ਵੈਟਨਰੀ ਯੂਨੀਵਰਸਿਟੀ ਦਾ ਪਸ਼ੂ ਪਾਲਣ ਮੇਲਾ
ਡਾ. ਹਰਪ੍ਰੀਤ ਸਿੰਘ ਹੀਰੋ
ਵੈਟਨਰੀ ਯੂਨੀਵਰਸਿਟੀ (ਲੁਧਿਆਣਾ) ਦਾ ਪਸ਼ੂ ਪਾਲਣ ਮੇਲਾ 21-22 ਮਾਰਚ 2025 ਨੂੰ ਯੂਨੀਵਰਸਿਟੀ ਵਿੱਚ ਕਰਵਾਇਆ ਜਾ ਰਿਹਾ ਹੈ। ਗੁਰੂ ਅੰਗਦ ਦੇਵ ਵੈਟਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ (ਲੁਧਿਆਣਾ) ਸਾਲ ਵਿੱਚ ਦੋ ਵਾਰ ਯੂਨੀਵਰਸਿਟੀ ਦੇ ਲੁਧਿਆਣਾ ਕੈਂਪਸ ਵਿੱਚ ਪਸ਼ੂ ਪਾਲਣ ਮੇਲਾ ਕਰਵਾਉਂਦੀ ਹੈ। ਇਹ ਮੇਲਾ ਮਾਰਚ ਅਤੇ ਸਤੰਬਰ ਵਿੱਚ ਲਗਾਇਆ ਜਾਂਦਾ ਹੈ। ਮਾਰਚ ਮਹੀਨੇ ਵਾਲਾ ਮੇਲਾ ਇਸ ਵਾਰ 21-22 ਮਾਰਚ ਨੂੰ ਲਾਇਆ ਜਾਏਗਾ। ਐਤਕੀਂ ਮੇਲੇ ਵਿਚ ਮੱਝਾਂ ਪਾਲਣ, ਮੱਛੀ ਪਾਲਣ, ਸੂਰ ਪਾਲਣ ਅਤੇ ਬੱਕਰੀ ਪਾਲਣ ਦੇ ਖੇਤਰ ਵਿਚ ਜੇਤੂ ਪ੍ਰਗਤੀਸ਼ੀਲ ਕਿਸਾਨਾਂ ਨੂੰ ਮੁੱਖ ਮੰਤਰੀ ਪੁਰਸਕਾਰ ਨਾਲ ਸਨਮਾਨਿਤ ਕੀਤਾ ਜਾਏਗਾ। ਇਨ੍ਹਾਂ ਇਨਾਮਾਂ ਵਿਚ ਨਕਦ ਰਾਸ਼ੀ ਅਤੇ ਸਨਮਾਨ ਪੱਤਰ ਭੇਟ ਕੀਤੇ ਜਾਣਗੇ।
ਇਸ ਮੇਲੇ ਵਿੱਚ ਵਿਸ਼ੇਸ਼ ਤੌਰ ’ਤੇ ਵਧੀਆ ਨਸਲ ਦੇ ਜਾਨਵਰਾਂ ਜਿਵੇਂ ਮੱਝਾਂ, ਗਾਵਾਂ, ਬੱਕਰੀਆਂ, ਖਰਗੋਸ਼, ਬਰਾਇਲਰ, ਬਟੇਰੇ, ਮੁਰਗੀਆਂ, ਮੱਛੀਆਂ ਆਦਿ ਦੀ ਪ੍ਰਦਰਸ਼ਨੀ ਲਗਾਈ ਜਾਵੇਗੀ। ਪਸ਼ੂਆਂ ਦੀ ਨਸਲ ਸੁਧਾਰ ਲਈ ਵਰਤੇ ਜਾਣ ਵਾਲੇ ਸਾਨ੍ਹਾਂ, ਝੋਟਿਆਂ, ਬੱਕਰਿਆਂ ਆਦਿ ਦੀ ਨੁਮਾਇਸ਼ ਲਗੇਗੀ। ਮਸਨੂਈ ਗਰਭਦਾਨ ਅਤੇ ਭਰੂਣ ਤਬਾਦਲੇ ਦੀ ਵਿਧੀ ਬਾਰੇ ਪੂਰਨ ਜਾਣਕਾਰੀ ਮੁਹੱਈਆ ਹੋਏਗੀ। ਵੱਖ-ਵੱਖ ਕਿਸਮ ਦੇ ਪਸ਼ੂਆਂ ਲਈ ਆਰਾਮਦੇਹ ਅਤੇ ਸਸਤੇ ਸ਼ੈੱਡ ਬਣਾਉਣ ਬਾਰੇ ਗਿਆਨ ਸਾਂਝਾ ਕੀਤਾ ਜਾਏਗਾ। ਸਾਫ਼ ਸੁਥਰੇ ਦੁੱਧ ਦੀ ਪੈਦਾਵਾਰ, ਚੁਆਈ ਦਾ ਸਹੀ ਤਰੀਕਾ ਅਤੇ ਮਸ਼ੀਨ ਨਾਲ ਦੁੱਧ ਦੀ ਚੁਆਈ ਬਾਰੇ ਜਾਗਰੂਕਤਾ ਲਿਆਂਦੀ ਜਾਏਗੀ। ਭਵਿੱਖ ਦੀ ਬੁਨਿਆਦ ਕਟੜੂਆਂ/ਵਛੜੂਆਂ ਦਾ ਸੁਚੱਜਾ ਪ੍ਰਬੰਧ ਕਰਨ ਬਾਰੇ ਮਾਹਿਰ ਜਾਣਕਾਰੀ ਦੇਣਗੇ। ਵੱਖ-ਵੱਖ ਜਾਨਵਰਾਂ ਦੀ ਵਧੀਆ ਸਾਂਭ-ਸੰਭਾਲ ਦੇ ਤਰੀਕੇ ਅਤੇ ਸੰਤੁਲਿਤ ਵੰਡ ਦਾਣਾ ਬਣਾਉਣ ਬਾਰੇ ਤਕਨੀਕਾਂ ਦੱਸੀਆਂ ਜਾਣਗੀਆਂ। ਪਸ਼ੂ ਖੁਰਾਕ ਵਿੱਚ ਧਾਤਾਂ ਦੀ ਮਹੱਤਤਾ ਬਾਰੇ ਚਾਨਣਾ ਪਾਇਆ ਜਾਏਗਾ। ਦੁਧਾਰੂਆਂ ਲਈ ਧਾਤਾਂ ਦਾ ਮਿਸ਼ਰਨ ਸਸਤੀ ਕੀਮਤ ’ਤੇ ਮੁਹੱਈਆ ਹੋਵੇਗਾ। ਯੂਰੋਮਿਨ ਚਾਟ ਅਤੇ ਧਾਤਾਂ ਦਾ ਮਿਸ਼ਰਨ ਬਣਾਉਣ ਦੀ ਵਿਧੀ ਤੋਂ ਪਸ਼ੂ ਪਾਲਕਾਂ ਨੂੰ ਜਾਣੂ ਕਰਾਇਆ ਜਾਏਗਾ।
ਪਸ਼ੂ ਪਾਲਣ ਕਿੱਤਿਆਂ ਵਿਚ ਮਸਨੂਈ ਗਿਆਨ ਦੀ ਉਭਰ ਰਹੀ ਮਹੱਤਤਾ ਬਾਰੇ ਵੀ ਮਾਹਿਰ ਜਾਣਕਾਰੀ ਦੇਣਗੇ। ਇਸ ਖੇਤਰ ਵਿਚ ਆ ਰਹੇ ਸਮਾਰਟ ਕਾਲਰ, ਪੈਡੋਮੀਟਰ, ਚਿਹਰੇ ਦੀ ਪਛਾਣ ਪ੍ਰਣਾਲੀ, ਪਸ਼ੂ ਦੀ ਚਾਲ ਨਿਰੀਖਣ ਢਾਂਚਾ, ਆਟੋਮੈਟਿਕ ਫੀਡ ਮੈਨੇਜਰ, ਰੋਬੋਟ ਕੈਮਰੇ ਅਤੇ ਹੋਰ ਕਈ ਢੰਗਾਂ, ਤਕਨੀਕਾਂ ਬਾਰੇ ਜਾਣੂ ਕੀਤਾ ਜਾਵੇਗਾ। ਫਾਰਮਾਂ ਦੀ ਜੈਵਿਕ ਸੁਰੱਖਿਆ ਸਬੰਧੀ ਅਤੇ ਬਿਮਾਰੀ ਪੈਦਾ ਕਰਨ ਵਾਲੇ ਜੀਵਾਂ ਦੀ ਪਛਾਣ ਤੇ ਉਨ੍ਹਾਂ ਤੋਂ ਫੈਲਣ ਵਾਲੀਆਂ ਬਿਮਾਰੀਆਂ ਰੋਕਣ ਬਾਰੇ ਜਾਗਰੂਕਤਾ ਦਿੱਤੀ ਜਾਵੇਗੀ। ਇਸ ਮਕਸਦ ਲਈ ਵਰਤੇ ਜਾਣ ਵਾਲੇ ਢੰਗ ਅਤੇ ਅਭਿਆਸ ਪਸ਼ੂ ਪਾਲਕਾਂ ਨੂੰ ਦੱਸੇ ਜਾਣਗੇ।
ਤੂੜੀ ਅਤੇ ਪਰਾਲੀ ਦੀ ਯੂਰੀਏ ਨਾਲ ਸੋਧ ਕਰਨ ਦੀ ਵਿਧੀ ਵਿਹਾਰਕ ਤੌਰ ’ਤੇ ਦੱਸੀ ਜਾਏਗੀ। ਪਸ਼ੂ ਪਾਲਣ ਲਈ ਹਰੇ ਚਾਰੇ ਦੀ ਮਹੱਤਤਾ ਬਾਰੇ ਜਾਗਰੂਕ ਕੀਤਾ ਜਾਏਗਾ। ਫਾਲਤੂ ਹਰੇ ਚਾਰੇ ਨੂੰ ਲੰਮੇ ਅਰਸੇ ਤੱਕ ਸੰਭਾਲਣ ਦੇ ਤਰੀਕੇ ਅਤੇ ਅਚਾਰ/ਸਾਈਲੇਜ ਬਣਾਉਣ ਬਾਰੇ ਪ੍ਰਦਰਸ਼ਨੀ ਵੀ ਲਗਾਈ ਜਾਏਗੀ। ਪਸ਼ੂ ਖੁਰਾਕ ਅਤੇ ਖੁਰਾਕੀ ਵਸਤਾਂ ਨੂੰ ਪ੍ਰਯੋਗਸ਼ਾਲਾ ਰਾਹੀਂ ਪਰਖ ਕਰਨ ਦੀ ਸੇਵਾ ਵੀ ਮੇਲੇ ਵਿੱਚ ਮੁਹੱਈਆ ਕੀਤੀ ਜਾਏਗੀ। ਪਸ਼ੂਆਂ ਵਿੱਚ ਸਿਹਤ ਸਮੱਸਿਆ ਸਮੇਂ ਮੁੱਢਲੀ ਸਹਾਇਤਾ ਬਾਰੇ ਮਾਹਿਰ ਹਰ ਤਰ੍ਹਾਂ ਦੀ ਜਾਣਕਾਰੀ ਦੇਣਗੇ।
ਪਸ਼ੂਆਂ ਦੀਆਂ ਸਿਹਤ ਸਮੱਸਿਆਵਾਂ ਜਿਵੇਂ ਅਫਾਰਾ, ਮੋਕ, ਲੰਙ ਮਾਰਨਾ, ਖੁਰ ਵਧਣੇ, ਲੇਵੇ ਦੀ ਸੋਜ, ਲਹੂ ਮੂਤਣਾ, ਧਾਤਾਂ ਦੀ ਘਾਟ ਤੋਂ ਬਚਾਅ ਅਤੇ ਰੋਕਥਾਮ ਬਾਰੇ ਵੀ ਮਾਹਿਰ ਗਿਆਨ ਦੇਣਗੇ। ਮਲੱਪਾਂ ਅਤੇ ਚਿੱਚੜਾਂ ਤੋਂ ਹੋਣ ਵਾਲੀਆਂ ਬਿਮਾਰੀਆਂ ਤੋਂ ਛੁਟਕਾਰਾ ਪਾਉਣ ਦੇ ਉਪਰਾਲੇ ਦੱਸੇ ਜਾਣਗੇ। ਅਪ੍ਰੇਸ਼ਨ ਰਾਹੀਂ ਇਲਾਜਯੋਗ ਰੋਗਾਂ ਦੇ ਇਲਾਜ ਦੀਆਂ ਸਹੂਲਤਾਂ ਜਿਵੇਂ ਰਸੌਲੀ, ਸਰਨ, ਟੁੱਟੀ ਹੱਡੀ, ਬੰਨ੍ਹ ਪੈਣਾ, ਹਰਨੀਆਂ, ਪਿਸ਼ਾਬ ਦਾ ਬੰਨ੍ਹ, ਥਣ ਦਾ ਬੰਦ ਹੋਣ ਬਾਰੇ ਡਾਕਟਰ ਮੌਕੇ ’ਤੇ ਹੀ ਇਲਾਜ ਦੱਸਣਗੇ। ਪ੍ਰਜਣਨ ਸਬੰਧੀ ਸਮੱਸਿਆਵਾਂ ਜਿਵੇਂ ਗੁੰਗਾ ਹੇਹਾ, ਹੇਹੇ ਵਿੱਚ ਨਾ ਆਉਣਾ, ਵਾਰ-ਵਾਰ ਫਿਰਨਾ, ਪਿੱਛਾ ਮਾਰਨਾ, ਬੱਚਾ ਸੁੱਟਣਾ, ਔਖੀ ਸੁਆਈ, ਜੇਰ ਨਾ ਪੈਣਾ, ਬੱਚੇਦਾਨੀ ਦਾ ਵਲੇਵਾਂ ਆਦਿ ਦੇ ਬਚਾਅ ਅਤੇ ਇਲਾਜ ਬਾਰੇ ਜਾਣਕਾਰੀ ਦਿੱਤੀ ਜਾਵੇਗੀ।
ਪਸ਼ੂਆਂ ਨੂੰ ਸਿਹਤਮੰਦ ਰੱਖਣ ਲਈ ਕਿਰਮ ਰਹਿਤ ਕਰਨ ਦੀ ਵਿਧੀ, ਬਿਮਾਰੀਆਂ ਦੇ ਬਚਾਅ ਲਈ ਟੀਕਾਕਰਨ ਦੇ ਢੰਗ-ਤਰੀਕਿਆਂ ਅਤੇ ਸਮਾਂ ਸਾਰਣੀ ਬਾਰੇ ਜਾਗਰੂਕ ਕੀਤਾ ਜਾਏਗਾ। ਪਸ਼ੂਆਂ ਵਿੱਚ ਬਿਮਾਰੀਆਂ ਦੀ ਮੂਲ ਜੜ੍ਹ ਲੱਭਣ ਲਈ ਦੁੱਧ, ਗੋਹਾ, ਖੂਨ, ਤਾਰਾਂ, ਪਿਸ਼ਾਬ, ਵੀਰਜ ਅਦਿ ਦੀ ਮੌਕੇ ’ਤੇ ਹੀ ਜਾਂਚ ਦੀ ਸਹੂਲਤ ਹੋਵੇਗੀ। ਯੂਨੀਵਰਸਿਟੀ ਦੇ ਪਸ਼ੂ ਹਸਪਤਾਲ ਵਿੱਚ ਮੌਜੂਦ ਇਲਾਜ, ਐਕਸਰੇ, ਅਲਟਰਾਸਾਊਂਡ, ਪ੍ਰਯੋਗਸ਼ਾਲਾ, ਪੋਸਟ ਮਾਰਟਮ ਆਦਿ ਸੇਵਾਵਾਂ ਬਾਰੇ ਚਾਨਣਾ ਪਾਇਆ ਜਾਏਗਾ। ਪਸ਼ੂਆਂ ਤੋਂ ਇਨਸਾਨਾਂ ਨੂੰ ਹੋਣ ਵਾਲੀਆਂ ਬਿਮਾਰੀਆਂ ਜਿਵੇਂ ਹਲਕਾਅ, ਤਪਦਿਕ, ਤੂਅ ਜਾਣਾ ਆਦਿ ਦੀ ਜਾਂਚ ਅਤੇ ਬਚਾਅ ਲਈ ਸੁਚੇਤ ਕੀਤਾ ਜਾਏਗਾ। ਚਾਰਿਆਂ ਦੇ ਜ਼ਹਿਰਬਾਦ ਅਤੇ ਹੋਰ ਜ਼ਹਿਰਾਂ ਤੋਂ ਬਚਾਅ ਵਿਧੀਆਂ ਬਾਰੇ ਜਾਣਕਾਰੀ ਸਾਂਝੀ ਕੀਤੀ ਜਾਏਗੀ।
ਜਾਨਵਰਾਂ ਵਿੱਚ ਕੀਟਨਾਸ਼ਕ ਵਰਤਣ ਦੇ ਸਹੀ ਢੰਗ ਤਰੀਕੇ ਅਤੇ ਸਾਵਧਾਨੀਆਂ ਬਾਰੇ ਪਸ਼ੂ ਪਾਲਕਾਂ ਨੂੰ ਤਕਨੀਕਾਂ ਦੱਸੀਆਂ ਜਾਣਗੀਆਂ। ਨਵੀਆਂ ਤੇ ਉਭਰਦੀਆਂ ਬਿਮਾਰੀਆਂ ਜਿਵੇਂ ਸਵਾਈਨ ਫਲੂ, ਅਫਰੀਕਨ ਸਵਾਈਨ ਫੀਵਰ, ਲੰਪੀ ਸਕਿਨ ਆਦਿ ਬਾਰੇ ਗਿਆਨ ਦਿੱਤਾ ਜਾਏਗਾ। ਉੱਲੀ ਅਤੇ ਉੱਲੀ ਰੋਗਾਂ ਦੀ ਸਮੱਸਿਆ ਤੋਂ ਬਚਾਅ ਤੇ ਛੁਟਕਾਰੇ ਬਾਰੇ ਉਪਾਅ ਦੱਸੇ ਜਾਣਗੇ। ਦੁੱਧ, ਆਂਡਿਆਂ ਅਤੇ ਮਾਸ ਦੇ ਪਦਾਰਥ ਬਣਾਉਣ ਬਾਰੇ ਗਿਆਨ ਦਿੱਤਾ ਜਾਏਗਾ। ਵੱਖ-ਵੱਖ ਤਰ੍ਹਾਂ ਦੀਆਂ ਤਕਨੀਕਾਂ ਜਿਵੇਂ ਥਣਾਂ ਨੂੰ ਡੋਬਾ ਦੇਣਾ, ਦੁੱਧ ਦੀ ਸਹੀ ਚੁਆਈ, ਖੁਰਾਂ ਦੀ ਕਟਾਈ ਕਰ ਕੇ ਸਹੀ ਆਕਾਰ ਦੇਣ ਬਾਰੇ ਪ੍ਰਦਰਸ਼ਨੀ ਲਗਾਈ ਜਾਏਗੀ। ਐਮਰਜੈਂਸੀ ਵਿੱਚ ਯੂਨੀਵਰਸਿਟੀ ਤੋਂ ਮਿਲਦੀ ਸਹਾਇਤਾ ਅਤੇ ਐਂਬੂਲੈਂਸ ਦੀ ਸਹੂਲਤ ਬਾਰੇ ਵੇਰਵੇ ਸਹਿਤ ਜਾਣਕਾਰੀ ਮੁਹੱਈਆ ਕਰਵਾਈ ਜਾਵੇਗੀ। ਮੱਛੀ ਪਾਲਣ, ਝੀਂਗਾ ਮੱਛੀ ਅਤੇ ਸਜਾਵਟੀ ਮੱਛੀਆਂ ਦੀ ਸਾਂਭ-ਸੰਭਾਲ, ਬਿਮਾਰੀਆਂ ਅਤੇ ਕਿੱਤਾ ਕਰਨ ਬਾਰੇ ਮਾਹਿਰ ਪੂਰਨ ਜਾਣਕਾਰੀ ਦੇਣਗੇ। ਪਾਲਤੂ ਜਾਨਵਰ ਕੁੱਤੇ, ਬਿੱਲੀਆਂ ਆਦਿ ਨੂੰ ਪਾਲਣ ਅਤੇ ਸਹੀ ਸੰਭਾਲ ਬਾਰੇ ਜਾਣਕਾਰੀ ਦਿੱਤੀ ਜਾਏਗੀ। ਪਸ਼ੂ ਪਾਲਣ, ਬੱਕਰੀ ਪਾਲਣ, ਸੂਰ ਪਾਲਣ, ਮੁਰਗੀ ਪਾਲਣ, ਮੱਛੀ ਪਾਲਣ ਆਦਿ ਧੰਦਿਆਂ ਬਾਰੇ ਲਗਾਏ ਜਾਣ ਵਾਲੇ ਸਿਖਲਾਈ ਕੋਰਸਾਂ ਲਈ ਦਾਖਲੇ ਬਾਰੇ ਵੀ ਸੂਚਿਤ ਕੀਤਾ ਜਾਏਗਾ। ਪਸ਼ੂ ਪਾਲਣ ਧੰਦਿਆਂ ਨੂੰ ਵਿਗਿਆਨਕ ਤਰੀਕੇ ਨਾਲ ਕਰਨ ਲਈ ਕਿਤਾਬਾਂ ਅਤੇ ਰਸਾਲੇ ਸਸਤੀ ਕੀਮਤ ’ਤੇ ਮੁਹੱਈਆ ਕਰਵਾਏ ਹੋਣਗੇ। ਯੂਨੀਵਰਸਿਟੀ ਦੇ ਰਸਾਲੇ ‘ਵਿਗਿਆਨਕ ਪਸ਼ੂ ਪਾਲਣ’ ਲਈ ਵੀ ਕਿਸਾਨ ਚੰਦਾ ਜਮ੍ਹਾਂ ਕਰਵਾ ਸਕਦੇ ਹਨ। ਪਸ਼ੂ ਭਲਾਈ ਕੈਂਪ ਅਤੇ ਦਿਵਸ ਲਗਾਉਣ ਲਈ ਵੀ ਪਸ਼ੂ ਪਾਲਕ ਮਾਹਿਰਾਂ ਨਾਲ ਸਲਾਹ ਕਰ ਸਕਣਗੇ।
ਮੇਲੇ ਵਿੱਚ ਆਏ ਪਸ਼ੂ ਪਾਲਕਾਂ ਦੀਆਂ ਸਮੱਸਿਆਵਾਂ ਬਾਰੇ ਸਵਾਲਾਂ ਦੇ ਜਵਾਬ ਦੇਣ ਲਈ ਵੱਖਰੇ ਸਵਾਲ-ਜਵਾਬ ਸੈਸ਼ਨ ਦਾ ਪ੍ਰਬੰਧ ਕੀਤਾ ਜਾਂਦਾ ਹੈ। ਪਸ਼ੂਧਨ ਨਾਲ ਸਬੰਧਿਤ ਵੱਖ-ਵੱਖ ਸਰਕਾਰੀ ਵਿਭਾਗ ਜਿਵੇਂ ਪਸ਼ੂ ਪਾਲਣ ਵਿਭਾਗ, ਡੇਅਰੀ ਵਿਕਾਸ ਵਿਭਾਗ, ਮੱਛੀ ਪਾਲਣ ਵਿਭਾਗ, ਮਿਲਕਫੈੱਡ, ਮਾਰਕਫੈੱਡ ਵੀ ਆਪਣੇ ਵਿਭਾਗਾਂ ਦੀਆਂ ਸਹੂਲਤਾਂ ਦੱਸਣ ਲਈ ਸ਼ਿਰਕਤ ਕਰਨਗੇ। ਨੁਮਾਇਸ਼ ਵਿੱਚ ਦਵਾਈਆਂ, ਖੁਰਾਕ ਅਤੇ ਮਸ਼ੀਨਾਂ ਬਣਾਉਣ ਵਾਲੀਆਂ ਕੰਪਨੀਆਂ ਆਪੋ-ਆਪਣੇ ਉਤਪਾਦਾਂ ਬਾਰੇ ਜਾਣਕਾਰੀ ਦੇਣਗੀਆਂ। ਯੂਨੀਵਰਸਿਟੀ ਦੇ ਸਹਿਯੋਗ ਅਧੀਨ ਕੰਮ ਕਰਦੀਆਂ ਪਸ਼ੂ ਪਾਲਕਾਂ ਦੀਆਂ ਵੱਖੋ-ਵੱਖ ਜਥੇਬੰਦੀਆਂ ਵੀ ਮੇਲੇ ਵਿੱਚ ਆਪੋ-ਆਪਣੇ ਸਟਾਲ ਸਜਾਉਣਗੀਆਂ। ਯੂਨੀਵਰਸਿਟੀ ਵਿੱਚ ਪੜ੍ਹਾਈ ਕਰਵਾਉਣ ਜਾਂ ਬੱਚਿਆਂ ਨੂੰ ਦਾਖਲੇ ਬਾਰੇ ਦੱਸਿਆ ਜਾਏਗਾ।
ਪਸ਼ੂ ਪਾਲਕ ਆਪੋ-ਆਪਣੇ ਧੰਦੇ ਦੀ ਬਿਹਤਰੀ ਲਈ ਨਵੀਂ ਜਾਣਕਾਰੀ ਵਿਗਿਆਨੀਆਂ ਤੋਂ ਹਾਸਿਲ ਕਰ ਕੇ ਆਪਣੇ ਗਿਆਨ ਵਿੱਚ ਵਾਧਾ ਕਰ ਸਕਦੇ ਹਨ ਅਤੇ ਆਪਣੀਆਂ ਸਮੱਸਿਆਵਾਂ ਦੇ ਹੱਲ ਲਈ ਵਿਗਿਆਨੀ ਵੀਰਾਂ ਨਾਲ ਵਿਚਾਰ-ਵਟਾਂਦਰਾ ਕਰ ਸਕਦੇ ਹਨ। ਯੂਨੀਵਰਸਿਟੀ ਇਹ ਉਪਰਾਲੇ ਕਿਸਾਨ ਭਾਈਚਾਰੇ ਲਈ ਕਰਦੀ ਹੈ ਜਿਸ ਦਾ ਪਸ਼ੂ ਪਾਲਕ ਵੱਧ ਤੋਂ ਵੱਧ ਫਾਇਦਾ ਲੈਣ। ਆਪ ਆਉ, ਘਰ ਦੀਆਂ ਔਰਤਾਂ ਨੂੰ ਲਿਆਓ, ਗੁਆਂਢੀ ਅਤੇ ਦੋਸਤਾਂ ਨੂੰ ਵੀ ਲੈ ਕੇ ਆਉ; ਗਿਆਨ ਤੇ ਪਸ਼ੂ ਪਾਲਣ ਕਿੱਤੇ ਨਾਲ ਜੁੜਿਆ ਸਾਮਾਨ ਵੀ ਲੈ ਕੇ ਜਾਉ। ਸਾਇੰਸਦਾਨ ਬੜੇ ਚਾਅ ਨਾਲ ਉਡੀਕ ਕਰਦੇ ਨੇ ਕਿ ਕਿਸਾਨਾਂ ਨਾਲ ਮਿਲਾਂਗੇ, ਕੁਝ ਗਿਆਨ ਦੇਵਾਂਗੇ, ਕੁਝ ਜ਼ਮੀਨੀ ਹਕੀਕਤ ਜਾਣਾਂਗੇ, ਫਿਰ ਉਨ੍ਹਾਂ ਬਾਰੇ ਖੋਜ ਕਰਾਂਗੇ ਤੇ ਤੁਹਾਡੇ ਲਈ ਕੁਝ ਨਵਾਂ ਕਰਨ ਦੀ ਕੋਸ਼ਿਸ਼ ਕਰਾਂਗੇ।
ਸੰਪਰਕ: 98159-09003