DT
PT
About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਕੇਂਦਰ ਨਾਲ ਮੀਟਿੰਗ ’ਚ ਸ਼ਾਮਲ ਹੋਵੇਗਾ ਕਿਸਾਨਾਂ ਦਾ 28 ਮੈਂਬਰੀ ਵਫ਼ਦ

* ਦੋਵਾਂ ਧਿਰਾਂ ਵੱਲੋਂ ਮੀਟਿੰਗ ’ਚ ਸ਼ਾਮਲ ਹੋਣ ਦਾ ਐਲਾਨ * 21 ਨੂੰ ਸ਼ੁਭਕਰਨ ਦੀ ਬਰਸੀ ’ਤੇ ਹੋਵੇਗਾ ਅਗਲਾ ਵੱਡਾ ਇਕੱਠ ਸਰਬਜੀਤ ਸਿੰਘ ਭੰਗੂ ਸ਼ੰਭੂ ਬਾਰਡਰ (ਪਟਿਆਲਾ), 13 ਫਰਵਰੀ ਸੰਯੁਕਤ ਕਿਸਾਨ ਮੋਰਚਾ (ਗੈਰ ਸਿਆਸੀ) ਅਤੇ ਕਿਸਾਨ ਮਜ਼ਦੂਰ ਮੋਰਚਾ ਦੀ ਅਗਵਾਈ...
  • fb
  • twitter
  • whatsapp
  • whatsapp
featured-img featured-img
ਸ਼ੰਭੂ ਬਾਰਡਰ ’ਤੇ ਹੋਈ ਮਹਾਪੰਚਾਇਤ ’ਚ ਸ਼ਾਮਲ ਵੱਡੀ ਗਿਣਤੀ ਕਿਸਾਨ। -ਫੋਟੋ: ਰਾਜੇਸ਼ ਸੱਚਰ
Advertisement

* ਦੋਵਾਂ ਧਿਰਾਂ ਵੱਲੋਂ ਮੀਟਿੰਗ ’ਚ ਸ਼ਾਮਲ ਹੋਣ ਦਾ ਐਲਾਨ

* 21 ਨੂੰ ਸ਼ੁਭਕਰਨ ਦੀ ਬਰਸੀ ’ਤੇ ਹੋਵੇਗਾ ਅਗਲਾ ਵੱਡਾ ਇਕੱਠ

Advertisement

ਸਰਬਜੀਤ ਸਿੰਘ ਭੰਗੂ

ਸ਼ੰਭੂ ਬਾਰਡਰ (ਪਟਿਆਲਾ), 13 ਫਰਵਰੀ

ਸੰਯੁਕਤ ਕਿਸਾਨ ਮੋਰਚਾ (ਗੈਰ ਸਿਆਸੀ) ਅਤੇ ਕਿਸਾਨ ਮਜ਼ਦੂਰ ਮੋਰਚਾ ਦੀ ਅਗਵਾਈ ਹੇਠ ਜਾਰੀ ‘ਦਿੱਲੀ ਅੰਦੋਲਨ 2’ ਨੂੰ ਸਾਲ ਪੂਰਾ ਹੋਣ ’ਤੇ ਰਤਨਪੁਰਾ ਅਤੇ ਢਾਬੀ ਗੁੱਜਰਾਂ ਤੋਂ ਬਾਅਦ ਅੱਜ ਸ਼ੰਭੂ ਬਾਰਡਰ ’ਤੇ ਵੀ ਮਹਾਪੰਚਾਇਤ ਕੀਤੀ ਗਈ। ਇਸ ਦੌਰਾਨ ਕਰੀਬ ਇਕ ਦਰਜਨ ਸੂਬਿਆਂ ਦੇ ਹਜ਼ਾਰਾਂ ਕਿਸਾਨ ਤੇ ਮਜ਼ਦੂਰ ਮਹਾਪੰਚਾਇਤ ’ਚ ਸ਼ਾਮਲ ਹੋਏ। ਇਸ ਦੌਰਾਨ ਅੰਦੋਲਨ ਦੇ 12 ਨੁਕਾਤੀ ਪ੍ਰੋਗਰਾਮ/ਮੰਗਾਂ ਦੀ ਪੂਰਤੀ ਤੱਕ ਸੰਘਰਸ਼ ਅਤੇ ਜਗਜੀਤ ਸਿੰਘ ਡੱਲੇਵਾਲ ਦਾ ਮਰਨ ਵਰਤ ਜਾਰੀ ਰੱਖਣ ਦਾ ਅਹਿਦ ਦੁਹਰਾਉਂਦਿਆਂ ਜਿੱਥੇ ਸ਼ਹੀਦ ਕਿਸਾਨ ਸ਼ੁਭਕਰਨ ਸਿੰਘ ਦੀ ਬਰਸੀ ਮੌਕੇ 21 ਫਰਵਰੀ ਨੂੰ ਪਿੰਡ ਬੱਲੋ ਵਿੱਚ ਅਗਲਾ ਵੱੱਡਾ ਇਕੱਠ ਕਰਨ ਦੇ ਨਾਲ ਨਾਲ ਕੇਂਦਰ ਸਰਕਾਰ ਵੱਲੋਂ 14 ਫਰਵਰੀ ਨੂੰ ਚੰਡੀਗੜ੍ਹ ਵਿੱਚ ਸੱਦੀ ਮੀਟਿੰਗ ’ਚ ਸ਼ਾਮਲ ਹੋਣ ਦਾ ਐਲਾਨ ਕੀਤਾ ਗਿਆ।

