ਵਿਗਿਆਨਕ ਨਜ਼ਰ ’ਚ ਯੋਗ
ਪ੍ਰਿੰ. ਹਰੀ ਕ੍ਰਿਸ਼ਨ ਮਾਇਰ
ਤਕਰੀਬਨ ਪੰਜ ਹਜ਼ਾਰ ਵਰ੍ਹਿਆਂ ਤੋਂ ਭਾਰਤੀ ਫਿਲਾਸਫੀ ਵਿੱਚ ‘ਯੋਗ’ ਅਧਿਆਤਮਿਕ ਅੰਗ ਬਣਿਆ ਰਿਹਾ ਹੈ। ਯੋਗ ਦਾ ਮੁੱਖ ਉਦੇਸ਼ ਮਨੁੱਖ ਅੰਦਰਲੀਆਂ ਅਧਿਆਤਮਿਕ ਅਤੇ ਮਨੋ-ਸ਼ਕਤੀਆਂ ਨੂੰ ਉਜਾਗਰ ਕਰਨਾ ਰਿਹਾ ਹੈ। ਅੱਜ ਉਦਯੋਗੀਕਰਨ ਅਤੇ ਤੇਜ਼ ਰਫ਼ਤਾਰ ਜੀਵਨ ਜਾਚ ਦੇ ਹੁੰਦਿਆਂ ਯੋਗ ਲੋਕਾਂ ਵਿੱਚ ਮਾਨਸਿਕ ਤਣਾਅ, ਚਿੰਤਾ, ਢਹਿੰਦੀ ਕਲਾ ਜਾਂ ਘੋਰ ਉਦਾਸੀ ਜਿਹੀਆਂ ਅਲਾਮਤਾਂ ਖ਼ਿਲਾਫ਼ ਲੜਾਈ ਵਿੱਚ ਸਹਾਈ ਹੋਣ ਕਰ ਕੇ ਹਰਮਨ ਪਿਆਰਾ ਹੋ ਰਿਹਾ ਹੈ। 21 ਜੂਨ ਨੂੰ ਕੌਮਾਂਤਰੀ ਯੋਗ ਦਿਵਸ ਹੈ। ਆਓ, ਯੋਗ ਪਿੱਛੇ ਕੰਮ ਕਰਦੇ ਵਿਗਿਆਨ ਦੀਆਂ ਪਰਤਾਂ ਨੂੰ ਫਰੋਲਣ ਦਾ ਯਤਨ ਕਰੀਏ।
ਕਸਰਤ (Exercise) ਅਜਿਹੀ ਸਰੀਰਕ ਸਰਗਰਮੀ ਹੁੰਦੀ ਹੈ ਜੋ ਸਰੀਰ ਨੂੰ ਮਜ਼ਬੂਤ ਅਤੇ ਤੰਦਰੁਸਤ ਰੱਖਦੀ ਹੈ, ਸਰੀਰ ਅੰਦਰਲੀਆਂ ਕਿਰਿਆਵਾਂ ਨੂੰ ਸੁਚਾਰੂ ਰੂਪ ਵਿਚ ਕਾਰਜਸ਼ੀਲ ਬਣਾਉਂਦੀ ਹੈ। ਕਸਰਤ ਕਰਨ ਦੇ ਕਈ ਕਾਰਨ ਹੋ ਸਕਦੇ ਹਨ; ਮਸਲਨ, ਸਰੀਰ ਦਾ ਭਾਰ ਘਟਾਉਣ ਲਈ, ਪੱਠੇ ਮਜ਼ਬੂਤ ਬਣਾਉਣ ਲਈ, ਦਿਲ ਦਾ ਕਾਰਡੀਓ-ਵਾਸਕੁਲਰ ਪ੍ਰਬੰਧ ਠੀਕ ਰੱਖਣ ਲਈ ਆਦਿ।
