DT
PT
About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਇਨਸਾਨਾਂ ਅਤੇ ਪਸ਼ੂਆਂ ਦੀ ਖ਼ੁਰਾਕ ਵਿੱਚ ਰਸਾਇਣਾਂ ਲਈ ਜ਼ਿੰਮੇਵਾਰ ਕੌਣ?

ਖੇਤੀ
  • fb
  • twitter
  • whatsapp
  • whatsapp
Advertisement

ਡਾ. ਅਮਨਪ੍ਰੀਤ ਸਿੰਘ ਬਰਾੜ

Advertisement

ਪੰਜਾਬ ਦੀ ਖੇਤੀ ਸਬੰਧੀ ਅੱਜ ਇਕ ਬਿਰਤਾਂਤ ਸਿਰਜਿਆ ਜਾ ਰਿਹਾ ਹੈ ਕਿ ਪੰਜਾਬ ਦਾ ਕਿਸਾਨ ਵੱਧ ਪੈਦਾਵਾਰ ਲੈਣ ਦੇ ਚੱਕਰ ਵਿੱਚ ਲੋੜ ਤੋਂ ਵੱਧ ਰਸਾਇਣ (ਫਰਟੀਲਾਈਜ਼ਰ) ਅਤੇ ਕੀੜੇਮਾਰ ਜ਼ਹਿਰਾਂ ਵਰਤਦਾ ਹੈ; ਇਹ ਸੱਚਾਈ ਨਹੀਂ। ਜੇ ਸੂਬੇ ਦਾ ਕਿਸਾਨ ਪੈਦਾਵਾਰ ਜ਼ਿਆਦਾ ਲੈਂਦਾ ਹੈ ਤਾਂ ਇਸ ਲਈ ਫ਼ਸਲ ਨੂੰ ਖ਼ੁਰਾਕ ਵੀ ਜ਼ਿਆਦਾ ਚਾਹੀਦੀ ਹੈ। ਜਿਹੜੇ ਲੋਕ ਖੇਤੀ ਨਾਲ ਸਬੰਧ ਨਹੀਂ ਰੱਖਦੇ, ਉਹ ਪੰਜਾਬ ਦਾ ਮੁਕਾਬਲਾ ਮੁਲਕ ਪੱਧਰ ’ਤੇ ਕਰਦੇ ਹਨ। ਕਹਿੰਦੇ ਹਨ, ਰਸਾਇਣਕ ਖਾਦਾਂ ਦੀ ਔਸਤ ਭਾਰਤ ਵਿੱਚ 90 ਕਿਲੋ ਪ੍ਰਤੀ ਹੈਕਟੇਅਰ ਹੈ; ਪੰਜਾਬ ’ਚ 223 ਕਿਲੋ ਹੈ। ਉਨ੍ਹਾਂ ਨੂੰ ਸ਼ਾਇਦ ਇਹ ਨਹੀਂ ਪਤਾ ਕਿ ਪੰਜਾਬ ਦਾ 99 ਫ਼ੀਸਦੀ ਰਕਬਾ ਸੇਂਜੂ ਹੈ ਅਤੇ ਭਾਰਤ ਦਾ ਸਿਰਫ਼ 40 ਫ਼ੀਸਦੀ। ਭਾਰਤ ਦੇ 60 ਫ਼ੀਸਦੀ ਰਕਬੇ ਵਿੱਚ ਖਾਦ ਦੀ ਵਰਤੋਂ ਬਹੁਤ ਘੱਟ ਹੁੰਦੀ ਹੈ ਕਿਉਂਕਿ ਉੱਥੇ ਖੇਤੀ ਬਾਰਸ਼ ’ਤੇ ਨਿਰਭਰ ਹੈ। ਬਾਰਸ਼ ਦਾ ਪਤਾ ਨਹੀਂ ਕਦੋਂ ਪੈਣੀ ਹੈ। ਦੂਜੇ ਪਾਸੇ, ਪੰਜਾਬ ਦੀ ਪੈਦਾਵਾਰ ਤਕਰੀਬਨ ਭਾਰਤ ਦੀ ਔਸਤ ਨਾਲੋਂ ਡੇਢ ਗੁਣਾ ਜ਼ਿਆਦਾ ਹੈ। ਮਿਸਾਲ ਦੇ ਤੌਰ ’ਤੇ ਭਾਰਤ ਵਿੱਚ ਕਣਕ ਦੀ ਔਸਤ ਪੈਦਾਵਾਰ 35 ਕੁਇੰਟਲ ਪ੍ਰਤੀ ਹੈਕਟੇਅਰ ਹੈ; ਪੰਜਾਬ ਵਿੱਚ ਇਹ ਔਸਤ ਇਸ ਸਾਲ 52 ਕੁਇੰਟਲ ਸੀ। ਪੰਜਾਬ ’ਚ ਕੀੜੇਮਾਰ ਦਵਾਈਆਂ/ਜ਼ਹਿਰਾਂ ਦੀ ਵਰਤੋਂ 700 ਗ੍ਰਾਮ ਪ੍ਰਤੀ ਹੈਕਟੇਅਰ ਹੈ; ਜਾਪਾਨ ਵਰਗੇ ਵਿਕਸਿਤ ਦੇਸ਼ਾਂ ਵਿੱਚ ਇਨ੍ਹਾਂ ਦੀ ਵਰਤੋਂ 12 ਕਿਲੋ ਤੋਂ ਵੱਧ ਹੈ। ਇਹ ਰਸਾਇਣ ਬਾਇਓਡੀਗ੍ਰੇਡੇਬਲ ਹਨ; ਭਾਵ, ਸਮੇਂ ਨਾਲ ਇਨ੍ਹਾਂ ਵਿਚਲਾ ਜ਼ਹਿਰੀਲਾ ਮਾਦਾ ਅਸਰ ਰਹਿਤ ਹੋ ਜਾਂਦਾ ਹੈ। ਇਸ ਤੋਂ ਸਿੱਧ ਹੁੰਦਾ ਹੈ ਕਿ ਖ਼ੁਰਾਕ ਵਿੱਚ ਜੇ ਕੋਈ ਗ਼ਲਤ ਰਸਾਇਣ ਆਉਂਦਾ ਹੈ ਤਾਂ ਇਸ ਦਾ ਸਰੋਤ ਕਿਸਾਨ ਵੱਲੋਂ ਵਰਤੇ ਰਸਾਇਣ ਨਹੀਂ, ਦਰਿਆਵਾਂ ’ਚ ਸੁੱਟਿਆ ਜਾਂਦਾ ਸੀਵਰੇਜ ਤੇ ਫੈਕਟਰੀਆਂ ਦਾ ਗੰਦਾ ਪਾਣੀ ਹੈ ਜੋ ਖੇਤਾਂ ਨੂੰ ਲਗਦਾ ਹੈ। ਜਿਹੜਾ ਗੰਦਾ ਪਾਣੀ ਬੋਰ ਕਰ ਕੇ ਧਰਤੀ ’ਚ ਪਾਇਆ ਜਾਂਦਾ ਹੈ, ਉਹ ਇਸ ਤੋਂ ਵੀ ਘਾਤਕ ਹੈ।

