ਵਿਦੇਸ਼ ’ਚ ਬੈਠੇ ਗੈਂਗਸਟਰਾਂ ਲਈ ਰੇਕੀ ਕਰਦੇ 3 ਨੌਜਵਾਨ ਕਾਬੂ
ਇੱਕ ਸ਼ੱਕੀ ਨੇ ਸੜਕ ’ਤੇ ਫ਼ੋਨ ਤੋੜ ਕੇ ਡਾਟਾ ਮਿਟਾਉਣ ਦੀ ਕੀਤੀ ਕੋਸ਼ਿਸ਼
ਸ੍ਰੀਗੰਗਾਨਗਰ ਪੁਲੀਸ ਨੇ ਸ਼ਹਿਰ ਦੇ ਪ੍ਰਮੁੱਖ ਕਾਰੋਬਾਰੀਆਂ ਦੀ ਰੇਕੀ ਕਰਨ ਦੇ ਸ਼ੱਕ ਵਿੱਚ ਤਿੰਨ ਨੌਜਵਾਨਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਕਥਿਤ ਤੌਰ ’ਤੇ ਇਹ ਗੈਂਗਸਟਰ ਰੋਹਿਤ ਗੋਦਾਰਾ, ਅਮਿਤ ਪੰਡਿਤ ਉਰਫ਼ ਜੈਕ ਅਤੇ ਯੋਗੇਸ਼ ਸਵਾਮੀ ਲਈ ਕੰਮ ਕਰ ਰਹੇ ਸਨ।
ਰਿਪੋਰਟਾਂ ਅਨੁਸਾਰ ਇਹ ਸ਼ੱਕੀ ਰੰਗਦਾਰੀ (extortion) ਦੀਆਂ ਕਾਰਵਾਈਆਂ ਵਿੱਚ ਮਦਦ ਕਰਨ ਲਈ ਪ੍ਰਮੁੱਖ ਕਾਰੋਬਾਰੀਆਂ ਅਤੇ ਡਾਕਟਰਾਂ ਦੀ ਰੇਕੀ ਕਰ ਰਹੇ ਸਨ, ਜਿਸ ਵਿੱਚ ਫੋਟੋਆਂ ਖਿੱਚਣੀਆਂ ਅਤੇ ਨਿੱਜੀ ਜਾਣਕਾਰੀ ਇਕੱਠੀ ਕਰਨਾ ਸ਼ਾਮਲ ਸੀ।
ਗ੍ਰਿਫ਼ਤਾਰ ਕੀਤੇ ਗਏ ਵਿਅਕਤੀਆਂ ਦੀ ਪਛਾਣ ਤਰੁਣ ਕਲੇਰ, ਅਮਰ ਪ੍ਰਤਾਪ ਸਿੰਘ ਪਿੰਟੂ ਅਤੇ ਨੀਰਜ ਖੰਨਾ ਵਜੋਂ ਹੋਈ ਹੈ। ਪੁਲੀਸ ਅਨੁਸਾਰ ਤਿੰਨੋਂ ਆਪਣੇ ਮੋਬਾਈਲ ਫ਼ੋਨਾਂ ਦੀ ਵਰਤੋਂ ਕਰਕੇ ਦੁਕਾਨਾਂ ਅਤੇ ਹਸਪਤਾਲਾਂ ਦੀਆਂ ਤਸਵੀਰਾਂ ਲੈਂਦੇ ਫੜੇ ਗਏ ਹਨ।
ਇਸ ਦੌਰਾਨ ਇੱਕ ਸ਼ੱਕੀ ਨੇ ਸੜਕ ’ਤੇ ਆਪਣਾ ਫ਼ੋਨ ਭੰਨ ਕੇ ਨਸ਼ਟ ਕਰਨ ਦੀ ਕੋਸ਼ਿਸ਼ ਵੀ ਕੀਤੀ, ਜਿਸ ਨਾਲ ਪੁਲੀਸ ਦਾ ਸ਼ੱਕ ਹੋਰ ਮਜ਼ਬੂਤ ਹੋ ਗਿਆ।