ਯੋਗ ਪੁਰਾਤਨ ਸਮੇਂ ਤੋਂ ਕੀਤਾ ਜਾਂਦਾ ਸਰੀਰਕ ਅਭਿਆਸ ਹੈ, ਜਿਸ ਵਿੱਚ ਵੱਖ-ਵੱਖ ਤਰੀਕੇ ਦੇ ਆਸਣ, ਇਕਾਗਰਤਾ, ਡੂੰਘੇ ਸਾਹ ਲੈਣ ਆਦਿ ਕਿਰਿਆਵਾਂ ਸ਼ਾਮਿਲ ਹੁੰਦੀਆਂ ਹਨ। ਯੋਗ ਦਾ ਲਗਾਤਾਰ ਅਭਿਆਸ ਸਰੀਰ ਵਿੱਚ ਲਚਕ, ਤੰਦਰੁਸਤੀ, ਤਾਕਤ, ਧੀਰਜ, ਸ਼ਾਂਤੀ ਨੂੰ ਹੁਲਾਰਾ ਦਿੰਦਾ ਮੰਨਿਆ ਜਾਂਦਾ ਹੈ। ਹੱਡੀਆਂ ਦੀ ਮਜ਼ਬੂਤੀ, ਜੋੜਾਂ ਦੇ ਸਹੀ ਕੰਮ ਕਰਨ ਅਤੇ ਜੋੜਾਂ ਦੀ ਸਥਿਰਤਾ ਲਈ ਵੀ ਇਸ ਨੂੰ ਸਹਾਇਕ ਮੰਨਿਆ ਗਿਆ ਹੈ। ਆਧੁਨਿਕ ਯੋਗ ਦੇ ਵਿਗਿਆਨ ਦਾ ਸਰੀਰਕ ਵਿਗਿਆਨ (ਅਨੌਟਮੀ) ਤੇ ਫਿਜਿ਼ਔਲੋਜੀ ਤੇ ਮਨੋਵਿਗਿਆਨ ਵਾਂਗ ਵਿਗਿਆਨਕ ਧਰਾਤਲ ਹੈ ਪਰ ਯੋਗ ਦਾ ਸੰਕਲਪ ਅਤੇ ਪ੍ਰਭਾਵ ਕਿਸੇ ਹੱਦ ਤੀਕ ਹੋਰ ਸਰੀਰਕ ਕਸਰਤਾਂ ਨਾਲੋਂ ਭਿੰਨ ਹੈ। ਘਰ ਤੋਂ ਬਾਹਰ ਜਿਮ ਬਗੈਰਾ ਵਿੱਚ ਕਸਰਤ ਕਰਨ ਜਾਣ ਦੇ ਅਲੱਗ ਕਾਰਨ ਵੀ ਹੋ ਸਕਦੇ ਹਨ। ਕਸਰਤ ਕਿਸੇ ਮਨਸ਼ੇ ਨੂੰ ਮੂਹਰੇ ਰੱਖ ਕੇ, ਸਹੀ ਚੋਣ ਕਰ ਕੇ ਅਤੇ ਉਮਰ ਦੇ ਲਈ ਢੁੱਕਵੀਂ ਦੇਖ ਕੇ ਕੀਤੀ ਜਾਂਦੀ ਹੈ।
ਯੋਗ ਕਸਰਤ ਨਾਲੋਂ ਵੱਖਰਾ ਹੁੰਦਾ ਹੈ। ਇਸ ਵਿੱਚ ਅਲੱਗ ਤਰ੍ਹਾਂ ਦੀਆਂ ਲੰਮੀਆਂ ਸਰੀਰਕ ਖਿੱਚਾਂ ਵੀ ਸ਼ਾਮਿਲ ਹੁੰਦੀਆਂ ਹਨ। ਸਰੀਰਕ ਪਕੜ ਅਤੇ ਢਿੱਲ ਹੁੰਦੀ ਹੈ। ਇਹ ਇਸ ਦੀ ਤਣਾਅ ਤੋਂ ਮੁਕਤੀ ਦਿਵਾਉਣ ਵਾਲੀ ਯੋਗਤਾ ਨੂੰ ਦਰਸਾਉਂਦਾ ਹੈ।
