DT
PT
About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਪੰਜਾਬ ’ਚ ਹੜ੍ਹਾਂ ਕਾਰਨ 24 ਮੌਤਾਂ; ਮੁਹਾਲੀ, ਪਟਿਆਲਾ, ਸੰਗਰੂਰ ਤੇ ਮਾਨਸਾ ’ਚ ਅਲਰਟ

16 ਹਜ਼ਾਰ ਲੋਕਾਂ ਨੂੰ ਸੁਰੱਖਿਅਤ ਥਾਵਾਂ ’ਤੇ ਪਹੁੰਚਾਇਆ
  • fb
  • twitter
  • whatsapp
  • whatsapp
featured-img featured-img
ਸੁਲਤਾਨਪੁਰ ਲੋਧੀ ਦੇ ਮੰਡ ਇਲਾਕੇ ਵਿੱਚ ਸਾਮਾਨ ਸੁਰੱਖਿਅਤ ਥਾਂ ’ਤੇ ਲਿਜਾਂਦੇ ਹੋਏ ਲੋਕ। -ਫੋਟੋ: ਮਲਕੀਅਤ ਸਿੰਘ
Advertisement

ਪੰਜਾਬ ਵਿੱਚ ਆਏ ਭਿਆਨਕ ਹੜ੍ਹਾਂ ’ਚ ਇੱਕ ਹਫ਼ਤੇ ਦੌਰਾਨ ਕਰੀਬ ਦੋ ਦਰਜਨ ਵਿਅਕਤੀਆਂ ਦੀ ਮੌਤ ਹੋ ਗਈ ਹੈ, ਜਦਕਿ ਸੈਂਕੜੇ ਲੋਕਾਂ ਨੂੰ ਪਾਣੀ ’ਚ ਵਹਿਣ ਤੋਂ ਮੌਕੇ ’ਤੇ ਬਚਾਅ ਲਿਆ ਗਿਆ। ਸੂਬੇ ਦੇ ਅੱਠ ਜ਼ਿਲ੍ਹੇ ਹੜ੍ਹਾਂ ਦੀ ਲਪੇਟ ’ਚ ਆ ਚੁੱਕੇ ਹਨ ਅਤੇ ਸੈਂਕੜੇ ਪਿੰਡਾਂ ’ਚ ਹਾਲੇ ਵੀ ਲੋਕ ਫਸੇ ਹੋਏ ਹਨ। ਇਨ੍ਹਾਂ ਜ਼ਿਲ੍ਹਿਆਂ ’ਚ ਹੁਣ ਤੱਕ ਕਰੀਬ 16 ਹਜ਼ਾਰ ਲੋਕਾਂ ਨੂੰ ਸੁਰੱਖਿਅਤ ਥਾਵਾਂ ’ਤੇ ਪਹੁੰਚਾਇਆ ਜਾ ਚੁੱਕਾ ਹੈ। ਉਧਰ ਘੱਗਰ ’ਚ ਇਕਦਮ ਪਾਣੀ ਦਾ ਪੱਧਰ ਵਧਣ ਮਗਰੋਂ ਮੁਹਾਲੀ, ਪਟਿਆਲਾ, ਸੰਗਰੂਰ ਅਤੇ ਮਾਨਸਾ ਜ਼ਿਲ੍ਹਿਆਂ ਵਿੱਚ ਚਿਤਾਵਨੀ ਜਾਰੀ ਕੀਤੀ ਗਈ ਹੈ।

