ਗੋਆ ਕਲੱਬ ਵਿੱਚ ਅੱਗ ਲੱਗਣ ਕਾਰਨ 25 ਮੌਤਾਂ
ਮ੍ਰਿਤਕਾਂ ਵਿੱਚ 4 ਸੈਲਾਨੀ ਤੇ 14 ਸਟਾਫ ਮੈਂਬਰ ਸ਼ਾਮਲ; ਮੁੱਖ ਮੰਤਰੀ ਵੱਲੋਂ ਮੈਜਿਸਟ੍ਰੇਟੀ ਜਾਂਚ ਦੇ ਹੁਕਮ; ਮਾਲਕਾਂ ਤੇ ਪ੍ਰਬੰਧਕਾਂ ਖ਼ਿਲਾਫ਼ ਕੇਸ ਦਰਜ; ਸਰਪੰਚ ਨੂੰ ਹਿਰਾਸਤ ’ਚ ਲਿਆ; ਰਾਸ਼ਟਰਪਤੀ ਮੁਰਮੂ ਤੇ ਪ੍ਰਧਾਨ ਮੰਤਰੀ ਮੋਦੀ ਨੇ ਦੁੱਖ ਪ੍ਰਗਟਾਇਆ
ਉੱਤਰੀ ਗੋਆ ਵਿੱਚ ਸਥਿਤ ‘ਬਰਚ ਬਾਈ ਰੋਮੀਓ ਲੇਨ’ ਨਾਈਟ ਕਲੱਬ ’ਚ ਬੀਤੀ ਦੇਰ ਰਾਤ ਵਾਪਰੇ ਭਿਆਨਕ ਅੱਗ ਹਾਦਸੇ ਵਿੱਚ 25 ਜਣਿਆਂ ਦੀ ਮੌਤ ਹੋ ਗਈ ਅਤੇ 6 ਹੋਰ ਗੰਭੀਰ ਜ਼ਖ਼ਮੀ ਹਨ। ਮ੍ਰਿਤਕਾਂ ਵਿੱਚ 4 ਸੈਲਾਨੀ ਅਤੇ 14 ਸਟਾਫ ਮੈਂਬਰ ਸ਼ਾਮਲ ਹਨ। ਬਾਕੀਆਂ ਦੀ ਪਛਾਣ ਕੀਤੀ ਜਾ ਰਹੀ ਹੈ। ਇਸ ਘਟਨਾ ਨੇ ਪ੍ਰਸ਼ਾਸਨਿਕ ਲਾਪਰਵਾਹੀ ਅਤੇ ਗੈਰ-ਕਾਨੂੰਨੀ ਗਤੀਵਿਧੀਆਂ ’ਤੇ ਗੰਭੀਰ ਸਵਾਲ ਖੜ੍ਹੇ ਕਰ ਦਿੱਤੇ ਹਨ। ਮੁੱਖ ਮੰਤਰੀ ਪ੍ਰਮੋਦ ਸਾਵੰਤ ਨੇ ਮਾਮਲੇ ਦੀ ਮੈਜਿਸਟ੍ਰੇਟ ਜਾਂਚ ਦੇ ਹੁਕਮ ਦਿੱਤੇ ਹਨ ਅਤੇ ਮੁਲਜ਼ਮਾਂ ਖਿਲਾਫ਼ ਸਖ਼ਤ ਕਾਰਵਾਈ ਦਾ ਭਰੋਸਾ ਦਿੱਤਾ ਹੈ। ਰਾਸ਼ਟਰਪਤੀ ਦਰੋਪਦੀ ਮੁਰਮੂ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਇਸ ਘਟਨਾ ’ਤੇ ਦੁੱਖ ਪ੍ਰਗਟਾਇਆ ਹੈ। ਸ੍ਰੀ ਮੋਦੀ ਨੇ ਮ੍ਰਿਤਕਾਂ ਦੇ ਵਾਰਸਾਂ ਨੂੰ 2-2 ਲੱਖ ਰੁਪਏ ਅਤੇ ਜ਼ਖ਼ਮੀਆਂ ਨੂੰ 50-50 ਹਜ਼ਾਰ ਰੁਪਏ ਦੀ ਆਰਥਿਕ ਮਦਦ ਦੇਣ ਦਾ ਐਲਾਨ ਕੀਤਾ ਹੈ।