ਬਾਹਰਲੇ ਖਾਣੇ: ਅੱਜ ਨਵੀਂ ਸਮੱਸਿਆ ਆਈ ਹੈ ਬਾਹਰ ਦੇ ਖਾਣੇ ਦੀ ਵਧਦੀ ਵਰਤੋਂ। ਇਸ ਵੇਲੇ ਮੈਂ ਗੱਲ ਕਰਦਾ ਹਾਂ ਪ੍ਰਾਸੈਸਡ ਫੂਡ ਦੀ ਜਿਸ ਵਿੱਚ ਬੇਕਰੀ, ਜੰਕ ਫੂਡ, ਸੈਮੀ ਕੁਕਡ ਫੂਡ (ਅੱਧ ਪੱਕਿਆ ਖਾਣਾ), ਰੈਡੀ-ਟੂ-ਈਟ ਫੂਡ (ਪੱਕਿਆ ਪਕਾਇਆ) ਆਉਂਦੇ ਹਨ। ਜੂਸ ਤੋਂ ਲੈ ਕੇ ਸਟੋਰ ’ਤੇ ਪਈ ਬਰੈੱਡ ਤੱਕ, ਇਨ੍ਹਾਂ ਨੂੰ ਖਾਣ ਨਾਲ ਸਾਡੀ ਸਿਹਤ ਉੱਤੇ ਅਸਰ ਪੈਂਦੇ ਹਨ। ਇਨ੍ਹਾਂ ਵਿੱਚ ਪ੍ਰਮੁੱਖ ਹਨ ਕੈਂਸਰ, ਮੋਟਾਪਾ, ਸ਼ੂਗਰ ਅਤੇ ਦਿਲ ਦੀ ਬਿਮਾਰੀ ਜਿਸ ਕਰ ਕੇ ਛੋਟੀ ਉਮਰ ਵਿੱਚ ਹੀ ਮੌਤ ਹੋ ਜਾਂਦੀ ਹੈ। ਪਿਛਲੇ ਸਾਲ ਦੋ ਪ੍ਰਮੁੱਖ ਖੋਜਾਂ ਹੋਈਆਂ ਹਨ; ਇਕ ਅਮਰੀਕਾ ਤੇ ਦੂਜੀ ਇਟਲੀ ਵਿੱਚ। ਅਮਰੀਕਨ ਕੈਂਸਰ ਸੁਸਾਇਟੀ ਦੀ ਰਿਸਰਚ 31 ਅਗਸਤ 2022 ਨੂੰ ਬ੍ਰਿਟਿਸ਼ ਮੈਡੀਕਲ ਜਰਨਲ ਵਿੱਚ ਛਪੀ ਹੈ। ਇਸ ਮੁਤਾਬਕ ਅਲਟਰਾ ਪ੍ਰਾਸੈਸਡ ਖਾਣਾ ਜਿਵੇਂ ਹਾਟ-ਡਾਗ, ਬਰਗਰ, ਪਿਜ਼ਾ, ਚਿਪਸ ਆਦਿ ਆਦਮੀਆਂ ਦੇ ਵਿੱਚ ਕੋਲਨ ਅਤੇ ਰੈਕਟਲ ਕੈਂਸਰ ਦਾ ਖ਼ਤਰਾ ਵਧਾ ਦਿੰਦੇ ਹਨ। ਇਨ੍ਹਾਂ ਕਰ ਕੇ ਦਿਲ ਦੇ ਰੋਗ ਵਧਣ ਕਰ ਕੇ ਛੇਤੀ ਮੌਤ ਹੋ ਜਾਂਦੀ ਹੈ। ਇਟਲੀ ਦੀ ਟੀਮ ਨੇ ਲੱਭਿਆ ਕਿ ਫੂਡ ਪ੍ਰਾਸੈਸਿੰਗ ਨਾਲ ਖਾਣੇ ਦੀ ਪੌਸ਼ਟਿਕਤਾ ’ਤੇ ਮਾੜਾ ਅਸਰ ਪੈਂਦਾ ਹੈ ਅਤੇ ਮੌਤ ਦਰ ਵਧਦੀ ਹੈ।

