ਅਮਰੀਕਾ ਤੋਂ ਹੁਣ ਤੱਕ 1563 ਭਾਰਤੀ ਨਾਗਰਿਕਾਂ ਨੂੰ ਡਿਪੋਰਟ ਕੀਤਾ
ਵਿਦੇਸ਼ ਮੰਤਰਾਲੇ ਨੇ ਅੱਜ ਪੁਸ਼ਟੀ ਕੀਤੀ ਹੈ ਕਿ 20 ਜਨਵਰੀ 2025 ਤੋਂ ਹੁਣ ਤੱਕ ਲਗਪਗ 1563 ਭਾਰਤੀ ਨਾਗਰਿਕਾਂ ਨੂੰ ਅਮਰੀਕਾ ਤੋਂ ਡਿਪੋਰਟ ਕੀਤਾ ਜਾ ਚੁੱਕਾ ਹੈ। ਇਸ ਦਿਨ ਡੋਨਲਡ ਟਰੰਪ ਨੇ ਦੂਜੇ ਕਾਰਜਕਾਲ ਲਈ ਅਮਰੀਕਾ ਦੇ ਰਾਸ਼ਟਰਪਤੀ ਵਜੋਂ ਅਹੁਦਾ ਸੰਭਾਲਿਆ ਸੀ। ਵਿਦੇਸ਼ ਮੰਤਰਾਲੇ ਦੇ ਤਰਜਮਾਨ ਰਣਧੀਰ ਜੈਸਵਾਲ ਨੇ ਮੀਡੀਆ ਨੂੰ ਦਿੱਤੀ ਹਫ਼ਤਾਵਾਰੀ ਜਾਣਕਾਰੀ ਦੌਰਾਨ ਦੱਸਿਆ, ‘‘ਇਸ ਸਾਲ 20 ਜਨਵਰੀ ਤੋਂ ਕੱਲ੍ਹ ਤੱਕ ਲਗਪਗ 1563 ਭਾਰਤੀ ਨਾਗਰਿਕਾਂ ਨੂੰ ਅਮਰੀਕਾ ਤੋਂ ਡਿਪੋਰਟ ਕੀਤਾ ਜਾ ਚੁੱਕਾ ਹੈ। ਇਨ੍ਹਾਂ ’ਚੋਂ ਜ਼ਿਆਦਾਤਰ ਭਾਰਤੀ ਨਾਗਰਿਕ ਕਮਰਸ਼ੀਅਲ ਉਡਾਣਾਂ ਰਾਹੀਂ ਆਏ ਹਨ।’’ ਵਾਸ਼ਿੰਗਟਨ ਵਿੱਚ ਬਾਲ ਪੋਰਨੋਗ੍ਰਾਫੀ ਰੱਖਣ ਦੇ ਦੋਸ਼ ਹੇਠ ਭਾਰਤੀ ਨਾਗਰਿਕ ਦੀ ਗ੍ਰਿਫ਼ਤਾਰੀ ਬਾਰੇ ਪੁੱਛੇ ਗਏ ਸਵਾਲ ਦੇ ਜਵਾਬ ਵਿੱਚ ਜੈਸਵਾਲ ਨੇ ਕਿਹਾ, ‘‘ਇਹ ਕਾਨੂੰਨ ਵਿਵਸਥਾ ਦੇ ਮਾਮਲੇ ਹਨ। ਅਸੀਂ ਵਿਦੇਸ਼ ਜਾਣ ਵਾਲੇ ਭਾਰਤੀ ਨਾਗਰਿਕਾਂ ਨੂੰ ਇਹ ਦੱਸਣ ਦੀ ਕੋਸ਼ਿਸ਼ ਕਰਾਂਗੇ ਕਿ ਉਨ੍ਹਾਂ ਨੂੰ ਸਥਾਨਕ ਕਾਨੂੰਨਾਂ, ਦਿਸ਼ਾ-ਨਿਰਦੇਸ਼ਾਂ ਅਤੇ ਨਿਯਮਾਂ ਦੀ ਪਾਲਣਾ ਕਰਨੀ ਚਾਹੀਦੀ ਹੈ।’’ ਇਕ ਹੋਰ ਮਾਮਲੇ ਵਿੱਚ ਇਸੇ ਸੁਨੇਹੇ ਨੂੰ ਦੁਹਰਾਉਂਦੇ ਹੋਏ ਉਨ੍ਹਾਂ ਅਮਰੀਕਾ ਵਿੱਚ ਇਕ ਭਾਰਤੀ ਸੈਲਾਨੀ ਦੀ ਕਥਿਤ ਤੌਰ ’ਤੇ ਦੁਕਾਨ ’ਚੋਂ ਚੋਰੀ ਕਰਨ ਦੇ ਦੋਸ਼ ਹੇਠ ਹੋਈ ਗ੍ਰਿਫ਼ਤਾਰੀ ਦਾ ਹਵਾਲਾ ਦਿੱਤਾ।
