DT
PT
About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਕਿੱਥੇ ਗਏ ਚਿੱਟੀਆਂ ਘੁੱਗੀਆਂ ਵਾਲੇ ਅਸਮਾਨੀ ਝੰਡੇ?

ਅਭੈ ਸਿੰਘ ਇਹ ਅਮਨ ਦੇ ਸੰਘਰਸ਼ਾਂ ਦੇ ਝੰਡਿਆਂ ਦੇ ਨਿਸ਼ਾਨ ਹਨ ਜੋ ਹੁਣ ਕਿਧਰੇ ਵੀ ਝੁੱਲਦੇ ਤੇ ਲਲਕਾਰੇ ਮਾਰਦੇ ਦਿਖਾਈ ਨਹੀਂ ਦਿੰਦੇ। ਕਦੇ ਕੌਮਾਂਤਰੀ ਅਮਨ ਸੰਸਥਾ ਹੁੰਦੀ ਸੀ ਜਿਸ ਦੇ ਅਹੁਦੇਦਾਰ ਆਮ ਤੌਰ ’ਤੇ ਸੋਵੀਅਤ ਪੱਖੀ ਹੁੰਦੇ ਸਨ। ਇਸ ਸੰਸਥਾ...
  • fb
  • twitter
  • whatsapp
  • whatsapp
Advertisement
ਅਭੈ ਸਿੰਘ

ਇਹ ਅਮਨ ਦੇ ਸੰਘਰਸ਼ਾਂ ਦੇ ਝੰਡਿਆਂ ਦੇ ਨਿਸ਼ਾਨ ਹਨ ਜੋ ਹੁਣ ਕਿਧਰੇ ਵੀ ਝੁੱਲਦੇ ਤੇ ਲਲਕਾਰੇ ਮਾਰਦੇ ਦਿਖਾਈ ਨਹੀਂ ਦਿੰਦੇ। ਕਦੇ ਕੌਮਾਂਤਰੀ ਅਮਨ ਸੰਸਥਾ ਹੁੰਦੀ ਸੀ ਜਿਸ ਦੇ ਅਹੁਦੇਦਾਰ ਆਮ ਤੌਰ ’ਤੇ ਸੋਵੀਅਤ ਪੱਖੀ ਹੁੰਦੇ ਸਨ। ਇਸ ਸੰਸਥਾ ਦੀਆਂ ਕਾਨਫਰੰਸਾਂ ਵਿਚ ਖੁੱਲ੍ਹੇ ਅਸਮਾਨ ਵਿਚ ਚਿੱਟੀਆਂ ਘੁੱਗੀਆਂ ਤੇ ਕਬੂਤਰ ਛੱਡੇ ਜਾਂਦੇ ਸਨ। ਇਹ ਇਸ ਗੱਲ ਦਾ ਪ੍ਰਤੀਕ ਸੀ ਕਿ ਅਸੀਂ ਆਪਣੇ ਆਸਮਾਨਾਂ ਨੂੰ ਬੰਬਾਂ ਤੇ ਗੋਲਿਆਂ ਤੋਂ ਮੁਕਤ ਰੱਖੀਏ ਤਾਂ ਜੋ ਇਹ ਪੰਛੀ ਆਜ਼ਾਦੀ ਨਾਲ ਬਿਨਾ ਕਿਸੇ ਖ਼ੌਫ਼ ਦੇ ਉਡਾਰੀ ਭਰ ਸਕਣ। ਅਸਮਾਨੀ ਝੰਡੇ ਉਪਰ ਚਿੱਟੀ ਘੁੱਗੀ ਦਾ ਨਿਸ਼ਾਨ ਵੀ ਇਸੇ ਦਾ ਪ੍ਰਤੀਕ ਸੀ। ਹਰ ਸਾਲ 6 ਅਗਸਤ ਨੂੰ ਹੀਰੋਸ਼ੀਮਾ ਨਾਗਾਸਾਕੀ ਦਿਵਸ ਮਨਾਇਆ ਜਾਂਦਾ ਸੀ। ਇਕ ਪੁਰਾਣੀ ਤਸਵੀਰ ਵਿਚ ਜਵਾਹਰ ਲਾਲ ਨਹਿਰੂ ਤੇ ਚਾਓ ਐਨ ਲਾਈ ਚਿੱਟੀਆਂ ਘੁੱਗੀਆਂ ਅਸਮਾਨ ਵਿਚ ਛੱਡਦੇ ਦਿਖਾਈ ਦਿੰਦੇ ਸਨ। ਕਈ ਵਾਰ ਵਿਦੇਸ਼ੀ ਮਹਿਮਾਨਾਂ ਦੀ ਆਮਦ ਉਪਰ ਉਨ੍ਹਾਂ ਦਾ ਸਵਾਗਤ ਇਸੇ ਰਸਮ ਨਾਲ ਕੀਤਾ ਜਾਂਦਾ ਸੀ। ਹੁਣ ਇਹ ਸਭ ਬੀਤੇ ਦੀਆਂ ਗੱਲਾਂ ਲਗਦੀਆਂ ਹਨ। ਸ਼ਾਇਦ ਹੁਣ ਅਮਨ ਦੀ ਜ਼ਰੂਰਤ ਨਹੀਂ ਰਹਿ ਗਈ, ਸਾਡੀਆਂ ਤਰਜੀਹਾਂ ਕੁਝ ਹੋਰ ਹੋ ਗਈਆਂ ਜਾਪਦੀਆਂ ਹਨ।

Advertisement

ਅਮਨ ਕਾਨਫਰੰਸਾਂ ਵਿਚ ਆਮ ਹੀ ਇਹ ਮੰਗ ਉੱਠਦੀ ਸੀ ਕਿ ਦੁਨੀਆ ਦੇ ਸਾਰੇ ਦੇਸ਼ ਪਰਮਾਣੂ ਹਥਿਆਰ ਖ਼ਤਮ ਕਰਨ। ਜਿਤਨੀ ਦੇਰ ਇਹ ਹਥਿਆਰ ਮੁਕੰਮਲ ਤੌਰ ’ਤੇ ਖ਼ਤਮ ਨਹੀਂ ਕੀਤੇ ਜਾ ਸਕਦੇ, ਇਨ੍ਹਾਂ ਉਪਰ ਕੁਝ ਪਾਬੰਦੀਆਂ ਤੇ ਸੀਮਾ ਨਿਰਧਾਰਨ ਦੇ ਆਲਮੀ ਸਮਝੌਤੇ ਵੀ ਹੋਏ। ਇਨ੍ਹਾਂ ਸਮਝੌਤਿਅ ਦੀ ਹੁਣ ਕੋਈ ਵੁੱਕਤ ਨਹੀਂ ਰਹਿ ਗਈ। ਦੁੱਖ ਦੀ ਗੱਲ ਹੈ ਕਿ ਜਿਹੜੇ ਦੇਸ਼ ਦੁਨੀਆ ਭਰ ਵਿੱਚੋਂ ਪਰਮਾਣੂ ਹਥਿਆਰ ਖ਼ਤਮ ਕਰਨ ਦੀ ਲਹਿਰ ਦੇ ਮੋਹਰੀ ਸਨ, ਉਹ ਖੁਦ ਹੀ ਪਰਮਾਣੂ ਸ਼ਕਤੀਆਂ ਬਣ ਗਏ ਤੇ ਇਸ ਉਪਰ ਮਾਣ ਵੀ ਕਰ ਰਹੇ ਹਨ। ਜਦੋਂ ਸਾਬਕਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨੇ ਪੋਖਰਾਨ ਵਿਚ ਪਹਿਲਾ ਪਰਮਾਣੂ ਧਮਾਕਾ ਕੀਤਾ ਤਾਂ ਇਹ ਇਕਰਾਰ ਵਾਰ-ਵਾਰ ਦੁਹਰਾਇਆ ਗਿਆ ਸੀ ਕਿ ਇਸ ਦਾ ਇਸਤੇਮਾਲ ਜੰਗੀ ਕਾਰਵਾਈਆਂ ਵਾਸਤੇ ਨਹੀਂ ਕੀਤਾ ਜਾਵੇਗਾ, ਇਹ ਸਿਰਫ਼ ਸਨਅਤੀ ਵਿਕਾਸ ਵਾਸਤੇ ਵਰਤੋਂ ਵਿਚ ਲਿਆਂਦਾ ਜਾਵੇਗਾ ਲੇਕਿਨ ਬਾਅਦ ਵਿਚ ਜਦੋਂ ਅਟਲ ਬਿਹਾਰੀ ਵਾਜਪਾਈ ਵੇਲੇ ਉਸੇ ਜਗ੍ਹਾ ਤਿੰਨ ਧਮਾਕੇ ਕੀਤੇ ਤਾਂ ਫਖ਼ਰ ਨਾਲ ਐਲਾਨ ਕੀਤਾ ਕਿ ਹੁਣ ਭਾਰਤ ਵੀ ਪਰਮਾਣੂ ਮਿਜ਼ਾਈਲ ਵਾਲਾ ਮੁਲਕ ਹੋਵੇਗਾ। ਤੁਰੰਤ ਬਾਅਦ ਪਾਕਿਸਤਾਨ ਨੇ ਪੰਜ ਧਮਾਕੇ ਕੀਤੇ। ਕਾਫੀ ਦੇਰ ਦੋਵੇਂ ਦੇਸ਼ ਇਕ ਦੂਜੇ ਨੂੰ ਇਸੇ ਕਰ ਕੇ ਦੂਰ ਰਹਿਣ ਦੀ ਗੱਲ ਕਰਦੇ ਸਨ ਕਿ ਉਹ ਹੁਣ ਦੋਵੇਂ ਪਰਮਾਣੂ ਹਥਿਆਰਾਂ ਵਾਲੇ ਮੁਲਕ ਹਨ।

ਇਸ ਤੋਂ ਬਾਅਦ ਦੁਨੀਆ ਵਿਚ ਪਰਮਾਣੂ ਹਥਿਆਰ ਖ਼ਤਮ ਕਰਨ ਦਾ ਅੰਦੋਲਨ ਅਤੇ ਸੰਸਾਰ ਅਮਨ ਦਾ ਅੰਦੋਲਨ ਕਮਜ਼ੋਰ ਪੈ ਗਿਆ। ਅਹਿੰਸਾ ਪਰਮੋ ਧਰਮ ਦਾ ਨਾਅਰਾ ਦੇਣ ਵਾਲੇ ਅਹਿੰਸਾ ਦੇ ਪੂਜਕ ਮਹਾਤਮਾ ਗਾਂਧੀ ਨੂੰ ਬਾਪੂ ਮੰਨਣ ਵਾਾਲੇ ਦੇਸ਼ ਵਿਚ ਵੀ 26 ਜਨਵਰੀ ਦੀਆਂ ਪਰੇਡਾਂ ਵਿਚ ਭਾਰੀ ਜੰਗੀ ਹਥਿਆਰ ਤੇ ਵੱਖ-ਵੱਖ ਤਰ੍ਹਾਂ ਦੀਆਂ ਮਾਰੂ ਮਿਜ਼ਾਇਲਾਂ ਦੀਆਂ ਝਾਕੀਆਂ ਨਿਕਲਦੀਆਂ ਹਨ। ਹੋਰ ਦੇਸ਼ਾਂ ਵਿਚ ਵੀ ਇਸੇ ਤਰ੍ਹਾਂ ਹੁੰਦਾ ਹੈ। ਸ਼ਾਇਦ ਦੁਨੀਆ ਦੇ ਹਰ ਦੇਸ਼ ਨੂੰ ਆਪਣੇ ਮਾਰੂ ਹਥਿਆਰਾਂ ਉੱਪਰ ਹੀ ਸਭ ਤੋਂ ਵੱਧ ਮਾਣ ਹੋਵੇ ਜੋ ਵੱਡੀ-ਵੱਡੀ ਇਨਸਾਨੀ ਆਬਾਦੀ ਨੂੰ ਜਾਨੋਂ ਮਾਰ ਸਕਦੇ ਹਨ ਤੇ ਬਹੁਤ ਮਿਹਨਤਾਂ ਨਾਲ ਬਣਾਏ ਮਕਾਨ ਤੇ ਹੋਰ ਇਮਾਰਤਾਂ ਖੰਡਰ ਬਣਾ ਸਕਣ ਦੀ ਸਮਰੱਥਾ ਰੱਖਦੇ ਹਨ। ਪਤਾ ਨਹੀਂ ਕਦੋਂ ਤੱਕ ਦੁਨੀਆ ਵਿਚ ਇਹ ਪੁਰਾਣਾ ਦਸਤੂਰ ਚੱਲਦਾ ਰਹੇਗਾ ਜਿਸ ਵਿਚ ਆਏ ਮੁੱਖ ਵਿਦੇਸ਼ੀ ਮਹਿਮਾਨ ਦਾ ਸਵਾਗਤ ਬੰਦੂਕਾਂ ਵਾਲੇ ਸਿਪਾਹੀਆਂ ਦੀ ਪਰੇਡ ਨਾਲ ਹੁੰਦਾ ਹੈ।

ਅਜਿਹਾ ਮਾਹੌਲ ਬਣ ਗਿਆ ਹੈ ਕਿ ਹਰ ਮੁਲਕ ਆਪਣੀ ਸੁਰੱਖਿਆ ਤੇ ਸਲਾਮਤੀ ਮਾਰੂ ਹਥਿਆਰਾਂ ਦੀ ਸਮਰੱਥਾ ਵਿਚ ਹੀ ਸਮਝਦਾ ਹੈ, ਦੂਜੇ ਦੇਸ਼ਾਂ ਨਾਲ ਦੋਸਤੀ ਤੇ ਚੰਗੇ ਸਬੰਧਾਂ ਵਿਚ ਨਹੀਂ। ਆਪਣੀ ਸੁਰੱਖਿਆ ਪੱਕੀ ਕਰਨ ਵਾਸਤੇ ਜਿਹੜਾ ਜ਼ੋਰ ਗੁਆਂਢੀ ਮੁਲਕਾਂ ਨਾਲ ਚੰਗੇ ਸਬੰਧ ਬਣਾਉਣ, ਝਗੜਿਆਂ ਦੇ ਗੱਲਬਾਤ, ਬਹਿਸਾਂ ਜਾਂ ਸਾਲਸੀ ਤਰੀਕਿਆਂ ਨਾਲ ਹੱਲ ਲੱਭਣ ਲਈ ਲਗਾਇਆ ਜਾਣਾ ਹੁੰਦਾ, ਉਹ ਫੌਜੀ ਸਾਜ਼ੋ-ਸਮਾਨ ਇਕੱਠਾ ਕਰਨ ਵਾਸਤੇ ਲਗਾਇਆ ਜਾਂਦਾ ਹੈ।

ਦੱਸਿਆ ਜਾ ਰਿਹਾ ਹੈ ਕਿ ਭਾਰਤ ਵਿਚ ਸ਼ਸਤਰ ਪੂਜਾ ਦੀ ਰਿਵਾਇਤ ਰਹੀ ਹੈ। ਫਰਾਂਸ ਤੋਂ ਰਾਫੇਲ ਲੜਾਕੂ ਜਹਾਜ਼ ਖਰੀਦਣ ਵੇਲੇ ਸਾਡੇ ਰੱਖਿਆ ਮੰਤਰੀ ਉਥੇ ਗਏ ਤੇ ਜਹਾਜ਼ ਨਾਲ ਪੌੜੀ ਲਗਾ ਕੇ ਉਸ ਉਪਰ ਟਿੱਕਾ ਲਗਾਇਆ, ਕੁਝ ਮੰਤਰ ਵੀ ਉਚਾਰੇ। ਮੋਹਨ ਭਾਗਵਤ ਨੇ ਦੁਸਹਿਰੇ ਦੇ ਤਿਓਹਾਰ ਨੂੰ ਸ਼ਸਤਰ ਪੂਜਾ ਦਿਵਸ ਐਲਾਨਿਆ ਹੈ। ਹੁਣ ਤਾਂ ਇਵੇਂ ਲੱਗਦਾ ਜਿਵੇਂ ਸਾਰੀ ਦੁਨੀਆ ਵਿਚ ਹੀ ਸ਼ਸਤਰ ਪੂਜਾ ਹੁੰਦੀ ਹੈ। ਜਦੋਂ ਦੋ ਦੇਸ਼ਾਂ ਵਿਚ ਕੁਝ ਖੱਟਾਪਣ ਆ ਜਾਵੇ ਤਾਂ ਝਗੜੇ ਦੀ ਵਾਜਬੀਅਤ ਨਹੀਂ ਦੇਖੀ ਜਾਂਦੀ, ਬਸ ਮਾਰੂ ਜੰਗੀ ਸਾਮਾਨ ਦਾ ਲੇਖਾ ਜੋਖਾ ਸ਼ੁਰੂ ਹੋ ਜਾਂਦਾ ਹੈ। ਕੋਈ ਤੀਜਾ ਦੇਸ਼ ਜੇ ਮਦਦ ਕਰਨ ਦੀ ਸੋਚੇ ਤਾਂ ਉਹ ਵੀ ਹਥਿਆਰ ਭੇਜਣ ਦੀ ਹੀ ਗੱਲ ਕਰਦਾ ਹੈ; ਵਿਚ ਪੈ ਕੇ, ਦਲੀਲਾਂ ਸੁਣ ਕੇ ਮਸਲਾ ਹੱਲ ਕਰਵਾਉਣ ਦੀਆਂ ਕੋਸ਼ਿਸ਼ਾਂ ਦਾ ਜਿਵੇਂ ਰਿਵਾਜ ਹੀ ਖ਼ਤਮ ਹੋ ਗਿਆ ਹੈ।

ਸਿਰਫ ਦੋ ਦੇਸ਼ਾਂ ਦੀ ਹੀ ਗੱਲ ਨਹੀਂ, ਕਿਸੇ ਇਕ ਦੇਸ਼ ਅੰਦਰਲਾ ਕੋਈ ਫਿ਼ਰਕਾ ਕਿਸੇ ਬੇਇਨਸਾਫ਼ੀ ਦਾ ਸ਼ਿਕਾਰ ਹੈ ਜਾਂ ਕੁਝ ਲੋਕ ਸਮਝਦੇ ਹੋਣ ਕਿ ਉਹ ਕਿਸੇ ਬੇਇਨਸਾਫ਼ੀ ਦੇ ਸ਼ਿਕਾਰ ਹਨ ਜਾਂ ਉਹ ਸਮਾਜ ਵਿਚ ਕੁਝ ਖਾਸ ਰਾਜਨੀਤਕ ਤੇ ਭੂਗੋਲਿਕ ਤਬਦੀਲੀ ਚਾਹੁੰਦੇ ਹਨ ਤਾਂ ਜਨਤਕ ਲਾਮਬੰਦੀ ਦੀ ਬਜਾਏ ਹਥਿਆਰਾਂ ਉਪਰ ਭਰੋਸਾ ਹੈ। ਇਉਂ ਸ਼ਸਤਰ ਪੂਜਾ ਸਿਰਫ਼ ਆਰਐੱਸਐੱਸ ਹੀ ਨਹੀਂ, ਵੱਖ-ਵੱਖ ਤਰ੍ਹਾਂ ਦੇ ਵੱਖਵਾਦੀ ਤੇ ਕ੍ਰਾਂਤੀਵਾਦੀ ਵੀ ਕਰਦੇ ਹਨ।

