DT
PT
About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਜਦੋਂ ਦਰਵਾਜ਼ੇ ਖੜਕੇ...

ਗੁਰਚਰਨ ਸਿੰਘ ਖੇਮੋਆਣਾ ਦਸੰਬਰ 1971 ਦੀ ਗੱਲ ਹੈ, ਮੈਂ ਬਠਿੰਡੇ ਆਈਟੀਆਈ ਵਿੱਚ ਸਟੈਨੋਗ੍ਰਾਫੀ ਦਾ ਕੋਰਸ ਕਰ ਰਿਹਾ ਸੀ। ਬਠਿੰਡੇ ਤੋਂ ਮੇਰਾ ਪਿੰਡ 25 ਕੁ ਕਿਲੋਮੀਟਰ ਦੂਰ ਸੀ। ਰੋਜ਼ਾਨਾ ਆਇਆ ਜਾਇਆ ਜਾ ਸਕਦਾ ਸੀ ਪਰ ਮੈਂ ਹੋਸਟਲ ਵਿੱਚ ਰਹਿੰਦਾ ਸੀ ਕਿਉਂਕਿ...
  • fb
  • twitter
  • whatsapp
  • whatsapp
Advertisement
ਗੁਰਚਰਨ ਸਿੰਘ ਖੇਮੋਆਣਾ

ਦਸੰਬਰ 1971 ਦੀ ਗੱਲ ਹੈ, ਮੈਂ ਬਠਿੰਡੇ ਆਈਟੀਆਈ ਵਿੱਚ ਸਟੈਨੋਗ੍ਰਾਫੀ ਦਾ ਕੋਰਸ ਕਰ ਰਿਹਾ ਸੀ। ਬਠਿੰਡੇ ਤੋਂ ਮੇਰਾ ਪਿੰਡ 25 ਕੁ ਕਿਲੋਮੀਟਰ ਦੂਰ ਸੀ। ਰੋਜ਼ਾਨਾ ਆਇਆ ਜਾਇਆ ਜਾ ਸਕਦਾ ਸੀ ਪਰ ਮੈਂ ਹੋਸਟਲ ਵਿੱਚ ਰਹਿੰਦਾ ਸੀ ਕਿਉਂਕਿ ਗਿਆਨੀ ਕਰਨ ਲਈ ਟਿਊਸ਼ਨ ਵੀ ਪੜ੍ਹਦਾ ਸੀ। ਹੋਸਟਲ ਵਿੱਚ ਫੌਜ ਦਾ ਉਤਾਰਾ ਹੋ ਗਿਆ ਕਿਉਂਕਿ ਭਾਰਤ ਪਾਕਿਸਤਾਨ ਦੀ ਜੰਗ ਲੱਗ ਗਈ ਸੀ। ਸਾਥੋਂ ਹੋਸਟਲ ਖਾਲੀ ਕਰਵਾ ਲਿਆ ਗਿਆ ਸੀ ਅਤੇ ਸਾਨੂੰ ਰਹਿਣ ਲਈ ਕਲਾਸ ਰੂਮਾਂ ਵਿੱਚ ਭੇਜ ਦਿੱਤਾ ਗਿਆ।

Advertisement

ਠੰਢ ਪੂਰੇ ਜੋਬਨ ’ਤੇ ਸੀ। ਇੱਕ ਦਿਨ ਸ਼ਾਮ ਦੇ 6-7 ਵਜੇ ਲਗਾਤਾਰ 3-4 ਵੱਡੇ ਧਮਾਕਿਆਂ ਨਾਲ ਬਠਿੰਡਾ ਦਹਿਲ ਉਠਿਆ। ਦਰਵਾਜ਼ੇ ਖਿੜਕੀਆਂ ਬਹੁਤ ਜ਼ੋਰ ਨਾਲ ਖੜਕੀਆਂ। ਸਾਇਰਨ ਵੱਜਣ ਲੱਗੇ ਤੇ ਬਹੁਤ ਨੀਵੇਂ ਉਡਦੇ ਜਹਾਜ਼ਾਂ ਦੀਆਂ ਆਵਾਜ਼ਾਂ ਆਉਣ ਲੱਗੀਆਂ। ਨਾਲ ਦੀ ਨਾਲ ਬਲੈਕ ਆਊਟ ਵੀ ਹੋ ਗਿਆ।

