ਫ਼ਿਕਰਾਂ ’ਚ ਪਾਉਂਦੀ ਫ਼ਿਕਰਮੰਦੀ
ਇੱਕ ਦਿਨ ਮੇਰੇ ਪੱਕੇ ਆੜੀ ਦਾ ਫੋਨ ਆਇਆ। ਕਹਿੰਦਾ, ‘‘ਯਾਰ, ਤੈਨੂੰ ਇੱਕ ਬਹੁਤ ਖ਼ਤਰਨਾਕ ਗੱਲ ਦੱਸਣੀ ਹੈ।’’ ਉਹ ਅਕਸਰ ਹੀ ਅਜਿਹੀਆਂ ਗੱਲਾਂ ਨਾਲ ਸ਼ੁਰੂਆਤ ਕਰਦਾ ਹੈ। ਇਸ ਲਈ ਮੈਂ ਬਿਨਾਂ ਕੋਈ ਹੈਰਾਨੀ ਪ੍ਰਗਟਾਇਆ ਆਖਿਆ, ‘‘ਹਾਂ ਜੀ ਦੱਸੋ।’’ ਕਹਿੰਦਾ, ‘‘ਪਹਿਲਾਂ ਇਹ...
ਇੱਕ ਦਿਨ ਮੇਰੇ ਪੱਕੇ ਆੜੀ ਦਾ ਫੋਨ ਆਇਆ। ਕਹਿੰਦਾ, ‘‘ਯਾਰ, ਤੈਨੂੰ ਇੱਕ ਬਹੁਤ ਖ਼ਤਰਨਾਕ ਗੱਲ ਦੱਸਣੀ ਹੈ।’’ ਉਹ ਅਕਸਰ ਹੀ ਅਜਿਹੀਆਂ ਗੱਲਾਂ ਨਾਲ ਸ਼ੁਰੂਆਤ ਕਰਦਾ ਹੈ। ਇਸ ਲਈ ਮੈਂ ਬਿਨਾਂ ਕੋਈ ਹੈਰਾਨੀ ਪ੍ਰਗਟਾਇਆ ਆਖਿਆ, ‘‘ਹਾਂ ਜੀ ਦੱਸੋ।’’ ਕਹਿੰਦਾ, ‘‘ਪਹਿਲਾਂ ਇਹ ਦੱਸ, ਤੈਨੂੰ ਪਤੈ ਅਦਾਕਾਰਾ ਕਰਿਸ਼ਮਾ ਕਪੂਰ ਦਾ ਘਰਵਾਲਾ ਸੰਜੇ ਕਪੂਰ ਕਿਵੇਂ ਮਰਿਆ?’’ ਮੈਂ ਕਿਹਾ, ‘‘ਸ਼ਾਇਦ ਹਾਰਟ ਅਟੈਕ ਹੋਇਆ ਸੀ।’’ ਕਹਿੰਦਾ, ‘‘ਉਹਦੇ ਮੂੰਹ ’ਚ ਡੂਮਣੇ ਦੀ ਮੱਖੀ ਵੜ ਗਈ ਸੀ, ਜਿਸ ਨੇ ਉਸ ਦੀ ਸਾਹ ਨਲੀ ਉੱਤੇ ਡੰਗ ਮਾਰ ਦਿੱਤਾ ਤੇ ਸਾਹ ਰੁਕਣ ਕਾਰਨ ਉਸ ਦੇ ਦਿਲ ਦੀ ਗਤੀ ਰੁਕਣ ਨਾਲ ਉਸ ਦੀ ਮੌਤ ਹੋ ਗਈ।’’
