ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਜਦੋਂ ਮੈਂ ਅਫ਼ਸਰੀ ਕੀਤੀ

  ਫ਼ਸਰ ਸ਼ਬਦ ਸੁਣਦਿਆਂ ਹੀ ਇਨਸਾਨ ਵਿੱਚ ਮੜਕ ਜਿਹੀ ਆਉਣੀ ਸੁਭਾਵਿਕ ਹੈ ਪਰ ਮੇਰਾ ਇਸ ਮਾਮਲੇ ਵਿੱਚ ਤਜਰਬਾ ਕਾਫੀ ਕੌੜਾ ਰਿਹਾ ਹੈ। ਚੋਣਾਂ ਦਾ ਨਾਂ ਸੁਣਦਿਆਂ ਹੀ ਨੌਕਰੀ ਦੌਰਾਨ ਮਿਲੀ ਪਹਿਲੀ ਅਫ਼ਸਰੀ ਹੁਣ ਵੀ ਚੇਤੇ ਆ ਜਾਂਦੀ ਹੈ। ਗੱਲ ਕਰੀਬ...
Advertisement

 

ਫ਼ਸਰ ਸ਼ਬਦ ਸੁਣਦਿਆਂ ਹੀ ਇਨਸਾਨ ਵਿੱਚ ਮੜਕ ਜਿਹੀ ਆਉਣੀ ਸੁਭਾਵਿਕ ਹੈ ਪਰ ਮੇਰਾ ਇਸ ਮਾਮਲੇ ਵਿੱਚ ਤਜਰਬਾ ਕਾਫੀ ਕੌੜਾ ਰਿਹਾ ਹੈ। ਚੋਣਾਂ ਦਾ ਨਾਂ ਸੁਣਦਿਆਂ ਹੀ ਨੌਕਰੀ ਦੌਰਾਨ ਮਿਲੀ ਪਹਿਲੀ ਅਫ਼ਸਰੀ ਹੁਣ ਵੀ ਚੇਤੇ ਆ ਜਾਂਦੀ ਹੈ। ਗੱਲ ਕਰੀਬ ਢਾਈ ਦਹਾਕੇ ਪਹਿਲਾਂ ਦੀ ਹੈ, ਜਦੋਂ ਮੇਰੀ ਡਿਊਟੀ ਚੋਣਾਂ ਵਿੱਚ ਬਤੌਰ ਪੋਲਿੰਗ ਅਫ਼ਸਰ ਲੱਗੀ। ਪੰਚਾਇਤੀ ਚੋਣਾਂ ਵਿੱਚ ਲੱਗੀ ਇਸ ਡਿਊਟੀ ਨੇ ਤਾਂ ਸਾਰੀ ਅਫ਼ਸਰੀ ਵਾਲੀ ਮੜਕ ਹੀ ਕੱਢ ਕੇ ਰੱਖ ਦਿੱਤੀ। ਅਸੀਂ ਫ਼ਤਹਿਗੜ੍ਹ ਸਾਹਿਬ ਜ਼ਿਲ੍ਹੇ ਦੇ ਇੱਕ ਪਿੰਡ ਜਾਣਾ ਸੀ। ਚੋਣਾਂ ਤੋਂ ਇੱਕ ਦਿਨ ਪਹਿਲਾਂ ਚੋਣ ਪਾਰਟੀ ਮੁਕੰਮਲ ਹੁੰਦਿਆਂ ਹੀ ਅਸੀਂ ਆਪਣੀ ਪਾਰਟੀ ਦਾ ਸਾਮਾਨ ਕਾਊਂਟਰ ਤੋਂ ਲੈ ਲਿਆ ਤੇ ਪ੍ਰਾਪਤ ਹੋਇਆ ਸਾਮਾਨ ਚੈੱਕ ਕਰਨ ਤੋਂ ਬਾਅਦ ਆਪਣਾ ਟਰੱਕ ਲੱਭਣ ਲੱਗੇ। ਅੱਧੀ ਅਫ਼ਸਰੀ ਤਾਂ ਵੋਟਾਂ ਪਵਾਉਣ ਲਈ ਮਿਲੇ ਲੋਹੇ ਦੇ ਬਕਸਿਆਂ ਨੇ ਹੀ ਕੱਢ ਦਿੱਤੀ। ਹਰ ਪਾਸੇ ਮੁਲਾਜ਼ਮ ਬਕਸੇ ਅਤੇ ਹੋਰ ਸਾਮਾਨ ਇਸ ਤਰ੍ਹਾਂ ਚੁੱਕੀ ਫਿਰ ਰਹੇ ਸਨ ਜਿਵੇਂ ਰੇਲਵੇ ਸ਼ਟੇਸ਼ਨ ਉਤੇ ਕੁਲੀ ਸਾਮਾਨ ਢੋਅ ਰਹੇ ਹੋਣ। ਅਤਿ ਦੀ ਗਰਮੀ ’ਚ ਹਾਲੋਂ ਬੇਹਾਲ ਹੋਈ ਸਾਡੀ ਪਾਰਟੀ ਨੂੰ ਆਪਣੇ ਰੂਟ ਵਾਲਾ ਟਰੱਕ ਲੱਭਿਆ ਤਾਂ ਸਾਹ ’ਚ ਸਾਹ ਆਇਆ। ਉਦੋਂ ਪੋਲਿੰਗ ਸਟੇਸ਼ਨਾਂ ਤੱਕ ਪਾਰਟੀਆਂ ਨੂੰ ਪਹੁੰਚਾਉਣ ਲਈ ਟਰੱਕਾਂ ਦਾ ਹੀ ਪ੍ਰਬੰਧ ਕੀਤਾ ਜਾਂਦਾ ਸੀ। ਟਰੱਕ ਦੇ ਨੇੜੇ ਗਏ ਤਾਂ ਦੇਖਿਆ ਕਿ ਟਰੱਕ ਦੇ ਅਗਲੇ ਕੈਬਿਨ ’ਤੇ ਪੁਲੀਸ ਮੁਲਾਜ਼ਮਾਂ ਦਾ ਕਬਜ਼ਾ ਹੋ ਚੁੱਕਾ ਸੀ ਤੇ ਸਾਡੇ ਹਿੱਸੇ ਆਇਆ ਸੀ ਟਰੱਕ ਦੇ ਪਿਛਲੇ ਪਾਸੇ ਖੜ੍ਹ ਕੇ ਸਫ਼ਰ ਕਰਨਾ। ਵੱਖ ਵੱਖ ਚੋਣ ਪਾਰਟੀਆਂ ਇਕੱਠੀਆਂ ਹੋਈਆਂ ਤਾਂ ਟਰੱਕ ਚੱਲ ਪਿਆ ਤੇ ਭੋਰਾ ਹਵਾ ਲੱਗਣ ਨਾਲ ਜਾਨ ਵਿੱਚ ਜਾਨ ਆਈ। ਗਰਮੀ ਤੋਂ ਰਾਹਤ ਤਾਂ ਮਿਲੀ ਪਰ ਖੜ੍ਹੇ ਹੋ ਕੇ ਪੂਰਾ ਸਫ਼ਰ ਤੈਅ ਕਰਨ ਕਰਕੇ ਸਾਡੇ ਸਾਰਿਆਂ ਦੀਆਂ ਹੀ ਲੱਤਾਂ ਤੇ ਪੈਰ ਦੁਖਣ ਲੱਗ ਪਏ ਸਨ।