ਚਿੰਤਨ, ਧਿਆਨ ਜਾਂ ਮੈਡੀਟੇਸ਼ਨ ਅਤੇ ਯੋਗ ਦੇ ਆਪੋ-ਆਪਣੇ ਵੱਖਰੇ ਪ੍ਰਭਾਵ ਹੁੰਦੇ ਹਨ। ਸਾਡੇ ਯੋਗ ਸਕੂਲਾਂ ਵਿੱਚ ਮੈਡੀਟੇਸ਼ਨ ਅਤੇ ਯੋਗ ਨੂੰ ਰਲਗੱਡ ਕਰ ਲਿਆ ਗਿਆ ਹੈ। ਮਨੋਵਿਗਿਆਨਕ ਹਾਲਤਾਂ ਵਿੱਚ ਜਿਵੇਂ ਪੋਸਟ ਟਰੌਮੈਟਿਕ ਸਟ੍ਰੈੱਸ ਡਿਸਆਰਡਰ ਵਿੱਚ ਯੋਗ ਬਿਹਤਰ ਮੰਨਿਆ ਜਾਂਦਾ ਹੈ, ਇਸ ਦੇ ਹੱਕ ਵਿੱਚ ਭਾਵੇਂ ਅਜੇ ਪ੍ਰਮਾਣ ਅਤੇ ਦਲੀਲਾਂ ਬੜੀਆਂ ਘੱਟ ਹਨ।
ਇਹ ਵੀ ਕਿਹਾ ਜਾਂਦਾ ਹੈ ਕਿ ਵਿਸ਼ੇਸ਼ ਫਾਇਦਿਆਂ ਦਾ ਜ਼ਿਕਰ ਕਰ ਕੇ ਯੋਗ ਖਾਸ ਵਿਗਿਆਨਕ ਦਾਅਵੇ ਵੀ ਕਰਦਾ ਹੈ ਕਿ ਇਹ ਹੋਰ ਸਰੀਰਕ ਕਸਰਤਾਂ ਨਾਲੋਂ ਵੱਧ ਕਾਰਗਰ ਹੈ। ਕਈ ਇਹ ਵੀ ਦਾਅਵਾ ਕਰਦੇ ਹਨ ਕਿ ਇਹ ਖ਼ਾਸ ਸਰੀਰਕ ਅੰਗਾਂ ’ਤੇ ਪ੍ਰਭਾਵ ਪਾਉਂਦਾ ਹੈ; ਜਿਵੇਂ ਅੱਗੇ ਝੁਕਣ ਨਾਲ ਜਿਗਰ ’ਚੋਂ ਜ਼ਹਿਰੀਲਾ ਮਾਦਾ ਬਾਹਰ ਨਿਕਲ ਜਾਂਦਾ ਹੈ। ਇਹ ਬਿਲਕੁਲ ਬੇਬੁਨਿਆਦ ਦਲੀਲ ਹੈ।
ਨਿਊਰੋਲੋਜਿਸਟ ਸਟੀਵਨ ਨੋਵੇਲੇ ਇਸ਼ਾਰਾ ਕਰਦਾ ਹੈ ਕਿ ਯੋਗ ਦਾ ਅਧਿਆਤਮਿਕ ਪੱਖ ਵੀ ਹੈ। ਇਸ ਕਰ ਕੇ ਇਹ ਵਿਗਿਆਨ ਨੂੰ ਫ਼ਰਜ਼ੀ (pseudo) ਸਾਇੰਸ ਅਤੇ ਰਹੱਸਵਾਦ ਨਾਲ ਰਲਗੱਡ ਕਰ ਕੇ ਸਾਇੰਸ ਹੋਣ ਦਾ ਦਾਅਵਾ ਤਾਂ ਕਰਦਾ ਹੈ ਪਰ ਇਹ ਸਾਇੰਸ ਹੈ ਨਹੀਂ। ਕਿੰਨੀ ਹਾਸੋਹੀਣੀ ਮਿਸਾਲ ਹੈ ਕਿ ਅੱਗੇ ਨੂੰ ਝੁਕਣ ਨਾਲ ਪੈਨਕਰੀਆਜ਼ ਅਤੇ ਜਿਗਰ ਵਿੱਚੋਂ ਜ਼ਹਿਰੀਲੇ ਤੱਤ ਨੁੱਚੜ ਕੇ ਬਾਹਰ ਨਿਕਲ ਜਾਂਦੇ ਹਨ।
ਕੀ ਯੋਗ ਵਿਗਿਆਨਕ ਤੌਰ ’ਤੇ ਪ੍ਰਵਾਨਿਤ ਹੈ?
