26/11: 17 ਸਾਲ ਬਾਅਦ ਵੀ ਮੁੰਬਈ ਅਤਿਵਾਦੀ ਹਮਲੇ ਦੇ ਜ਼ਖਮ ਅੱਲੇ
ਸ਼ਹੀਦਾਂ ਨੂੰ ਸ਼ਰਧਾਂਜਲੀ ਮੌਕੇ ਗੇਟਵੇ ਆਫ਼ ਇੰਡੀਆ ਨੂੰ ਤਿਰੰਗੇ ਰੰਗਾਂ ਵਿੱਚ 'ਨੈਵਰਐਵਰ' ਸ਼ਬਦ ਨਾਲ ਰੋਸ਼ਨ ਕੀਤਾ ਜਾਵੇਗਾ
ਦੇਸ਼ ਦੇ ਮਹਾਂਨਗਰ ਮੁੰਬਈ ਵਿੱਚ 10 ਅਤਿਵਾਦੀਆਂ ਦੇ ਇੱਕ ਸਮੂਹ ਵੱਲੋਂ ਕੀਤੇ ਗਏ ਤਾਲਮੇਲ ਵਾਲੇ ਹਮਲਿਆਂ ਨੇ ਸਾਲ 2008 ਵਿੱਚ 26/11 ਨੂੰ ਦੇਸ਼ ਅਤੇ ਦੁਨੀਆ ਨੂੰ ਹਿਲਾ ਕੇ ਰੱਖ ਦਿੱਤਾ ਸੀ। ਇਹ ਅਤਿਵਾਦੀ 26 ਨਵੰਬਰ 2008 ਦੀ ਰਾਤ ਨੂੰ ਸਮੁੰਦਰੀ ਰਸਤੇ ਰਾਹੀਂ ਮੁੰਬਈ ਸ਼ਹਿਰ ਵਿੱਚ ਦਾਖਲ ਹੋਏ ਸਨ ਅਤੇ ਚਾਰ ਦਿਨਾਂ ਦੇ ਦੌਰਾਨ ਉਨ੍ਹਾਂ ਨੇ ਸ਼ਹਿਰ ਦੇ ਕੁਝ ਸਭ ਤੋਂ ਭੀੜ-ਭੜੱਕੇ ਵਾਲੇ ਹਿੱਸਿਆਂ ਵਿੱਚ 166 ਲੋਕਾਂ ਨੂੰ ਮਾਰ ਦਿੱਤਾ ਅਤੇ 300 ਨੂੰ ਜ਼ਖਮੀ ਕਰ ਦਿੱਤਾ।
ਘਟਨਾ ਨੂੰ ਅੰਜਾਮ ਦੇਣ ਮੌਕੇ ਜ਼ਿਆਦਾ ਤੋਂ ਜ਼ਿਆਦਾ ਪ੍ਰਭਾਵ ਲਈ ਸਰਵੇਖਣ ਕਰਨ ਤੋਂ ਬਾਅਦ ਨਿਸ਼ਾਨੇ ਸਾਵਧਾਨੀ ਨਾਲ ਚੁਣੇ ਗਏ ਸਨ, ਜਿਵੇਂ ਕਿ: ਤਾਜ ਅਤੇ ਓਬਰਾਏ ਹੋਟਲ, ਛਤਰਪਤੀ ਸ਼ਿਵਾਜੀ ਮਹਾਰਾਜ ਟਰਮੀਨਸ, ਨਰੀਮਨ ਹਾਊਸ ਸਥਿਤ ਯਹੂਦੀ ਕੇਂਦਰ, ਕਾਮਾ ਹਸਪਤਾਲ, ਮੈਟਰੋ ਸਿਨੇਮਾ ਅਤੇ ਲਿਓਪੋਲਡ ਕੈਫੇ, ਕਿਉਂਕਿ ਇਨ੍ਹਾਂ ਥਾਵਾਂ 'ਤੇ ਮੁੰਬਈ ਦੇ ਕਾਰਜਬਲ ਦੇ ਇੱਕ ਵੱਡੇ ਹਿੱਸੇ ਦੇ ਨਾਲ-ਨਾਲ ਵਿਦੇਸ਼ੀ ਨਾਗਰਿਕਾਂ ਦੀ ਵੀ ਭੀੜ ਹੁੰਦੀ ਸੀ।
