ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਚਿੱਟੇ ਧੂੰਏ ਵਾਲਾ ਇੰਜਨੀਅਰ

ਮੇਰਾ ਜਨਮ ਮੱਧ ਵਰਗੀ ਕਿਸਾਨ ਪਰਿਵਾਰ ਵਿੱਚ ਹੋਇਆ। ਬਹੁਤ ਛੋਟਾ ਸੀ ਜਦੋਂ ਬਾਪ ਦਾ ਇੰਤਕਾਲ ਹੋ ਗਿਆ। ਪਰਿਵਾਰ ਨਾਨੇ ਨਾਲ ਨਾਨਕੇ ਘਰ ਰਹਿਣ ਲੱਗਿਆ। ਤੀਜੀ ਜਮਾਤ ਵਿੱਚ ਸੀ ਜਦੋਂ ਸਕੂਲੋਂ ਛੁੱਟੀ ਮਿਲਣ ਤੋਂ ਬਾਅਦ ਨਾਨਾ ਜੀ ਨਾਲ ਖੇਤੀ ਦਾ ਕੰਮ...
Advertisement

ਮੇਰਾ ਜਨਮ ਮੱਧ ਵਰਗੀ ਕਿਸਾਨ ਪਰਿਵਾਰ ਵਿੱਚ ਹੋਇਆ। ਬਹੁਤ ਛੋਟਾ ਸੀ ਜਦੋਂ ਬਾਪ ਦਾ ਇੰਤਕਾਲ ਹੋ ਗਿਆ। ਪਰਿਵਾਰ ਨਾਨੇ ਨਾਲ ਨਾਨਕੇ ਘਰ ਰਹਿਣ ਲੱਗਿਆ। ਤੀਜੀ ਜਮਾਤ ਵਿੱਚ ਸੀ ਜਦੋਂ ਸਕੂਲੋਂ ਛੁੱਟੀ ਮਿਲਣ ਤੋਂ ਬਾਅਦ ਨਾਨਾ ਜੀ ਨਾਲ ਖੇਤੀ ਦਾ ਕੰਮ ਕਾਰ ਕਰਾਉਣ ਲੱਗ ਪਿਆ। ਕਾਲਜ ਪੜ੍ਹਨ ਲੱਗਿਆ ਤਾਂ ਅਣਜਾਣ ਸੀ ਕਿ ਕਿਹੜੇ ਵਿਸ਼ਿਆਂ ਵਿੱਚ ਪੜ੍ਹਾਈ ਕਰਨੀ ਹੈ, ਉਸ ਸਮੇਂ ਸਲਾਹ ਦੇਣ ਵਾਲਾ ਵੀ ਕੋਈ ਨਹੀਂ ਸੀ। ਮੈਂ ਆਰਟਸ ਵਿੱਚ ਬੀਏ ਕਰ ਲਈ। ਕੋਈ ਨੌਕਰੀ ਨਹੀਂ ਮਿਲੀ। ਜਦੋਂ ਵੀ ਕਿਤੇ ਨੌਕਰੀ ਲਈ ਜਾਂਦਾ ਤਾਂ ਨਾਂਹ ਸਾਹਮਣੇ ਹੁੰਦੀ। ਹਰ ਕੋਈ ਕਹਿੰਦਾ- ਤੁਸੀਂ ਇੰਜਨੀਅਰਿੰਗ ਜਾਂ ਡਾਕਟਰੀ ਕਰ ਕੇ ਆਉਣਾ ਸੀ। ਇਹ 1970-80 ਵਾਲੇ ਦਹਾਕੇ ਦੀ ਗੱਲ ਹੈ।

ਜੀਜਾ ਦੀ ਮਰਚੈਂਟ ਨੇਵੀ ਵਿੱਚ ਇੰਜਨੀਅਰ ਸਨ। ਉਨ੍ਹਾਂ ਨਾਲ ਸਮੁੰਦਰੀ ਜਹਾਜ਼ਾਂ ਵਿੱਚ ਨੌਕਰੀ ਦੀ ਗੱਲ ਕੀਤੀ। ਹਾਂਗਕਾਂਗ ਦੀ ਇੱਕ ਕੰਪਨੀ ਤੱਕ ਪਹੁੰਚ ਕੀਤੀ ਪਰ ਸਰਕਾਰੀ ਨੁਕਤੇ ਬਹੁਤ ਜਾਨਦਾਰ ਸਨ ਜੋ ਮੈਂ ਪਾਰ ਨਾ ਕਰ ਸਕਿਆ। ਕੁਝ ਕਾਨੂੰਨੀ ਅੜਿੱਕੇ ਆ ਗਏ ਤੇ ਬਾਹਰ ਜਾਣ ਦੀ ਐੱਨਓਸੀ ਨਾ ਮਿਲੀ। ਸਾਰਾ ਕੁਝ ਧਰਿਆ ਧਰਾਇਆ ਰਹਿ ਗਿਆ। ਚਾਰ ਪੰਜ ਹੋਰ ਕੰਪਨੀਆਂ ਵਿੱਚ ਵੀ ਹੱਥ ਪੱਲਾ ਮਾਰਿਆ ਪਰ ਗੱਲ ਕਿਸੇ ਤਣ ਪੱਤਣ ਨਾ ਲੱਗੀ। ਪਿੰਡ ਖੇਤੀ ਕਰਦਾ ਰਿਹਾ।