ਇਸ ਖੇਤਰ ਦੇ ਵਿਗਿਆਨੀਆਂ ਨੇ ਸਖ਼ਤ ਅਧਿਐਨ ਪਿੱਛੋਂ ਕਈ ਫਾਇਦੇ ਦ੍ਰਿਸ਼ਟੀਗੋਚਰ ਕੀਤੇ ਹਨ। ਹੁਣੇ-ਹੁਣੇ ਦੇਖਿਆ ਗਿਆ ਹੈ ਕਿ ਯੋਗ ਦਿਲ ਦੀ ਸਿਹਤ ਨੂੰ ਸੁਧਾਰਦਾ ਹੈ। ਫੇਫੜਿਆਂ ਦੀ ਸਮਰੱਥਾ ਨੂੰ ਚੰਗੇਰਾ ਬਣਾਉਂਦਾ ਹੈ। ਤਣਾਅ ਅਤੇ ਜਲੂਣ ਘੱਟ ਕਰਦਾ ਹੈ। ਇਹ ਕਾਰਕ ਮਨੁੱਖ ਦੀ ਜ਼ਿੰਦਗੀ ਨੂੰ ਲੰਮੀ ਕਰਦੇ ਹਨ। ਤੁਸੀਂ ਸਿਹਤਮੰਦ ਬੁਢਾਪਾ ਜਿਊਂਦੇ ਹੋ।
ਯੋਗ ਕਲਾ (ਆਰਟ) ਵੀ ਹੈ ਅਤੇ ਵਿਗਿਆਨ ਵੀ। ਇਹ ਵਿਗਿਆਨ ਹੈ ਜੋ ਸਰੀਰ ਨੂੰ ਫ਼ਾਇਦਾ ਪਹੁੰਚਾਉਂਦਾ ਹੈ। ਇਹ ਕਲਾ ਹੈ, ਅਭਿਆਸ ਹੈ ਜੋ ਮਨ ਅਤੇ ਸਰੀਰ ਦਾ ਆਪਸ ਵਿੱਚ ਤਾਲਮੇਲ ਬਿਠਾਉਂਦੇ ਹਨ। ਸਭ ਤੋਂ ਉੱਪਰ ਅਸੀਂ ਯੋਗ ਨੂੰ ਕਲਾ ਕਹਾਂਗੇ ਜਿਵੇਂ ਨੱਚਣ, ਸੰਗੀਤ, ਚਿੱਤਰਕਲਾ ਆਦਿ ਵਾਂਗ।
ਆਮ ਸਰੀਰਕ ਤੰਦਰੁਸਤੀ ਦੇ ਮੱਦੇਨਜ਼ਰ ਬੜੀ ਘੱਟ ਖੋਜ ਅਜੇ ਤੀਕ ਹੋਈ ਹੈ ਜਿਵੇਂ ਤਣਾਅ ਘਟਾ ਕੇ, ਨੀਂਦ ਵਿੱਚ ਸੁਧਾਰ ਪਰ ਖੋਜ ਵਿੱਚ ਇਕਸਾਰਤਾ ਨਹੀਂ। ਉਂਝ, ਮੁੱਢਲੀ ਖੋਜ ਤੋਂ ਆਮ ਸਰੀਰਕ ਤੰਦਰੁਸਤੀ ਲਈ ਯੋਗ ਦੇ ਕਈ ਫਾਇਦੇ ਹਨ।
ਆਓ ਯੋਗ ਦੇ ਫਾਇਦਿਆਂ ਨੂੰ ਵਿਗਿਆਨਕ ਨਜ਼ਰੀਏ ਤੋਂ ਸੂਚੀਬੱਧ ਕਰੀਏ:
