DT
PT
About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਗਣਤੰਤਰ ਦਿਵਸ ਮੌਕੇ 139 ਪਦਮ ਪੁਰਸਕਾਰਾਂ ਦਾ ਐਲਾਨ

ਸੱਤ ਹਸਤੀਆਂ ਨੂੰ ਪਦਮ ਵਿਭੂਸ਼ਣ, 19 ਨੂੰ ਪਦਮ ਭੂਸ਼ਣ ਅਤੇ 113 ਨੂੰ ਪਦਮਸ੍ਰੀ ਨਾਲ ਨਿਵਾਜਿਆ ਜਾਵੇਗਾ
  • fb
  • twitter
  • whatsapp
  • whatsapp
featured-img featured-img
ਜੇਐੱਸ ਖੇਹਰ ਭਾਈ ਹਰਜਿੰਦਰ ਸਿੰਘ ਹਰਵਿੰਦਰ ਸਿੰਘ ਜਸਪਿੰਦਰ ਨਰੂਲਾ
Advertisement

ਨਵੀਂ ਦਿੱਲੀ, 25 ਜਨਵਰੀ

ਗਣਤੰਤਰ ਦਿਵਸ ਦੀ ਪੂਰਬਲੀ ਸੰਧਿਆ ’ਤੇ ਅੱਜ 139 ਹਸਤੀਆਂ ਨੂੰ ਪਦਮ ਪੁਰਸਕਾਰ ਦੇਣ ਦਾ ਐਲਾਨ ਕੀਤਾ ਗਿਆ ਹੈ। ਇਨ੍ਹਾਂ ’ਚੋਂ ਸੱਤ ਨੂੰ ਪਦਮ ਵਿਭੂਸ਼ਣ, 19 ਨੂੰ ਪਦਮ ਭੂਸ਼ਣ ਅਤੇ 113 ਨੂੰ ਪਦਮਸ੍ਰੀ ਨਾਲ ਸਨਮਾਨਿਤ ਕੀਤਾ ਜਾਵੇਗਾ। ਪਦਮ ਵਿਭੂਸ਼ਣ ਹਾਸਲ ਕਰਨ ਵਾਲਿਆਂ ’ਚ ਸਾਬਕਾ ਚੀਫ਼ ਜਸਟਿਸ ਜਗਦੀਸ਼ ਸਿੰਘ ਖੇਹਰ, ਲਕਸ਼ਮੀਨਰਾਇਣ ਸੁਬਰਾਮਣਿਅਮ, ਕੁਮੂਦਿਨੀ ਰਜਨੀਕਾਂਤ ਲਕੀਆ, ਡੀ ਨਾਗੇਸ਼ਵਰ ਰੈੱਡੀ, ਸੁਜ਼ੂਕੀ ਦੇ ਸਾਬਕਾ ਮੁਖੀ ਓਸਾਮੂ ਸੁਜ਼ੂਕੀ (ਮਰਨ ਉਪਰੰਤ), ਲੋਕ ਗਾਇਕਾ ਸ਼ਾਰਦਾ ਸਿਨਹਾ (ਮਰਨ ਉਪਰੰਤ) ਅਤੇ ਐੱਮਟੀ ਵਾਸੂਦੇਵਨ (ਮਰਨ ਉਪਰੰਤ) ਸ਼ਾਮਲ ਹਨ।