Advertisement

ਇਸ ਡਿਊਟੀ ਕਾਰਨ ਹੀ ਤੰਗ ਹੋਏ ਟਰੱਕ ਡਰਾਈਵਰ ਨੇ ਵੀ ਆਪਣਾ ਰੋਸ ਸਾਡੇ ਉੱਤੇ ਹੀ ਕੱਢਿਆ। ਟਰੱਕ ਦਾ ਪਿਛਲਾ ਪਾਸਾ ਅਜਿਹਾ ਗੰਦਾ ਸੀ ਕਿ ਕੋਈ ਬੈਠ ਨਾ ਸਕਿਆ। ਫਿਰ ਟੋਇਆਂ ਤੋਂ ਲੰਘਦਾ ਟਰੱਕ ਇਸ ਤਰ੍ਹਾਂ ਬੁੜਕਦਾ ਕਿ ਅਸੀਂ ਇਧਰ ਉਧਰ ਡਿੱਗਣ ਤੋਂ ਮਸਾਂ ਹੀ ਬਚਦੇ। ਜਿਵੇਂ ਕਿਵੇਂ ਸਬਰ ਕਰ ਕੇ ਪੋਲਿੰਗ ਸਟੇਸ਼ਨ ’ਤੇ ਪਹੁੰਚੇ ਜਿਥੇ ਪਹਿਲਾਂ ਤੋਂ ਸਾਡੀ ਉਡੀਕ ਕਰ ਰਹੇ ਕੁਝ ਪਿੰਡ ਵਾਸੀਆਂ ਨੇ ਬੜੀ ਗਰਮਜੋਸ਼ੀ ਨਾਲ ਸਵਾਗਤ ਕੀਤਾ। ਇੱਕ ਵਾਰ ਤਾਂ ਭੁਲੇਖਾ ਜਿਹਾ ਪਿਆ ਜਿਵੇਂ ਬਾਰਾਤ ’ਚ ਆਏ ਹੋਈਏ। ਬੈਠਣ ਨੂੰ ਕੁਰਸੀਆਂ ਲਾਈਆਂ ਹੋਈਆਂ ਸਨ, ਪੀਣ ਲਈ ਠੰਢਾ ਮਿੱਠਾ ਪਾਣੀ ਤਿਆਰ ਸੀ। ਖ਼ੈਰ ਸਮਾਂ ਖ਼ਰਾਬ ਕੀਤੇ ਬਿਨਾਂ ਹੀ ਅਸੀਂ ਸਵੇਰੇ ਸੁਵਖ਼ਤੇ ਸ਼ੁਰੂ ਹੋਣ ਵਾਲੀ ਵੋਟਿੰਗ ਲਈ ਤਿਆਰੀ ਸ਼ੁਰੂ ਕਰ ਦਿੱਤੀ। ਲਗਪਗ ਦੋ ਘੰਟੇ ਸਾਨੂੰ ਤਿਆਰੀਆਂ ਕਰਨ ਵਿੱਚ ਲੱਗੇ। ਕੰਮ ਖ਼ਤਮ ਕਰਕੇ ਅਸੀਂ ਪੋਲਿੰਗ ਸਟੇਸ਼ਨ ਦੇ ਕਮਰਿਆਂ ਤੋਂ ਬਾਹਰ ਨਿਕਲ ਕੇ ਬੈਠ ਗਏ। ਥੱਕ ਵੀ ਗਏ ਸਾਂ ਤੇ ਰਾਤ ਵੀ ਪੈ ਗਈ ਸੀ। ਅਸੀਂ ਸਾਰੇ ਰਾਤ ਦੇ ਖਾਣੇ ਦੀ ਬੇਸਬਰੀ ਨਾਲ ਉਡੀਕ ਕਰਨ ਲੱਗੇ। ਇਸ ਦੌੜ-ਭਜਾਈ ਵਿੱਚ ਸਵੇਰ ਦਾ ਖਾਣਾ ਖਾ ਕੇ ਅਜਿਹੇ ਤੁਰੇ ਸਾਂ ਕਿ ਦੁਪਹਿਰ ਦਾ ਖਾਣਾ ਵੀ ਨਸੀਬ ਨਾ ਹੋਇਆ। ਪੋਲਿੰਗ ਸਟੇਸ਼ਨ ਉੱਤੇ ਭਲਵਾਨੀ ਗੇੜੇ ਮਾਰਨ ਵਾਲੇ ਕਈ ਸੱਜਣਾਂ ਨੂੰ ਰੋਟੀ ਦਾ ਪ੍ਰਬੰਧ ਕਰਨ ਲਈ ਕਿਹਾ ਵੀ ਪਰ ਹਰ ਕੋਈ ਇੱਕ ਦੂਜੇ ਦਾ ਨਾਂ ਲੈ ਕੇ ਆਪਣਾ ਖਹਿੜਾ ਛੁਡਾਉਂਦਾ ਰਿਹਾ। ਰੋਟੀ ਦੀ ਉਡੀਕ ਕਰਦਿਆਂ ਜਦੋਂ ਰਾਤ ਦੇ 10 ਵੱਜ ਗਏ ਤਾਂ ਸਮਝ ਆ ਗਈ ਕਿ ਅੱਜ ਤਾਂ ਵਰਤ ਹੀ ਰੱਖਣਾ ਪਏਗਾ। ਸ਼ਹਿਰ ਤੋਂ ਕਾਫ਼ੀ ਦੂਰ ਹੋਣ ਕਾਰਨ ਆਪਣੇ ਪੱਧਰ ’ਤੇ ਕੋਈ ਹੋਰ ਪ੍ਰਬੰਧ ਕਰਨ ਤੋਂ ਵੀ ਅਸਮਰੱਥ ਸਾਂ। ਅਖੀਰ ਜਦੋਂ ਪਿੰਡ ਵਾਲਿਆਂ ਤੋਂ ਆਸ ਖਤਮ ਹੋ ਗਈ ਤਾਂ ਪ੍ਰੀਜ਼ਾਈਡਿੰਗ ਅਫ਼ਸਰ ਨੇ ਆਪਣੇ ਬੈਗ ਵਿੱਚ ਲਿਆਂਦੇ ਬਿਸਕੁਟਾਂ ਦੇ ਕੁਝ ਪੈਕੇਟ ਕੱਢੇ ਅਤੇ ਸਾਰਿਆਂ ਨੂੰ ਖਾਣ ਲਈ ਦੇ ਦਿੱਤੇ। ਅਸੀਂ ਨਲਕੇ ਤੋਂ ਪਾਣੀ ਭਰਿਆ ਤੇ ਬਿਸਕੁਟਾਂ ਨਾਲ ਪੀ ਕੇ ਢਿੱਡ ਨੂੰ ਧਰਵਾਸ ਦਿੱਤਾ ਅਤੇ ਜਿਵੇਂ ਕਿਵੇਂ ਰਾਤ ਕੱਟੀ।

