ਛੱਤੀਸਗੜ੍ਹ ਦੇ ਨਰਾਇਣਪੁਰ ਵਿੱਚ ਮੁਕਾਬਲੇ ਦੌਰਾਨ 2 ਨਕਸਲੀ ਢੇਰ
ਛੱਤੀਸਗੜ੍ਹ ਦੇ ਨਰਾਇਣਪੁਰ ਜ਼ਿਲ੍ਹੇ ਵਿੱਚ ਸੁਰੱਖਿਆ ਕਰਮੀਆਂ ਨਾਲ ਮੁਕਾਬਲੇ ਵਿੱਚ ਦੋ ਨਕਸਲੀਆਂ ਨੂੰ ਢੇਰ ਕਰ ਦਿੱਤਾ ਗਿਆ। ਮੁਕਾਬਲੇ ਵਾਲੀ ਥਾਂ ਤੋਂ ਵੱਡੀ ਮਾਤਰਾ ਵਿੱਚ ਹਥਿਆਰ ਅਤੇ ਵਿਸਫੋਟਕ ਸਮੱਗਰੀ ਬਰਾਮਦ ਕੀਤੀ ਗਈ ਹੈ।
ਪੁਲੀਸ ਅਧਿਕਾਰੀ ਨੇ ਦੱਸਿਆ ਕਿ ਸੋਮਵਾਰ ਸਵੇਰੇ ਮਹਾਰਾਸ਼ਟਰ ਨਾਲ ਲੱਗਦੇ ਅਭੂਜਮਾੜ ਦੇ ਜੰਗਲ ਵਿੱਚ ਉਸ ਸਮੇਂ ਗੋਲੀਬਾਰੀ ਸ਼ੁਰੂ ਹੋ ਗਈ, ਜਦੋਂ ਸੁਰੱਖਿਆ ਬਲਾਂ ਦੀ ਟੀਮ ਤਲਾਸ਼ੀ ਮੁਹਿੰਮ ’ਤੇ ਸੀ। ਇਹ ਮੁਹਿੰਮ ਇਲਾਕੇ ਵਿੱਚ ਨਕਸਲੀਆਂ ਦੀ ਮੌਜੂਦਗੀ ਬਾਰੇ ਮਿਲੀ ਜਾਣਕਾਰੀ ਦੇ ਆਧਾਰ ’ਤੇ ਸ਼ੁਰੂ ਕੀਤੀ ਗਈ ਸੀ।
ਪੁਲੀਸ ਅਧਿਕਾਰੀ ਨੇ ਕਿਹਾ, ‘‘ਹੁਣ ਤੱਕ, ਮੌਕੇ ਤੋਂ ਦੋ ਨਕਸਲੀਆਂ ਦੀਆਂ ਲਾਸ਼ਾਂ ਬਰਾਮਦ ਕੀਤੀਆਂ ਗਈਆਂ ਹਨ। ਇਲਾਕੇ ਵਿੱਚ ਰੁਕ-ਰੁਕ ਕੇ ਗੋਲੀਬਾਰੀ ਅਤੇ ਤਲਾਸ਼ੀ ਮੁਹਿੰਮ ਅਜੇ ਵੀ ਜਾਰੀ ਹੈ।’’
ਮੁਕਾਬਲੇ ਵਾਲੀ ਥਾਂ ਤੋਂ ਇੱਕ ਏਕੇ-47 ਰਾਈਫਲ, ਹੋਰ ਹਥਿਆਰ, ਵੱਡੀ ਮਾਤਰਾ ਵਿੱਚ ਵਿਸਫੋਟਕ ਸਮੱਗਰੀ, ਮਾਓਵਾਦੀ ਸਾਹਿਤ, ਪ੍ਰਚਾਰ ਸਮੱਗਰੀ ਅਤੇ ਰੋਜ਼ਾਨਾ ਵਰਤੋਂ ਦੀਆਂ ਵਸਤੂਆਂ ਵੀ ਬਰਾਮਦ ਕੀਤੀਆਂ ਗਈਆਂ ਹਨ। -ਪੀਟੀਆਈ