Advertisement

ਸ਼ੇਖਰ ਕਪੂਰ, ਮਨੋਹਰ ਜੋਸ਼ੀ, ਆਰ ਅਸ਼ਿਵਨ,  ਪੰਕਜ ਉਧਾਸ

ਮਹਾਰਾਸ਼ਟਰ ਦੇ ਸਾਬਕਾ ਮੁੱਖ ਮੰਤਰੀ ਤੇ ਲੋਕ ਸਭਾ ਦੇ ਸਾਬਕਾ ਸਪੀਕਰ ਮਨੋਹਰ ਜੋਸ਼ੀ (ਮਰਨ ਉਪਰੰਤ), ਗਜ਼ਲ ਗਾਇਕ ਪੰਕਜ ਉਧਾਸ (ਮਰਨ ਉਪਰੰਤ), ਭਾਜਪਾ ਆਗੂ ਤੇ ਬਿਹਾਰ ਦੇ ਸਾਬਕਾ ਮੁੱਖ ਮੰਤਰੀ ਸੁਸ਼ੀਲ ਮੋਦੀ (ਮਰਨ ਉਪਰੰਤ), ਫਿਲਮਸਾਜ਼ ਤੇ ਅਦਾਕਾਰ ਸ਼ੇਖਰ ਕਪੂਰ, ਤੇਲਗੂ ਸੁਪਰਸਟਾਰ ਐੱਨ ਬਾਲਾਕ੍ਰਿਸ਼ਨਾ, ਹਾਕੀ ਗੋਲਕੀਪਰ ਪੀਆਰ ਸ੍ਰੀਜੇਸ਼ ਅਤੇ ਆਰਥਿਕ ਮਾਹਿਰ ਬਿਬੇਕ ਦੇਬਰੌਏ ਨੂੰ ਪਦਮ ਭੂਸ਼ਣ ਨਾਲ ਸਨਮਾਨਿਤ ਕੀਤਾ ਜਾਵੇਗਾ। ਇਸੇ ਤਰ੍ਹਾਂ ਉੱਘੇ ਰਾਗੀ ਭਾਈ ਹਰਜਿੰਦਰ ਸਿੰਘ ਸ੍ਰੀਨਗਰ ਵਾਲੇ, ਕਾਰੋਬਾਰੀ ਓਂਕਾਰ ਸਿੰਘ ਪਾਹਵਾ, ਐੱਸਬੀਆਈ ਦੀ ਸਾਬਕਾ ਚੇਅਰਪਰਸਨ ਅਰੁੰਧਤੀ ਭੱਟਾਚਾਰਿਆ, ਕ੍ਰਿਕਟਰ ਆਰ ਅਸ਼ਿਵਨ, ਹਰਿਆਣਾ ਦੇ ਪੈਰਾਲੰਪੀਅਨ ਤੀਰਅੰਦਾਜ਼ ਹਰਵਿੰਦਰ ਸਿੰਘ, ਦੀਨਾਮਲਾਰ ਪ੍ਰਕਾਸ਼ਕ ਲਕਸ਼ਮੀਪਤੀ ਰਾਮਾਸੁੱਬਾਅਈਅਰ ਨੂੰ ਸਾਹਿਤ, ਸਿੱਖਿਆ ਤੇ ਪੱਤਰਕਾਰੀ ’ਚ, ਗਾਇਕ ਅਰੀਜੀਤ ਸਿੰਘ, ਗਾਇਕਾ ਜਸਪਿੰਦਰ ਨਰੂਲਾ, ਸਾਧਵੀ ਰਿਤੰਬਰਾ, ਅਰਵਿੰਦਰ ਸ਼ਰਮਾ (ਕੈਨੇਡਾ), ਚੇਤਨ ਈ ਚਿਟਨਿਸ (ਫਰਾਂਸ), ਸੇਤੂਰਮਨ ਪੰਚਾਨਾਥਨ (ਅਮਰੀਕਾ) ਅਤੇ ਸਟੀਫ਼ਨ ਨੈਪ (ਅਮਰੀਕਾ) ਨੂੰ ਪ੍ਰਦਮਸ੍ਰੀ ਦਿੱਤਾ ਜਾਵੇਗਾ। ਕੇਂਦਰੀ ਗ੍ਰਹਿ ਮੰਤਰਾਲੇ ਨੇ ਇਕ ਬਿਆਨ ’ਚ ਕਿਹਾ ਕਿ ਪਦਮ ਪੁਰਸਕਾਰ ਹਾਸਲ ਕਰਨ ਵਾਲਿਆਂ ’ਚ 23 ਮਹਿਲਾਵਾਂ ਹਨ ਜਦਕਿ ਸੂਚੀ ’ਚ 10 ਵਿਦੇਸ਼ੀ, ਐੱਨਆਰਆਈ, ਪੀਆਈਓ, ਓਸੀਆਈ ਸ਼ਾਮਲ ਹਨ। ਇਸੇ ਤਰ੍ਹਾਂ 13 ਹਸਤੀਆਂ ਨੂੰ ਮਰਨ ਉਪਰੰਤ ਪੁਰਸਕਾਰ ਦਿੱਤਾ ਗਿਆ ਹੈ। ਪਦਮ ਪੁਰਸਕਾਰ ਕਲਾ, ਸਮਾਜ ਸੇਵਾ, ਵਿਗਿਆਨ ਤੇ ਇੰਜਨੀਅਰਿੰਗ, ਵਪਾਰ ਤੇ ਸਨਅਤ, ਮੈਡੀਸਨ, ਸਾਹਿਤ, ਸਿੱਖਿਆ, ਖੇਡਾਂ, ਸਿਵਲ ਸੇਵਾਵਾਂ ਆਦਿ ਖੇਤਰਾਂ ਲਈ ਹਰ ਸਾਲ ਦਿੱਤੇ ਜਾਂਦੇ ਹਨ। -ਪੀਟੀਆਈ