ਇਸ ਦੁਖਦਾਈ ਘਟਨਾ ਦੇ ਜ਼ਖ਼ਮ ਉਨ੍ਹਾਂ ਲੋਕਾਂ ਨੂੰ ਅਜੇ ਵੀ ਪਰੇਸ਼ਾਨ ਕਰਦੇ ਹਨ ਜਿਨ੍ਹਾਂ ਨੇ ਇਸ ਨੂੰ ਦੇਖਿਆ ਅਤੇ ਉਨ੍ਹਾਂ ਪਰਿਵਾਰਾਂ ਨੂੰ ਜਿਨ੍ਹਾਂ ਨੇ ਆਪਣੇ ਅਜ਼ੀਜ਼ਾਂ ਨੂੰ ਗੁਆ ਦਿੱਤਾ। ਲਿਓਪੋਲਡ ਕੈਫੇ ਅਤੇ ਨਰੀਮਨ ਹਾਊਸ 'ਤੇ ਗੋਲੀਆਂ ਦੇ ਨਿਸ਼ਾਨ, ਸਹਾਇਕ ਸਬ-ਇੰਸਪੈਕਟਰ ਤੁਕਾਰਾਮ ਓਂਬਲੇ ਦਾ ਬੁੱਤ, ਜਿਨ੍ਹਾਂ ਨੇ ਇੱਕੋ-ਇੱਕ ਜ਼ਿੰਦਾ ਬਚੇ ਪਾਕਿਸਤਾਨੀ ਅਤਿਵਾਦੀ ਮੁਹੰਮਦ ਅਜਮਲ ਅਮੀਰ ਕਸਾਬ ਨੂੰ ਫੜਨ ਦੌਰਾਨ ਆਪਣੀ ਜਾਨ ਕੁਰਬਾਨ ਕਰ ਦਿੱਤੀ ਅਤੇ ਦੱਖਣੀ ਮੁੰਬਈ ਦੀਆਂ ਸੜਕਾਂ ਇਸ ਭਿਆਨਕ ਅਤਿਵਾਦੀ ਹਮਲੇ ਦੀ ਯਾਦ ਨੂੰ ਤਾਜ਼ਾ ਰੱਖਦੀਆਂ ਹਨ।
ਇਸ ਦੌਰਾਨ ਨੌਂ ਲਸ਼ਕਰ-ਏ-ਤੋਇਬਾ ਦੇ ਅਤਿਵਾਦੀ ਮਾਰੇ ਗਏ ਸਨ ਜਦੋਂ ਕਿ ਕਸਾਬ ਨੂੰ ਗ੍ਰਿਫਤਾਰ ਕਰ ਲਿਆ ਗਿਆ ਸੀ। ਮਈ 2010 ਵਿੱਚ ਕਸਾਬ ਨੂੰ ਮੌਤ ਦੀ ਸਜ਼ਾ ਸੁਣਾਈ ਗਈ ਸੀ ਅਤੇ ਦੋ ਸਾਲ ਬਾਅਦ ਉਸ ਨੂੰ ਪੁਣੇ ਦੀ ਇੱਕ ਅਤਿ ਸੁਰੱਖਿਆ ਵਾਲੀ ਜੇਲ੍ਹ ਵਿੱਚ ਫਾਂਸੀ ਦਿੱਤੀ ਗਈ ਸੀ।
