ਅਸੀਂ ਵੀ ਧੀਆਂ ਪੁੱਤਰਾਂ ਵਾਲੇ ਹਾਂ
ਪਿਛਲੇ ਸਾਲ ਭਗਤ ਸਿੰਘ ਦੇ ਸ਼ਹੀਦੀ ਦਿਵਸ ਦੀ ਗੱਲ ਹੈ। ਦੇਸ਼-ਵਿਦੇਸ਼ ਵਿੱਚ ਸ਼ਹੀਦ ਭਗਤ ਸਿੰਘ ਦੀ ਸੋਚ ’ਤੇ ਪਹਿਰਾ ਦੇਣ ਵਾਲੇ ਤੇ ਉਸ ਨੂੰ ਪਿਆਰ ਕਰਨ ਵਾਲੇ ਲੋਕਾਂ ਵੱਲੋਂ ਆਪਣੇ ਹਰਮਨ ਪਿਆਰੇ ਨੇਤਾ ਨੂੰ ਆਪਣੇ-ਆਪਣੇ ਢੰਗ ਨਾਲ ਯਾਦ ਕੀਤਾ ਜਾ ਰਿਹਾ ਸੀ। ਤਰਕਸ਼ੀਲ ਸੁਸਾਇਟੀ ਪੰਜਾਬ ਦੀ ਇਕਾਈ ਖਰੜ ਨੇ ਵੀ ਉਸ ਦਿਨ ਆਪਣੇ ਮਹਿਬੂਬ ਨੇਤਾ ਨੂੰ ਓਪਨ ਲਾਇਬ੍ਰੇਰੀ ਖੋਲ੍ਹ ਕੇ ਯਾਦ ਕੀਤਾ। ਇਸ ਮੌਕੇ ਇਕ ਛੋਟਾ ਜਿਹਾ ਸਮਾਗਮ ਕਰਕੇ ਸ਼ਹੀਦ ਭਗਤ ਸਿੰਘ ਦੇ ਜੀਵਨ ’ਤੇ ਚਰਚਾ ਕੀਤੀ ਗਈ ਤੇ ਤਰਕਸ਼ੀਲ ਕਿਤਾਬ ਘਰ ਦਾ ਉਦਘਾਟਨ ਕੀਤਾ ਗਿਆ। ਉਸ ਦਿਨ ਤੋਂ ਓਪਨ ਲਾਇਬ੍ਰੇਰੀ ਲੋਕਾਂ ਲਈ ਰੋਜ਼ ਸਵੇਰ ਤੋਂ ਸ਼ਾਮ ਤੱਕ ਖੁੱਲ੍ਹੀ ਰਹਿੰਦੀ ਹੈ। ਇਥੇ ਤਰਕਸ਼ੀਲ ਅਤੇ ਸਾਹਿਤ ਨਾਲ ਸਬੰਧਤ ਹੋਰ ਪੁਸਤਕਾਂ ਰੱਖੀਆਂ ਹੋਈਆਂ ਹਨ। ਸ਼ੁਰੂ ਵਿੱਚ ਲਗਪਗ 300 ਪੁਸਤਕਾਂ ਲਾਇਬ੍ਰੇਰੀ ਵਿੱਚ ਰੱਖੀਆਂ ਗਈਆਂ ਸਨ। ਪੁਸਤਕ ਪ੍ਰੇਮੀ ਉਥੇ ਸਵੇਰੇ-ਸ਼ਾਮ ਆਪਣੀ ਮਨਪਸੰਦ ਕਿਤਾਬ ਪੜ੍ਹਦੇ ਹਨ। ਪਾਠਕਾਂ ਵਿੱਚ ਉਮਰਦਰਾਜ਼, ਨੌਜਵਾਨ ਤੇ ਵਿਦਿਆਰਥੀ ਵਰਗ, ਸਭ ਸ਼ਾਮਲ ਹਨ। ਕੁਝ ਪਾਠਕ ਪੜ੍ਹਨ ਲਈ ਕਿਤਾਬ ਘਰ ਵੀ ਲੈ ਜਾਂਦੇ ਹਨ। ਲਾਇਬ੍ਰੇਰੀ ਲਈ ਕੋਈ ਮੈਂਬਰ ਡਿਊਟੀ ਨਹੀਂ ਕਰਦਾ, ਸਭ ਕੁੱਝ ਪਾਠਕਾਂ ਉੱਤੇ ਹੀ ਨਿਰਭਰ ਹੈ। ਉਹ ਖ਼ੁਦ ਹੀ ਪੁਸਤਕ ਜਾਰੀ ਕਰਦੇ ਤੇ ਖ਼ੁਦ ਹੀ ਵਾਪਸ ਰੱਖ ਜਾਂਦੇ ਹਨ। ਕਿਸੇ ਤਰ੍ਹਾਂ ਦੀ ਸਕਿਉਰਿਟੀ ਜਾਂ ਫੀਸ ਨਹੀਂ ਰੱਖੀ ਗਈ। ਲਾਇਬ੍ਰੇਰੀ ਦੀ ਜ਼ਰੂਰਤ ਨੂੰ ਦੇਖਦੇ ਹੋਏ ਇਕ ਦਿਨ ਬੀਬੀ ਰਣਧੀਰ ਕੌਰ ਸੰਤੇਮਾਜਰਾ ਕਾਫੀ ਸਾਰੀਆਂ ਪੁਸਤਕਾਂ ਇਥੇ ਰੱਖ ਗਏੇ। ਕੁਝ ਦਿਨ ਬਾਅਦ ਰੋਪੜ ਤੋਂ ਪਵਨ ਰੱਤੋਂ ਵੀ ਕਿਤਾਬਾਂ ਦੀ ਬੋਰੀ ਭਰ ਕੇ ਦੇ ਗਏ। ਕੁਝ ਪੁਸਤਕਾਂ ਦਾ ਯੋਗਦਾਨ ਸੈਲਿੰਦਰ ਸੋਹਾਲੀ ਨੇ ਵੀ ਪਾਇਆ। ਹੌਲੀ-ਹੌਲੀ ਇਹ ਕਿਤਾਬ ਘਰ 700 ਤੋਂ ਉੱਪਰ ਕਿਤਾਬਾਂ ਦਾ ਖਜ਼ਾਨਾ ਬਣ ਗਿਆ। ਕਿਤਾਬਾਂ ਦੇ ਰੱਖ-ਰਖਾਓ ਵਿੱਚ ਆ ਰਹੀ ਮੁਸ਼ਕਿਲ ਨੂੰ ਸਮਝਦੇ ਹੋਏ ਨਗਾਰੀ ਤੋਂ ਕੁਲਵਿੰਦਰ ਨੇ ਘਰ ਪਈ ਅਲਮਾਰੀ ਨੂੰ ਕਿਤਾਬ ਘਰ ਦਾ ਸ਼ਿੰਗਾਰ ਬਣਾ ਦਿੱਤਾ। ਹੁਣ ਸਾਰਿਆਂ ਕਿਤਾਬਾਂ ਪਾਠਕਾਂ ਲਈ ਰੈਕ ਅਤੇ ਅਲਮਾਰੀ ਵਿੱਚ ਸਾਂਭੀਆਂ ਗਈਆਂ ਸਨ। ਕੁਝ ਪਾਠਕ ਵੀ ਘਰ ਪਈ ਕਿਤਾਬ ਨੂੰ ਇਥੇ ਰੱਖ ਕੇ ਖੁਸ਼ੀ ਮਹਿਸੂਸ ਕਰਦੇ ਨੇ। ਇਕ ਤਰ੍ਹਾਂ ਨਾਲ ਇਹ ਲੋਕਾਂ ਦਾ ਆਪਣਾ ਕਿਤਾਬ ਘਰ ਬਣ ਗਿਆ।
ਐਤਵਾਰ ਦਾ ਦਿਨ ਸੀ ਤੇ ਸਮਾਂ ਕੋਈ 12 ਕੁ ਵਜੇ ਦਾ। ਮੈਂ ਘਰ ਦੇ ਛੋਟੇ ਮੋਟੇ ਕੰਮਾਂ ਤੋਂ ਵਿਹਲਾ ਹੋ ਕੇ ਘਰ ਪਈਆਂ ਦੋ ਨਵੀਆਂ ਪੁਸਤਕਾਂ ਲਾਇਬ੍ਰੇਰੀ ਵਿਚ ਰੱਖਣ ਲਈ ਚਲਾ ਗਿਆ। ਇਹ ਮੇਰੇ ਘਰ ਦੇ ਪਿੱਛੇ ਬਾਹਰਲੇ ਪਾਸੇ ਇਕ ਨੁੱਕਰ ਵਿੱਚ ਟੀਨਨੁਮਾ ਸ਼ੈੱਡ ਥੱਲੇ ਚੱਲਦੀ ਹੈ। ਉੱਥੇ ਪਹੁੰਚ ਮੈਂ ਹੱਕਾ-ਬੱਕਾ ਰਹਿ ਗਿਆ। ਰੈਕ ਵਿੱਚ ਪਈਆਂ ਲਗਪਗ 300 ਪੁਸਤਕਾਂ ਵਿੱਚੋਂ ਇਕ ਵੀ ਉਥੇ ਨਹੀਂ ਸੀ। ਮੈਨੂੰ ਕੁਝ ਸਮਝ ਨਾ ਆਇਆ, ਹਾਲੇ ਸਵੇਰੇ ਤਾਂ ਮੈਂ ਖ਼ੁਦ ਆਪਣੇ ਹੱਥੀਂ ਲਾਇਬ੍ਰੇਰੀ ਦਾ ਦਰਵਾਜ਼ਾ ਖੋਲ੍ਹਿਆ ਸੀ ਤੇ ਉਸ ਵੇਲੇ ਸਭ ਕੁਝ ਠੀਕ-ਠਾਕ ਸੀ। ਅਲਮਾਰੀ ਵਿੱਚ ਪਈਆਂ ਕਿਤਾਬਾਂ ਸਹੀ ਸਲਾਮਤ ਸਨ। ਮੈਂ ਇੱਧਰ-ਉੱਧਰ ਕਿਤਾਬਾਂ ਲੱਭਣ ਲੱਗ ਪਿਆ। ਕੁਝ ਕਿਤਾਬਾਂ ਰਾਹ ਵਿੱਚ ਖਿੱਲਰੀਆਂ ਪਈਆਂ ਮਿਲੀਆਂ। ਉਥੇ ਘੁੰਮਦੇ ਲੋਕਾਂ ਤੋਂ ਵੀ ਪੁੱਛ-ਪੜਤਾਲ ਕੀਤੀ ਪਰ ਕੁਝ ਪੱਲੇ ਨਾ ਪਿਆ।
ਕੁੁਝ ਚਿਰ ਬਾਅਦ ਮੇਰਾ ਬੇਟਾ ਵੀ ਮੇਰੇ ਨਾਲ ਕਿਤਾਬਾਂ ਲੱਭਣ ਲੱਗਿਆ। ਅਸੀਂ ਸਭ ਪ੍ਰੇਸ਼ਾਨ ਸਾਂ ਕਿ ਲੋਕਾਂ ਦੇ ਪੜ੍ਹਨ ਲਈ ਰੱਖਿਆ ਸਾਹਿਤ ਵੀ ਚੋਰੀ ਹੋ ਸਕਦਾ ਹੈ। ਭਾਲ ਵੇਲੇ ਸੜਕ ਕਿਨਾਰੇ ਬੈਠੇ ਇੱਕ ਬਿਲਡਰ ਦੇ ਨੌਕਰ ਨੇ ਮੇਰੇ ਬੇਟੇ ਨੂੰ ਦੱਸਿਆ ਕਿ ਘੰਟਾ ਕੁ ਪਹਿਲਾਂ ਉਸ ਨੇ ਦੋ ਨੌਜਵਾਨ ਰੱਦੀ ਦੀ ਬੋਰੀ ਨਾਲ ਸੜਕ ਪਾਰ ਕਰਦੇ ਹੋਏ ਦੇਖੇ ਸਨ। ਗੱਲ ਸਮਝ ਆ ਗਈ, ਚੰਦ ਪੈਸਿਆਂ ਦੀ ਖਾਤਰ ਉਹ ਬੇਸ਼ਕੀਮਤੀ ਕਿਤਾਬਾਂ ਚੋਰੀ ਕਰ ਕੇ ਲੈ ਗਏ ਸਨ। ਫ਼ੈਸਲਾ ਹੋਇਆ ਕਿ ਨੇੜੇ ਤੇੜੇ ਕਬਾੜੀਏ ਕੋਲ ਜਾਕੇ ਪਤਾ ਕੀਤਾ ਜਾਵੇ। ਅਸੀਂ ਇੱਕ ਕਬਾੜੀਏ ਦੀ ਦੁਕਾਨ ’ਤੇ ਪਹੁੰਚੇ ਤਾਂ ਸਾਨੂੰ ਕਿਤਾਬਾਂ ਨਾਲ ਭਰੀ ਹੋਈ ਬੋਰੀ ਦਿਸ ਗਈ। ਸੱਤ-ਅੱਠ ਕਿਤਾਬਾਂ ਹੇਠਾਂ ਵੀ ਪਈਆਂ ਸਨ, ਮੈਨੂੰ ਪਛਾਣ ਕਰਨ ਵਿੱਚ ਦੇਰ ਨਾ ਲੱਗੀ। ਮਾਲਕ ਕੁਝ ਫ਼ਾਸਲੇ ’ਤੇ ਬੈਠਾ ਸੀ। ਉਸ ਸਾਨੂੰ ਪੁਸਤਕਾਂ ਵੱਲ ਨਿਗਾਹ ਮਾਰਦਿਆਂ ਦੇਖ ਆਖਿਆ, ‘ਸਰਦਾਰ ਜੀ ਮੇਰੇ ਕੋੋਲ ਆ ਜਾਓ, ਦੱਸੋ ਕੀ ਗੱਲ ਹੈ?’ ਮੈਂ ਦੱਸਿਆ, ‘ਠੇਕੇਦਾਰ ਜੀ, ਇਹ ਕਿਤਾਬਾਂ ਜੋ ਅਸੀਂ ਲੋਕਾਂ ਦੇ ਪੜ੍ਹਨ ਲਈ ਨੇੜੇ ਲਾਇਬ੍ਰੇਰੀ ਵਿੱਚ ਰੱਖੀਆਂ ਹੋਈਆਂ ਸਨ, ਉਹ ਕੋਈ ਚੋਰੀ ਕਰਕੇ ਇਥੇ ਲੈ ਆਇਆ ਹੈ।’ ਉਸ ਕੋਲ ਕੰਮ ਕਰਦੇ ਲੜਕੇ ਨੇ ਵੀ ਗਵਾਹੀ ਭਰੀ ਕਿ ਉਸ ਇਕ-ਦੋ ਵਾਰ ਉੱਧਰੋਂ ਲੰਘਦਿਆਂ ਉਥੇ ਲੋਕਾਂ ਨੂੰ ਕਿਤਾਬਾਂ ਪੜ੍ਹਦਿਆਂ ਦੇਖਿਆ ਹੈ। ਇਹ ਸੁਣ ਕੇ ਠੇਕੇਦਾਰ ਭਾਵੁਕ ਹੋ ਗਿਆ। ਉਸ ਦੱਸਿਆ, ‘ਦੋ ਨੌਜਵਾਨ ਰੱਦੀ ਕਹਿ ਕੇ ਮੈਨੂੰ ਪੰਜ ਸੌ ਰੁਪਏ ਵਿੱਚ ਇਹ ਕਿਤਾਬਾਂ ਵੇਚ ਗਏੇ ਨੇ। ਮੈਨੂੰ ਪਤਾ ਨਹੀਂ ਸੀ ਕਿ ਇਹ ਲੋਕਾਂ ਲਈ ਐਡਾ ਵੱਡਾ ਖਜ਼ਾਨਾ ਤੁਸੀਂ ਉਥੇ ਰੱਖਿਆ ਹੋਇਆ ਏ। ਤੁਸੀਂ ਹੁਣੇ ਸਾਰੀਆਂ ਕਿਤਾਬਾਂ ਵਾਪਸ ਲੈ ਜਾਓ।’ ਇਹ ਕਹਿੰਦਿਆਂ ਹੀ ਉਸ ਨੇ ਮੁੰਡੇ ਨੂੰ ਹਾਕ ਮਾਰੀ, ‘ਚੱਲ ਓ ਮੁੰਡਿਆ, ਸਾਰੀਆਂ ਕਿਤਾਬਾਂ ਚੰਗੀ ਤਰ੍ਹਾਂ ਬੋਰੀ ਵਿੱਚ ਸਮੇਟ ਕੇ ਸਰਦਾਰ ਜੀ ਹੋਰਾਂ ਦੇ ਸਕੂਟਰ ’ਤੇ ਰੱਖ ਦੇ।’ ਮੈਂ ਉਸ ਨੂੰ ਕਿਤਾਬਾਂ ਲਈ ਪੰਜ ਸੌ ਰੁਪਏ ਦੇਣ ਦੀ ਕੋਸ਼ਿਸ਼ ਕੀਤੀ ਪਰ ਅੱਗਿਓਂ ਉਸ ਨੇ ਹੱਥ ਜੋੜ ਆਖਿਆ, ‘ਅਸੀਂ ਵੀ ਧੀਆਂ ਪੁੱਤਰਾਂ ਵਾਲੇ ਹਾਂ। ਸਾਨੂੰ ਪਤਾ ਹੈ ਕਿ ਪੜ੍ਹਨ ਵਾਲੇ ਬੱਚਿਆਂ ਲਈ ਕਿਤਾਬਾਂ ਦਾ ਕੀ ਮੁੱਲ ਹੈ।’ ਇਹ ਕਹਿੰਦਿਆਂ ਠੇਕੇਦਾਰ ਦੀਆਂ ਅੱਖਾਂ ਨਮ ਹੋ ਗਈਆਂ।
ਸੰਪਰਕ: 94634-10877