Advertisement

ਇੱਕ ਵਾਰ ਜੀਜਾ ਜੀ ਨਾਲ ਮੇਰੀ ਭੈਣ ਵੀ ਜਹਾਜ਼ ਵਿੱਚ ਗਈ ਹੋਈ ਸੀ। ਉਨ੍ਹਾਂ ਜਹਾਜ਼ ਦੇ ਕਪਤਾਨ ਨਾਲ ਮੇਰੀ ਨੌਕਰੀ ਬਾਰੇ ਗੱਲ ਤੋਰ ਲਈ। ਕਪਤਾਨ ਸਾਹਿਬ ਕਹਿੰਦੇ ਕਿ ਉਹਦੀ ਮੁੰਬਈ ਸਬ ਆਫਿਸ ਵਿੱਚ ਡਿਊਟੀ ਲੱਗੇਗੀ ਤਾਂ ਉਹ ਐੱਨਓਸੀ ਲੈ ਕੇ ਦੇ ਦੇਵੇਗਾ। ਇਉਂ ਕਰਦੇ-ਕਰਾਉਂਦੇ ਮੈਨੂੰ ਚਿੱਠੀ ਆ ਗਈ ਪਰ ਉਦੋਂ ਫਿਰ ਪਾਸਪੋਰਟ ਤਿਆਰ ਨਹੀਂ ਸੀ। ਪਾਸਪੋਰਟ ਬਣਨ ਲਈ ਭੇਜਿਆ ਤਾਂ ਪੁਲੀਸ ਨੇ ਕਿਸੇ ਕਾਰਨ ਰੋਕ ਲਵਾ ਦਿੱਤੀ। ਇਹ ਮਸਲਾ ਕੋਰਟ ਕਚਹਿਰੀ ਤੱਕ ਪਹੁੰਚ ਕੇ ਹੱਲ ਹੋਇਆ ਅਤੇ ਜਹਾਜ਼ ਵਿੱਚ ਕੰਮ ਸ਼ੁਰੂ ਹੋ ਗਿਆ।

ਇੰਜਨੀਅਰ ਬਣਨ ਦੀ ਲਾਲਸਾ ਸੀ ਤੇ ਇੰਜਣ ਰੂਮ ਵਿੱਚ ਹੀ ਡਿਊਟੀ ਮਿਲ ਗਈ। ਕੰਮ ਸਿੱਖਣਾ ਚਾਲੂ ਹੋ ਗਿਆ। ਆਪਣੀ ਡਿਊਟੀ ਤੋਂ ਇਲਾਵਾ ਖਾਲੀ ਸਮੇਂ ਦੋਰਾਨ ਇੰਜਨੀਅਰਾਂ ਨਾਲ ਡਿਊਟੀ ਲਗਵਾ ਲੈਂਦਾ। ਇਉਂ ਕੰਮ ਕਰਦੇ ਨੂੰ 36 ਮਹੀਨੇ ਹੋ ਗਏ। ਕਾਨੂੰਨ ਹੈ ਕਿ ਜਿਹੜਾ ਆਦਮੀ 36 ਮਹੀਨੇ ਜਹਾਜ਼ ਵਿੱਚ ਜਿਸ ਵਰਗ ਵਿੱਚ ਲਗਾ ਲਵੇ, ਉਹ ਉਸ ਦਾ ਸਰਟੀਫਿਕੇਟ ਸਰਕਾਰ ਤੋਂ ਲੈਣ ਦੇ ਕਾਬਿਲ ਹੋ ਜਾਂਦਾ ਹੈ। ਇੱਥੇ ਇਹ ਦੱਸਣਾ ਜ਼ਰੂਰੀ ਹੈ ਕਿ ਸਮੁੰਦਰੀ ਜਹਾਜ਼ ਵਿੱਚ ਸਿੱਧਾ ਅਫਸਰ ਕੋਈ ਭਰਤੀ ਨਹੀਂ ਕੀਤਾ ਜਾਂਦਾ। ਜਹਾਜ਼ ਵਿੱਚ ਕੰਮ ਕਰਨ ਤੋਂ ਬਾਅਦ ਹੀ ਅਹੁਦੇ ਵੰਡੇ ਜਾਂਦੇ।