ਪ੍ਰਜ਼ਰਵੇਟਿਵ: ਤੁਸੀਂ ਕੋਈ ਵੀ ਚੀਜ਼ ਲੈ ਲਉ, ਉਸ ਦੀ ਸੈਲਫ ਲਾਈਫ ਵਧਾਉਣ ਲਈ ਉਸ ਵਿੱਚ ਪ੍ਰਜ਼ਰਵੇਟਿਵ ਪਾਏ ਜਾਂਦੇ ਹਨ। ਅੱਡ-ਅੱਡ ਪਦਾਰਥਾਂ ਵਿੱਚ ਅਲੱਗ-ਅਲੱਗ ਪ੍ਰਜ਼ਰਵੇਟਿਵ ਪੈਂਦੇ ਹਨ। ਕੁਝ ਤਾਂ ਸਾਧਾਰਨ ਹਨ ਜਿਸ ਤਰ੍ਹਾਂ ਨਮਕ, ਆਰਟੀਫੀਸ਼ੀਅਲ ਖੰਡ ਦੀ ਮਾਤਰਾ ਵਧਾ ਕੇ ਪਾਉਣਾ। ਜ਼ਿਆਦਾ ਨਮਕ ਬੀਪੀ ਅਤੇ ਦਿਲ ਵਾਸਤੇ ਠੀਕ ਨਹੀਂ। ਇਸੇ ਤਰ੍ਹਾਂ ਵਧੀ ਹੋਈ ਸ਼ੂਗਰ ਨਾਲ ਡਾਈਬਟੀਜ਼ ਦਾ ਖ਼ਤਰਾ ਹੈ। ਲਗਾਤਾਰ ਕਾਰਬੋਨੇਟਿਡ ਠੰਢੇ ਪੀਣ ਨਾਲ ਕੈਂਸਰ ਤੇ ਟਿਊਮਰ ਦਾ ਖ਼ਤਰਾ ਹੈ।

ਬੇਕਰੀ: ਬੇਕਰੀ ’ਚ ਬ੍ਰੈੱਡ, ਬਰਗਰ, ਪਿਜ਼ਾ, ਕੁਲਚੇ, ਹਾਟ-ਡਾਗ ਆਦਿ ਤੋਂ ਇਲਾਵਾ ਬਿਸਕੁਟ, ਨਮਕੀਨ, ਚਿਪਸ, ਚਾਕਲੇਟ ਆਉਂਦੇ ਹਨ। ਇਨ੍ਹਾਂ ਵਿੱਚ ਅੱਡ-ਅੱਡ ਤਰ੍ਹਾਂ ਦੇ ਪ੍ਰਜ਼ਰਵੇਟਿਵ ਦੇ ਨਾਲ-ਨਾਲ ਹੋਰ ਇਮਲਸੀਫਾਈਅਰ, ਸਟੇਬਲਾਈਜ਼ਰ, ਆਰਟੀਫੀਸ਼ੀਅਲ ਫਲੇਵਰ (ਨਕਲੀ ਸੁਗੰਧ ਅਤੇ ਸਵਾਦ) ਵਰਗੇ ਪਦਾਰਥ ਆ ਜਾਂਦੇ ਹਨ।

ਸਾਫਟ ਡਰਿੰਕ (ਠੰਢਾ): ਮਲਟੀਨੈਸ਼ਨਲ ਕੰਪਨੀਆਂ ਦੇ ਬਣਾਏ ਠੰਢਿਆਂ ਨੇ ਲੋਕਾਂ ਦੇ ਘਰਾਂ ਵਿੱਚੋਂ ਪੁਰਾਤਨ ਠੰਢੇ ਜਿਵੇਂ ਸਕੰਜਵੀ, ਸੱਤੂ, ਕੱਚੀ ਲੱਸੀ (ਦੁੱਧ ਦੀ ਲੱਸੀ) ਆਦਿ ਖ਼ਤਮ ਕਰ ਦਿੱਤੇ ਹਨ। ਇਸ ਦੇ ਨਾਲ ਰੂਹਅਫਜ਼ਾ, ਰਸਨਾ, ਸੁਕੇਸ਼ ਬਾਜ਼ਾਰ ਵਿੱਚ ਆਏ। ਇਸ ਵੇਲੇ ਠੰਢਿਆਂ ਵਿੱਚ ਸਭ ਤੋਂ ਵੱਧ ਖ਼ਪਤ ਕੋਲਾਜ਼ ਦੀ ਹੈ।