ਜਾਣਕਾਰੀ ਅਨੁਸਾਰ ਜਦੋਂ ਪੁਲੀਸ ਨੇ ਉਨ੍ਹਾਂ ਦੇ ਡਿਵਾਈਸਾਂ ਦੀ ਜਾਂਚ ਕੀਤੀ, ਤਾਂ ਨਿਊ ਗ੍ਰੇਨ ਮਾਰਕੀਟ ਵਿੱਚ ਇੱਕ ਦੁਕਾਨ ਦੀਆਂ ਫੋਟੋਆਂ ਅਤੇ ਵੀਡੀਓ ਮਿਲੀਆਂ। ਪੁੱਛਗਿੱਛ ਦੌਰਾਨ ਤਰੁਣ ਕਲੇਰ ਨੇ ਕਬੂਲ ਕੀਤਾ ਕਿ ਉਹ ਗੈਂਗਸਟਰ ਅਮਿਤ ਪੰਡਿਤ ਅਤੇ ਯੋਗੇਸ਼ ਸਵਾਮੀ ਦੇ ਨਿਰਦੇਸ਼ਾਂ ’ਤੇ ਇੱਕ ਕਾਰੋਬਾਰੀ ਦੀ ਰੇਕੀ ਕਰ ਰਿਹਾ ਸੀ।
ਉਹ ਬਾਕੀ ਦੋਵੇਂ ਦੋਸ਼ੀਆਂ ਸਮੇਤ ਡਾਕਟਰਾਂ ਉਨ੍ਹਾਂ ਦੇ ਹਸਪਤਾਲਾਂ ਅਤੇ ਹੋਰ ਪ੍ਰਭਾਵਸ਼ਾਲੀ ਵਿਅਕਤੀਆਂ ਬਾਰੇ ਜਾਣਕਾਰੀ ਇਕੱਠੀ ਕਰ ਰਹੇ ਸਨ।
ਪੁਲੀਸ ਸੂਤਰਾਂ ਨੇ ਦੱਸਿਆ ਕਿ ਇਹ ਤਿੰਨੋਂ ਨਿਯਮਿਤ ਤੌਰ ’ਤੇ ਇਕੱਠਾ ਕੀਤਾ ਗਿਆ ਡਾਟਾ ਪੰਡਿਤ ਅਤੇ ਸਵਾਮੀ ਨੂੰ ਭੇਜਦੇ ਸਨ, ਜੋ ਫਿਰ ਨਿਸ਼ਾਨਾ ਬਣਾਏ ਗਏ ਵਿਅਕਤੀਆਂ ਨੂੰ ਰੰਗਦਾਰੀ ਲਈ ਕਾਲਾਂ ਕਰਦੇ ਸਨ।
ਪੈਸੇ ਨਾ ਦੇਣ ਦੀ ਸੂਰਤ ਵਿੱਚ ਪੀੜਤਾਂ ਨੂੰ ਉਨ੍ਹਾਂ ਦੇ ਘਰਾਂ ਜਾਂ ਅਦਾਰਿਆਂ 'ਤੇ ਗੋਲੀਬਾਰੀ ਕਰਨ ਸਮੇਤ ਹਿੰਸਾ ਦੀਆਂ ਧਮਕੀਆਂ ਦਿੱਤੀਆਂ ਜਾਂਦੀਆਂ ਸਨ।
ਇਹ ਗੈਂਗ ਸ਼ੂਟਰਾਂ ਲਈ ਲੁਕਣ ਦੀਆਂ ਥਾਵਾਂ, ਹਥਿਆਰਾਂ ਅਤੇ ਭੱਜਣ ਦੇ ਰਸਤੇ ਵੀ ਤਿਆਰ ਕਰਦਾ ਸੀ। ਰਿਪੋਰਟ ਅਨੁਸਾਰ ਰੰਗਦਾਰੀ ਵਜੋਂ ਵਸੂਲਿਆ ਗਿਆ ਪੈਸਾ ਹਵਾਲਾ ਚੈਨਲਾਂ ਰਾਹੀਂ ਅਮਿਤ ਪੰਡਿਤ ਨੂੰ ਭੇਜਿਆ ਜਾਂਦਾ ਸੀ।
ਪੁਲੀਸ ਨੇ ਇਸ ਸਬੰਧੀ ਵਿਚ ਕੇਸ ਦਰਜ ਕਰ ਲਿਆ ਹੈ।
ਅਮਿਤ ਪੰਡਿਤ ਅਤੇ ਯੋਗੇਸ਼ ਸਵਾਮੀ, ਦੋਵੇਂ ਚੱਕ 15-Z ਪਿੰਡ ਦੇ ਰਹਿਣ ਵਾਲੇ ਹਨ ਅਤੇ ਕਈ ਗੰਭੀਰ ਅਪਰਾਧਾਂ ਵਿੱਚ ਸ਼ਾਮਲ ਹਨ ਅਤੇ ਕਥਿਤ ਤੌਰ ’ਤੇ ਵਿਦੇਸ਼ ਵਿੱਚ ਲੁਕੇ ਹੋਏ ਹਨ। ਗ੍ਰਿਫ਼ਤਾਰ ਕੀਤੇ ਗਏ ਸ਼ੱਕੀਆਂ ਦੇ ਰਿਮਾਂਡ ਦੌਰਾਨ ਹੋਰ ਖੁਲਾਸੇ ਹੋਣ ਦੀ ਉਮੀਦ ਹੈ।