1) ਯੋਗ ਤਣਾਅ ਦੇ ਹਾਰਮੋਨਾਂ ਨੂੰ ਮੱਠਾ ਕਰਦਾ ਹੈ। ਜਦ ਸਾਡਾ ਸਰੀਰ ਵੱਧ ਤਣਾਅ ਵਿੱਚ ਹੁੰਦਾ ਹੈ ਤਾਂ ਸਾਡੇ ਅੰਦਰ ਕੋਰਟੀਸੋਲ ਹਾਰਮੋਨ ਰਿਸਦਾ ਹੈ ਜੋ ਸਰੀਰ ਦੇ ਕੰਮ-ਕਾਜ ਵਿੱਚ ਗੜਬੜ ਪੈਦਾ ਕਰਦਾ ਹੈ। ਯੋਗ ਤਣਾਅ ਹਾਰਮੋਨਾਂ ਦੇ ਪੱਧਰ ਨੂੰ ਘਟਾਉਂਦਾ ਹੈ। ਇੰਝ ਸਰੀਰ ਨੂੰ ਰਾਹਤ ਪਹੁੰਚਾਉਂਦਾ ਹੈ।
2) ਯੋਗ ਕਰਨ ਨਾਲ ਐਂਟੀ-ਔਕਸੀਡੈਂਟ ਪਾਚਕ ਰਸ ਰਿਸਦੇ ਹਨ। ਵਾਤਾਵਰਨ ਪ੍ਰਦੂਸ਼ਕਾਂ ਨਾਲ ਵਾਰ-ਵਾਰ ਸੰਪਰਕ ਵਿੱਚ ਆਉਣ ਨਾਲ ਪਦਾਰਥਾਂ ਵਿੱਚ ਹੋਈ ਟੁੱਟ-ਭੱਜ ਤੋਂ ਫ੍ਰੀ ਰੈਡੀਕਲ ਬਣਦੇ ਹਨ ਜੋ ਕੈਂਸਰ ਅਤੇ ਕਈ ਹੋਰ ਰੋਗਾਂ ਦਾ ਕਾਰਨ ਬਣਦੇ ਹਨ, ਉਮਰ ਨੂੰ ਘਟਾਉਂਦੇ ਹਨ। ਫ੍ਰੀ ਰੈਡੀਕਲਾਂ ਦਾ ਮੁਕਾਬਲਾ ਸਾਡੇ ਸਰੀਰ ਵਿੱਚ ਐਂਟੀ-ਔਕਸੀਡੈਂਟ ਐਨਜ਼ਾਈਮ ਕਰਦੇ ਹਨ। ਯੋਗ ਕਰਨ ਵਾਲਿਆਂ ਵਿੱਚ ਇਹ ਬਹੁਤ ਹੁੰਦੇ ਹਨ। ਯੋਗ ਫ੍ਰੀ ਰੈਡੀਕਲਾਂ ਤੋਂ ਹੋਣ ਵਾਲੀ ਟੁੱਟ-ਭੱਜ ਤੋਂ ਬਚਾਉਂਦਾ ਹੈ।
3) ਯੋਗ ਪੈਰਾਸਿੰਪੇਥੈਟਿਕ ਨਰਵਸ ਸਿਸਟਮ (Parasympathetic Nervous System) ’ਤੇ ਕੋਈ ਵੱਡਾ ਤਣਾਅ ਹੋਣ ਤੋਂ ਬਾਅਦ ਸਾਨੂੰ ਸ਼ਾਂਤ ਕਰਦਾ ਹੈ ਅਤੇ ਸੰਤੁਲਨ ਪੈਦਾ ਕਰਦਾ ਹੈ।
4) ਯੋਗ ਸਰੀਰ ਅੰਦਰ ਰੋਗਾਂ ਨਾਲ ਲੜਨ ਦੀ ਸ਼ਕਤੀ ਸੁਧਾਰਦਾ ਹੈ। ਇਹ ਕੋਰਟੀਸੋਲ ਹਾਰਮੋਨ ਨੂੰ ਘੱਟ ਕਰਦਾ ਹੈ। ਇਸ ਹਾਰਮੋਨ ਦੀ ਬਹੁਤਾਤ ਸਰੀਰ ਅੰਦਰ ਰੋਗਾਂ ਨਾਲ ਲੜਨ ਦੀ ਸ਼ਕਤੀ ਨੂੰ ਖੋਰਦੀ ਹੈ। ਸਾਡੇ ਸੁਰੱਖਿਆ ਪ੍ਰਬੰਧ ਨੂੰ ਢਾਹ ਲਾਉਂਦੀ ਹੈ।