ਵਿਸ਼ਵ ਸਿਹਤ ਸੰਗਠਨ (WHO) ਨੇ ਕਿਹਾ ਹੈ ਕਿ ਇਨ੍ਹਾਂ ਕਾਰਬੋਨੇਟਿਡ ਠੰਢਿਆਂ (Diet,Zero) ਵਿੱਚ ਆਰਟੀਫੀਸ਼ੀਅਲ ਮਿੱਠਾ ਪਾਇਆ ਜਾਂਦਾ ਹੈ। ਇਸ ਦਾ ਨਾਮ ਹੈ ਅਸਪਾਰਟਅੇਮ (Aspartame); ਇਸ ਦੇ ਵਪਾਰਕ ਨਾਮ ਹਨ ਇਕੂਅਲ ਨਿਊਟਰਸਵੇਟ ਕੈਂਡਰਲ ਅਤੇ ਸ਼ੂਗਰ ਟਵਿਨ ਏਸ ਦਾ ਐਡਿਟਿਵ ਨੰਬਰ ਹੈ 951, ਇਹ ਆਮ ਖੰਡ ਨਾਲੋਂ 200 ਗੁਣਾ ਮਿੱਠਾ ਹੈ। ਵਿਸ਼ਵ ਸਿਹਤ ਸੰਗਠਨ ਅਨੁਸਾਰ ਇਸ ਦਾ ਸਿੱਧਾ ਅਸਰ ਲਿਵਰ ’ਤੇ ਦੇਖਣ ਨੂੰ ਮਿਲਿਆ ਹੈ। ਇਸ ਵੇਲੇ ਇਹ ਸਮਝਣ ਦੀ ਲੋੜ ਹੈ ਕਈਆਂ ’ਤੇ ਤਾਂ ਇਸ ਦਾ ਨੰਬਰ ਲਿਖਿਆ ਹੈ, ਪਰ ਕਈ ਥਾਈਂ ਸਵੀਟਨਰ ਹੀ ਲਿਖਿਆ ਹੈ। ਇਸ ਨੂੰ ਬਣਾਉਣ ਵਾਲੇ ਕਹਿੰਦੇ ਹਨ ਜੇ 70 ਕਿਲੋ ਦਾ ਮਨੁੱਖ 5 ਲਿਟਰ ਇਕ ਦਿਨ ਵਿੱਚ ਪੀਵੇਗਾ ਤਾਂ ਇਹ ਹਾਨੀਕਾਰਕ ਹੈ। ਇਸ ਦੇ ਇਵਜ਼ ਵਿੱਚ ਵਿਸ਼ਵ ਸਿਹਤ ਸੰਗਠਨ ਨੇ ਕਿਹਾ ਹੈ ਕਿ ਇਹ ਹੋਰ ਖਾਣੇ ਦੇ ਪਦਾਰਥਾਂ ਵਿੱਚ ਵੀ ਮੌਜੂਦ ਹੈ ਜਿਸ ਦਾ ਸੇਵਨ ਲੋਕ ਆਮ ਤੌਰ ’ਤੇ ਕਰਦੇ ਹਨ। ਇਸ ਲਈ ਇਹ ਮਾਤਰਾ ਤੋਂ ਉੱਪਰ ਸਰੀਰ ਵਿਚ ਜਾਣ ਦੀ ਪੂਰੀ ਸੰਭਾਵਨਾ ਹੈ। ਇਸ ਤਰ੍ਹਾਂ ਬਲੈਕ ਪਾਣੀ ਹੈ। ਇਹ ਪਹਾੜੀ ਜੰਗਲਾਂ ਵਿੱਚ ਡਿੱਗੇ ਹੋਏ ਪੱਤਿਆਂ ਦਾ ਅਰਕ (ਰਸ) ਇਕੱਠਾ ਕੀਤਾ ਜਾਂਦਾ ਹੈ ਜਿਸ ਨੂੰ ਸਿਹਤ ਲਈ ਵਧੀਆ ਗਿਣਿਆ ਗਿਆ ਹੈ। ਇਸ ਵਿੱਚ ਵੀ ਸਵੀਟਨਰ ਪਾਇਆ ਗਿਆ ਹੈ ਪਰ ਲੇਬਲ ਤੇ ਕੁਝ ਨਹੀਂ ਲਿਖਿਆ ਕਿ ਉਸ ਦਾ ਨੰਬਰ ਕੀ ਹੈ। ਇਸ ਵੇਲੇ ਕਾਪਰ ਵਾਲਾ ਪਾਣੀ ਵੀ ਮਾਰਕੀਟ ਵਿਚ ਹੈ ਜਿਸ ਵਿੱਚ ਕਾਪਰ ਸਲਫੇਟ (ਨੀਲਾ ਥੋਥਾ) (0.00041%) ਹੈ।