ਮੁੱਖ ਮੰਤਰੀ ਨੇ ਦੱਸਿਆ ਕਿ ਪੁਲੀਸ ਨੇ ਕਲੱਬ ਦੇ ਚੀਫ ਜਨਰਲ ਮੈਨੇਜਰ ਰਾਜੀਵ ਮੋਦਕ, ਜਨਰਲ ਮੈਨੇਜਰ ਵਿਵੇਕ ਸਿੰਘ, ਬਾਰ ਮੈਨੇਜਰ ਰਾਜੀਵ ਸਿੰਘਾਨੀਆ ਅਤੇ ਗੇਟ ਮੈਨੇਜਰ ਰਿਆਂਸ਼ੂ ਠਾਕੁਰ ਨੂੰ ਗ੍ਰਿਫਤਾਰ ਕਰ ਲਿਆ ਹੈ। ਕਲੱਬ ਦੇ ਮਾਲਕਾਂ ਸੌਰਭ ਲੂਥਰਾ ਅਤੇ ਗੌਰਵ ਲੂਥਰਾ ਖਿਲਾਫ਼ ਐੱਫ ਆਈ ਆਰ ਦਰਜ ਕਰ ਲਈ ਗਈ ਹੈ ਅਤੇ ਉਨ੍ਹਾਂ ਨੂੰ ਵੀ ਜਲਦ ਹਿਰਾਸਤ ਵਿੱਚ ਲਿਆ ਜਾਵੇਗਾ। 2013 ਵਿੱਚ ਟਰੇਡ ਲਾਇਸੈਂਸ ਜਾਰੀ ਕਰਨ ਵਾਲੇ ਅਰਪੋਰਾ-ਨਾਗੋਆ ਪੰਚਾਇਤ ਦੇ ਸਰਪੰਚ ਰੋਸ਼ਨ ਰੈਡਕਰ ਨੂੰ ਹਿਰਾਸਤ ਵਿੱਚ ਲਿਆ ਗਿਆ ਹੈ।
ਮੁਢਲੀ ਜਾਂਚ ਵਿੱਚ ਸਾਹਮਣੇ ਆਇਆ ਕਿ ਅੱਗ ਸ਼ਨਿਚਰਵਾਰ ਰਾਤ 11:45 ਵਜੇ ਅੱਗ ‘ਇਲੈਕਟ੍ਰਿਕ ਪਟਾਕਿਆਂ’ ਕਾਰਨ ਲੱਗੀ ਸੀ। ਸਰਕਾਰ ਨੇ ਦੱਖਣੀ ਗੋਆ ਦੇ ਕੁਲੈਕਟਰ, ਫਾਇਰ ਬ੍ਰਿਗੇਡ ਦੇ ਡਿਪਟੀ ਡਾਇਰੈਕਟਰ ਅਤੇ ਫੋਰੈਂਸਿਕ ਲੈਬਾਰਟਰੀ ਦੇ ਡਾਇਰੈਕਟਰ ਦੀ ਤਿੰਨ ਮੈਂਬਰੀ ਕਮੇਟੀ ਬਣਾਈ ਹੈ, ਜੋ ਇੱਕ ਹਫ਼ਤੇ ਵਿੱਚ ਆਪਣੀ ਰਿਪੋਰਟ ਸੌਂਪੇਗੀ। ਦਿੱਲੀ ਤੋਂ ਆਈ ਸੈਲਾਨੀ ਰੀਆ ਨੇ ਦੱਸਿਆ ਕਿ ਜਦੋਂ ਡਾਂਸਰ ਪੇਸ਼ਕਾਰੀ ਕਰ ਰਹੇ ਸਨ ਤਾਂ ਚਾਰੇ ਪਾਸੇ ਪਟਾਕੇ ਚਲਾਏ ਗਏ, ਜਿਸ ਕਾਰਨ ਅੱਗ ਲੱਗ ਗਈ ਅਤੇ ਭਗਦੜ ਮੱਚ ਗਈ। ਹੈਦਰਾਬਾਦ ਦੀ ਫਾਤਿਮਾ ਸ਼ੇਖ ਨੇ ਦੱਸਿਆ ਕਿ ਕਲੱਬ ਭਰਿਆ ਹੋਇਆ ਸੀ ਅਤੇ ਅੱਗ ਲੱਗਣ ਮਗਰੋਂ ਲੋਕਾਂ ਨੂੰ ਬਾਹਰ ਨਿਕਲਣ ਦਾ ਰਾਹ ਨਹੀਂ ਮਿਲਿਆ। ਪਾਮ ਦੇ ਪੱਤਿਆਂ ਨਾਲ ਬਣੀ ਆਰਜ਼ੀ ਛੱਤ ਨੇ ਅੱਗ ਹੋਰ ਭੜਕਾ ਦਿੱਤੀ। ਫਾਇਰ ਬ੍ਰਿਗੇਡ ਅਧਿਕਾਰੀਆਂ ਮੁਤਾਬਕ ਤੰਗ ਗਲੀਆਂ ਕਾਰਨ ਗੱਡੀਆਂ ਮੌਕੇ ’ਤੇ ਪਹੁੰਚਣ ਵਿੱਚ ਭਾਰੀ ਮੁਸ਼ਕਲ ਆਈ ਅਤੇ ਟੈਂਕਰ 400 ਮੀਟਰ ਦੂਰ ਖੜ੍ਹੇ ਕਰਨੇ ਪਏ। ਜ਼ਿਆਦਾਤਰ ਮੌਤਾਂ ਸਾਹ ਘੁਟਣ ਕਾਰਨ ਹੋਈਆਂ ਕਿਉਂਕਿ ਪੀੜਤ ਹੇਠਲੀ ਮੰਜ਼ਿਲ ’ਤੇ ਰਸੋਈ ਵਾਲੇ ਪਾਸੇ ਫਸ ਗਏ ਸਨ। ਸਰਪੰਚ ਰੈਡਕਰ ਨੇ ਖੁਲਾਸਾ ਕੀਤਾ ਕਿ ਕਲੱਬ ਦੀ ਉਸਾਰੀ ਗੈਰ-ਕਾਨੂੰਨੀ ਸੀ ਅਤੇ ਇਸ ਨੂੰ ਢਾਹੁਣ ਦਾ ਨੋਟਿਸ ਜਾਰੀ ਕੀਤਾ ਗਿਆ ਸੀ, ਜਿਸ ’ਤੇ ਉੱਚ ਅਧਿਕਾਰੀਆਂ ਨੇ ਰੋਕ ਲਗਾ ਦਿੱਤੀ ਸੀ।
ਵਿਰੋਧੀ ਧਿਰਾਂ ਨੇ ਸਾਵੰਤ ਸਰਕਾਰ ਘੇਰੀ
ਨਾਈਟ ਕਲੱਬ ਘਟਨਾ ਮਗਰੋਂ ਵਿਰੋਧੀ ਧਿਰਾਂ ਨੇ ਸਾਵੰਤ ਸਰਕਾਰ ਨੂੰ ਲੰਮੇ ਹੱਥੀਂ ਲਿਆ ਹੈ। ਕਾਂਗਰਸ ਨੇ ਦੋਸ਼ ਲਾਇਆ ਕਿ ਕਲੱਬ ਕੋਲ ਨਾ ਤਾਂ ਫਾਇਰ ਵਿਭਾਗ ਦੀ ਐੱਨ ਓ ਸੀ ਸੀ ਅਤੇ ਨਾ ਹੀ ਸ਼ਰਾਬ ਵੇਚਣ ਦੀ ਮਨਜ਼ੂਰੀ। ਲੋਕ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਨੇ ਇਸ ਨੂੰ ਸੁਰੱਖਿਆ ਅਤੇ ਪ੍ਰਸ਼ਾਸਨ ਦੀ ਅਪਰਾਧਿਕ ਨਾਕਾਮੀ ਕਰਾਰ ਦਿੱਤਾ। ਆਮ ਆਦਮੀ ਪਾਰਟੀ ਦੇ ਸੂਬਾ ਪ੍ਰਧਾਨ ਅਮਿਤ ਪਾਲੇਕਰ ਨੇ ਕਿਹਾ ਕਿ ਸਰਕਾਰ ਨੇ ਸੱਤਾ ਵਿੱਚ ਰਹਿਣ ਦਾ ਨੈਤਿਕ ਹੱਕ ਗੁਆ ਲਿਆ ਹੈ। ਪੀੜਤ ਪਰਿਵਾਰਾਂ ਦਾ ਹਸਪਤਾਲ ਦੇ ਬਾਹਰ ਰੋ-ਰੋ ਕੇ ਬੁਰਾ ਹਾਲ ਹੈ।
ਕਲੱਬ ਮਾਲਕਾਂ ਦਾ ਇੱਕ ਹੋਰ ਰੈਸਤਰਾਂ ਸੀਲ
ਗੋਆ ਦੇ ਅਰਪੋਰਾ ਸਥਿਤ ਨਾਈਟ ਕਲੱਬ ਵਿੱਚ ਵਾਪਰੇ ਭਿਆਨਕ ਅੱਗ ਹਾਦਸੇ ਤੋਂ ਬਾਅਦ ਪ੍ਰਸ਼ਾਸਨ ਹਰਕਤ ਵਿੱਚ ਆ ਗਿਆ ਹੈ। ਅੱਜ ਸ਼ਾਮ ਜ਼ਿਲ੍ਹਾ ਅਧਿਕਾਰੀਆਂ ਨੇ ਕਾਰਵਾਈ ਕਰਦਿਆਂ ਕਲੱਬ ਮਾਲਕਾਂ ਦੀ ਵਾਗਾਟੋਰ ਬੀਚ ’ਤੇ ਸਥਿਤ ਇੱਕ ਹੋਰ ਸ਼ੈਕ (ਝੌਂਪੜੀਨੁਮਾ ਰੈਸਤਰਾਂ) ‘ਰੋਮੀਓ ਲੇਨ’ ਨੂੰ ਸੀਲ ਕਰ ਦਿੱਤਾ ਹੈ। ਸੂਤਰਾਂ ਮੁਤਾਬਕ ਇਹ ਸ਼ੈਕ ਸਰਕਾਰੀ ਜ਼ਮੀਨ ’ਤੇ ਗੈਰ-ਕਾਨੂੰਨੀ ਢੰਗ ਨਾਲ ਬਣਾਈ ਗਈ ਸੀ।
ਮ੍ਰਿਤਕਾਂ ’ਚ ਝਾਰਖੰਡ ਦੇ ਦੋ ਸਕੇ ਭਰਾ ਵੀ ਸ਼ਾਮਲ
ਲਾਪੁੰਗ (ਰਾਂਚੀ): ਗੋਆ ਦੇ ਨਾਈਟ ਕਲੱਬ ਵਿੱਚ ਵਾਪਰੇ ਹਾਦਸੇ ਵਿੱਚ ਮਾਰੇ ਗਏ 15 ਜਣਿਆਂ ’ਚ ਤਿੰਨ ਨੌਜਵਾਨ ਝਾਰਖੰਡ ਦੇ ਸਨ। ਇਨ੍ਹਾਂ ’ਚੋਂ ਦੋ ਪ੍ਰਦੀਪ (24) ਅਤੇ ਵਿਨੋਦ ਮਹਿਤੋ (20) ਸਕੇ ਭਰਾ ਸਨ। ਫਤਹਿਪੁਰ ਪਿੰਡ ਦੇ ਰਹਿਣ ਵਾਲੇ ਦੋਵੇਂ ਭਰਾ 10-12 ਮਹੀਨੇ ਪਹਿਲਾਂ ਹੀ ਰੁਜ਼ਗਾਰ ਲਈ ਗੋਆ ਗਏ ਸਨ ਅਤੇ ਅਗਲੇ ਸਾਲ ਹੋਲੀ ਮਨਾਉਣ ਲਈ ਘਰ ਆਉਣ ਵਾਲੇ ਸਨ। ਤੀਜਾ ਨੌਜਵਾਨ ਖੁੰਟੀ ਜ਼ਿਲ੍ਹੇ ਦੇ ਪਿੰਡ ਗੋਵਿੰਦਪੁਰ ਦਾ ਮੋਹਿਤ ਮੁੰਡਾ (22) ਸੀ। ਝਾਰਖੰਡ ਦੇ ਹੋਰ ਨੌਜਵਾਨ ਵੀ ਇਸ ਕਲੱਬ ਵਿੱਚ ਹੈਲਪਰ ਅਤੇ ਕੁੱਕ ਵਜੋਂ ਕੰਮ ਕਰਦੇ ਸਨ, ਜਿਨ੍ਹਾਂ ਦੇ ਮਾਪੇ ਵੀ ਚਿੰਤਤ ਹਨ। ਝਾਰਖੰਡ ਦੇ ਮੁੱਖ ਮੰਤਰੀ ਹੇਮੰਤ ਸੋਰੇਨ ਅਤੇ ਉਨ੍ਹਾਂ ਦੀ ਪਤਨੀ ਕਲਪਨਾ ਸੋਰੇਨ ਨੇ ਇਸ ਘਟਨਾ ’ਤੇ ਡੂੰਘਾ ਦੁੱਖ ਪ੍ਰਗਟਾਇਆ ਹੈ। ਮੰਤਰੀ ਇਰਫਾਨ ਅੰਸਾਰੀ ਨੇ ਘਟਨਾ ਦੀ ਉੱਚ ਪੱਧਰੀ ਜਾਂਚ ਅਤੇ ਪੀੜਤ ਪਰਿਵਾਰਾਂ ਲਈ ਮੁਆਵਜ਼ੇ ਦੀ ਮੰਗ ਕੀਤੀ ਹੈ। ਰਾਂਚੀ ਸਥਿਤ ਸੂਬਾਈ ਮਾਈਗ੍ਰੈਂਟ ਕੰਟਰੋਲ ਰੂਮ ਦੀ ਅਧਿਕਾਰੀ ਸ਼ਿਖਾ ਲਾਕੜਾ ਨੇ ਦੱਸਿਆ ਕਿ ਉਹ ਲਗਾਤਾਰ ਗੋਆ ਪ੍ਰਸ਼ਾਸਨ ਦੇ ਸੰਪਰਕ ਵਿੱਚ ਹਨ। ਉਨ੍ਹਾਂ ਕਿਹਾ ਕਿ ਪੋਸਟਮਾਰਟਮ ਦੀ ਪ੍ਰਕਿਰਿਆ ਚੱਲ ਰਹੀ ਹੈ ਅਤੇ ਲਾਸ਼ਾਂ ਜਲਦੀ ਤੋਂ ਜਲਦੀ ਪਿੰਡ ਲਿਆਉਣ ਦੇ ਪ੍ਰਬੰਧ ਕੀਤੇ ਜਾ ਰਹੇ ਹਨ। ਇਸ ਦੌਰਾਨ ਝਾਰਖੰਡ ਮੁਕਤੀ ਮੋਰਚਾ ਨੇ ਅਜਿਹੇ ਹਾਦਸੇ ਨੂੰ ਰੋਕਣ ਲਈ ਦੂਜੇ ਰਾਜਾਂ ਵਿੱਚ ਕੰਮ ਕਰਦੇ ਮਜ਼ਦੂਰਾਂ ਦੀ ਸੁਰੱਖਿਆ ਯਕੀਨੀ ਬਣਾਉਣ ਦੀ ਮੰਗ ਕੀਤੀ ਹੈ।

