ਪੌਂਗ ਡੈਮ ਤੋਂ ਵੀਰਵਾਰ ਨੂੰ ਛੱਡਿਆ ਜਾਵੇਗਾ 1.10 ਲੱਖ ਕਿਉਸਕ ਪਾਣੀ
ਮੌਸਮ ਵਿਭਾਗ ਦੀ ਪੇਸ਼ੀਨਗੋਈ ਅਤੇ ਸਥਾਨਕ ਪੌਂਗ ਡੈਮ ਵਿੱਚ ਪਾਣੀ ਦੇ ਪੱਧਰ ਵਿਚ ਲਗਾਤਾਰ ਇਜ਼ਾਫਾ ਹੋ ਰਿਹਾ ਹੈ। ਇਸ ਦੇ ਚੱਲਦਿਆਂ ਬੀਬੀਐੱਮਬੀ ਨੇ ਡੈਮ ਦੀ ਸੁਰਖਿਆ ਨੂੰ ਧਿਆਨ ਵਿੱਚ ਰੱਖਦੇ ਹੋਇਆ ਵੀਰਵਾਰ 28 ਅਗਸਤ ਨੂੰ ਦੁਪਹਿਰ ਬਾਅਦ ਇੱਕ ਲੱਖ 10 ਹਜ਼ਾਰ ਕਿਊਸਕ ਪਾਣੀ ਛੱਡਣ ਦਾ ਫੈਸਲਾ ਕੀਤਾ ਹੈ। ਬੀਬੀਐੱਮਬੀ ਨੇ ਇਸ ਦੀ ਅਗਾਊਂ ਜਾਣਕਾਰੀ ਸਬੰਧਤ ਜ਼ਿਲ੍ਹਿਆਂ ਦੇ ਡਿਪਟੀ ਕਮਿਸ਼ਨਰਾਂ ਨੂੰ ਦੇ ਦਿੱਤੀ ਹੈ।
ਜ਼ਿਲ੍ਹਾ ਹੁਸ਼ਿਆਰਪੁਰ, ਗੁਰਦਾਸਪੁਰ, ਤਰਨ ਤਾਰਨ ਅਤੇ ਹਿਮਾਚਲ ਪ੍ਰਦੇਸ਼ ਦੇ ਜ਼ਿਲ੍ਹਾ ਕਾਂਗੜਾ ਨੂੰ ਅਗਾਊਂ ਜਾਣਕਾਰੀ ਦਿੱਤੀ ਗਈ ਹੈ। ਬਿਆਸ ਦਰਿਆ ਦੇ ਕੰਢੇ ਜਿਲ੍ਹਾ ਕਾਂਗੜਾ ਦੇ ਉਪ ਮੰਡਲ ਇੰਦੋਰਾ ਅਧੀਨ ਆਉਂਦੀਆਂ 17 ਪੰਚਾਇਤਾਂ ਵਿਚ ਬਕਾਇਦਾ ਮੁਨਿਆਦੀ ਕਰਵਾ ਕੇ ਪਿੰਡ ਖਾਲੀ ਕਰਨ ਦੇ ਹੁਕਮ ਜਾਰੀ ਕੀਤੇ ਹਨ ਜਿਸ ਤਹਿਤ ਕੱਲ੍ਹ ( ਵੀਰਵਾਰ) ਨੂੰ ਦੁਪਿਹਰ 12 ਵਜੇ ਤਕ ਦਰਿਆ ਕੰਢੇ ਵਸੇ ਪਿੰਡਾਂ ਨੂੰ ਖਾਲੀ ਕਰਨ ਲਈ ਕਿਹਾ ਹੈ। ਉਪ ਮੰਡਲ ਪ੍ਰਸ਼ਾਸਨ ਇੰਦੌਰਾ ਨੇ ਪੰਚਾਇਤ ਸਕੱਤਰਾਂ ਅਤੇ ਗ੍ਰਾਮ ਰੁਜਗਾਰ ਸਹਾਇਕਾਂ ਦੀ ਘਰ ਘਰ ਜਾ ਕੇ 12 ਵਜੇ ਤਕ ਪਿੰਡ ਖਾਲੀ ਕਰਵਾਉਣ ਦੀ ਡਿਊਟੀ ਲਗਾਈ ਹੈ।
ਬੀਡੀਪੀਓ ਹਾਜੀਪੁਰ ਸੁਖਪ੍ਰੀਤ ਸਿੰਘ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਦਸਿਆ ਕਿ ਪ੍ਰਸ਼ਾਸਨ ਪੂਰੀ ਤਰ੍ਹਾਂ ਚੌਕਸ ਹੈ, ਅਤੇ ਦਰਿਆ ਵਿਚ ਪਾਣੀ ਦੇ ਤੇਜ਼ ਵਹਾਅ ਉਤੇ ਪੈਨੀ ਨਜ਼ਰ ਹੈ। ਹੰਗਾਮੀ ਹਲਾਤਾਂ ਨਾਲ ਨਜਿੱਠਣ ਪ੍ਰਸ਼ਾਸਨ ਵਲੋਂ ਤਿਆਰੀਆਂ ਮੁੰਕਮਲ ਹਨ। ਜਿਕਰਯੋਗ ਹੈ ਕਿ 2023 ਵਿਚ ਆਏ ਹੜ੍ਹਾਂ ਨੇ ਬਿਆਸ ਦਰਿਆ ਕੰਢੇ ਵਸੇ ਪਿੰਡਾਂ ਵਿਚ ਭਾਰੀ ਤਬਾਹੀ ਮਚਾਈ ਸੀ।