DT
PT
About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਕੁਦਰਤੀ ਆਫ਼ਤ ਕਾਰਨ ਉੱਤਰਾਖੰਡ ਤੇ ਹਿਮਾਚਲ ’ਚ 11 ਹਲਾਕ

ਮੰਡੀ ਵਿੱਚ ਢਿੱਗਾਂ ਡਿੱਗਣ ਕਾਰਨ ਪਰਿਵਾਰ ਦੇ ਤਿੰਨ ਜੀਆਂ ਦੀ ਮੌਤ; ਵੱਡੀ ਗਿਣਤੀ ’ਚ ਲੋਕ ਲਾਪਤਾ; ਨਿੱਜੀ ਤੇ ਸਰਕਾਰੀ ਜਾਇਦਾਦਾਂ ਦਾ ਨੁਕਸਾਨ; ਉੱਤਰਾਖੰਡ ’ਚ 600 ਤੋਂ ਵੱਧ ਲੋਕ ਫਸੇ
  • fb
  • twitter
  • whatsapp
  • whatsapp
featured-img featured-img
ਦੇਹਰਾਦੂਨ ਵਿੱਚ ਬੱਦਲ ਫਟਣ ਕਾਰਨ ਆਏ ਹੜ੍ਹ ਵਿੱਚ ਨੁਕਸਾਨੀਆਂ ਇਮਾਰਤਾਂ। -ਫੋਟੋ: ਏਐੱਨਆਈ
Advertisement

ਹਿਮਾਚਲ ਪ੍ਰਦੇਸ਼ ਅਤੇ ਉੱਤਰਾਖੰਡ ’ਚ ਬੱਦਲ ਫਟਣ, ਢਿੱਗਾਂ ਡਿੱਗਣ, ਹੜ੍ਹਾਂ ਤੇ ਹੋਰ ਘਟਨਾਵਾਂ ਕਾਰਨ 15 ਵਿਅਕਤੀਆਂ ਦੀ ਮੌਤ ਹੋ ਗਈ ਜਿਨ੍ਹਾਂ ’ਚੋਂ ਪੰਜ ਮ੍ਰਿਤਕ ਹਿਮਾਚਲ ਪ੍ਰਦੇਸ਼ ਜਦਕਿ ਛੇ ਉੱਤਰਾਖੰਡ ਨਾਲ ਸਬੰਧਤ ਹਨ। ਇਸ ਦੌਰਾਨ ਬਚਾਅ ਕਰਮੀਆਂ ਨੇ ਵੱਡੀ ਗਿਣਤੀ ਲੋਕਾਂ ਨੂੰ ਸੁਰੱਖਿਅਤ ਥਾਵਾਂ ’ਤੇ ਪਹੁੰਚਾਇਆ ਹੈ ਜਦਕਿ ਵੱਡੀ ਗਿਣਤੀ ਲੋਕ ਲਾਪਤਾ ਦੱਸੇ ਜਾ ਰਹੇ ਹਨ। ਢਿੱਗਾਂ ਡਿੱਗਣ ਤੇ ਹੜ੍ਹਾਂ ਕਾਰਨ ਘਰਾਂ, ਦੁਕਾਨਾਂ, ਸੜਕਾਂ, ਪੁਲਾਂ ਤੇ ਹੋਰ ਜਾਇਦਾਦਾਂ ਦਾ ਵੀ ਨੁਕਸਾਨ ਹੋਇਆ ਹੈ।