ਇਹ ਅੰਦਾਜ਼ਾ ਲਗਾਇਆ ਗਿਆ ਕਿ ਬੰਬ ਰੇਲਵੇ ਸਟੇਸ਼ਨ ’ਤੇ ਸੁੱਟੇ ਗਏ ਹੋਣਗੇ। ਫੌਜੀਆਂ ਨੇ ਸਾਨੂੰ ਕਿਹਾ ਕਿ ਅੰਦਰ ਨਹੀਂ ਸੌਣਾ। ਅਸੀਂ ਗਦੈਲੇ ਰਜ਼ਾਈਆਂ ਬਾਹਰ ਕਿਆਰੀਆਂ ’ਚ ਸੁੱਟ ਲਏ ਅਤੇ ਉਥੇ ਹੀ ਲੰਮੇ ਪੈ ਗਏ। ਡਰ ਤਾਂ ਭਾਵੇਂ ਨਹੀਂ ਸੀ ਲੱਗ ਰਿਹਾ ਪਰ ਨੀਂਦ ਕਿੱਥੇ ਆਉਣੀ ਸੀ; ਸਾਰੀ ਰਾਤ ਲੋਕ ਪੈਦਲ, ਰੇਹੜਿਆਂ ’ਤੇ ਤਲਵੰਡੀ ਸਾਬੋ ਵੱਲ ਜਾਂਦੀ ਸੜਕ ’ਤੇ ਤੁਰੇ ਜਾ ਰਹੇ ਸਨ; ਭਾਵ, ਬਠਿੰਡੇ ਤੋਂ ਦੂਰ ਹੋ ਰਹੇ ਸਨ। ਇਉਂ ਲੱਗਦਾ ਸੀ, ਸਵੇਰ ਤੱਕ ਸ਼ਹਿਰ ਖ਼ਾਲੀ ਹੋ ਜਾਵੇਗਾ।

ਸਵੇਰੇ ਉੱਠ ਕੇ ਪਿੰਡ ਵਾਲੀ ਬੱਸ ਫੜੀ ਤੇ ਘਰ ਪਹੁੰਚ ਗਏ। ਘਰਦਿਆਂ ਨੇ ਸ਼ੁਕਰ ਮਨਾਇਆ। ਮੇਰੇ ਬਾਪੂ ਜੀ ਨੇ ਰਾਤ ਦੀ ਘਟਨਾ ਦੱਸੀ ਕਿ ਆਪਣਾ ਗੁਆਂਢੀ ਰਾਤ ਨੂੰ ਲਾਲਟੈਣ ਹੱਥ ਵਿੱਚ ਫੜੀ ਬਾਹਰ ਨਿਕਲਿਆ ਤੇ ਉੱਚੀ-ਉੱਚੀ ਰੌਲਾ ਪਾਉਣ ਲੱਗਿਆ ਕਿ ਦਰਵਾਜਿ਼ਆਂ ਨੂੰ ਕਿਹੜਾ ਧੱਕੇ ਮਾਰਦਾ ਸੀ, ਹੁਣ ਆਵੇ ਸਾਹਮਣੇ। ਉਸ ਨੂੰ ਸਮਝਾਇਆ ਗਿਆ ਕਿ ਦਰਵਾਜ਼ੇ ਸਾਰਿਆਂ ਦੇ ਹੀ ਖੜਕੇ ਹਨ, ਇਹ ਬੰਬਾਂ ਦੀ ਧਮਕ ਨਾਲ ਖੜਕੇ ਹਨ ਜੋ ਬਠਿੰਡੇ ਡਿੱਗੇ ਹਨ।

ਬਾਹਰ ਇੰਨਾ ਇਕੱਠ ਦੇਖ ਕੇ ਉਸ ਨੂੰ ਕੁਝ-ਕੁਝ ਸਮਝ ਆਈ ਕਿ ਬੰਬ ਹੀ ਡਿੱਗੇ ਹੋਣਗੇ। ਫਿਰ ਨੂੰ ਉਸ ਨੂੰ ਮਸਾਂ ਟਿਕਾਇਆ। ਬਾਅਦ ਵਿੱਚ ਪਤਾ ਲੱਗਿਆ ਕਿ ਇੱਕ ਬੰਬ ਰੇਲਵੇ ਲਾਈਨ ’ਤੇ ਡਿੱਗਿਆ ਅਤੇ ਦੋ ਬੰਬ ਨਰੂਆਣੇ ਖੇਤਾਂ ਵਿੱਚ ਡਿੱਗੇ ਹਨ। ਜਾਨੀ ਨੁਕਸਾਨ ਤੋਂ ਬਚਾਅ ਰਿਹਾ ਸੀ। ਅਗਲੇ ਦਿਨ ਹੀ ਗੋਲੀਬੰਦੀ ਹੋ ਗਈ।

ਸੰਪਰਕ: gurcharankhemoana@gmail.com

Advertisement
×