Banni festival: ਵਿਜੇ ਦਸ਼ਮੀ ਦੇ ਤਿਉਹਾਰ ਦੌਰਾਨ 2 ਦੀ ਮੌਤ, 90 ਜ਼ਖ਼ਮੀ
Banni festival: ਵਿਜੇ ਦਸ਼ਮੀ ਮੌਕੇ ਆਯੋਜਿਤ ਕੀਤੇ ਜਾਂਦੇ ਬੰਨੀ ਤਿਉਹਾਰ ਦੇ ਹਿੱਸੇ ਵਜੋਂ ਆਯੋਜਿਤ ਸੋਟੀਆਂ ਦੀ ਲੜਾਈ ਦੌਰਾਨ ਦੋ ਵਿਅਕਤੀਆਂ ਦੀ ਮੌਤ ਹੋ ਗਈ ਅਤੇ 90 ਹੋਰ ਜ਼ਖ਼ਮੀ ਹੋ ਗਏ ਹਨ। ਵਿਜੇ ਦਸ਼ਮੀ 'ਤੇ ਮਨਾਇਆ ਜਾਣ ਵਾਲਾ 'ਬੰਨੀ' ਤਿਉਹਾਰ ਹਰ...
Banni festival: ਵਿਜੇ ਦਸ਼ਮੀ ਮੌਕੇ ਆਯੋਜਿਤ ਕੀਤੇ ਜਾਂਦੇ ਬੰਨੀ ਤਿਉਹਾਰ ਦੇ ਹਿੱਸੇ ਵਜੋਂ ਆਯੋਜਿਤ ਸੋਟੀਆਂ ਦੀ ਲੜਾਈ ਦੌਰਾਨ ਦੋ ਵਿਅਕਤੀਆਂ ਦੀ ਮੌਤ ਹੋ ਗਈ ਅਤੇ 90 ਹੋਰ ਜ਼ਖ਼ਮੀ ਹੋ ਗਏ ਹਨ।
ਵਿਜੇ ਦਸ਼ਮੀ 'ਤੇ ਮਨਾਇਆ ਜਾਣ ਵਾਲਾ 'ਬੰਨੀ' ਤਿਉਹਾਰ ਹਰ ਸਾਲ ਅੱਧੀ ਰਾਤ ਨੂੰ ਮਾਲਾ ਮੱਲੇਸ਼ਵਰਾ ਸਵਾਮੀ ਦੇ ਵਿਆਹ ਤੋਂ ਬਾਅਦ ਦੀਆਂ ਰਸਮਾਂ ਨਾਲ ਸ਼ੁਰੂ ਹੁੰਦਾ ਹੈ ਅਤੇ ਸਵੇਰੇ ਸਵੇਰੇ ਸਮਾਪਤ ਹੁੰਦਾ ਹੈ, ਜਿਸ ਵਿੱਚ ਆਸਪਾਸ ਦੇ ਖੇਤਰਾਂ ਤੋਂ ਹਜ਼ਾਰਾਂ ਪਿੰਡ ਵਾਸੀ ਸ਼ਾਮਲ ਹੁੰਦੇ ਹਨ।
ਸਖ਼ਤ ਵਰਤ, ਬ੍ਰਹਮਚਾਰੀ ਅਤੇ ਖੁਰਾਕੀ ਅਨੁਸ਼ਾਸਨ ਦੀਆਂ ਸਹੁੰਆਂ ਦੀ ਪਾਲਣਾ ਕਰਨ ਵਾਲੇ ਭਾਗੀਦਾਰ, ਪ੍ਰਤੀਕਾਤਮਕ ਤੌਰ ’ਤੇ ਮੂਰਤੀ ਨੂੰ ਕਬਜ਼ੇ ਵਿੱਚ ਲੈਣ ਲਈ ਰਵਾਇਤੀ ਸੋਟੀਆਂ ਦੀ ਲੜਾਈ ਵਿੱਚ ਸ਼ਾਮਲ ਹੁੰਦੇ ਹਨ ਅਤੇ ਇਸ ਸਮਾਗਮ ਦੌਰਾਨ ਮਾਮੂਲੀ ਜ਼ਖ਼ਮਾਂ ਲਈ ਹਲਦੀ ਲਗਾਉਂਦੇ ਹਨ।