ਜੂਸ ਵਿੱਚ ਕੁਦਰਤੀ ਸ਼ੂਗਰ ਹੁੰਦੀ ਹੈ। ਉਹ ਵੀ ਜਦੋਂ ਇਕਦਮ ਸਰੀਰ ਵਿੱਚ ਜਾਂਦੀ ਹੈ ਤਾਂ ਕਈ ਵਾਰ ਵਾਧੂ ਹੋਣ ਕਰ ਕੇ ਵਰਤੀ ਨਹੀਂ ਜਾਂਦੀ ਅਤੇ ਫੈਟ ਦੇ ਰੂਪ ਵਿੱਚ ਸਰੀਰ ਵਿੱਚ ਜਮ੍ਹਾਂ ਹੋ ਜਾਂਦੀ ਹੈ। ਇਸ ਵੇਲੇ ਜਿਹੜੇ ਡੱਬਾ ਬੰਦ ਜੂਸ ਆ ਰਹੇ ਹਨ, ਇਨ੍ਹਾਂ ਵਿੱਚ ਕੁਦਰਤੀ ਮਿੱਠੇ ਨਾਲ ਅਸਪਾਰਟਮ ਪਾਈ ਜਾਂਦੀ ਹੈ। ਇਸ ਨੂੰ ਮਿੱਠਾ ਕਰ ਕੇ ਇਸ ਦਾ ਸਵਾਦ ਅਤੇ ਤਾਜ਼ਾ ਰੱਖਣ ਲਈ ਇਸ ਵਿੱਚ ਸੋਡੀਅਮ ਬੈਨਜੋਓਏਟ (Sodium Benzoate (211) ਬੈਨਜੋਇਕ ਐਸਿਡ, ਸਲਫਰ ਡਾਇਅਕਸਾਈਡ, ਸੋਰਬਿਕ ਐਸਿਡ, ਸੋਡੀਅਮ ਕਾਰਬੋਕਸੀਮੀਥਾਈਲ ਸੇਲੂਲੋਸ ਵਰਗੇ ਰਸਾਇਣ ਪਾਏ ਜਾਂਦੇ ਹਨ। ਇਸ ਵਿੱਚ ਘੋਖਣ ਵਾਲੀ ਗੱਲ ਹੈ ਕਿ ਸੋਡੀਅਮ ਬੈਨਜੋਓਏਟ ਬਦਲ ਜਾਂਦਾ ਹੈ। ਬੈਨਜ਼ੀਨ ਕੈਂਸਰ ਕਰ ਸਕਦਾ ਹੈ।

ਇਮਊਨੀਜ਼ ਅਤੇ ਐੱਮਐੱਸਜੀ (ਮੋਨੋਸੋਡੀਅਮ ਗਲੂਟਾਮੇਟ): ਇਹ ਤਕਰੀਬਨ ਸਾਰੇ ਜੰਕ ਫੂਡ ਜਿਵੇਂ ਬਰਗਰ, ਪਿਜ਼ਾ, ਪਾਸਤਾ, ਸੈਂਡਵਿਚ ਆਦਿ ਦੇ ਨਾਲ-ਨਾਲ ਚਿਪਸ, ਸੂਪ ਫਾਸਟ-ਡੱਬਾ ਬੰਦ ਭੋਜਨ ਆਦਿ ਵਿੱਚ ਪੈਂਦੇ ਹਨ। ਮਿਓਨੀਜ਼ ਤਾਂ ਤਕਰੀਬਨ ਘਰਾਂ ਵਿੱਚ ਵੀ ਸੈਂਡਵਿਚ ਜਾਂ ਫਿਰ ਪਾਸਤਾ, ਪਿਜ਼ਾ ਆਦਿ ਲਈ ਵਰਤੇ ਜਾਂਦੇ ਹਨ। ਇਸ ਵਿੱਚ ਸੈਚੂਰੇਟਡ ਫੈਟ ਹੋਣ ਕਾਰਨ ਇਹ ਕੋਲੈਸਟਰੋਲ ਵਧਾਉਂਦੀ ਹੈ। ਐੱਮਐੱਸਜੀ ਜਾਂ ਅਜੀਨੋ ਮੋਟੋ ਇਹ ਚੀਨੀ ਮਾਲਟ ਹੈ ਜੋ ਸਵਾਦ ਵਧਾਉਂਦਾ ਹੈ, ਇਹ ਘਰ ਦੀ ਰਸੋਈ ਵਿੱਚ ਵੀ ਵੜ ਚੁੱਕਾ ਹੈ। ਇਸ ਦਾ ਸੇਵਨ ਦਿਮਾਗ ਦੇ ਖੁਸ਼ੀ ਵਾਲੇ ਹਿੱਸੇ ਨੂੰ ਉਤੇਜਿਤ ਕਰ ਦਿੰਦਾ ਜਿਸ ਕਾਰਨ ਇਸ ਦੀ ਆਦਤ ਪੈ ਜਾਂਦੀ ਹੈ।

