ਸਕੂਲ ਵਿੱਚ ਗੈਸ ਲੀਕ ਹੋਣ ਕਾਰਨ 16 ਵਿਦਿਆਰਥੀ ਬੇਹੋਸ਼, ਜਾਂਚ ਦੇ ਹੁਕਮ
ਇੱਥੇ ਸੰਡੀਲਾ ਕਸਬੇ ਦੇ ਇੱਕ ਪ੍ਰਾਈਵੇਟ ਸਕੂਲ ਵਿੱਚ ਕਥਿਤ ਗੈਸ ਲੀਕ ਹੋਣ ਕਾਰਨ ਘੱਟੋ-ਘੱਟ 16 ਵਿਦਿਆਰਥੀ ਬੇਹੋਸ਼ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਅਧਿਕਾਰੀਆਂ ਨੇ ਦੱਸਿਆ ਕਿ ਪ੍ਰਭਾਵਿਤ ਹੋਏ ਸਾਰੇ ਵਿਦਿਆਰਥੀਆਂ ਨੂੰ ਤੁਰੰਤ ਦੋ ਪ੍ਰਾਈਵੇਟ ਹਸਪਤਾਲਾਂ ਵਿੱਚ ਲਿਜਾਇਆ ਗਿਆ,...
ਇੱਥੇ ਸੰਡੀਲਾ ਕਸਬੇ ਦੇ ਇੱਕ ਪ੍ਰਾਈਵੇਟ ਸਕੂਲ ਵਿੱਚ ਕਥਿਤ ਗੈਸ ਲੀਕ ਹੋਣ ਕਾਰਨ ਘੱਟੋ-ਘੱਟ 16 ਵਿਦਿਆਰਥੀ ਬੇਹੋਸ਼ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ।
ਅਧਿਕਾਰੀਆਂ ਨੇ ਦੱਸਿਆ ਕਿ ਪ੍ਰਭਾਵਿਤ ਹੋਏ ਸਾਰੇ ਵਿਦਿਆਰਥੀਆਂ ਨੂੰ ਤੁਰੰਤ ਦੋ ਪ੍ਰਾਈਵੇਟ ਹਸਪਤਾਲਾਂ ਵਿੱਚ ਲਿਜਾਇਆ ਗਿਆ, ਜਿੱਥੋਂ ਇੱਕ ਬੱਚੇ ਨੂੰ ਇਲਾਜ ਲਈ ਲਖਨਊ ਰੈਫਰ ਕਰ ਦਿੱਤਾ ਗਿਆ। ਜ਼ਿਲ੍ਹਾ ਮੈਜਿਸਟ੍ਰੇਟ (DM) ਅਨੁਨਯ ਝਾਅ ਨੇ ਕਿਹਾ ਕਿ ਜਾਂਚ ਦੇ ਹੁਕਮ ਦੇ ਦਿੱਤੇ ਗਏ ਹਨ ਅਤੇ ਉਨ੍ਹਾਂ ਗੈਸ ਲੀਕ ਹੋਣ ਦੇ ਕਾਰਨ ਦੀ ਪੁਸ਼ਟੀ ਹੋਣ ਤੋਂ ਬਾਅਦ ਸਖ਼ਤ ਕਾਰਵਾਈ ਦਾ ਭਰੋਸਾ ਦਿੱਤਾ।
ਅਧਿਕਾਰੀਆਂ ਅਨੁਸਾਰ ਸਕੂਲ ਦੇ ਅਹਾਤੇ ਵਿੱਚ ਗੈਸ ਦੀ ਤੇਜ਼ ਬਦਬੂ ਫੈਲ ਗਈ, ਜਿਸ ਕਾਰਨ ਕਈ ਬੱਚੇ ਘਬਰਾ ਗਏ ਅਤੇ ਆਪਣੀਆਂ ਕਲਾਸਾਂ ਵਿੱਚੋਂ ਬਾਹਰ ਭੱਜੇ। ਅਧਿਆਪਕਾਂ ਨੇ ਤੁਰੰਤ ਸਾਰੇ ਵਿਦਿਆਰਥੀਆਂ ਨੂੰ ਬਾਹਰ ਕੱਢਿਆ ਅਤੇ ਮਾਪਿਆਂ ਤੇ ਪ੍ਰਸ਼ਾਸਨ ਨੂੰ ਸੂਚਿਤ ਕੀਤਾ।
ਇਸ ਦੌਰਾਨ ਡੀ ਐੱਮ ਝਾਅ ਅਤੇ ਸੁਪਰਡੈਂਟ ਆਫ਼ ਪੁਲੀਸ ਅਸ਼ੋਕ ਕੁਮਾਰ ਮੀਨਾ ਹੋਰ ਅਧਿਕਾਰੀਆਂ ਸਮੇਤ ਮੌਕੇ 'ਤੇ ਪਹੁੰਚੇ ਅਤੇ ਇਲਾਜ ਅਧੀਨ ਬੱਚਿਆਂ ਨੂੰ ਵੀ ਮਿਲੇ। ਝਾਅ ਨੇ ਦੱਸਿਆ ਕਿ ਘਟਨਾ ਵਿੱਚ ਲਗਪਗ 16 ਵਿਦਿਆਰਥੀ ਪ੍ਰਭਾਵਿਤ ਹੋਏ ਹਨ ਪਰ ਸਾਰੇ ਵਰਤਮਾਨ ਵਿੱਚ ਸਥਿਰ ਹਨ।
ਉਨ੍ਹਾਂ ਅੱਗੇ ਕਿਹਾ, "ਇੱਕ ਬੱਚੇ ਨੂੰ ਕਿੰਗ ਜਾਰਜਜ਼ ਮੈਡੀਕਲ ਯੂਨੀਵਰਸਿਟੀ, ਲਖਨਊ ਰੈਫਰ ਕੀਤਾ ਗਿਆ ਹੈ। ਗੈਸ ਲੀਕ ਹੋਣ ਦਾ ਸਰੋਤ ਅਜੇ ਪਤਾ ਨਹੀਂ ਲੱਗ ਸਕਿਆ ਹੈ। ਜਾਂਚ ਤੋਂ ਬਾਅਦ ਜ਼ਰੂਰੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।"
ਅਧਿਕਾਰੀਆਂ ਨੇ ਦੱਸਿਆ ਕਿ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਨੇ ਘਟਨਾ ਦਾ ਨੋਟਿਸ ਲਿਆ ਹੈ ਅਤੇ ਅਧਿਕਾਰੀਆਂ ਨੂੰ ਬੱਚਿਆਂ ਦੇ ਸਹੀ ਇਲਾਜ ਨੂੰ ਯਕੀਨੀ ਬਣਾਉਣ ਅਤੇ ਪੂਰੀ ਜਾਂਚ ਕਰਨ ਦੇ ਨਿਰਦੇਸ਼ ਦਿੱਤੇ ਹਨ। ਪੀਟੀਆਈ

