ ਹਨ। ਸੂਬੇ ਦੀ ਸੀਨੀਅਰ ਮੰਤਰੀ ਮਰੀਅਮ ਔਰੰਗਜ਼ੇਬ ਨੇ ਦੱਸਿਆ ਕਿ ਹੜ੍ਹਾਂ ਕਾਰਨ ਲਗਪਗ 15 ਲੱਖ ਲੋਕ ਬੇਘਰ ਹੋ ਗਏ ਹਨ। ਪਿਛਲੇ ਦੋ-ਤਿੰਨ ਦਿਨਾਂ ਵਿੱਚ ਕਰੀਬ 5 ਲੱਖ ਲੋਕਾਂ ਨੂੰ ਬਚਾ ਕੇ ਸੁਰੱਖਿਅਤ ਥਾਵਾਂ ’ਤੇ ਪਹੁੰਚਾਇਆ ਗਿਆ ਹੈ। ਕਰੀਬ 2,000 ਪਿੰਡ ਹੜ੍ਹ ਦੀ ਮਾਰ ਹੇਠ ਆ ਚੁੱਕੇ ਹਨ ਅਤੇ ਹਜ਼ਾਰਾਂ ਏਕੜ ਫ਼ਸਲ ਤਬਾਹ ਹੋ ਚੁੱਕੀ ਹੈ। ਇਸ ਦੌਰਾਨ ਲਗਪਗ 40 ਸਾਲਾਂ ਵਿੱਚ ਪਹਿਲੀ ਵਾਰ ਲਾਹੌਰ ਦੇ ਦੋ ਦਰਜਨ ਤੋਂ ਵੱਧ ਰਿਹਾਇਸ਼ੀ ਇਲਾਕੇ ਵੀ ਰਾਵੀ ਦੇ ਪਾਣੀ ਵਿੱਚ ਡੁੱਬ ਗਏ ਹਨ। -ਪੀਟੀਆਈ