ਵਿਦੇਸ਼ ਮੰਤਰਾਲੇ ਦੇ ਤਰਜਮਾਨ ਨੇ ਭਾਰਤੀ ਯਾਤਰੀਆਂ ਲਈ ਮੰਤਰਾਲੇ ਦੀ ਲਗਾਤਾਰ ਜਾਰੀ ਐਡਵਾਈਜ਼ਰੀ ਨੂੰ ਦੁਹਰਾਇਆ। ਉਨ੍ਹਾਂ ਕਿਹਾ, ‘‘ਵਿਦੇਸ਼ ਜਾਣ ਵਾਲੇ ਸਾਡੇ ਸਾਰੇ ਲੋਕਾਂ ਨੂੰ ਸਾਡੀ ਲਗਾਤਾਰ ਇਹੀ ਅਪੀਲ ਹੈ ਕਿ ਉਹ ਉਸ ਦੇਸ਼ ਦੇ ਕਾਨੂੰਨ-ਵਿਵਸਥਾ ਦੀ ਪਾਲਣਾ ਕਰਨ ਅਤੇ ਆਪਣੇ ਦੇਸ਼ ਦਾ ਵਧੀਆ ਅਕਸ ਬਣਾਉਣ।’’
ਅਮਰੀਕਾ: ਹਮਲਾ ਅਤੇ ਚੋਰੀ ਕਰਨ ’ਤੇ ਰੱਦ ਹੋ ਸਕਦੈ ਵੀਜ਼ਾ
ਨਵੀਂ ਦਿੱਲੀ: ਭਾਰਤ ’ਚ ਅਮਰੀਕੀ ਸਫ਼ਾਰਤਖਾਨੇ ਨੇ ਕਿਹਾ ਹੈ ਕਿ ਉਨ੍ਹਾਂ ਦੇ ਮੁਲਕ ’ਚ ਹਮਲਾ, ਚੋਰੀ ਜਾਂ ਹੋਰ ਕੋਈ ਜੁਰਮ ਕਰਨ ਦੇ ਦੋਸ਼ੀਆਂ ਲਈ ਨਾ ਸਿਰਫ਼ ਕਾਨੂੰਨੀ ਦਿੱਕਤਾਂ ਹੋਣਗੀਆਂ ਸਗੋਂ ਉਨ੍ਹਾਂ ਦਾ ਵੀਜ਼ਾ ਵੀ ਰੱਦ ਕੀਤਾ ਜਾ ਸਕਦਾ ਹੈ। ਅਜਿਹੇ ਵਿਅਕਤੀ ਭਵਿੱਖ ’ਚ ਅਮਰੀਕੀ ਵੀਜ਼ੇ ਦੇ ਅਯੋਗ ਠਹਿਰਾਏ ਜਾ ਸਕਦੇ ਹਨ। ਇਹ ਸਖ਼ਤ ਚਿਤਾਵਨੀ ਸੋਸ਼ਲ ਮੀਡੀਆ ’ਤੇ ਪ੍ਰਸਾਰਿਤ ਉਸ ਵੀਡੀਓ ਦੇ ਮੱਦੇਨਜ਼ਰ ਆਈ ਹੈ, ਜਿਸ ’ਚ ਕਥਿਤ ਤੌਰ ’ਤੇ ਦਿਖਾਈ ਦੇ ਰਿਹਾ ਹੈ ਕਿ ਇਕ ਭਾਰਤੀ ਮਹਿਲਾ ਨੂੰ ਪੁਲੀਸ ਅਧਿਕਾਰੀਆਂ ਨੇ ਇਸ ਲਈ ਹਿਰਾਸਤ ’ਚ ਲੈ ਲਿਆ ਕਿਉਂਕਿ ਉਸ ਨੇ ਕਥਿਤ ਤੌਰ ’ਤੇ ਅਮਰੀਕਾ ਦੇ ਇਕ ਸਟੋਰ ’ਚੋਂ ਕਈ ਵਸਤਾਂ ਚੋਰੀ ਕਰਨ ਦੀ ਕੋਸ਼ਿਸ਼ ਕੀਤੀ ਸੀ। ਉਂਝ ਸੋਸ਼ਲ ਮੀਡੀਆ ’ਤੇ ਵਾਇਰਲ ਇਸ ਵੀਡੀਓ ਦੀ ਨਿਰਪੱਖ ਤੌਰ ’ਤੇ ਤਸਦੀਕ ਨਹੀਂ ਕੀਤੀ ਜਾ ਸਕੀ ਹੈ। ਇਕ ਸੰਖੇਪ ਬਿਆਨ ’ਚ ਅੰਬੈਸੀ ਨੇ ਇਹ ਵੀ ਕਿਹਾ ਕਿ ਅਮਰੀਕਾ ਕਾਨੂੰਨ ਅਤੇ ਪ੍ਰਬੰਧ ਨੂੰ ਅਹਿਮੀਅਤ ਦਿੰਦਾ ਹੈ ਤੇ ਵਿਦੇਸ਼ੀ ਵਿਜ਼ਿਟਰਜ਼ ਤੋਂ ਸਾਰੇ ਅਮਰੀਕੀ ਕਾਨੂੰਨਾਂ ਦੀ ਪਾਲਣਾ ਕਰਨ ਦੀ ਆਸ ਕਰਦਾ ਹੈ। ਇਹ ਬਿਆਨ ਅੰਬੈਸੀ ਦੇ ‘ਐਕਸ’ ਹੈਂਡਲ ’ਤੇ ਸਾਂਝਾ ਕੀਤਾ ਗਿਆ ਹੈ। -ਪੀਟੀਆਈ
ਭਾਰਤ-ਅਮਰੀਕਾ ਵਪਾਰ ਸਮਝੌਤੇ ਬਾਰੇ ਚਰਚਾਵਾਂ ਜਾਰੀ: ਜੈਸਵਾਲ
ਭਾਰਤ-ਅਮਰੀਕਾ ਵਪਾਰ ਸਮਝੌਤੇ ਨੂੰ ਲੈ ਕੇ ਚੱਲ ਰਹੀਆਂ ਚਰਚਾਵਾਂ ਬਾਰੇ ਟਿੱਪਣੀ ਕਰਦੇ ਹੋਏ ਜੈਸਵਾਲ ਨੇ ਕਿਹਾ, ‘‘ਇਹ ਇਕ ਅਜਿਹਾ ਮਾਮਲਾ ਹੈ ਜਿਸ ’ਤੇ ਦੋਵੇਂ ਧਿਰਾਂ ਵਿਚਾਲੇ ਚਰਚਾ ਚੱਲ ਰਹੀ ਹੈ। ਜਦੋਂ ਕੋਈ ਗੱਲ ਤੈਅ ਹੋ ਜਾਵੇਗੀ ਤਾਂ ਅਸੀਂ ਸਾਂਝੀ ਕਰਾਂਗੇ।’’ ਉਨ੍ਹਾਂ ਦੀ ਇਹ ਟਿੱਪਣੀ ਅਜਿਹੇ ਸਮੇਂ ਵਿੱਚ ਆਈ ਹੈ ਜਦੋਂ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਬੁੱਧਵਾਰ (ਸਥਾਨਕ ਸਮੇਂ ਅਨੁਸਾਰ) ਨੂੰ ਭਾਰਤ ਨਾਲ ਜਲਦੀ ਹੀ ਇਕ ਨਵੇਂ ਵਪਾਰ ਸਮਝੌਤੇ ਦੀ ਸੰਭਾਵਨਾ ਦਾ ਸੰਕੇਤ ਦਿੱਤਾ ਹੈ। ਉਨ੍ਹਾਂ ‘ਸ਼ਾਇਦ’ ਜੋੜਦੇ ਹੋਏ ਕਿਹਾ ਕਿ ਅਮਰੀਕਾ ਮੌਜੂਦਾ ਸਮੇਂ ਵਿੱਚ ਭਾਰਤ ਨਾਲ ਗੱਲਬਾਤ ਕਰ ਰਿਹਾ ਹੈ।