ਕੜਿ੍ਹਆ ਤੇਲ: ਪੁਰਾਣੇ ਜੰਕ ਫੂਡ ਭਾਵ ਸਮੋਸੇ, ਟਿੱਕੀ, ਭਟੂਰੇ, ਪੂਰੀ ਛੋਲੇ ਇਹ ਸਭ ਦੀ ਵੀ ਸ਼ਹਿਰਾਂ ਵਿੱਚ ਵਿਕਰੀ ਕਈ ਗੁਣਾ ਵਧ ਚੁੱਕੀ ਹੈ। ਇਸ ਵਿੱਚ ਕਦੇ ਨੋਟ ਕਰ ਕੇ ਦੇਖੋ ਕੇ ਜਿਸ ਤੇਲ ਵਿੱਚ ਤਲੇ ਜਾਂਦੇ ਹਨ, ਉਹ ਕਾਲਾ ਹੋਇਆ ਹੁੰਦਾ ਹੈ। ਇਸ ਦਾ ਮਤਲਬ ਹੈ ਉਹ ਤੇਲ ਵਾਰ-ਵਾਰ ਗਰਮ ਹੋ ਕੇ ਕੜ੍ਹੀ ਜਾਂਦਾ ਹੈ। ਇਸ ਨਾਲ ਕਈ ਤਰ੍ਹਾਂ ਦੇ ਖ਼ਤਰਨਾਕ ਰਸਾਇਣ ਬਣਦੇ ਹਨ ਜਿਵੇਂ ਪਾਲੀਸਾਈਕਲਿਕ ਐਰੋਮੈਟਿਕ ਹਾਈਡਰੋਕਾਰਬਨ; ਇਨ੍ਹਾਂ ਵਿੱਚ ਕਈਆਂ ਨੂੰ Carcinogenic (ਕੈਂਸਰ ਕਰਨ ਵਾਲਾ) ਪਾਇਆ ਗਿਆ ਹੈ। ਇਥੋਂ ਤੱਕ ਇਨ੍ਹਾਂ ਦੇ ਸੇਵਨ ਜਾਂ ਇਸ ਨੂੰ ਲਗਾਤਾਰ ਸੁੰਘਣ ਨਾਲ ਵੀ ਜੀਨੋਟਾਕਸਿਕ, ਮੁਟਾਜੀਨਿਕ ਅਤੇ ਰਸੌਲੀ ਜੀਨੋਟਾਕਸਿਕ ਆਦਿ ਕਈ ਤਰ੍ਹਾਂ ਦੇ ਕੈਂਸਰ ਬਣਦੇ ਹਨ।

ਬਨਾਉਟੀ ਖ਼ੁਰਾਕ: ਚੌਲਾਂ ਨੂੰ ਜਦੋਂ ਪ੍ਰਾਸੈੱਸ ਭਾਵ ਪਾਲਿਸ਼ ਕੀਤਾ ਜਾਂਦਾ ਹੈ ਤਾਂ ਉਸ ਤੋਂ ਤਕਰੀਬਨ ਸਾਰੇ ਵਿਟਾਮਿਨ ਉਤਾਰ ਦਿੱਤੇ ਜਾਂਦੇ ਹਨ। ਫਿਰ ਆਰਟੀਫੀਸ਼ੀਅਲ ਵਿਟਾਮਿਨ ਉਸ ਵਿੱਚ ਪਾਏ ਜਾਂਦੇ ਹਨ। ਇਸ ਨੂੰ ਫੋਰਟੀਫਾਈਡ ਚੌਲ ਕਹਿੰਦੇ ਹਨ। ਹੁਣ ਕੌਫੀ ਅਤੇ ਚਾਹ ਲੈਬ ਵਿੱਚ ਤਿਆਰ ਹੋਵੇਗੀ। ਅਮਰੀਕੀ ਕੰਪਨੀ ਅਟੋਮਾ ਮੋਲੀਕੂਲਰ ਨੇ ਸਿੰਥੇਟਿਕ ਕੌਫੀ ਬਣਾਈ ਹੈ ਜਿਸ ਵਿੱਚ ਕੋਈ ਆਰਗੈਨਿਕ ਤਾਂ ਛੱਡੋ, ਕੌਫ਼ੀ ਬੀਨਜ਼ ਵੀ ਨਹੀਂ ਵਰਤੇ ਜਾਣਗੇ। ਸਿੰਥੈਟਿਕ ਦੁੱਧ ਨੇ ਪਹਿਲਾਂ ਹੀ ਡੇਅਰੀ ਦਾ ਧੰਦਾ ਖ਼ਤਮ ਕਰ ਦਿੱਤਾ; ਹੁਣ ਖੇਤੀ ਨੂੰ ਵੀ ਸਿੰਥੈਟਿਕ ਲੈਬ ਵਿੱਚ ਬਣੀਆਂ ਚੀਜ਼ਾਂ ਖ਼ਤਮ ਕਰਨਗੀਆਂ।

ਸੰਪਰਕ: 96537-90000

Advertisement
×