ਇਸ ਸਾਲ ਦਿੱਲੀ ਵਿੱਚ ਹੋਏ ਧਮਾਕੇ ਦੇ ਮੱਦੇਨਜ਼ਰ 26/11 ਦਾ ਹਮਲੇ ਦੇ ਜ਼ਖਮ ਮੁੜ ਤਾਜ਼ਾ ਹੋ ਗਏ।
ਗ੍ਰਹਿ ਮੰਤਰਾਲੇ ਦੇ ਅਨੁਸਾਰ ਐੱਨ ਐੱਸ ਜੀ ਮੁੰਬਈ ਅੱਜ ਗੇਟਵੇ ਆਫ਼ ਇੰਡੀਆ ਵਿਖੇ 26/11 ਦੇ ਹਮਲਿਆਂ ਦੇ ਸ਼ਹੀਦਾਂ, ਬਚੇ ਲੋਕਾਂ ਅਤੇ ਸਾਰੇ ਪੀੜਤਾਂ ਨੂੰ ਸ਼ਰਧਾਂਜਲੀ ਦੇਣ ਲਈ ‘ਨੈਵਰਐਵਰ’ (Neverever) ਥੀਮ ਤਹਿਤ ਇੱਕ ਸ਼ਰਧਾਂਜਲੀ ਸਮਾਰੋਹ ਅਤੇ ਪ੍ਰਣ ਸਮਾਗਮ ਆਯੋਜਿਤ ਕਰੇਗਾ। ਇਹ ਸਮਾਗਮ ਇਸ ਸਮੂਹਿਕ ਸੰਕਲਪ ਦੀ ਪੁਸ਼ਟੀ ਕਰਦਾ ਹੈ ਕਿ ਅਜਿਹੀ ਘਟਨਾ ਦੁਬਾਰਾ ਕਦੇ ਨਹੀਂ ਹੋਣੀ ਚਾਹੀਦੀ।
ਗੇਟਵੇ ਆਫ਼ ਇੰਡੀਆ ਨੂੰ ਤਿਰੰਗੇ ਰੰਗਾਂ ਵਿੱਚ 'ਨੈਵਰਐਵਰ' ਸ਼ਬਦ ਨਾਲ ਰੋਸ਼ਨ ਕੀਤਾ ਜਾਵੇਗਾ।
ਇਸ ਦੌਰਾਨ ਇੱਕ ਤਾਜ਼ਾ ਘਟਨਾਕ੍ਰਮ ਵਿੱਚ ਸੂਤਰਾਂ ਨੇ ਦੱਸਿਆ ਕਿ ਕੌਮੀ ਜਾਂਚ ਏਜੰਸੀ (NIA) ਨੇ ਅਕਤੂਬਰ ਵਿੱਚ ਆਪਸੀ ਕਾਨੂੰਨੀ ਸਹਾਇਤਾ ਸੰਧੀ (MLAT) ਪ੍ਰਕਿਰਿਆ ਰਾਹੀਂ 26/11 ਮੁੰਬਈ ਹਮਲਿਆਂ ਦੇ ਮੁੱਖ ਸਾਜ਼ਿਸ਼ਕਰਤਾ ਤਹੱਵੁਰ ਰਾਣਾ ਨਾਲ ਜੁੜੇ ਮਾਮਲੇ ਦੇ ਸਬੰਧ ਵਿੱਚ ਸੰਯੁਕਤ ਰਾਜ ਸਰਕਾਰ ਤੋਂ ਤਾਜ਼ਾ ਵੇਰਵਿਆਂ ਦਾ ਇੱਕ ਸੈੱਟ ਮੰਗਿਆ ਹੈ। ਇਹ ਵਾਧੂ ਸਵਾਲ ਰਾਣਾ ਦੀ ਪੁੱਛਗਿੱਛ ਤੋਂ ਮਹੀਨਿਆਂ ਬਾਅਦ ਉਠਾਏ ਗਏ ਸਨ।