5) ਯੋਗ ਨਸ਼ੇੜੀਆਂ ਦੇ ਇਲਾਜ ਵਿੱਚ ਸਹਾਈ ਹੁੰਦਾ ਹੈ। ਦਿਮਾਗ ਵਿੱਚ ਇਕ ਰਸਾਇਣ ਹੁੰਦਾ ਹੈ ਡੋਪਾਮਿਨ; ਇਸ ਦੇ ਪੱਧਰ ਨੂੰ ਕੰਟਰੋਲ ਕਰ ਕੇ ਇਹ ਨਸ਼ੇੜੀਆਂ ਦੇ ਇਲਾਜ ਵਿੱਚ ਮਦਦ ਕਰਦਾ ਹੈ।
6) ਯੋਗ ਦਾ ਦਾਅਵਾ ਹੈ ਕਿ ਇਹ ਦਿਮਾਗ ਦਾ ਆਕਾਰ ਵੱਡਾ ਕਰਦਾ ਹੈ। ਐੱਮਆਰਆਈ ਸਕੈਨ ਜ਼ਰੀਏ ਵਿਗਿਆਨੀਆਂ ਨੇ ਲੱਭਿਆ ਕਿ ਯੋਗ ਦਾ ਅਭਿਆਸ ਕਰਨ ਵਾਲਿਆਂ ਵਿੱਚ ਕਸਰਤ ਨਾ ਕਰਨ ਵਾਲਿਆਂ ਨਾਲੋਂ ਵੱਧ, ਗਰੇਅ ਮੈਟਰ (ਦਿਮਾਗ ਦੇ ਸੈੱਲ) ਹੁੰਦਾ ਹੈ। ਵਧੇਰੇ ਘੰਟੇ ਯੋਗ ਕਰਨ ਨਾਲ ਦਿਮਾਗ ਦਾ ਖ਼ਾਸ ਖੇਤਰ ਵੱਡਾ ਹੋ ਜਾਂਦਾ ਹੈ।
7) ਯੋਗ ਵਰਤਮਾਨ ਬਾਰੇ ਸੁਚੇਤ ਕਰਦਾ ਹੈ। ਨਾਂਹ-ਪੱਖੀ ਵਿਚਾਰਾਂ ਤੋਂ ਚੇਤਨ ਕਰਦਾ ਹੈ।
8) ਹੱਥਾਂ ਦੀਆਂ ਯੋਗ ਮੁਦਰਾਵਾਂ ਜਾਂ ਆਸਣ ਦਿਮਾਗ ਅਤੇ ਸਰੀਰ ਦੇ ਕਈ ਹਿੱਸਿਆਂ ਨੂੰ ਉਤੇਜਿਤ ਕਰਦੇ ਹਨ।
ਕਿਉਂ ਨਾ ਆਪਾਂ ਅੱਜ ਹੀ ਕਿਸੇ ਸਿੱਖਿਅਤ ਯੋਗ ਅਧਿਆਪਕ ਕੋਲ ਯੋਗ ਦੀ ਕਲਾਸ ਲਾਉਣ ਬਾਰੇ ਵਿਚਾਰ ਕਰੀਏ। ਲੰਮੀ ਉਮਰ ਜਿਊਣ ਦੀ ਸਕੀਮ ਬਣਾਈਏ ਅਤੇ ਯੋਗ ਦੇ ਫਾਇਦਿਆਂ ਦਾ ਆਨੰਦ ਮਾਣੀਏ।
ਸੰਪਰਕ: 98729-92593