ਸਬ-ਕਲੈਕਟਰ ਮੌਰੀਆ ਭਾਰਦਵਾਜ ਨੇ ਦੱਸਿਆ ਕਿ ਇੱਕ ਵਿਅਕਤੀ ਦੀ ਮੌਤ ਸਿਰ ’ਤੇ ਗੰਭੀਰ ਸੱਟ ਲੱਗਣ ਕਾਰਨ ਹੋਈ, ਜਦੋਂ ਕਿ ਦੂਜੇ ਦੀ ਮੌਤ ਦਿਲ ਦੇ ਦੌਰੇ ਕਾਰਨ ਹੋਈ। ਉਨ੍ਹਾਂ ਅੱਗੇ ਕਿਹਾ ਕਿ ਪਿਛਲੇ ਸਾਲਾਂ ਦੇ ਮੁਕਾਬਲੇ ਇਸ ਵਾਰ ਜ਼ਖ਼ਮੀਆਂ ਦੀ ਗਿਣਤੀ ਘੱਟ ਹੈ।
ਮੌਰੀਆ ਨੇ ਪੱਤਰਕਾਰਾਂ ਨੂੰ ਦੱਸਿਆ, ‘‘ਕੁਰਨੂਲ ਜ਼ਿਲ੍ਹੇ ਵਿੱਚ ਦੇਵਰਗੱਟੂ ਬੰਨੀ ਤਿਉਹਾਰ ਦੀ ਸੋਟੀ ਲੜਾਈ ਦੌਰਾਨ ਦੋ ਲੋਕਾਂ ਦੀ ਮੌਤ ਹੋ ਗਈ ਅਤੇ 90 ਹੋਰ ਜ਼ਖ਼ਮੀ ਹੋ ਗਏ।’’
ਸੁਪਰਡੈਂਟ ਆਫ਼ ਪੁਲੀਸ (ਐਸਪੀ) ਵਿਕਰਾਂਤ ਪਾਟਿਲ ਨੇ ਦੱਸਿਆ ਕਿ ਇਸ ਸਾਲ ਹਿੰਸਕ ਝੜਪਾਂ ਨੂੰ ਘੱਟ ਕਰਨ ਵਿੱਚ ਲਗਪਗ 1,000 ਪੁਲੀਸ ਕਰਮਚਾਰੀ ਅਤੇ 10 ਡਰੋਨ ਤਾਇਨਾਤ ਕੀਤੇ ਗਏ ਸਨ। ਇਸ ਤੋਂ ਇਲਾਵਾ 16 ਪਿੰਡਾਂ ਵਿੱਚ 32 ਤੋਂ ਵੱਧ ਜਾਗਰੂਕਤਾ ਮੁਹਿੰਮਾਂ ਨੇ ਵੀ ਮਦਦ ਕੀਤੀ।
ਅਧਿਕਾਰੀਆਂ ਨੇ ਕਿਹਾ ਕਿ ਵਾਰ-ਵਾਰ ਸੱਟਾਂ ਲੱਗਣ ਦੇ ਬਾਵਜੂਦ ਇਹ ਤਿਉਹਾਰ ਸੰਜਮ ਅਤੇ ਸ਼ਰਧਾ ਨਾਲ ਜਾਰੀ ਹੈ, ਕਿਉਂਕਿ ਪਿੰਡ ਵਾਸੀ ਪ੍ਰਾਚੀਨ ਰੀਤੀ-ਰਿਵਾਜਾਂ ਨੂੰ ਬਰਕਰਾਰ ਰੱਖਦੇ ਹਨ ਜਦੋਂ ਕਿ ਅਧਿਕਾਰੀ ਪਰੰਪਰਾ ਅਤੇ ਸੁਰੱਖਿਆ ਤੇ ਜਨਤਕ ਵਿਵਸਥਾ ਵਿੱਚ ਸੰਤੁਲਨ ਬਣਾਉਂਦੇ ਹਨ।