ਪੱਤਰਕਾਰਾਂ ਨੂੰ ਸੰਬੋਧਨ ਕਰਦੇ ਹੋਏ ਕਿਸਾਨ ਆਗੂ।

ਮੀਟਿੰਗ ਵਿੱਚ ਜਗਜੀਤ ਸਿੰਘ ਡੱਲੇਵਾਲ ਸਣੇ ਦੋਵਾਂ ਫੋਰਮਾਂ ਦਾ 28 ਮੈਂਬਰੀ ਵਫ਼ਦ ਵੀ ਸ਼ਾਮਲ ਹੋਵੇਗਾ। ਮਹਾਪੰਚਾਇਤ ਤੋਂ ਬਾਅਦ ਦਿੱਤੀ ਜਾਣਕਾਰੀ ਮੁਤਾਬਕ ਭਲਕ ਦੀ ਮੀਟਿੰਗ ਵਿੱਚ ਸ਼ਾਮਲ ਹੋਣ ਵਾਲੇ ਵਫ਼ਦ ’ਚ ਐੱਸਕੇਐੱਮ (ਗੈਰ ਸਿਆਸੀ) ਵੱਲੋਂ ਜਗਜੀਤ ਸਿੰਘ ਡੱਲੇਵਾਲ, ਕਾਕਾ ਸਿੰਘ ਕੋਟੜਾ, ਸੁਖਜੀਤ ਸਿੰਘ ਹਰਦੋਝੰਡੇ, ਅਭਿਮੰਨਿਊ ਕੋਹਾੜ, ਲਖਵਿੰਦਰ ਔਲਖ, ਇੰਦਰਜੀਤ ਕੋਟਬੁੱਢਾ, ਸੁਖਜਿੰਦਰ ਖੋਸਾ, ਪੀਆਰ ਪਾਂਡੀਅਨ, ਕੁਰਬਰੂ ਸ਼ਾਂਤ ਕੁਮਾਰ, ਸੁਖਦੇਵ ਭੋਜਰਾਜ, ਬਚਿੱਤਰ ਕੋਟਲਾ, ਅਰੁਨ ਸਿਨਹਾ, ਹਰਪਾਲ ਬਲਾੜੀ, ਇੰਦਰਜੀਤ ਪੰਨੀਵਾਲਾ ਦੇ ਨਾਮ ਸ਼ਾਮਲ ਹਨ। ਕਿਸਾਨ ਮਜ਼ਦੂਰ ਮੋਰਚਾ ਵੱਲੋਂ ਸਰਵਣ ਸਿੰਘ ਪੰਧੇਰ, ਸਤਿਨਾਮ ਬਹਿਰੂ, ਜਸਵਿੰਦਰ ਲੌਂਗੋਵਾਲ, ਮਨਜੀਤ ਰਾਏ, ਬਲਵੰਤ ਬਹਿਰਾਮਕੇ, ਬੀਬੀ ਸੁਖਵਿੰਦਰ ਕੌਰ, ਦਿਲਬਾਗ ਗਿੱਲ, ਮਲਕੀਤ ਗੁਲਾਮੀਵਾਲਾ, ਤੇਜਵੀਰ ਸਿੰਘ ਪੰਜੋਖਰਾ, ਜੰਗ ਸਿੰਘ ਭਟੇੜੀ, ਰਣਜੀਤ ਰਾਜੂ, ਉਂਕਾਰ ਸਿੰਘ ਭੰਗਾਲਾ ਤੇ ਨੰਦ ਕੁਮਾਰ ਆਦਿ ਸ਼ਾਮਲ ਹੋਣਗੇ। ਜ਼ਿਕਰਯੋਗ ਹੈ ਕਿ ਮੀਟਿੰਗ ਦਾ ਸੱਦਾ 18 ਜਨਵਰੀ ਨੂੰ ਢਾਬੀ ਗੁੱਜਰਾਂ ਬਾਰਡਰ ’ਤੇ ਪੁੱਜੇ ਕੇਂਦਰ ਦੇ ਉੱਚ ਅਧਿਕਾਰੀਆਂ ਵੱਲੋਂ ਦਿੱਤਾ ਗਿਆ ਸੀ। ਉਸੇ ਦਿਨ ਡੱਲੇਵਾਲ ਵੱਲੋਂ ਇਲਾਜ ਕਰਵਾਉਣ ਲਈ ਹਾਮੀ ਭਰੀ ਗਈ ਸੀ, ਪਰ ਉਨ੍ਹਾਂ ਦਾ ਮਰਨ ਵਰਤ ਅੱਜ 80ਵੇਂ ਦਿਨ ਵੀ ਜਾਰੀ ਰਿਹਾ। ਉੱਧਰ, ਅੱਜ ਦੀ ਇਕੱਤਰਤਾ ਨੂੰ ਸੰਬੋਧਨ ਕਰਦਿਆਂ ਸਰਵਣ ਸਿੰਘ ਪੰਧੇਰ ਦਾ ਕਹਿਣਾ ਸੀ ਕਿ ਅੰਦੋਲਨ ਨੂੰ ਫੇਲ੍ਹ ਕਰਨ ਲਈ ਅੰਦੋਲਨਕਾਰੀ ਜਥੇਬੰਦੀਆਂ ਪ੍ਰਤੀ ਸ਼ੁਰੂ ਤੋਂ ਹੀ ਸਰਕਾਰ ਅਤੇ ਸਰਕਾਰ ਪੱਖੀ ਕਥਿਤ ਬੁੱਧੀਜੀਵੀਆਂ ਵੱਲੋਂ ਗੈਰ ਵਾਜਿਬ, ਤੱਥਹੀਣ ਅਤੇ ਨਕਾਰਾਤਮਕ ਆਲੋਚਨਾ ਅਤੇ ਕੂੜ ਪ੍ਰਚਾਰ ਕੀਤਾ ਜਾ ਰਿਹਾ ਹੈ ਪਰ ਇਸ ਸਭ ਤੇ ਬਾਵਜੂਦ ਅੰਦੋਲਨ ਸਫ਼ਲਤਾਪੂਰਵਕ ਅੱਗੇ ਵਧ ਰਿਹਾ ਹੈ। ਉਨ੍ਹਾਂ ਕਿਹਾ ਕਿ ‘ਰੇਲ ਰੋਕੋ’ ਅਤੇ ਟਰੈਕਟਰ ਮਾਰਚਾਂ ਵਰਗੇ ਦੇਸ਼ਿਵਆਪੀ ਐਕਸ਼ਨਾਂ ਨੂੰ ਮਿਲੇ ਹੁੰਗਾਰੇ ਨੇ ਸਾਫ਼ ਕਰ ਦਿੱਤਾ ਹੈ ਕਿ ਦੇਸ਼ ਭਰ ਦੇ ਲੋਕ ਹੁਣ ਹਕੂਮਤ ਦੇ ਖ਼ਿਲਾਫ਼ ਖੜ੍ਹੇ ਹੋ ਗਏ ਹਨ। ਉਨ੍ਹਾਂ ਕਿਹਾ ਕਿ ਮੀਟਿੰਗ ਸਫ਼ਲ ਨਾ ਰਹੀ ਤਾਂ 25 ਫਰਵਰੀ ਮਗਰੋਂ ਚੌਥਾ ਕਿਸਾਨ ਜਥਾ ਦਿੱਲੀ ਵੱਲ ਕੂਚ ਕਰੇਗਾ। ਕਾਕਾ ਸਿੰਘ ਕੋਟੜਾ ਨੇ ਕਿਹਾ ਕਿ ਅਗਲੀ ਰਣਨੀਤੀ ਭਲਕ ਦੀ ਮੀਟਿੰਗ ਮਗਰੋਂ ਅਖ਼ਤਿਆਰ ਕੀਤੀ ਜਾਵੇਗੀ। ਸੁਰਜੀਤ ਫੂਲ ਨੇ ਪ੍ਰਧਾਨ ਮੰਤਰੀ ਦੇ ਦੌਰੇ ਨਾਲ ਸਬੰਧਤ ਮਾਮਲੇ ’ਚ ਫਿਰੋਜ਼ਪੁਰ ਪੁਲੀਸ ਵੱਲੋਂ ਕਿਸਾਨਾਂ ’ਤੇ ਇਰਾਦਾ ਕਤਲ ਦੀ ਧਾਰਾ ਲਾਏ ਜਾਣ ਦੀ ਨਿੰਦਾ ਕੀਤੀ। ਅਭਿਮੰਨਿਊ ਕੋਹਾੜ ਤੇ ਲਖਵਿੰਦਰ ਔਲਖ ਨੇ ਕਿਹਾ ਕਿ ਕਾਰਪੋਰੇਟ ਘਰਾਣਿਆਂ ਦੇ ਕਰਜ਼ੇ ਮੁਆਫ਼ ਕੀਤੇ ਜਾ ਰਹੇ ਹਨ, ਪਰ ਦੇਸ਼ ਦੀ 75 ਫੀਸਦੀ ਆਬਾਦੀ ਖੇਤੀ ’ਤੇ ਨਿਰਭਰ ਹੋਣ ਦੇ ਬਾਵਜੂਦ ਖੇਤੀ ਸੈਕਟਰ ਲਈ ਬਜਟ ਸਿਰਫ਼ 3 ਤੋਂ 4 ਫੀਸਦੀ ਹੀ ਰੱਖਿਆ ਗਿਆ ਹੈ। ਸਤਿਨਾਮ ਪੰਨੂ, ਸੁਖਜੀਤ ਹਰਦੋਝੰਡੇ ਤੇ ਗੁਰਿੰਦਰ ਭੰਗੂ ਦਾ ਕਹਿਣਾ ਸੀ ਕਿ ਸਰਕਾਰ ਕਾਰਪੋਰੇਟ ਵਿਕਾਸ ਮਾਡਲ ਲੈ ਕੇ ਆਈ ਹੈ। ਸੰਸਦ ਤੱਕ ਮੈਰਾਥਨ ਦੌੜ ਰਹੇ ਇਕੋਲਾਹਾ ਵਾਸੀ ਦਿਲਪ੍ਰੀਤ ਢਿੱਲੋਂ ਨੇ ਕਿਸਾਨ ਏਕਤਾ ’ਤੇ ਜ਼ੋਰ ਦਿੱਤਾ। ਇਸ ਮੌਕੇ ਲਖਵਿੰਦਰ ਔਲਖ, ਜਸਵਿੰਦਰ ਲੌਂਗੋਵਾਲ, ਮਨਜੀਤ ਰਾਏ, ਬਲਵੰਤ ਬਹਿਰਾਮਕੇ, ਰਾਜੂ ਰਾਜਸਥਾਨ, ਦਿਲਬਾਗ ਗਿੱਲ, ਬਚਿੱਤਰ ਕੋਟਲਾ, ਜੰਗ ਸਿੰਘ ਭਟੇੜੀ, ਮਲਕੀਤ ਗੁਲਾਮੀਵਾਲਾ, ਤੇਜਬੀਰ ਪੰਜੋਖਰਾ, ਅਸ਼ੋਕ ਬੁਲਾਰਾ, ਰਵੀ ਸੌਂਡ, ਰਾਜੇਸ਼ ਗੁੱਜਰ, ਅਮਿਤ ਖਿਰਾੜੀ, ਉਮੇਦ ਸਰਪੰਚ, ਹਰਮਿੰਦਰ ਮਾਵੀ, ਜਸਦੇਵ ਲਲਤੋਂ, ਓਂਕਾਰ ਭੰਗਾਲਾ, ਦਿਲਪ੍ਰੀਤ ਖੰਨਾ, ਕਮਲਜੀਤ ਕੌਰ, ਹਰਿੰਦਰ ਸਿੰਘ, ਅੰਗਰੇਜ਼ ਕੋਟਬੁੱਢਾ, ਸਤਿਨਾਮ ਟਿਵਾਣਾ, ਰਵਿੰਦਰਨ ਕੇਰਲਾ ਤੇ ਹਰਿੰਦਰ ਨਡਿਆਲਾ ਆਦਿ ਪ੍ਰਮੁੱਖ ਆਗੂਆਂ ਵਿੱਚੋਂ ਵੀ ਕਈਆਂ ਨੇ ਸੰਬੋਧਨ ਕੀਤਾ। ਇਸ ਮੌਕੇ ਮਨਜੀਤ ਨਿਆਲ, ਦਿਲਬਾਗ ਹਰੀਗੜ੍ਹ, ਯਾਦਵਿੰਦਰ ਬੁਰੜ, ਗੁਰਧਿਆਨ ਸਿਓਣਾ, ਬਲਕਾਰ ਬੈਂਸ, ਮਾਹਨ ਸਿੰਘ ਰਾਜਪੁਰਾ ਸਣੇ ਕਈ ਹੋਰ ਪ੍ਰਮੁੱਖ ਆਗੂ ਵੀ ਮੰਚ ’ਤੇ ਮੌਜੂਦ ਸਨ।