ਮੈਂ ਕਿਹਾ, ‘‘ਗੱਲ ਤਾਂ ਖ਼ਤਰਨਾਕ ਹੈ ਯਾਰ।’’ ਕਹਿੰਦਾ, ‘‘ਨਹੀਂ, ਅਸਲ ਗੱਲ ਤਾਂ ਇਹ ਹੈ ਕਿ ਤੂੰ ਮੇਰੇ ਉਸ ਰਿਸ਼ਤੇਦਾਰ ਨੂੰ ਜਾਣਦਾ ਹੀ ਹੈ ਜਿਹੜਾ ਇੱਕ ਬਹੁਤ ਵੱਡੇ ਸਰਕਾਰੀ ਅਹੁਦੇ ਉੱਤੇ ਹੈ।’’ ਮੈਂ ਕਿਹਾ, ‘‘ਹਾਂ, ਜਾਣਦਾ ਹਾਂ।’’ ਕਹਿੰਦਾ, ‘‘ਕੁਝ ਦਿਨ ਪਹਿਲਾਂ ਉਹ ਦਫ਼ਤਰ ਦੀ ਲਿਫਟ ਵਿੱਚ ਵੜਿਆ ਤਾਂ ਇੱਕ ਡੂਮਣੇ ਨੇ ਉਸ ਦੇ ਡੰਗ ਮਾਰ ਦਿੱਤਾ ਤੇ ਉਹ ਧਰਤੀ ’ਤੇ ਡਿੱਗ ਪਿਆ ਤੇ ਉਸ ਦੇ ਮੂੰਹ ਵਿੱਚੋਂ ਝੱਗ ਨਿਕਲਣ ਲੱਗੀ। ਸੁਰੱਖਿਆ ਗਾਰਡ ਨੇ ਚੁੱਕ ਕੇ ਉਸ ਨੂੰ ਹਸਪਤਾਲ ਪਹੁੰਚਾਇਆ। ਡਾਕਟਰ ਨੇ ਦੱਸਿਆ ਕਿ ਜੇਕਰ ਪੰਜ ਮਿੰਟ ਲੇਟ ਹੋ ਜਾਂਦੇ ਤਾਂ ਕੁਝ ਵੀ ਹੋ ਸਕਦਾ ਸੀ।’’ ਮੇਰੇ ਕੁਝ ਪੁੱਛਣ ਤੋਂ ਪਹਿਲਾਂ ਹੀ ਕਹਿੰਦਾ, ‘‘ਅਸਲ ਵਿੱਚ ਡੂਮਣੇ ਨੇ ਕਿਸੇ ਅਜਿਹੀ ਨਸ ਉੱਤੇ ਡੰਗ ਮਾਰ ਦਿੱਤਾ ਸੀ ਜੋ ਦਿਲ ਨਾਲ ਜੁੜਦੀ ਸੀ ਜਿਸ ਕਾਰਨ ਕੁਝ ਮਿੰਟਾਂ ਵਿੱਚ ਹੀ ਉਸ ਦੀ ਇਹ ਹਾਲਤ ਹੋ ਗਈ।’’ ਮੈਂ ਹਾਲੇ ਕੁਝ ਅਫ਼ਸੋਸ ਪ੍ਰਗਟਾ ਹੀ ਰਿਹਾ ਸੀ ਕਿ ਉਹ ਅੱਗੋਂ ਕਹਿੰਦਾ, ‘‘ਯਾਰ, ਹੁਣ ਉਹ ਠੀਕ ਹੈ ਪਰ ਮੈਨੂੰ ਜਿਉਂ ਹੀ ਇਹ ਗੱਲ ਪਤਾ ਲੱਗੀ ਤਾਂ ਤੁਰੰਤ ਤੇਰਾ ਖ਼ਿਆਲ ਆਇਆ ਕਿ ਤੂੰ ਵੀ ਸਰਕਾਰੀ ਦਫ਼ਤਰ ਵਿੱਚ ਕੰਮ ਕਰਦਾ ਏਂ। ਥੋਡੇ ਵੀ ਉੱਥੇ ਸਾਫ਼-ਸਫ਼ਾਈ ਦੇ ਹਾਲਾਤ ਏਦਾਂ ਦੇ ਹੀ ਹੁੰਦੇ ਹੋਣੇ, ਐਵੇਂ ਕਿਤੇ ਤੇਰੇ ਨਾਲ ਅਜਿਹਾ ਭਾਣਾ ਨਾ ਵਾਪਰ ਜਾਵੇ। ਤੂੰ ਦੇਖ ਕੇ ਦਫ਼ਤਰ ਦੀ ਲਿਫਟ-ਲੁਫਟ ਚੜਿ੍ਹਆ ਕਰ।’’ ਮੈਨੂੰ ਹਾਸਾ ਜਿਹਾ ਵੀ ਆਇਆ ਤੇ ਕੁਝ ਗੁੱਸਾ ਵੀ। ਮੈਂ ਵਿਅੰਗ ਕਰਦਿਆਂ ਕਿਹਾ, ‘‘ਯਾਰ, ਮੇਰੀ ਏਨੀ ਫ਼ਿਕਰ ਨਾ ਕਰਿਆ ਕਰ। ਨਾਲੇ ਹਰ ਮਾੜੀ ਘਟਨਾ ਬਾਅਦ ਮੈਨੂੰ ਯਾਦ ਨਾ ਹੀ ਰੱਖਿਆ ਕਰ ਤੂੰ।’’ ਪਰ ਉਸ ਨੇ ਚਿੰਤਾ ਪ੍ਰਗਟਾਈ ਕਿ ਅੱਜਕੱਲ੍ਹ ਕਿਹੋ-ਕਿਹੋ ਜਿਹੀਆਂ ਘਟਨਾਵਾਂ ਲੋਕਾਂ ਨਾਲ ਵਾਪਰ ਰਹੀਆਂ ਹਨ। ਇਹ ਮੇਰਾ ਉਹੀ ਆੜੀ ਹੈ ਜਿਸ ਨੇ 2023 ਵਿੱਚ ਆਏ ਹੜ੍ਹਾਂ ਦੌਰਾਨ ਇੱਕ ਸਵੇਰ ਮੈਨੂੰ ਫੋਨ ਕੀਤਾ। ਉਸ ਵਕਤ ਆਪਣੀ ਕਾਰ ਰਾਹੀਂ ਮੈਂ ਦਫ਼ਤਰ ਜਾ ਰਿਹਾ ਸੀ। ਫੋਨ ਕਰਕੇ ਕਹਿੰਦਾ, ‘‘ਯਾਰ, ਹੜ੍ਹਾਂ ਦੀ ਸਥਿਤੀ ਬਹੁਤ ਮਾੜੀ ਹੈ। ਮੈਂ ਹੁਣੇ ਖ਼ਬਰ ਪੜ੍ਹੀ ਐ ਕਿ ਲੋਕਾਂ ਦੀਆਂ ਕਾਰਾਂ ਪਾਣੀ ਵਿੱਚ ਰੁੜ੍ਹ ਗਈਆਂ ਨੇ। ਮੈਨੂੰ ਤੇਰੀ ਫ਼ਿਕਰ ਹੋਈ ਬਈ ਤੂੰ ਵੀ ਇਕੱਲਾ ਹੀ ਕਾਰ ਵਿੱਚ ਦਫ਼ਤਰ ਜਾਂਦਾ ਏ, ਕਿਤੇ ਤੇਰੇ ਨਾਲ ਨਾ ਕੋਈ ਹਾਦਸਾ ਵਾਪਰ ਜਾਵੇ। ਵੀਰੇ, ਤੂੰ ਧਿਆਨ ਨਾਲ ਜਾਇਆ ਕਰ, ਜਿਸ ਰਸਤੇ ਤੂੰ ਦਫ਼ਤਰ ਜਾਂਦਾ ਏ ਉਸ ਰਸਤੇ ਵਿੱਚ ਵੀ ਤਾਂ ਪਾਣੀ ਦੀ ਬਹੁਤ ਮਾਰ ਏ।’’ ਉਸ ਦੀਆਂ ਫ਼ਿਕਰਮੰਦੀ ਵਾਲੀਆਂ ਕਈ ਗੱਲਾਂ ਅਕਸਰ ਟੈਨਸ਼ਨ ਪਾ ਦਿੰਦੀਆਂ ਹਨ। ਉਸ ਨਾਲ ਗੱਲ ਕਰਨ ਤੋਂ ਪਹਿਲਾਂ ਏਦਾਂ ਦੀ ਕੋਈ ਸੋਚ ਮਨ ਵਿੱਚ ਨਹੀਂ ਹੁੰਦੀ ਪਰ ਉਸ ਵੱਲੋਂ ਕੀਤੀ ਫ਼ਿਕਰ ਆਮ ਤੌਰ ’ਤੇ ਫ਼ਿਕਰਾਂ ਵਿੱਚ ਪਾ ਜਾਂਦੀ ਹੈ।
ਹੁਣ ਜੇਕਰ ਕੋਈ ਤੁਹਾਡਾ ਪੱਕਾ ਆੜੀ/ ਦੋਸਤ/ਰਿਸ਼ਤੇਦਾਰ ਤੁਹਾਡੀ ਇਸ ਹੱਦ ਤੱਕ ਫ਼ਿਕਰ ਕਰਦਾ ਹੋਵੇ ਤਾਂ ਤੁਹਾਡੇ ਉੱਤੇ ਕੀ ਬੀਤੇਗੀ? ਜੇਕਰ ਤੁਹਾਨੂੰ ਪਹਿਲਾਂ ਕੋਈ ਫ਼ਿਕਰ ਨਹੀਂ ਵੀ ਹੋਵੇਗੀ ਤਾਂ ਏਦਾਂ ਦੀਆਂ ਗੱਲਾਂ ਸੁਣ ਕੇ ਤੁਸੀਂ ਫ਼ਿਕਰਮੰਦ ਹੋ ਜਾਵੋਗੇ। ਮੇਰਾ ਇਹ ਮੰਨਣਾ ਹੈ ਕਿ ਅਜਿਹੀ ਫ਼ਿਕਰ ਕਰਨ ਵਾਲੇ ਦੋਸਤ/ ਰਿਸ਼ਤੇਦਾਰ ਕਈਆਂ ਦੇ ਹੁੰਦੇ ਹੋਣਗੇ। ਪਿਛਲੇ ਕਈ ਸਾਲਾਂ ਤੋਂ ਮੇਰੇ ਇਸ ਦੋਸਤ ਨਾਲ ਮੇਰਾ ਤਜਰਬਾ ਦੱਸਦਾ ਹੈ ਕਿ ਅਜਿਹਿਆਂ ਵੱਲੋਂ ਆਖੀਆਂ ਗੱਲਾਂ ਦੀ ਬਹੁਤੀ ਫ਼ਿਕਰ ਨਹੀਂ ਕਰਨੀ ਚਾਹੀਦੀ। ਇਹ ਉਸ ਦੇ ਸੁਭਾਅ ਦਾ ਹਿੱਸਾ ਹੀ ਬਣ ਗਿਆ ਹੋਇਆ ਹੈ ਤੇ ਮੈਂ ਵੀ ਅਜਿਹੀਆਂ ਗੱਲਾਂ ਉਸ ਤੋਂ ਸੁਣਨੀਆਂ ਆਪਣੇ ਸੁਭਾਅ ਦਾ ਹਿੱਸਾ ਬਣਾ ਲਿਆ ਹੈ।