ਇਜ਼ਰਾਈਲ ਦੀ ਸਥਾਪਨਾ ਤੋਂ ਬਾਅਦ ਕਰੀਬ 80 ਸਾਲ ਤੋਂ ਫ਼ਲਸਤੀਨ ਭਾਰੀ ਬੇਇਨਸਾਫ਼ੀ ਝੱਲ ਰਹੇ ਹਨ। ਉਹ ਆਪਣੇ ਘਰਾਂ ਤੇ ਖੇਤਾਂ ਤੋਂ ਮਹਿਰੂਮ ਹੋ ਗਏ। ਪਹਿਲਾਂ ਅਰਬ ਮੁਲਕਾਂ ਦੇ ਇਤਿਹਾਦ ਨਾਲ ਜੰਗੀ ਹੱਲ ਲੱਭਣ ਦੀ ਕੋਸ਼ਿਸ਼ ਕੀਤੀ, ਫੇਲ੍ਹ ਹੋਏ ਤੇ ਫਿਰ ਲੰਮਾ ਗੁਰੀਲਾ ਯੁੱਧ ਵੀ ਚਲਾਇਆ। ਫ਼ਲਸਤੀਨੀ ਲੀਡਰ ਯਾਸਰ ਅਰਾਫ਼ਾਤ ਕੌਮਾਂਤਰੀ ਕਾਨਫਰੰਸਾਂ ਵਿਚ ਪਿਸਤੌਲ ਪਹਿਨ ਕੇ ਜਾਂਦਾ ਸੀ। ਹੁਣ 'ਹਮਾਸ' ਦੀ ਨੇ ਹਥਿਆਰਾਂ ਉਪਰ ਟੇਕ ਰੱਖੀ ਹੋਈ ਹੈ। ਇਨ੍ਹਾਂ ਨੇ ਵੱਡਾ ਮਾਅਰਕੇਬਾਜ਼ ਐਕਸ਼ਨ ਕਰ ਕੇ 700 ਲੋਕਾਂ ਨੂੰ ਬੰਦੀ ਬਣਾਇਆ। ਇਸ ਕਾਰਵਾਈ ਵਿਚ ਹਜ਼ਾਰ ਤੋਂ ਉਪਰ ਇਜ਼ਰਾਇਲੀ ਨਾਗਰਿਕ ਮਾਰੇ ਗਏ। ਜਿਹੜੇ ਲੋਕ ਬੰਦੀ ਬਣਾ ਕੇ ਆਪਣੇ ਪਰਿਵਾਰਾਂ ਤੋਂ ਅਲੱਗ ਕੀਤੇ, ਉਨ੍ਹਾਂ ਦਾ ਕੋਈ ਕਸੂਰ ਨਹੀਂ ਸੀ ਤੇ ਮਾਰੇ ਗਏ ਇਜ਼ਰਾਇਲੀ ਨਾਗਰਿਕਾਂ ਦਾ ਵੀ; ਲੇਕਿਨ ਇਸ ਦੇ ਨਾਲ ਹੀ ਇਹ ਵੀ ਕਹਿਣਾ ਪਵੇਗਾ ਕਿ ਇਸ ਦੇ ਰੋਸ ਜਾਂ ਹੱਲ ਵਜੋਂ ਜਿਤਨੀ ਭਿਅੰਕਰ ਜੰਗੀ ਤਬਾਹੀ ਇਜ਼ਰਾਈਲ ਨੇ ਗਾਜ਼ਾ ਪੱਟੀ ਵਿਚ ਕੀਤੀ, ਉਹ ਹੱਕ ਬਨਾਜਬ ਨਹੀਂ ਸੀ। ਸੰਸਾਰ ਨਜ਼ਰੀਆ ਕਾਇਮ ਹੋਣ ਵਾਸਤੇ ਪੂਰਾ ਵਕਤ ਨਹੀਂ ਦਿੱਤਾ। ਬੇਕਸੂਰ ਬੰਦਿਆਂ ਦੇ ਮਾਰੇ ਜਾਣ ਦੇ ਰੋਸ ਵਜੋਂ ਕਈ ਗੁਣਾ ਹੋਰ ਬੇਕਸੂਰ ਬੰਦਿਆਂ ਨੂੰ ਜਾਨੋਂ ਮਾਰ ਦੇਣਾ ਵਾਜਬ ਨਹੀਂ ਮੰਨਿਆ ਜਾ ਸਕਦਾ। ਇਕ ਸਿਰੇ ਤੋਂ ਸਕੂਲਾਂ, ਘਰਾਂ ਤੇ ਹਸਪਤਾਲਾਂ ਨੂੰ ਖੰਡਰ ਬਣਾ ਦਿੱਤਾ ਗਿਆ। ਇਜ਼ਰਾਈਲ ਦੀ ਬਹੁਤ ਵੱਡੀ ਫੌਜੀ ਤਾਕਤ ਹੈ ਜਿਸ ਦਾ ਇਸਤੇਮਾਲ ਬਹੁਤ ਬੇਰਿਹਿਮੀ ਨਾਲ ਕੀਤਾ ਗਿਆ। ਤਬਾਹੀ ਮਚਾਈ ਪਰ ਬੰਦੀ ਨਹੀਂ ਛੁਡਵਾਏ ਜਾ ਸਕੇ ਤੇ ਨਾ ਹੀ ਉਨ੍ਹਾਂ ਦਾ ਥਹੁ-ਪਤਾ ਲੱਗ ਸਕਿਆ। ਮਹਾਂ ਮਾਰੂ ਜੰਗੀ ਹਥਿਆਰ ਵੀ ਸਭ ਕੁਝ ਨਹੀਂ ਕਰ ਸਕਦੇ।

ਰੂਸ ਤੇ ਯੂਕਰੇਨ ਦੀ ਭਿਅੰਕਰ ਲੜਾਈ ਚੱਲ ਰਹੀ ਹੈ। ਪਹਿਲਾਂ ਸਦੀਆਂ ਤੱਕ ਦੋਵੇਂ ਦੇਸ਼ ਇਕ ਹੀ ਰੂਸੀ ਸਾਮਰਾਜ ਦਾ ਹਿੱਸਾ ਰਹੇ, ਫਿਰ ਕਰੀਬ 80 ਸਾਲ ਦੋਹਾਂ ਦੇਸ਼ਾਂ ਦੇ ਲੋਕ ਇਕ ਹੀ ਸੰਘੀ ਢਾਂਚੇ ਦੇ ਨਾਗਰਿਕ ਸਨ, ਦੋਹਾਂ ਨੇ ਮਿਲ ਕੇ ਨਾਜ਼ੀਵਾਦ ਨਾਲ ਸਖ਼ਤ ਲੜਾਈ ਲੜੀ ਤੇ ਕੁਰਬਾਨੀਆਂ ਦਿੱਤੀਆਂ। ਅੱਜ ਦੋਵੇਂ ਦੇਸ਼ ਇਕ ਦੂਜੇ ਦੇ ਖੂਨ ਦੇ ਪਿਆਸੇ ਹਨ। ਲੱਖਾਂ ਮੌਤਾਂ ਹੋ ਚੁੱਕੀਆਂ ਹਨ, ਇਨਸਾਨੀ ਮਿਹਨਤ ਤੇ ਪਸੀਨੇ ਨਾਲ ਉਸਾਰੀਆਂ ਇਮਾਰਤਾਂ ਖੰਡਰ ਬਣ ਰਹੀਆਂ ਹਨ। ਤਿੰਨ ਸਾਲ ਹੋ ਗਏ, ਲੜਾਈ ਕਿਸੇ ਕੰਢੇ ਨਹੀਂ ਲੱਗ ਰਹੀ।

ਇੱਧਰ ਭਾਰਤ ਤੇ ਪਾਕਿਸਤਾਨ ਵਿਚਕਾਰ ਬਹੁਤ ਚਿੰਤਾਜਨਕ ਕਸ਼ੀਦਗੀ ਚੱਲ ਰਹੀ ਹੈ। ਜੰਮੂ ਕਸ਼ਮੀਰ ਵਿਚ ਹੁਣੇ ਵਾਪਰੀ ਦਹਿਸ਼ਤਵਾਦੀ ਘਟਨਾ ਬਹੁਤ ਦਰਦਨਾਕ ਹੈ, ਸ਼ਾਇਦ ਹੁਣ ਤੱਕ ਹੋਈਆਂ ਅਜਿਹੀਆਂ ਸਭ ਘਟਨਾਵਾਂ ਵਿਚੋਂ ਸਭ ਤੋਂ ਵੱਧ ਦਰਦਨਾਕ ਪਰ ਇਸ ਦਾ ਦਾਰੂ ਭੜਕਾਹਟ ਵਿਚ ਨਹੀਂ। ਇੱਥੇ ਵੀ ਅਤਿਵਾਦ ਦੀਆਂ ਜੜ੍ਹਾਂ ਤਲਾਸ਼ਣ ਦੀ ਬਜਾਏ, ਠਰੰਮੇ ਨਾਲ ਇਸ ਦਾ ਹੱਲ ਲੱਭਣ ਦੀ ਬਜਾਏ, ਸਾਰਾ ਜ਼ੋਰ ਮਾਰੂ ਹਥਿਆਰਾਂ ਦੀ ਗਿਣਤੀ ਮਿਣਤੀ ਜਾਂ ਕਿਵੇਂ ਦੂਜੇ ਮੁਲਕ ਨੂੰ ਨੁਕਸਾਨ ਪਹੁੰਚਾਇਆ ਜਾ ਸਕਦਾ ਹੈ, ਉਪਰ ਹੈ; ਜਾਂ ਫਿਰ ਵੱਡੀ ਸਜ਼ਾ ਆਮ ਲੋਕਾਂ ਨੂੰ ਦਿੱਤੀ ਜਾ ਰਹੀ ਹੈ ਜੋ ਆਪਣੀਆਂ ਰਿਸ਼ਤੇਦਾਰੀਆਂ ਵਿਚ ਆਣ ਜਾਣ ਤੋਂ ਮਹਿਰੂਮ ਕੀਤੇ ਗਏ ਹਨ। ਯੂਐੱਨ ਦੇ ਸਕੱਤਰ ਜਨਰਲ ਨੇ ਦੋਹਾਂ ਦੇਸ਼ਾਂ ਨੂੰ ਸੰਜਮ ਦੀ ਅਪੀਲ ਕੀਤੀ ਹੈ ਪਰ ਹੁਣ ਦੋਹਾਂ ਦੇਸ਼ਾਂ ਵਿਚ ਵਾਰ-ਵਾਰ ਜਾ ਕੇ ਮਸਲਾ ਸੁਲਝਾਉਣ ਦੀਆਂ ਕੋਸ਼ਿਸ਼ਾਂ ਦਾ ਜਿਵੇਂ ਰਿਵਾਜ ਹੀ ਖ਼ਤਮ ਹੋ ਰਿਹਾ ਹੈ। ਆਲਮੀ ਪੰਚਾਇਤ ਨਕਾਰਾ ਹੋ ਕੇ ਰਹਿ ਗਈ ਹੈ।

ਇਨ੍ਹਾਂ ਹਾਲਾਤ ਵਿਚ ਹੀ ਜ਼ਰੂਰਤ ਹੈ ਕਿ ਚਿੱਟੀਆਂ ਘੁੱਗੀਆਂ ਦੇ ਨਿਸ਼ਾਨਾਂ ਵਾਲੇ ਅਸਮਾਨੀ ਝੰਡੇ ਸੜਕਾਂ ਉਪਰ ਨਿਕਲਣ, ਕਿਸੇ ਇਕ ਮੁਲਕ ਨੂੰ ਲਾਹਨਤ ਪਾਉਣ ਜਾਂ ਕਿਸੇ ਇਕ ਮੁਲਕ ਦਾ ਖੁਰਾ ਖੋਜ ਮਿਟਾ ਦੇਣ ਦੀ ਬਜਾਏ ਲੜਾਈ ਨੂੰ ਲਾਹਨਤਾਂ ਪਾਈਆਂ ਜਾਣ, ਜੰਗਾਂ ਦਾ ਖੁਰਾ ਖੋਜ ਮਿਟਾਉਣ ਦੇ ਨਾਅਰੇ ਬੁਲੰਦ ਹੋਣ।

ਸੰਪਰਕ: 98783-75903

Advertisement
×