ਛੱਤੀਸਗੜ੍ਹ ’ਚ 23 ਨਕਸਲੀਆਂ ਵੱਲੋਂ ਆਤਮ ਸਮਰਪਣ
ਸੁਕਮਾ, 12 ਜੁਲਾਈ
ਛੱਤੀਸਗੜ੍ਹ ਦੇ ਸੁਕਮਾ ਜ਼ਿਲ੍ਹੇ ਵਿੱਚ ਅੱਜ 23 ਨਕਸਲੀਆਂ ਨੇ ਸੁਰੱਖਿਆ ਬਲਾਂ ਅੱਗੇ ਆਤਮ ਸਮਰਪਣ ਕਰ ਦਿੱਤਾ ਹੈ। ਅਧਿਕਾਰੀਆਂ ਨੇ ਦੱਸਿਆ ਕਿ ਇਨ੍ਹਾਂ ’ਤੇ ਕੁੱਲ 1.18 ਕਰੋੜ ਰੁਪਏ ਦਾ ਇਨਾਮ ਸੀ। ਆਤਮ ਸਮਰਪਣ ਕਰਨ ਵਾਲੇ 23 ਨਕਸਲੀਆਂ ’ਚੋਂ ਨੌਂ ਮਹਿਲਾ ਨਕਸਲੀ ਸਨ। ਇਨ੍ਹਾਂ ’ਤੇ ਇਲਾਕੇ ਵਿੱਚ ਵੱਡੀਆਂ ਨਕਸਲੀ ਘਟਨਾਵਾਂ ਵਿੱਚ ਸ਼ਾਮਲ ਹੋਣ ਦਾ ਦੋਸ਼ ਹੈ। ਆਤਮ ਸਮਰਪਣ ਕਰਨ ਵਾਲਿਆਂ ਵਿੱਚ 11 ਸੀਨੀਅਰ ਕਾਡਰ ਸ਼ਾਮਲ ਹਨ, ਜਿਨ੍ਹਾਂ ’ਚੋਂ ਜ਼ਿਆਦਾਤਰ ਪੀਪਲਜ਼ ਲਿਬਰੇਸ਼ਨ ਗੁਰੀਲਾ ਆਰਮੀ (ਪੀਐੱਲਜੀਏ) ਬਟਾਲੀਅਨ ਨੰਬਰ 1 ਵਿੱਚ ਸਰਗਰਮ ਸਨ। ਪੁਲੀਸ ਅਧਿਕਾਰੀ ਅਨੁਸਾਰ ਇਨ੍ਹਾਂ ਨੇ ‘ਖੋਖਲੀ’ ਮਾਓਵਾਦੀ ਵਿਚਾਰਧਾਰਾ, ਨਕਸਲੀਆਂ ਵੱਲੋਂ ਮਾਸੂਮ ਆਦਿਵਾਸੀਆਂ ’ਤੇ ਕੀਤੇ ਗਏ ਅਤਿਆਚਾਰ ਅਤੇ ਪਾਬੰਦੀਸ਼ੁਦਾ ਸੰਗਠਨ ਅੰਦਰ ਵਧ ਰਹੇ ਅੰਦਰੂਨੀ ਮਤਭੇਦਾਂ ਤੋਂ ਨਿਰਾਸ਼ ਹੁੰਦਿਆਂ ਸੀਨੀਅਰ ਪੁਲੀਸ ਅਤੇ ਕੇਂਦਰੀ ਰਿਜ਼ਰਵ ਪੁਲੀਸ ਫੋਰਸ (ਸੀਆਰਪੀਐਫ) ਦੇ ਅਧਿਕਾਰੀਆਂ ਸਾਹਮਣੇ ਆਤਮ ਸਮਰਪਣ ਕਰ ਦਿੱਤਾ। ਬੀਤੇ ਦਿਨ ਨਾਰਾਇਣਪੁਰ ਜ਼ਿਲ੍ਹੇ ਵਿੱਚ 22 ਨਕਸਲੀਆਂ ਨੇ ਆਤਮ ਸਮਰਪਣ ਕੀਤਾ ਸੀ। -ਪੀਟੀਆਈ