ਖ਼ੈਰ, ਸਾਡੇ ਇੱਕ ਹੋਰ ਦੋਸਤ ਨੇ ਇੱਕ ਵਾਰ ਮੇਰੇ ਇਸ ਆੜੀ ਕੋਲ ਗੱਲ ਕਰ ਦਿੱਤੀ ਕਿ ਪਿਛਲੇ ਲੰਮੇ ਸਮੇਂ ਤੋਂ ਪੇਟ ਗੜਬੜ ਚੱਲ ਰਿਹਾ ਹੈ। ਮੇਰੇ ਸਮੇਤ ਬਾਕੀਆਂ ਨੇ ਕਿਹਾ ਕਿ ਖਾਣਾ ਸਮੇਂ ਸਿਰ ਖਾਇਆ ਕਰ, ਸੈਰ ਕਰਿਆ ਕਰ, ਦੇਰ ਰਾਤ ਨੂੰ ਭਾਰਾ ਖਾਣਾ ਨਾ ਖਾਇਆ ਕਰ ਤੇ ਹੋਰ ਵੀ ਬਹੁਤ ਹੌਸਲੇ ਵਾਲੀਆਂ ਗੱਲਾਂ ਆਖੀਆਂ, ਪਰ ਜ਼ਿਆਦਾ ਫ਼ਿਕਰ ਕਰਨ ਵਾਲਾ ਆੜੀ ਕਹਿੰਦਾ, ‘‘ਯਾਰ, ਤੂੰ ਟੈਸਟ ਕਰਾ ਕੇ ਦੇਖ ਕਿਤੇ ਕੋਈ ਵੱਡੀ ਬਿਮਾਰੀ ਨਾ ਹੋਵੇ।’’ ਉਸ ਨੇ ਸ਼ੂਗਰ, ਬੀਪੀ ਤੇ ਪੇਟ ਦੀਆਂ ਅੰਤੜੀਆਂ ਦੀਆਂ ਬਿਮਾਰੀਆਂ ਸਮੇਤ ਕਿੰਨੇ ਹੀ ਰੋਗ ਗਿਣਾ ਦਿੱਤੇ। ਪੇਟ ਦੀ ਗੜਬੜ ਦੱਸਣ ਵਾਲਾ ਸਾਡਾ ਦੋਸਤ ਵਿਚਾਰਾ ਰੋਣਹਾਕਾ ਹੋਇਆ ਫਿਰੇ। ਉਸ ਨੂੰ ਸਮਝ ਨਾ ਆਵੇ ਕਿ ਗੱਲ ਦੱਸ ਕੇ ਉਸ ਦਾ ਮਨ ਹਲਕਾ ਹੋਇਆ ਏ ਜਾਂ ਮਨ ਉੱਤੇ ਹੋਰ ਭਾਰ ਪੈ ਗਿਆ ਹੈ! ਮੈਂ ਪਹਿਲਾਂ ਵੀ ਆਪਣੇ ਪੱਕੇ ਆੜੀ ਨੂੰ ਬਹੁਤ ਵਾਰ ਕਿਹਾ ਹੈ ਕਿ ਦੋਸਤ ਫ਼ਿਕਰਾਂ ਵਿੱਚੋਂ ਕੱਢਣ ਲਈ ਹੁੰਦੇ ਹਨ ਨਾ ਕਿ ਫ਼ਿਕਰ ਵਧਾਉਣ ਲਈ। ਪਰ ਪਤਾ ਨਹੀਂ ਉਹਨੂੰ ਇਹ ਗੱਲ ਕਦੋਂ ਸਮਝ ਲੱਗੇਗੀ। ਉਸ ਵੱਲੋਂ ਕੀਤੀ ਜ਼ਿਆਦਾ ਫ਼ਿਕਰਮੰਦੀ ਅਕਸਰ ਸਾਨੂੰ ਬਾਕੀ ਦੋਸਤਾਂ ਨੂੰ ਫ਼ਿਕਰਾਂ ਵਿੱਚ ਪਾ ਜਾਂਦੀ ਹੈ।
ਸੰਪਰਕ: 97802-16767

