ਅਨੋਖਾ ਰਿਸ਼ਤਾ
ਮੈਂ 1972 ਵਿੱਚ ਉਮੀਦ ਨਾਲੋਂ ਵੱਧ ਅੰਕ ਲੈ ਕੇ ਦਸਵੀਂ ਪਾਸ ਕੀਤੀ। ਅੱਗੇ ਪੜ੍ਹਨ ਲਈ ਸਰਕਾਰੀ ਰਣਬੀਰ ਕਾਲਜ ਸੰਗਰੂਰ ਵਿੱਚ ਦਾਖਲਾ ਲੈ ਲਿਆ। ਮੇਰੇ ਪਿੰਡੋਂ ਕਾਲਜ ਕੋਈ 24 ਕਿਲੋਮੀਟਰ ਦੂਰ ਪੈਂਦਾ ਸੀ। ਹੁਣ ਸਮੱਸਿਆ ਖੜ੍ਹੀ ਹੋਈ ਕਾਲਜ ਆਉਣ-ਜਾਣ ਦੀ। ਸਾਈਕਲ...
ਮੈਂ 1972 ਵਿੱਚ ਉਮੀਦ ਨਾਲੋਂ ਵੱਧ ਅੰਕ ਲੈ ਕੇ ਦਸਵੀਂ ਪਾਸ ਕੀਤੀ। ਅੱਗੇ ਪੜ੍ਹਨ ਲਈ ਸਰਕਾਰੀ ਰਣਬੀਰ ਕਾਲਜ ਸੰਗਰੂਰ ਵਿੱਚ ਦਾਖਲਾ ਲੈ ਲਿਆ। ਮੇਰੇ ਪਿੰਡੋਂ ਕਾਲਜ ਕੋਈ 24 ਕਿਲੋਮੀਟਰ ਦੂਰ ਪੈਂਦਾ ਸੀ। ਹੁਣ ਸਮੱਸਿਆ ਖੜ੍ਹੀ ਹੋਈ ਕਾਲਜ ਆਉਣ-ਜਾਣ ਦੀ। ਸਾਈਕਲ ’ਤੇ 40-45 ਕਿਲੋਮੀਟਰ ਦਾ ਰੋਜ਼ਾਨਾ ਸਫ਼ਰ ਮੁਸ਼ਕਲ ਸੀ ਤੇ ਹੋਸਟਲ ਵਿੱਚ ਰਹਿ ਕੇ ਪੜ੍ਹਾਈ ਕਰਨੀ ਪਰਿਵਾਰ ਲਈ ਵਿੱਤੋਂ ਬਾਹਰੀ ਗੱਲ ਸੀ। ਮੇਰੇ ਨਾਨਕੇ ਸੰਗਰੂਰ ਤੋਂ ਕੋਈ ਚਾਰ ਕੁ ਕਿਲੋਮੀਟਰ ਦੂਰ ਸਨ ਤੇ ਮੇਰੇ ਮਾਮਾ ਜੀ ਸੰਗਰੂਰ ਵਿੱਚ ਹੀ ਸਰਕਾਰੀ ਮੁਲਾਜ਼ਮ ਸਨ। ਮੇਰੇ ਮਾਮਾ ਜੀ ਨੇ ਇਸ ਔਖੇ ਵੇਲੇ ਸਾਡੇ ਪਰਿਵਾਰ ਦੀ ਬਾਂਹ ਫੜਦਿਆਂ ਕਿਹਾ ਕਿ ਜਿੰਨਾ ਚਿਰ ਮੇਰਾ ਭਾਣਜਾ ਕਾਲਜ ਪੜ੍ਹੇਗਾ, ਸਾਡੇ ਕੋਲ ਹੀ ਰਹੇਗਾ। ਹੁਣ ਮੈਂ ਮੇਰੇ ਨਾਨਕੇ ਪਿੰਡ ਤੋਂ ਕਾਲਜ ਆਉਂਦਾ-ਜਾਂਦਾ। ਪੰਜਾਬੀ ਪੇਂਡੂ ਭਾਈਚਾਰੇ ਦੀ ਇੱਕ ਵਿਲੱਖਣਤਾ ਹੈ ਕਿ ਇੱਥੇ ਹਰ ਕੋਈ ਹਰ ਕਿਸੇ ਦਾ ਕੁਝ ਨਾ ਕੁਝ ਲੱਗਦਾ ਹੁੰਦਾ ਹੈ। ਮੇਰੇ ਨਾਨਕੇ ਪਿੰਡ ਦੇ ਹਰ ਇਨਸਾਨ ਨਾਲ ਮੈਂ ਉਸ ਦੀ ਉਮਰ ਵੇਖ ਕੇ ਰਿਸ਼ਤਾ ਬਣਾ ਲੈਂਦਾ। ਨਾਨਕੇ ਘਰ ਦੇ ਸਾਹਮਣੇ, ਖੁੱਲ੍ਹੇ ਮੈਦਾਨ ਵਿੱਚ ਇੱਕ ਗੱਡੀਆਂ ਵਾਲਾ ਰਾਜਪੂਤ ਪਰਿਵਾਰ ਬੈਠਾ ਸੀ। ਕਾਫੀ ਚਿਰ ਤੋਂ ਇੱਥੇ ਬੈਠੇ ਹੋਣ ਕਾਰਨ ਉਨ੍ਹਾਂ ਦੇ ਬੱਚੇ ਮੇਰੇ ਨਾਨੇ ਨੂੰ ਬਾਬਾ ਤੇ ਮੇਰੇ ਮਾਮਾ-ਮਾਮੀ ਨੂੰ ਚਾਚਾ-ਚਾਚੀ ਬੁਲਾਇਆ ਕਰਦੇ ਸਨ। ਮੈਂ ਵੀ ਉਸ ਪਰਿਵਾਰ ਦੇ ਮੋਢੀ ਨੂੰ ਮਾਮਾ ਤੇ ਉਸ ਦੇ ਘਰ ਵਾਲੀ ਨੂੰ ਮਾਮੀ ਕਹਿ ਕੇ ਬੁਲਾਉਂਦਾ ਸੀ।
ਗੱਲ ਕਰਦੇ ਹਾਂ ਇੱਕ ਅਨੋਖੇ ਰਿਸ਼ਤੇ ਦੀ, ਨਾਨਕੇ ਪਿੰਡ ਦੇ ਜ਼ਿੰਮੀਦਾਰ ਪਰਿਵਾਰ ਵਿੱਚ ਮੇਰੇ ਪਿੰਡ ਦੀ ਲੜਕੀ ਵਿਆਹੀ ਹੋਈ ਸੀ। ਇਸ ਮੁਤਾਬਕ ਮੈਂ ਉਸ ਨੂੰ ਭੂਆ ਕਿਹਾ ਕਰਦਾ ਸੀ ਤੇ ਉਸ ਦਾ ਘਰਵਾਲਾ ਕਿਉਂਕਿ ਮੇਰੇ ਨਾਨਕੇ ਪਿੰਡ ਦਾ ਸੀ, ਇਸ ਕਰਕੇ ਮੈਂ ਉਸ ਨੂੰ ਮਾਮਾ ਕਹਿ ਕੇ ਬੁਲਾਉਂਦਾ ਸੀ। ਉਨ੍ਹਾਂ ਦਾ ਘਰ ਮੇਰੇ ਨਾਨਕੇ ਪਰਿਵਾਰ ਦੇ ਨੇੜੇ ਹੀ ਸੀ ਤੇ ਲਗਪਗ ਰੋਜ਼ ਵਾਂਗ ਹੀ ਮਾਮੇ ਨਾਲ ਮੇਰੀ ਮੁਲਾਕਾਤ ਹੁੰਦੀ ਰਹਿੰਦੀ ਸੀ। ਮੇਰੇ ਮੂੰਹੋਂ ਮਾਮਾ ਸੁਣ ਕੇ ਉਸ ਨੇ ਅਕਸਰ ਹੀ ਚਿੜ ਜਾਣਾ ਤੇ ਮੈਨੂੰ ਟੋਕਦਿਆਂ ਕਹਿਣਾ ਕਿ ਮੈਂ ਉਸ ਨੂੰ ਮਾਮਾ ਨਹੀਂ, ਫੁੱਫੜ ਕਹਿ ਕੇ ਬੁਲਾਇਆ ਕਰਾਂ। ਉਸ ਮੇਰੀ ਭੂਆ ਦਾ ਨਾਂ ਲੈ ਕੇ ਪੁੱਛਣਾ ਕੇ ਉਹ ਮੇਰੀ ਕੀ ਲੱਗਦੀ ਹੈ?