ਮੰਡੀ ਜ਼ਿਲ੍ਹੇ ’ਚ ਅੱਜ ਤੜਕੇ ਭਾਰੀ ਮੀਂਹ ਮਗਰੋਂ ਢਿੱਗਾਂ ਡਿੱਗਣ ਅਤੇ ਅਚਾਨਕ ਆਏ ਹੜ੍ਹਾਂ ਕਾਰਨ ਵੱਡੇ ਪੱਧਰ ’ਤੇ ਤਬਾਹੀ ਮਚੀ। ਇੱਥੋਂ ਦੀ ਸੁੰਦਰਨਗਰ ਸਬ-ਡਿਵੀਜ਼ਨ ਦੀ ਨਿਹਰੀ ਤਹਿਸੀਲ ਦੀ ਬੋਏ ਪੰਚਾਇਤ ਅਧੀਨ ਪੈਂਦੇ ਬਰਾਗਟਾ ਪਿੰਡ ’ਚ ਡਿੱਗੀਆਂ ਢਿੱਗਾਂ ਦੀ ਲਪੇਟ ’ਚ ਇੱਕ ਮਕਾਨ ਆ ਗਿਆ ਤੇ ਪਰਿਵਾਰ ਦੇ ਪੰਜ ਜੀਅ ਮਲਬੇ ਹੇਠ ਦਬ ਗਏ। ਪਿੰਡ ਵਾਸੀਆਂ ਨੇ ਤੁਰੰਤ ਬਚਾਅ ਮੁਹਿੰਮ ਸ਼ੁਰੂ ਕੀਤੀ ਅਤੇ ਦੋ ਵਿਅਕਤੀਆਂ ਨੂੰ ਮਲਬੇ ਹੇਠੋਂ ਜਿਊਂਦਾ ਕੱਢ ਕੇ ਨੇੜਲੇ ਹਸਪਤਾਲ ਪਹੁੰਚਾਇਆ ਗਿਆ। ਇਸ ਹਾਦਸੇ ’ਚ ਪਰਿਵਾਰ ਦੇ ਤਿੰਨ ਜੀਆਂ ਦੀ ਮੌਤ ਹੋ ਗਈ ਜਿਨ੍ਹਾਂ ਦੀ ਪਛਾਣ ਤੰਗੂ ਦੇਵੀ (64), ਕਮਲਾ ਦੇਵੀ  (33) ਅਤੇ ਭੀਸ਼ਮ ਸਿੰਘ (8 ਮਹੀਨੇ) ਵਜੋਂ ਹੋਈ ਹੈ। ਸੁੰਦਰਨਗਰ ਦੇ ਵਿਧਾਇਕ ਰਾਕੇਸ਼ ਜਮਵਾਲ ਨੇ ਪੀੜਤ ਪਰਿਵਾਰ ਨਾਲ ਮੁਲਾਕਾਤ ਕੀਤੀ ਹੈ। ਇਕ ਹੋਰ ਘਟਨਾ ’ਚ ਮੰਡੀ ਦੀ ਸਦਰ ਤਹਿਸੀਲ ਦੀ ਸ਼ਿਵਾਬਦਾਰ ਪੰਚਾਇਤ ਅਧੀਨ ਪੈਂਦੀ ਸੁਮਾ ਖੱਡ ’ਚ ਦੋ ਵਿਅਕਤੀ ਡੁੱਬ ਗਏ। ਉਹ ਮੰਦਰ ਜਾਣ ਲਈ ਆਰਜ਼ੀ ਪੁਲ ਪਾਰ ਕਰ ਰਹੇ ਸਨ ਕਿ ਨਾਲੇ ’ਚ ਪਾਣੀ ਦੇ ਤੇਜ਼ ਵਹਾਅ ਦੀ ਲਪੇਟ ’ਚ ਆ ਗਏ। ਦੋਵਾਂ ਦੀਆਂ ਲਾਸ਼ਾਂ ਬਰਾਮਦ ਕਰ ਲਈਆਂ ਗਈਆਂ ਹਨ।

Advertisement

ਇੱਕ ਵੱਖਰੀ ਘਟਨਾ ’ਚ ਲੰਘੀ ਦੇਰ ਰਾਤ ਧਰਮਪੁਰ ਬਾਜ਼ਾਰ ਖੇਤਰ ’ਚ ਅਚਾਨਕ ਹੜ੍ਹ ਆਉਣ ਕਾਰਨ ਮੁੱਖ ਬੱਸ ਅੱਡਾ ਤੇ ਇਸ ਦੇ ਨੇੜਲੇ ਕਾਰੋਬਾਰੀ ਅਦਾਰੇ ਡੁੱਬ ਗਏ। ਹੜ੍ਹ ਵਿੱਚ ਐੱਚ ਆਰ ਟੀ ਸੀ ਦੀਆਂ 20 ਬੱਸਾਂ ਰੁੜ੍ਹ ਗਈਆਂ ਅਤੇ 25 ਨਿੱਜੀ ਵਾਹਨਾਂ ਨੂੰ ਨੁਕਸਾਨ ਪਹੁੰਚਿਆ ਹੈ। ਤਕਰੀਬਨ 70 ਦੁਕਾਨਾਂ ਪਾਣੀ ’ਚ ਡੁੱਬ ਗਈਆਂ ਹਨ। ਕਈ ਘਰਾਂ ਵਿੱਚ ਵੀ ਪਾਣੀ ਭਰ ਗਿਆ ਹੈ। ਇੱਥੇ ਹੀ ਤਕਰੀਬਨ 150 ਵਿਦਿਆਰਥੀਆਂ ਵਾਲੇ ਇੱਕ ਹੋਸਟਲ ’ਚ ਵੀ ਪਾਣੀ ਭਰ ਗਿਆ ਪਰ ਸਾਰੇ ਵਿਦਿਆਰਥੀ ਸੁਰੱਖਿਅਤ ਦੱਸੇ ਜਾ ਰਹੇ ਹਨ। ਧਰਮਪੁਰ ’ਚ ਅਚਾਨਕ ਆਏ ਹੜ੍ਹ ਕਾਰਨ ਦੋ ਵਿਅਕਤੀ ਲਾਪਤਾ ਵੀ ਦੱਸੇ ਜਾ ਰਹੇ ਹਨ। ਉਪ ਮੁੱਖ ਮੰਤਰੀ ਮੁਕੇਸ਼ ਅਗਨੀਹੋਤਰੀ ਨੇ ਧਰਮਪੁਰ ਜਾ ਕੇ ਹੜ੍ਹਾਂ ਤੇ ਢਿੱਗਾਂ ਡਿੱਗਣ ਕਾਰਨ ਹੋਏ ਨੁਕਸਾਨ ਦਾ ਜਾਇਜ਼ਾ ਲਿਆ ਹੈ।

ਮੰਡੀ ਦੇ ਧਰਮਪੁਰ ਬੱਸ ਅੱਡੇ ’ਚ ਹੜ੍ਹਾਂ ਕਾਰਨ ਨੁਕਸਾਨੇ ਵਾਹਨ। -ਫੋਟੋ: ਏਐੱਨਆਈ

ਦੂਜੇ ਪਾਸੇ ਉੱਤਰਾਖੰਡ ਦੀ ਰਾਜਧਾਨੀ ਦੇਹਰਾਦੂਨ ਅਤੇ ਸੂਬੇ ਦੇ ਕਈ ਹੋਰ ਹਿੱਸਿਆਂ ’ਚ ਰਾਤ ਭਰ ਬੱਦਲ ਫਟਣ ਤੇ ਭਾਰੀ ਮੀਂਹ ਕਾਰਨ ਵੱਡੇ ਪੱਧਰ ’ਤੇ ਤਬਾਹੀ ਮਚੀ ਹੈ। ਨਦੀਆਂ-ਨਾਲਿਆਂ ’ਚ ਵਧੇ ਪਾਣੀ ਦੇ ਪੱਧਰ ਕਾਰਨ ਇਮਾਰਤਾਂ, ਸੜਕਾਂ ਤੇ ਪੁਲ ਰੁੜ੍ਹ ਗਏ ਜਿਸ ਕਾਰਨ 15 ਵਿਅਕਤੀਆਂ ਦੀ ਮੌਤ ਹੋ ਗਈ, 16 ਲਾਪਤਾ ਹੋ ਗਏ ਅਤੇ ਪਹਾੜੀ ਸੂਬੇ ਦੀਆਂ ਵੱਖ ਵੱਖ ਥਾਵਾਂ ’ਤੇ 900 ਤੋਂ ਵੱਧ ਲੋਕ ਫਸੇ ਹੋਏ ਹਨ। ਰਾਜ ਐਮਰਜੈਂਸੀ ਸੰਚਾਲਨ ਕੇਂਦਰ ਨੇ ਦੱਸਿਆ ਕਿ ਖਰਾਬ ਮੌਸਮ ਵਿਚਾਲੇ ਲਾਪਤਾ ਵਿਅਕਤੀਆਂ ਦੀ ਭਾਲ ਜਾਰੀ ਹੈ ਜਦਕਿ ਐੱਨ ਡੀ ਆਰ ਐੱਫ, ਐੱਸ ਡੀ ਆਰ ਐੱਫ ਅਤੇ ਫਾਇਰ ਬ੍ਰਿਗੇਡ ਦੇ ਮੁਲਾਜ਼ਮਾਂ ਨੇ ਫਸੇ ਹੋਏ ਜ਼ਿਆਦਾਤਰ ਲੋਕਾਂ ਨੂੰ ਸੁਰੱਖਿਅਤ ਕੱਢ ਲਿਆ ਹੈ। ਅਧਿਕਾਰੀਆਂ ਨੇ ਦੱਸਿਆ ਕਿ ਭਾਰੀ ਮੀਂਹ ਤੋਂ ਬਾਅਦ ਜ਼ਿਆਦਾਤਰ ਨਦੀਆਂ ਚੜ੍ਹੀਆਂ ਹੋਈਆਂ ਹਨ। ਤਮਸਾ ਨਦੀ, ਜਿਸ ਨੂੰ ਟੌਂਸ ਨਦੀ ਵੀ ਕਿਹਾ ਜਾਂਦਾ ਹੈ, ਨੇ ਆਪਣੇ ਤੱਟ ’ਤੇ ਸਥਿਤ ਮਸ਼ਹੂਰ ਟਪਕੇਸ਼ਵਰ ਮੰਦਰ ਨੂੰ ਡੁਬੋ ਦਿੱਤਾ ਹੈ। ਉਨ੍ਹਾਂ ਦੱਸਿਆ ਕਿ ਮੀਂਹ ਕਾਰਨ ਵਾਪਰੀਆਂ ਘਟਨਾਵਾਂ ’ਚ ਦੇਹਰਾਦੂਨ ਵਿੱਚ 13 ਜਦਕਿ ਨੈਨੀਤਾਲ ’ਚ ਦੋ ਤੇ ਪਿਥੌਰਾਗੜ੍ਹ ’ਚ ਇੱਕ ਵਿਅਕਤੀ ਦੀ ਮੌਤ ਹੋ ਗਈ ਹੈ। ਇਕੱਲੇ ਦੇਹਰਾਦੂਨ ਜ਼ਿਲ੍ਹੇ ’ਚ ਸੱਤ ਵਿਅਕਤੀ ਹੜ੍ਹ ’ਚ ਰੁੜ੍ਹ ਗਏ ਦੱਸੇ ਜਾ ਰਹੇ ਹਨ।

ਅਧਿਕਾਰੀਆਂ ਨੇ ਦੱਸਿਆ ਕਿ ਬਚਾਅ ਕਰਮੀ ਕੁਦਰਤੀ ਆਫ਼ਤ ਕਾਰਨ ਫਸੇ ਲੋਕਾਂ ਨੂੰ ਬਚਾਉਣ ’ਚ ਜੁਟੇ ਹੋਏ ਹਨ। ਐੱਸ ਡੀ ਆਰ ਐੱਫ ਨੇ ਦੇਹਰਾਦੂਨ ਦੇ ਪੌਂਡਾ ਖੇਤਰ ’ਚ ਇੱਕ ਵਿੱਦਿਅਕ ਸੰਸਥਾ ’ਚ ਫਸੇ 400-500 ਵਿਦਿਆਰਥੀਆਂ ਨੂੰ ਸੁਰੱਖਿਅਤ ਕੱਢਿਆ ਗਿਆ ਹੈ। ਮੁੱਖ ਮੰਤਰੀ ਪੁਸ਼ਕਰ ਸਿੰਘ ਧਾਮੀ ਨੇ ਦੇਹਰਾਦੂਨ ਜ਼ਿਲ੍ਹੇ ਦੇ ਮੀਂਹ ਕਾਰਨ ਪ੍ਰਭਾਵਿਤ ਇਲਾਕਿਆਂ ਦਾ ਦੌਰਾ ਕਰਕੇ ਅਧਿਕਾਰੀਆਂ ਨੂੰ ਰਾਹਤ ਤੇ ਬਚਾਅ ਕਾਰਜਾਂ ’ਚ ਤੇਜ਼ੀ ਲਿਆਉਣ ਦੇ ਨਿਰਦੇਸ਼ ਦਿੱਤੇ ਹਨ। ਉਨ੍ਹਾਂ ਕਿਹਾ ਕਿ ਉਨ੍ਹਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਹਾਲਾਤ ਬਾਰੇ ਜਾਣਕਾਰੀ ਦਿੱਤੀ ਹੈ।

ਮੌਨਸੂਨ ਦੀ ਪੰਜਾਬ ਤੇ ਹਰਿਆਣਾ ’ਚੋਂ ਵਾਪਸੀ ਸ਼ੁਰੂ

ਚੰਡੀਗੜ੍ਹ (ਵਿਜੈ ਮੋਹਨ): ਆਉਣ ਵਾਲੇ ਕੁਝ ਦਿਨ ਤੱਕ ਉੱਤਰ-ਪੱਛਮੀ ਭਾਰਤ ਦੇ ਕੁਝ ਹਿੱਸਿਆਂ ’ਚ ਹਲਕੇ ਤੋਂ ਦਰਮਿਆਨੇ ਮੀਂਹ ਦੀ ਪੇਸ਼ੀਨਗੋਈ ਦਰਮਿਆਨ ਦੱਖਣ-ਪੱਛਮੀ ਮੌਨਸੂਨ ਨੇ ਅੱਜ ਪੰਜਾਬ ਤੇ ਹਰਿਆਣਾ ਤੋਂ ਵਾਪਸੀ ਸ਼ੁਰੂ ਕਰ ਦਿੱਤੀ ਹੈ। ਪੰਜਾਬ ਦੇ ਦੱਖਣ-ਪੱਛਮੀ ਹਿੱਸੇ, ਜਿਨ੍ਹਾਂ ’ਚ ਫਾਜ਼ਿਲਕਾ, ਮੁਕਤਸਰ ਤੇ ਬਠਿੰਡਾ ਜ਼ਿਲ੍ਹੇ ਸ਼ਾਮਲ ਹਨ ਅਤੇ ਹਰਿਆਣਾ ਦੇ ਸਿਰਸਾ ਜ਼ਿਲ੍ਹੇ ’ਚ ਮੀਂਹ ਘੱਟ ਗਏ ਹਨ। ਮੌਸਮ ਵਿਭਾਗ ਵੱਲੋਂ ਅੱਜ ਜਾਰੀ ਇੱਕ ਬੁਲੇਟਿਨ ’ਚ ਕਿਹਾ ਗਿਆ ਹੈ, ‘ਦੱਖਣ ਪੱਛਮੀ ਮੌਨਸੂਨ ਦੀ ਵਾਪਸੀ ਦੀ ਰੇਖਾ ਹੁਣ ਬਠਿੰਡਾ, ਫਤਿਹਾਬਾਦ, ਪਿਲਾਨੀ, ਅਜਮੇਰ, ਦੀਸਾ ਤੇ ਭੁੱਜ ’ਚੋਂ ਹੋ ਕੇ ਲੰਘਦੀ ਹੈ।’ 25 ਸਤੰਬਰ ਤੱਕ ਮੌਨਸੂਨ ਦੇ ਪੰਜਾਬ, ਹਰਿਆਣਾ ਅਤੇ ਹਿਮਾਚਲ ਪ੍ਰਦੇਸ਼ ਤੋਂ ਪੂਰੀ ਤਰ੍ਹਾਂ ਵਿਦਾ ਹੋਣ ਦੀ ਉਮੀਦ ਹੈ। ਮੌਨਸੂਨ ਨੇ 14-15 ਸਤੰਬਰ ਨੂੰ ਦੇਸ਼ ਤੋਂ ਵਾਪਸੀ ਕਰਨੀ ਸ਼ੁਰੂ ਕੀਤੀ ਸੀ ਜਿਸ ਕਾਰਨ ਰਾਜਸਥਾਨ ਦੇ ਪੱਛਮੀ ਹਿੱਸੇ ਪ੍ਰਭਾਵਿਤ ਹੋਏ ਹਨ। ਇਸ ਸੀਜ਼ਨ ਦੌਰਾਨ ਪੂਰੇ ਦੇਸ਼ ’ਚ ਲੰਮੀ ਮਿਆਦ ਦੇ ਔਸਤ (ਐੱਲਪੀਏ) ਮੀਂਹ ਆਮ ਨਾਲੋਂ ਵੱਧ ਪਏ ਹਨ। ਮੌਸਮ ਵਿਭਾਗ ਅਨੁਸਾਰ ਪੰਜਾਬ ’ਚ 1 ਜੂਨ ਤੋਂ 16 ਸਤੰਬਰ ਤੱਕ 413.3 ਐੱਮ ਐੱਮ ਐੱਲ ਪੀ ਏ ਮੁਕਾਬਲੇ 618.0 ਐੱਮ ਐੱਮ ਮੀਂਹ ਪਏ ਹਨ ਜੋ 50 ਫੀਸਦ ਵੱਧ ਹਨ। ਇਸੇ ਤਰ੍ਹਾਂ ਹਰਿਆਣਾ ’ਚ 405.7 ਐੱਮ ਐੱਮ ਐੱਲ ਪੀ ਏ ਮੁਕਾਬਲੇ 565.1 ਐੱਮ ਐੱਮ ਜਦਕਿ ਹਿਮਾਚਲ ’ਚ 692.1 ਐੱਮ ਐੱਮ ਐੱਲ ਪੀ ਏ ਮੁਕਾਬਲੇ 1,010.9 ਐੱਮ ਐੱਮ ਮੀਂਹ ਦਰਜ ਕੀਤੇ ਗਏ ਹਨ।

Advertisement
×