ਸਵੇਰੇ ਮੂੰਹ ਹਨੇਰੇ ਹੀ ਪ੍ਰੀਜ਼ਾਈਡਿੰਗ ਅਫ਼ਸਰ ਨੇ ਗੁਆਂਢੀ ਪਿੰਡ ਤੋਂ ਆਪਣੇ ਕਿਸੇ ਜਾਣਕਾਰ ਦੇ ਘਰੋਂ ਨਾਸ਼ਤਾ ਮੰਗਵਾਇਆ। ਜ਼ਿੰਦਗੀ ਵਿੱਚ ਰਾਤ ਭਰ ਭੁੱਖੇ ਰਹਿਣ ਦਾ ਮੇਰਾ ਉਹ ਪਹਿਲਾ ਅਨੁਭਵ ਸੀ। ਚੋਣ ਡਿਊਟੀ ਨੇਪਰੇ ਚਾੜ੍ਹਨ ਮਗਰੋਂ ਦੇਰ ਰਾਤ ਘਰੇ ਪੁੱਜਿਆ ਤਾਂ ਸੁੱਖ ਦਾ ਸਾਹ ਆਇਆ। ਜਦੋਂ ਉਸ ਦਿਨ ਬਾਰੇ ਸੋਚਦਾ ਹਾਂ ਤਾਂ ਲਗਦਾ ਹੈ ਕਿ ਗੱਲ ਭੁੱਖੇ ਰਹਿਣ ਦੀ ਵੀ ਨਹੀਂ, ਸਗੋਂ ਸਲੀਕੇ ਦੀ ਹੈ, ਜਿਸ ਨੂੰ ਉਸ ਪਿੰਡ ਵਾਸੀਆਂ ਨੇ ਭੋਰਾ ਵੀ ਅਹਿਮੀਅਤ ਨਹੀਂ ਦਿੱਤੀ ਜਾਂ ਫਿਰ ਵੋਟਾਂ ਦੇ ਚੱਕਰ ਵਿੱਚ ਵਿਸਾਰ ਦਿੱਤਾ। ਖੈਰ! ਗੱਲ ਭਾਵੇਂ ਕੁਝ ਵੀ ਹੋਵੇ ਅੱਜ ਵੀ ਜਦੋਂ ਚੋਣਾਂ ਦੀ ਗੱਲ ਚੱਲਦੀ ਹੈ ਤਾਂ ਆਪ ਮੁਹਾਰੇ ਹੀ ਮੂੰਹੋਂ ਨਿਕਲ ਜਾਂਦਾ ਹੈ ਕਿ ‘ਰੱਬਾ ਬਚਾਈਂ ਅਜਿਹੀ ਅਫ਼ਸਰੀ ਤੋਂ।’

ਸੰਪਰਕ: 98140-44995

Advertisement
Show comments