ਮੈਂ ਇੰਜਨੀਅਰ ਦਾ ਤਜਰਬਾ ਹਾਸਲ ਕਰ ਕੇ ਇਮਤਿਹਾਨ ਦੇਣਾ ਸੀ ਜਿਹੜਾ ਮੌਖਿਕ ਹੀ ਹੁੰਦਾ ਹੈ। ਮੌਖਿਕ ਰੂਪ ਵਿੱਚ ਹੀ ਦੋ ਚਾਰ ਸਵਾਲ ਪੁੱਛਦੇ ਹਨ ਤੇ ਕੰਮ ਬਣ ਜਾਂਦਾ ਹੈ।... ਇਮਤਿਹਾਨ ਲਈ ਮੁੱਖ ਇੰਜਨੀਅਰ ਸਾਹਮਣੇ ਜਾ ਬੈਠੇ। ਉਨ੍ਹਾਂ ਪਹਿਲਾਂ ਸਵਾਲ ਕੀਤਾ- ਤੁਸੀਂ ਜਦੋਂ ਡਿਊਟੀ ’ਤੇ ਆਓਗੇ, ਜੋ ਪਹਿਲਾਂ ਡਿਊਟੀ ਨਿਭਾਅ ਰਿਹਾ ਹੈ, ਉਸ ਤੋਂ ਕੀ ਪੁੱਛੋਗੇ?

ਮੈਂ ਕਿਹਾ- ਮੈਂ ਪਹਿਲਾਂ ਬਾਹਰ ਜਾ ਕੇ ਜਹਾਜ਼ ਦਾ ਧੂੰਆਂ ਦੇਖਾਂਗਾ, ਕਿਸ ਰੰਗ ਦਾ ਹੈ। ਫਿਰ ਆਪਣੇ ਸਾਥੀ ਤੋਂ ਇਸ ਦਾ ਕਾਰਨ ਪੁੱਛਾਂਗਾ। ਦੂਜਾ ਸਵਾਲ ਸੀ- ਕਿਹੜਾ ਧੂੰਆਂ ਕਿਸ ਕਾਰਨ ਆਉਂਦਾ ਹੈ, ਇਹ ਜਾਣਕਾਰੀ ਹੈ? ਮੈਂ ਕਿਹਾ- ਭੂਰਾ ਤੇ ਕਾਲਾ ਧੂੰਆਂ ਖ਼ਤਰਨਾਕ ਹੈ, ਇਸ ਦਾ ਕਾਰਨ ਹੈ ਇੰਜਣ ਵਿੱਚ ਕੋਈ ਨਾ ਕੋਈ ਖ਼ਰਾਬੀ ਹੈ। ਹਰ ਸਮੇਂ ਚਿੱਟਾ ਧੂੰਆਂ ਹੀ ਆਉਣਾ ਚਾਹੀਦਾ ਹੈ।

ਸਾਹਿਬ ਨੇ ਮੈਨੂੰ ਸ਼ਾਬਾਸ਼ ਦਿੱਤੀ ਤੇ ਚਿੱਟੇ ਧੂੰਏ ਨੇ ਮੈਨੂੰ ਇੰਜਨੀਅਰ ਬਣਾ ਦਿੱਤਾ। ਉਸ ਤੋਂ ਬਾਅਦ 30 ਸਾਲ ਨੌਕਰੀ ਕੀਤੀ। ਇੱਕ ਲੰਕਾ ਨੂੰ ਛੱਡ ਕੇ ਬਾਕੀ ਜਿੰਨੇ ਮੁਲਕ ਸਮੁੰਦਰ ਨਾਲ ਲੱਗਦੇ ਹਨ, ਉੱਥੋਂ ਦੀ ਸੈਰ ਹੋ ਗਈ। ਮੋਟੀ ਕਮਾਈ ਵੀ ਹੋ ਗਈ। ਤੁਸੀਂ ਵੀ ਸੱਤ ਸਮੁੰਦਰਾਂ ਦੀ ਸੈਰ ਅਤੇ ਮੋਟੀ ਕਮਾਈ ਕਰ ਸਕਦੇ ਹੋ।

ਸੰਪਰਕ: 99148-80392

Advertisement
Show comments