ਮੈਂ ਆਖਣਾ , ‘ਭੂਆ।’ ਉਸ ਦਾ ਜਵਾਬ ਹੁੰਦਾ, ‘ਫਿਰ ਇਸ ਹਿਸਾਬ ਨਾਲ ਮੈਂ ਤੇਰਾ ਫੁੱਫੜ ਲੱਗਿਆ ਕਿ ਨਾ?’ ਅੱਗੋਂ ਮੈਂ ਪੁੱਛਣਾ, ‘ਮੇਰਾ ਮਾਮਾ ਤੁਹਾਡਾ ਕੀ ਲੱਗਦੈ?’ ਉਸ ਆਖਣਾ, ‘ਮੇਰਾ ਭਰਾ।’ ਫਿਰ ਮੈਂ ਕਹਿੰਦਾ, ‘ਫਿਰ ਇਸ ਹਿਸਾਬ ਨਾਲ ਤੁਸੀਂ ਮੇਰੇ ਮਾਮਾ ਲੱਗੇ ਕਿ ਨਾ?’ ਹਾਸੇ-ਠੱਠੇ ਵਿੱਚ ਕੀਤੀ ਸਾਡੀ ਗੱਲ ਕਿਸੇ ਸਿਰੇ ਨਾ ਲੱਗਦੀ ਅਤੇ ਮੈਂ ਹਮੇਸ਼ਾ ਉਸ ਨੂੰ ਖਿਝਾਉਣ ਖਾਤਰ ਮਾਮਾ ਆਖ ਕੇ ਹੀ ਬੁਲਾਉਂਦਾ ਰਿਹਾ।
ਇੱਕ ਵਾਰ ਸਾਡੀ ਇਹੀ ਤਕਰਾਰ ਪਿੰਡ ਦੀ ਸੱਥ ਵਿੱਚ ਵੀ ਛਿੜ ਪਈ। ਮੈਂ ਸਾਰਿਆਂ ਅੱਗੇ ਗੱਲ ਰੱਖੀ, ‘ਦੇਖੋ ਜੀ , ਮੈਂ ਇਸ ਗੱਲੋਂ ਮੁਨਕਰ ਨਹੀਂ ਕਿ ਇਹ ਸਾਡੇ ਪਿੰਡ ਵਿਆਹਿਆ ਹੋਇਐ ਤੇ ਇਹ ਵੀ ਝੂਠ ਨਹੀਂ ਕਿ ਇਹ ਮੇਰੇ ਨਾਨਕਿਆਂ ਤੋਂ ਹੈ। ਇਸ ਲਈ ਮੇਰੇ ਨਾਨਕੇ ਪਿੰਡ ਇਹ ਮੇਰਾ ਮਾਮਾ ਹੀ ਰਹੇਗਾ ਤੇ ਜਦੋਂ ਆਪਣੇ ਸਹੁਰੇ ਪਿੰਡ ਗਿਆ, ਉਥੇ ਮੈਂ ਇਸ ਨੂੰ ਫੁੱਡੜ ਆਖ ਲਿਆ ਕਰਾਂਗਾ। ਹਾਂ ਪਰ ਮੇਰੀ ਭੂਆ ਸਦਾ ਮੇਰੀ ਭੂਆ ਹੀ ਰਹੇਗੀ ਕਿਉਂਕਿ ਮੈਂ ਆਪਣੇ ਪਿੰਡ ਦੀ ਧੀ ਨੂੰ ਮਾਮੀ ਨਹੀਂ ਕਹਾਂਗਾ, ਨਾ ਐਥੇ-ਨਾ ਉਥੇ।’ ਮੇਰੀ ਇਹ ਗੱਲ ਸੁਣ ਮੇਰੇ ਮਾਮੇ-ਕਮ-ਫੁੱਫੜ ਨੇ ਮੈਨੂੰ ਜੱਫੀ ਵਿੱਚ ਲੈ ਲਿਆ। ਉਸ ਆਖਿਆ, ‘ਲੈ ਬਈ ਭਾਣਜੇ ! ਅੱਜ ਤੂੰ ਜਿੱਤਿਆ ਤੇ ਮੈਂ ਹਾਰਿਆ। ਅੱਜ ਤੋਂ ਤੂੰ ਮੇਰਾ ਪੱਕਾ ਭਾਣਜਾ ਤੇ ਮੈਂ ਤੇਰਾ ਪੱਕਾ ਮਾਮਾ।’ ਰੱਬ ਉਸ ਦੀ ਉਮਰ ਲੰਬੀ ਕਰੇ! ਇਹ ਅਨੋਖਾ ਰਿਸ਼ਤਾ ਅਸੀਂ ਅੱਜ ਵੀ ਨਿਭਾਅ ਰਹੇ ਹਾਂ।

