1-ਬੀਐੱਸਐੱਫ ਨੇ ਡੇਗੇ ਛੇ ਪਾਕਿਸਤਾਨੀ ਡਰੋਨ
ਬੀਐੱਸਐੱਫ ਨੇ ਸਰਹੱਦ ਪਾਰ ਪਾਕਿਸਤਾਨ ਤੋਂ ਤਸਕਰੀ ਲਈ ਵਰਤੇ ਜਾ ਰਹੇ ਡਰੋਨਾਂ ਖ਼ਿਲਾਫ਼ ਤਕਨੀਕੀ ਢੰਗ ਤਰੀਕੇ ਨਾਲ ਜਵਾਬੀ ਕਾਰਵਾਈ ਕਰਦਿਆਂ 6 ਡਰੋਨ ਬਰਾਮਦ ਕੀਤੇ ਹਨ। ਇਨ੍ਹਾਂ ਦੇ ਨਾਲ ਚਾਰ ਪਿਸਤੌਲ, ਮੈਗਜ਼ੀਨ ਅਤੇ ਕਿੱਲੋ ਤੋਂ ਵੱਧ ਹੈਰੋਇਨ ਬਰਾਮਦ ਕੀਤੀ ਗਈ ਹੈ। ਬੀਐੱਸਐੱਫ ਅਧਿਕਾਰੀ ਨੇ ਦੱਸਿਆ ਕਿ ਅੱਜ ਤੜਕੇ ਅੰਮ੍ਰਿਤਸਰ ਜ਼ਿਲ੍ਹੇ ’ਚ ਸਰਹੱਦ ’ਤੇ ਪਾਕਿਸਤਾਨ ਤੋਂ ਆਏ ਡਰੋਨ ਨੂੰ ਤਕਨੀਕੀ ਜਵਾਬੀ ਕਾਰਵਾਈ ਤਹਿਤ ਰੋਕਦਿਆਂ ਡੇਗ ਲਿਆ ਗਿਆ। ਇਹ ਡਰੋਨ ਅਟਾਰੀ ਦੇ ਖੇਤਾਂ ’ਚੋਂ ਬਰਾਮਦ ਹੋਇਆ ਹੈ, ਜੋ ਡੀਜੇਆਈ ਮੈਵਿਕ ਤਿੰਨ ਕਲਾਸਿਕ ਸ਼੍ਰੇਣੀ ਦਾ ਹੈ। ਇਸ ਦੇ ਨਾਲ ਪਿਸਤੌਲ ਤੇ ਦੋ ਮੈਗਜ਼ੀਨ ਬਰਾਮਦ ਹੋਏ ਹਨ। ਇਹ ਕਾਰਵਾਈ ਐਂਟੀ ਡਰੋਨ ਸਿਸਟਮ ਨਾਲ ਕੀਤੀ ਗਈ।
ਉਨ੍ਹਾਂ ਦੱਸਿਆ ਕਿ ਰਾਤ ਵੇਲੇ ਕੀਤੀ ਕਾਰਵਾਈ ਦੌਰਾਨ ਬੀਐੱਸਐੱਫ ਦੇ ਚੌਕਸ ਜਵਾਨਾਂ ਨੇ ਅੰਮ੍ਰਿਤਸਰ ਦੇ ਸਰਹੱਦੀ ਪਿੰਡ ਮੋਦੇ ਨੇੜੇ ਐਂਟੀ ਡਰੋਨ ਸਿਸਟਮ ਨਾਲ ਤਕਨੀਕੀ ਕਾਰਵਾਈ ਤਹਿਤ ਪੰਜ ਡਰੋਨ ਰੋਕ ਕੇ ਜ਼ਮੀਨ ’ਤੇ ਡੇਗ ਦਿੱਤੇ ਗਏ। ਇਹ ਸਾਰੇ ਡਰੋਨ ਵੀ ਡੀਜੀਆਈ ਮੈਵਿਕ ਤਿੰਨ ਕਲਾਸਿਕ ਸ਼੍ਰੇਣੀ ਦੇ ਹਨ। ਇਨ੍ਹਾਂ ਦੇ ਨਾਲ ਤਿੰਨ ਪਿਸਤੌਲ, ਤਿੰਨ ਮੈਗਜ਼ੀਨ ਅਤੇ ਹੈਰੋਇਨ ਦੇ ਚਾਰ ਪੈਕੇਟ ਬਰਾਮਦ ਹੋਏ ਹਨ, ਜਿਨ੍ਹਾਂ ’ਚੋਂ ਇਕ ਕਿੱਲੋ 70 ਗ੍ਰਾਮ ਹੈਰੋਇਨ ਬਰਾਮਦ ਹੋਈ ਹੈ।
ਇਸੇ ਤਰ੍ਹਾਂ ਤਰਨ ਤਾਰਨ ਜ਼ਿਲ੍ਹੇ ਦੇ ਨਾਲ ਲੱਗਦੇ ਸਰਹੱਦੀ ਖੇਤਰ ਦੇ ਪਿੰਡ ਡੱਲ ਦੇ ਖੇਤਾਂ ’ਚੋਂ ਪਿਸਤੌਲ ਦੇ ਪੁਰਜ਼ੇ ਤੇ ਮੈਗਜ਼ੀਨ ਬਰਾਮਦ ਹੋਇਆ ਹੈ। ਬੀਐੱਸਐੱਫ ਅਧਿਕਾਰੀ ਨੇ ਦੱਸਿਆ ਕਿ ਪਿਛਲੇ ਕੁਝ ਘੰਟਿਆਂ ਦੌਰਾਨ ਬੀਐੱਸਐੱਫ ਨੇ ਪਾਕਿਸਤਾਨ ਵੱਲੋਂ ਆਏ ਡਰੋਨਾਂ ਖ਼ਿਲਾਫ਼ ਤਕਨੀਕੀ ਢੰਗ ਤਰੀਕੇ ਨਾਲ ਕੀਤੀ ਜਵਾਬੀ ਕਾਰਵਾਈ ਕਰਕੇ ਸਰਹੱਦ ਪਾਰੋਂ ਤਸਕਰੀ ਦੀ ਕੋਸ਼ਿਸ਼ ਨੂੰ ਅਸਫਲ ਬਣਾਉਂਦਿਆਂ 6 ਡਰੋਨ ਬਰਾਮਦ ਕੀਤੇ ਹਨ। ਇਨ੍ਹਾਂ ਡਰੋਨਾਂ ਰਾਹੀਂ ਆਏ ਚਾਰ ਪਿਸਤੌਲ, ਮੈਗਜ਼ੀਨ ਤੇ ਇੱਕ ਕਿਲੋ ਤੋਂ ਵੱਧ ਹੈਰੋਇਨ ਬਰਾਮਦ ਕੀਤੀ ਗਈ ਹੈ।