ਪੁੱਤ ਦੇ ਵਿਆਹ ਕਾਰਨ ਅੱਜ ਦੀ ਮੀਟਿੰਗ ’ਚ ਨਹੀਂ ਪਹੁੰਚਣਗੇ ਕੇਂਦਰੀ ਖੇਤੀ ਮੰਤਰੀ

ਪਟਿਆਲਾ (ਖੇਤਰੀ ਪ੍ਰਤੀਨਿਧ):

ਕੇਂਦਰ ਸਰਕਾਰ ਵੱਲੋਂ ਐੱਸਕੇਐੱਮ (ਗੈਰ ਸਿਆਸੀ) ਅਤੇ ਕੇਐੱਮਐੱਮ ਦੇ ਆਗੂਆਂ ਦੀ 14 ਫਰਵਰੀ ਨੂੰ ਸੱਦੀ ਗਈ ਮੀਟਿੰਗ ਵਿੱਚ ਕੇਂਦਰੀ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਗੈਰ ਹਾਜ਼ਰ ਰਹਿਣਗੇ। ਅਸਲ ਵਿੱਚ ਭਲਕੇ ਉਨ੍ਹਾਂ ਦੇ ਪੁੱਤਰ ਦਾ ਵਿਆਹ ਹੈ ਅਤੇ ਇਸ ਵਿਆਹ ’ਚ ਕਈ ਹੋਰ ਮੰਤਰੀਆਂ ਦੇ ਸ਼ਾਮਲ ਹੋਣ ਦਾ ਪ੍ਰੋਗਰਾਮ ਹੈ। ਹੁਣ ਦੇਖਣਾ ਇਹ ਹੋਵੇਗਾ ਕਿ ਭਲਕੇ ਹੋਣ ਵਾਲੀ ਮੀਟਿੰਗ ਵਿੱਚ ਕੇਂਦਰ ਸਰਕਾਰ ਵੱਲੋਂ ਕੌਣ-ਕੌਣ ਸ਼ਾਮਲ ਹੁੰਦਾ ਹੈ। ਉਂਝ, ਇਹ ਮੀਟਿੰਗ ਤਕਰੀਬਨ ਮਹੀਨਾ ਪਹਿਲਾਂ 18 ਜਨਵਰੀ ਨੂੰ ਤੈਅ ਹੋਈ ਸੀ ਅਤੇ ਵਿਆਹ ਦੀ ਤਰੀਕ ਉਸ ਤੋਂ ਪਹਿਲਾਂ ਹੀ ਰੱਖੀ ਹੋਈ ਸੀ। ਉੱਧਰ, ਖੇਤੀ ਮੰਤਰੀ ਦੇ ਨਾ ਪਹੁੰਚ ਸਕਣ ਬਾਰੇ ਕਿਸਾਨ ਆਗੂਆਂ ਨੂੰ ਪਤਾ ਲੱਗ ਚੁੱੱਕਾ ਹੈ ਪਰ ਉਨ੍ਹਾਂ ਦਾ ਕਹਿਣਾ ਹੈ ਕਿ ਉਹ ਮੀਟਿੰਗ ’ਚ ਜ਼ਰੂਰ ਸ਼ਾਮਲ ਹੋਣਗੇ। ਤਰਕ ਸੀ ਕਿ ਉਹ ਸਰਕਾਰ ਤੋਂ ਇਹ ਨਹੀਂ ਅਖਵਾਉਣਾ ਚਾਹੁੰਦੇ ਕਿ ਕਿਸਾਨ ਗੱਲਬਾਤ ਤੋਂ ਭੱਜ ਰਹੇ ਹਨ।

Advertisement
×