ਅੱਜ ਸਵੇਰੇ ਬਰਨਾਲਾ ’ਚ ਇੱਕ ਵਿਅਕਤੀ ਦੀ ਭਾਰੀ ਮੀਂਹ ਪੈਣ ਕਰਕੇ ਘਰ ਦੀ ਛੱਤ ਡਿੱਗਣ ਕਾਰਨ ਮੌਤ ਹੋ ਗਈ। ਇਸੇ ਤਰ੍ਹਾਂ ਕੁੱਝ ਦਿਨ ਪਹਿਲਾਂ ਮਾਧੋਪੁਰ ਹੈੱਡ ਵਰਕਸ ’ਤੇ ਇੱਕ ਚਾਰਜਮੈਨ ਪਾਣੀ ’ਚ ਰੁੜ੍ਹ ਗਿਆ ਸੀ। ਜਾਣਕਾਰੀ ਅਨੁਸਾਰ ਪਠਾਨਕੋਟ ’ਚ ਹੁਣ ਤੱਕ ਅੱਠ, ਜਦਕਿ ਹੁਸ਼ਿਆਰਪੁਰ ’ਚ 7 ਮੌਤਾਂ ਹੋਈਆਂ ਹਨ। ਇਸੇ ਤਰ੍ਹਾਂ ਬਰਨਾਲਾ ’ਚ ਤਿੰਨ, ਗੁਰਦਾਸਪੁਰ ’ਚ ਦੋ ਅਤੇ ਰੋਪੜ ’ਚ ਤਿੰਨ ਲੋਕਾਂ ਦੀ ਜਾਨ ਗਈ ਹੈ। ਗੈਰ-ਸਰਕਾਰੀ ਸੂਤਰਾਂ ਅਨੁਸਾਰ ਮੌਤਾਂ ਦਾ ਅੰਕੜਾ 40 ਦੇ ਕਰੀਬ ਹੈ ਪਰ ਇਸ ਦੀ ਅਧਿਕਾਰਤ ਪੁਸ਼ਟੀ ਨਹੀਂ ਹੋ ਸਕੀ। ਵੇਰਵਿਆਂ ਅਨੁਸਾਰ ਅੱਜ ਡੇਰਾ ਬਾਬਾ ਨਾਨਕ ਦੇ ਪਿੰਡ ਰਹੀਮਾਬਾਦ ’ਚ ਦੋ ਨੌਜਵਾਨ ਪਾਣੀ ’ਚ ਰੁੜ੍ਹ ਗਏ, ਜਿਨ੍ਹਾਂ ’ਚੋਂ ਸਥਾਨਕ ਲੋਕਾਂ ਨੇ ਇੱਕ ਨੌਜਵਾਨ ਨੂੰ ਬਚਾਅ ਲਿਆ, ਜਦਕਿ ਦੂਜਾ ਨੌਜਵਾਨ ਵਿਨੈ ਕੁਮਾਰ ਲਾਪਤਾ ਹੈ।

Advertisement

ਪੰਜਾਬ ਸਰਕਾਰ ਨੇ ਹੜ੍ਹਾਂ ਕਾਰਨ ਹੋਣ ਵਾਲੇ ਨੁਕਸਾਨ ਦਾ ਜਾਇਜ਼ਾ ਲੈਣਾ ਸ਼ੁਰੂ ਕਰ ਦਿੱਤਾ ਹੈ। ਸੂਬਾ ਸਰਕਾਰ ਤੇ ਵਿਰੋਧੀ ਧਿਰਾਂ ਤੋਂ ਇਲਾਵਾ ਸਮਾਜ ਸੇਵੀ ਸੰਸਥਾਵਾਂ ਵੱਲੋਂ ਹੜ੍ਹ ਪ੍ਰਭਾਵਿਤ ਖੇਤਰਾਂ ’ਚ ਰਾਹਤ ਸਮਗਰੀ ਪਹੁੰਚਾਈ ਜਾ ਰਹੀ ਹੈ। ਅੱਠ ਜ਼ਿਲ੍ਹਿਆਂ ’ਚ ਲੋਕਾਂ ਦੀ ਜ਼ਿੰਦਗੀ ਪੂਰੀ ਤਰ੍ਹਾਂ ਲੀਹੋ ਲਹਿ ਚੁੱਕੀ ਹੈ। ਬੇਸ਼ੱਕ ਹੁਣ ਮੀਂਹ ਰੁਕੀ ਹੋਈ ਹੈ ਪਰ ਦਰਿਆਵਾਂ ’ਚ ਪਾਣੀ ਦਾ ਪੱਧਰ ਘਟਿਆ ਨਹੀਂ ਹੈ। ਉਂਜ ਪਹਾੜਾਂ ’ਚੋਂ ਡੈਮਾਂ ’ਚ ਪਾਣੀ ਆਉਣ ਦੀ ਆਮਦ ਜ਼ਰੂਰ ਘਟ ਗਈ ਹੈ।

ਭਾਖੜਾ ਡੈਮ ’ਚ ਅੱਜ ਵੱਧ ਤੋਂ ਵੱਧ 72,868 ਕਿਊਸਿਕ, ਪੌਂਗ ਡੈਮ ’ਚ 72,214 ਕਿਊਸਿਕ ਅਤੇ ਰਣਜੀਤ ਸਾਗਰ ਡੈਮ ’ਚ 89,207 ਕਿਊਸਿਕ ਪਾਣੀ ਆਇਆ। ਡੈਮਾਂ ’ਚ ਪਾਣੀ ਦੀ ਆਮਦ ਘਟਣ ਦੇ ਬਾਵਜੂਦ ਦਰਿਆਵਾਂ ’ਚ ਪਾਣੀ ਛੱਡਣ ਦੀ ਮਾਤਰਾ ਘਟਾਈ ਨਹੀਂ ਗਈ।

ਮੌਸਮ ਵਿਭਾਗ ਵੱਲੋਂ ਆਉਂਦੇ ਤਿੰਨ ਦਿਨ ਮੀਂਹ ਦੀ ਪੇਸ਼ੀਨਗੋਈ ਕੀਤੀ ਗਈ ਹੈ, ਜਿਸ ਨਾਲ ਨਜਿੱਠਣ ਲਈ ਡੈਮਾਂ ’ਚ ਨਵੇਂ ਪਾਣੀ ਲਈ ਥਾਂ ਬਣਾਉਣ ਖ਼ਾਤਰ ਡੈਮਾਂ ’ਚੋਂ ਪਾਣੀ ਛੱਡਣਾ ਘਟਾਇਆ ਨਹੀਂ ਗਿਆ ਹੈ। ਇਸੇ ਦੌਰਾਨ ਅੱਜ ਘੱਗਰ ਨਦੀ ’ਚ ਇਕਦਮ ਪਾਣੀ ਦੇ ਤੇਜ਼ ਵਹਾਅ ਨੇ ਮਾਲਵਾ ਖ਼ਿੱਤੇ ’ਚ ਤਬਾਹੀ ਦੇ ਸੰਕੇਤ ਦੇ ਦਿੱਤੇ ਹਨ, ਜਿਸ ਮਗਰੋਂ ਮਾਲਵਾ ਖ਼ਿੱਤੇ ਦੇ ਜ਼ਿਲ੍ਹਾ ਮੁਹਾਲੀ, ਪਟਿਆਲਾ, ਸੰਗਰੂਰ ਅਤੇ ਮਾਨਸਾ ਨੂੰ ਅਲਰਟ ’ਤੇ ਕਰ ਦਿੱਤਾ ਹੈ।

ਪਹਾੜਾਂ ’ਚ ਮੀਂਹ ਪੈਣ ਨਾਲ ਆਏ ਪਾਣੀ ਕਾਰਨ ਘੱਗਰ ’ਚ ਪਾਣੀ ਦਾ ਪੱਧਰ ਅੱਜ ਸਵੇਰ ਅੱਠ ਵਜੇ 70,706 ਕਿਊਸਿਕ ਹੋ ਗਿਆ ਸੀ, ਜੋ ਸ਼ਾਮ ਚਾਰ ਵਜੇ ਘੱਟ ਕੇ 22 ਹਜ਼ਾਰ ’ਤੇ ਆ ਗਿਆ। ਲੰਘੀ ਰਾਤ 12 ਵਜੇ ਇਹੀ ਪਾਣੀ ਦਾ ਪੱਧਰ ਸਿਰਫ਼ 1350 ਕਿਊਸਿਕ ਸੀ। ਪੰਜਾਬ ਸਰਕਾਰ ਵੱਲੋਂ 165 ਕਿਲੋਮੀਟਰ ਲੰਮੀ ਘੱਗਰ ਨਦੀ ’ਤੇ ਅਜਿਹੇ 16 ਪੁਆਇੰਟ ਸ਼ਨਾਖ਼ਤ ਕੀਤੇ ਗਏ ਹਨ ਜਿੱਥੋਂ ਪਾਣੀ ਦਾ ਪੱਧਰ ਵਧਣ ਦੀ ਸੂਰਤ ਵਿੱਚ ਪਿੰਡਾਂ ਤੇ ਖੇਤਾਂ ’ਤੇ ਮਾਰ ਪੈ ਸਕਦੀ ਹੈ। ਹਰਿਆਣਾ ਵੱਲੋਂ ਵੀ ਹੜ੍ਹਾਂ ਦਾ ਪਾਣੀ ਆਉਣ ਦੀ ਸੰਭਾਵਨਾ ਬਣ ਗਈ ਹੈ।

ਬਠਿੰਡਾ ਜ਼ਿਲ੍ਹੇ ’ਚ ਲਸਾੜਾ ਡਰੇਨ ਵੀ ਪੂਰੀ ਸਮਰੱਥਾ ’ਤੇ ਚੱਲ ਰਹੀ ਹੈ, ਜਿਸ ਨਾਲ ਕਈ ਪਿੰਡਾਂ ’ਚ ਪਾੜ ਪੈਣ ਦਾ ਖ਼ਤਰਾ ਹੈ। ਘੱਗਰ ਨਦੀ ਨੇੜੇ ਪੈਂਦੇ ਇਲਾਕਿਆਂ ਨੂੰ ਚੌਕਸ ਕੀਤਾ ਗਿਆ ਹੈ ਅਤੇ ਮੁਹਾਲੀ ਦੀ ਡਿਪਟੀ ਕਮਿਸ਼ਨਰ ਕੋਮਲ ਮਿੱਤਲ ਨੇ ਅੱਜ ਘੱਗਰ ਨਦੀ ’ਤੇ ਪੈਂਦੇ ਪਿੰਡ ਟਿਵਾਣਾ ਦਾ ਦੌਰਾ ਕੀਤਾ।

ਰਾਵੀ ਦੀ ਮਾਰ ਹੇਠ ਆਏ 350 ਪਿੰਡ

ਰਾਵੀ ’ਚ ਹਾਲੇ ਵੀ 4.60 ਲੱਖ ਕਿਊਸਿਕ ਪਾਣੀ ਚੱਲ ਰਿਹਾ ਹੈ। ਕੌਮਾਂਤਰੀ ਸੀਮਾ ਤੋਂ ਪੰਜਾਬ ਵੱਲ ਪਾਣੀ ਦੇ ਵਹਾਅ ਨੇ ਕਰੀਬ 13 ਕਿਲੋਮੀਟਰ ਇਲਾਕੇ ਨੂੰ ਆਪਣੀ ਲਪੇਟ ਵਿੱਚ ਲੈ ਲਿਆ ਹੈ। ਇਕੱਲੇ ਰਾਵੀ ਦਰਿਆ ਦੀ ਮਾਰ ਹੇਠ ਹੁਣ ਤੱਕ 350 ਪਿੰਡ ਆ ਚੁੱਕੇ ਹਨ। ਫ਼ਿਰੋਜ਼ਪੁਰ ਤੇ ਫ਼ਾਜ਼ਿਲਕਾ ’ਚ ਸਤਲੁਜ ਦੀ ਮਾਰ ਵਧਣ ਨਾਲ ਹੁਸੈਨੀਵਾਲਾ ਚੈੱਕ ਪੋਸਟ ਵੀ ਪ੍ਰਭਾਵਿਤ ਹੋਈ ਹੈ। ਹੜ੍ਹਾਂ ਕਾਰਨ ਜਿੱਥੇ ਪੰਜਾਬ ਜੰਮੂ ਦੀ ਸੜਕੀ ਆਵਾਜਾਈ ਪ੍ਰਭਾਵਿਤ ਹੋਈ ਹੈ, ਉੱਥੇ ਅੱਜ ਕਰੀਬ 32 ਟਰੇਨਾਂ ਨੂੰ ਵੀ ਰੱਦ ਕਰਨਾ ਪਿਆ ਹੈ।

Advertisement
×