ਪ੍ਰਦਮਸ੍ਰੀ ਪੁਰਸਕਾਰਾਂ ਦੀ ਸੂਚੀ ’ਚ 30 ਗੁਮਨਾਮ ਨਾਇਕ ਵੀ ਸ਼ਾਮਲ

ਨਵੀਂ ਦਿੱਲੀ:

ਗੋਆ ਦੇ 100 ਸਾਲਾ ਆਜ਼ਾਦੀ ਘੁਲਾਟੀਏ, 150 ਔਰਤਾਂ ਨੂੰ ਪੁਰਸ਼ ਪ੍ਰਧਾਨ ਖੇਤਰ ਢਾਕ ਵਾਦਨ ਵਿੱਚ ਸਿਖਲਾਈ ਦੇਣ ਵਾਲੇ ਪੱਛਮੀ ਬੰਗਾਲ ਦੇ ਢਾਕ ਵਾਦਕ ਅਤੇ ਕਠਪੁਤਲੀ ਖੇਡ ਦਿਖਾਉਣ ਵਾਲੀ ਪਹਿਲੀ ਭਾਰਤੀ ਮਹਿਲਾ ਉਨ੍ਹਾਂ 30 ਗੁਮਨਾਮ ਨਾਇਕਾਂ ਵਿੱਚ ਸ਼ਾਮਲ ਹੈ, ਜਿਨ੍ਹਾਂ ਨੂੰ ਪਦਮਸ੍ਰੀ ਨਾਲ ਸਨਮਾਨਿਤ ਕਰਨ ਦਾ ਐਲਾਨ ਕੀਤਾ ਗਿਆ ਹੈ। ਇਸੇ ਤਰ੍ਹਾਂ ਏਮਸ ਦਿੱਲੀ ਦੇ ਮਹਿਲਾ ਰੋਗ ਵਿਭਾਗ ਦੀ ਸਾਬਕਾ ਮੁਖੀ ਨੀਰਜਾ ਭਾਟਲਾ ਨੂੰ ਵੀ ਪਦਮਸ੍ਰੀ ਨਾਲ ਸਨਮਾਨਿਤ ਕਰਨ ਦਾ ਐਲਾਨ ਕੀਤਾ ਗਿਆ ਹੈ। ਡਾ. ਨੀਰਜਾ ਭਾਟਲਾ ਨੇ ਸਰਵੀਕਲ ਕੈਂਸਰ ਲਈ ਹਦਾਇਤਾਂ ਬਣਾਉਣ ਵਿੱਚ ਅਹਿਮ ਭੂਮਿਕਾ ਨਿਭਾਈ ਸੀ।

ਗੋਆ ਦੇ ਆਜ਼ਾਦੀ ਅੰਦੋਲਨ ਵਿੱਚ ਅਹਿਮ ਭੂਮਿਕਾ ਨਿਭਾਉਣ ਵਾਲੀ ਲਿਬੀਆ ਲੋਬੋ ਸਰਦੇਸਾਈ ਨੇ ਪੁਰਤਗਾਲੀ ਸ਼ਾਸਨ ਖ਼ਿਲਾਫ਼ ਲੋਕਾਂ ਨੂੰ ਇਕਜੁੱਟ ਕਰਨ ਲਈ 1955 ਵਿੱਚ ਇਕ ਜੰਗਲੀ ਇਲਾਕੇ ’ਚ ਜ਼ਮੀਨਦੋਜ਼ ਰੇਡੀਓ ਸਟੇਸ਼ਨ ‘ਵੋਜ਼ ਦਾ ਲਿਬਰਡਾਬੇ (ਵੁਆਇਸ ਆਫ਼ ਫਰੀਡਮ) ਦੀ ਸਥਾਪਨਾ ਕੀਤੀ ਸੀ।

ਅਮਰਨਾਥ ਅਤਿਵਾਦੀ ਹਮਲੇ ਨੂੰ ਨਾਕਾਮ ਕਰਨ ਵਾਲੇ ਪੁਲੀਸ ਅਧਿਕਾਰੀਆਂ ਸਣੇ 942 ਨੂੰ ਪੁਰਸਕਾਰ

ਨਵੀਂ ਦਿੱਲੀ:

ਗਣਤੰਤਰ ਦਿਵਸ ਦੀ ਪੂਰਵਲੀ ਸੰਧਿਆ ’ਤੇ ਅੱਜ ਜੰਮੂ ਕਸ਼ਮੀਰ ਪੁਲੀਸ ਦੇ 15 ਅਧਿਕਾਰੀਆਂ ਸਣੇ ਕੁੱਲ 942 ਪੁਲੀਸ, ਫਾਇਰ ਅਤੇ ਸਿਵਲ ਡਿਫੈਂਸ ਦੇ ਮੁਲਾਜ਼ਮਾਂ ਨੂੰ ਵੱਖ ਵੱਖ ਸ਼੍ਰੇਣੀਆਂ ਦੇ ਬਹਾਦਰੀ ਤੇ ਸੇਵਾ ਮੈਡਲ ਦੇਣ ਦਾ ਐਲਾਨ ਕੀਤਾ ਹੈ। ਇਨ੍ਹਾਂ ਵਿੱਚ 95 ਬਹਾਦਰੀ ਪੁਰਸਕਾਰ ਸ਼ਾਮਲ ਹਨ, ਜਿਨ੍ਹਾਂ ਵਿੱਚੋਂ 15 ਜੰਮੂ ਕਸ਼ਮੀਰ ਪੁਲੀਸ ਦੇ ਅਧਿਕਾਰੀਆਂ ਨੂੰ ਮਿਲਣਗੇ। ਜੰਮੂ ਕਸ਼ਮੀਰ ਦੇ ਬਹਾਦਰੀ ਮੈਡਲ ਹਾਸਲ ਕਰਨ ਵਾਲੇ ਅਧਿਕਾਰੀਆਂ ਵਿੱਚ ਸੱਤ ਉਹ ਪੁਲੀਸ ਅਧਿਕਾਰੀ ਵੀ ਸ਼ਾਮਲ ਹਨ ਜਿਨ੍ਹਾਂ ਨੇ ਅਮਰਨਾਥ ਅਤਿਵਾਦੀ ਹਮਲੇ ਦੀ ਕੋਸ਼ਿਸ਼ ਨੂੰ ਨਾਕਾਮ ਕੀਤਾ ਸੀ। ਇਸ ਅਤਿਵਾਦੀ ਹਮਲੇ ਦੀ ਕੋਸ਼ਿਸ਼ ਨੂੰ ਨਾਕਾਮ ਕਰਨ ਵਿੱਚ ਕਸ਼ਮੀਰ ਜ਼ੋਨ ਦੇ ਇੰਸਪੈਕਟਰ ਜਨਰਲ ਵਿਜੈ ਕੁਮਾਰ ਨੇ ਅਹਿਮ ਭੂਮਿਕਾ ਨਿਭਾਈ ਸੀ। ਬਹਾਦਰੀ ਮੈਡਲ ਹਾਸਲ ਕਰਨ ਵਾਲਿਆਂ ਵਿੱਚ ਡੀਐੱਸਪੀ ਹੁਮਾਯੂੰ ਭੱਟ ਵੀ ਸ਼ਾਮਲ ਹਨ। ਬਿਆਨ ਵਿੱਚ ਕਿਹਾ ਗਿਆ ਹੈ ਕਿ ਬਿਹਤਰੀਨ ਸੇਵਾਵਾਂ ਲਈ ਦਿੱਤੇ ਜਾਣ ਵਾਲੇ 746 ਤਗ਼ਮਿਆਂ (ਐੱਮਐੱਸਐੱਮ) ਵਿੱਚੋਂ 634 ਪੁਲੀਸ ਸੇਵਾ, 37 ਫਾਇਰ ਸੇਵਾ, 39 ਸਿਵਲ ਡਿਫੈਂਸ ਤੇ ਹੋਮ ਗਾਰਡ ਸੇਵਾ ਅਤੇ 36 ਸੁਧਾਰਾਤਮਕ ਸੇਵਾ ਮੁਲਾਜ਼ਮਾਂ ਨੂੰ ਦਿੱਤੇ ਜਾਣਗੇ। -ਪੀਟੀਆਈ

ਮੇਜਰ ਮਨਜੀਤ ਸਿੰਘ ਤੇ ਨਾਇਕ ਦਿਲਾਵਰ ਸਿੰਘ ਨੂੰ ਕੀਰਤੀ ਚੱਕਰ

ਮੇਜਰ ਮਨਜੀਤ ਸਿੰਘ

ਨਵੀਂ ਦਿੱਲੀ:

ਰਾਸ਼ਟਰਪਤੀ ਦਰੋਪਦੀ ਮੁਰਮੂ ਨੇ 93 ਹਥਿਆਰਬੰਦ ਬਲਾਂ ਨੂੰ ਬਹਾਦਰੀ ਪੁਰਸਕਾਰ ਦੇਣ ਦੀ ਮਨਜ਼ੂਰੀ ਦਿੱਤੀ ਹੈ। ਇਨ੍ਹਾਂ ਵਿਚ ਦੋ ਕੀਰਤੀ ਚੱਕਰ ਤੇ 14 ਸ਼ੌਰਿਆ ਚੱਕਰ ਵੀ ਸ਼ਾਮਲ ਹਨ। ਗਣਤੰਤਰ ਦਿਵਸ ਦੀ ਪੂਰਬਲੀ ਸੰਧਿਆ ਕੀਤੇ ਐਲਾਨ ਮੁਤਾਬਕ 22 ਰਾਸ਼ਟਰੀ ਰਾਈਫਲਜ਼ ਦੇ ਮੇਜਰ ਮਨਜੀਤ ਸਿੰਘ ਤੇ 28 ਰਾਸ਼ਟਰੀ ਰਾਈਫਲਜ਼ ਦੇ ਨਾਇਕ ਦਿਲਾਵਰ ਖ਼ਾਨ (ਮਰਨ ਉਪਰੰਤ) ਨੂੰ ਕੀਰਤੀ ਚੱਕਰ ਪੁਰਸਕਾਰ ਦਿੱਤਾ ਜਾਵੇਗਾ। -ਪੀਟੀਆਈ

Advertisement
×