ਟਰੈਂਡਿੰਗਦੇਸ਼ਵਿਦੇਸ਼ਖੇਡਾਂਚੰਡੀਗੜ੍ਹਦਿੱਲੀਪੰਜਾਬਪਟਿਆਲਾਮਾਲਵਾਮਾਝਾਦੋਆਬਾਸਾਹਿਤਫ਼ੀਚਰਸਤਰੰਗਖੇਤੀਬਾੜੀ
Advertisement

ਖੇਤੀ ਉਪਜ ਦੀ ਗੁਣਵੱਤਾ ਵਿੱਚ ਬੇਭਰੋਸਗੀ ਅਤੇ ਸਰਕਾਰ ਦੀ ਜ਼ਿੰਮੇਵਾਰੀ

ਪਿੱਛੇ ਜਿਹੇ ਮੀਡੀਆ ਵਿੱਚ ਇਹ ਖ਼ਬਰ ਨਸ਼ਰ ਹੋਈ ਕਿ ਪੰਜਾਬ ਵਿੱਚ ਪੈਦਾ ਕੀਤੀ ਕਣਕ ਪੰਜਾਬ ਦੇ ਕਿਸਾਨਾਂ ਦੀ ਵੀ ਪਹਿਲੀ ਪਸੰਦ ਨਹੀਂ ਰਹੀ। ਦੱਸਿਆ ਗਿਆ ਕਿ ਪੰਜਾਬ ਦੇ ਛੋਟੇ-ਵੱਡੇ ਕਿਸਾਨ, ਮਜ਼ਦੂਰ, ਵੱਡੇ-ਛੋਟੇ ਵਪਾਰੀ ਆਪਣੇ ਖਾਣ ਲਈ ਭਾਰਤ ਦੇ ਦੂਜੇ ਸੂਬਿਆਂ...
Advertisement

ਪਿੱਛੇ ਜਿਹੇ ਮੀਡੀਆ ਵਿੱਚ ਇਹ ਖ਼ਬਰ ਨਸ਼ਰ ਹੋਈ ਕਿ ਪੰਜਾਬ ਵਿੱਚ ਪੈਦਾ ਕੀਤੀ ਕਣਕ ਪੰਜਾਬ ਦੇ ਕਿਸਾਨਾਂ ਦੀ ਵੀ ਪਹਿਲੀ ਪਸੰਦ ਨਹੀਂ ਰਹੀ। ਦੱਸਿਆ ਗਿਆ ਕਿ ਪੰਜਾਬ ਦੇ ਛੋਟੇ-ਵੱਡੇ ਕਿਸਾਨ, ਮਜ਼ਦੂਰ, ਵੱਡੇ-ਛੋਟੇ ਵਪਾਰੀ ਆਪਣੇ ਖਾਣ ਲਈ ਭਾਰਤ ਦੇ ਦੂਜੇ ਸੂਬਿਆਂ ਵਿੱਚ ਪੈਦਾ ਕੀਤੀ ਕਣਕ ਮੰਗਵਾਉਂਦੇ ਹਨ। ਕੁਝ ਕਿਸਾਨ ਇਹ ਉਪਰਾਲਾ ਕਰਦੇ ਹਨ ਕਿ ਉਹ ‘ਕੇਵਲ ਆਪਣੇ ਖਾਣ ਲਈ’ ਕੁਝ ਥਾਂ ਵਿੱਚ ਘੱਟ ਜ਼ਹਿਰਾਂ ਅਤੇ ਰਸਾਇਣਕ ਖਾਦਾਂ ਵਾਲੀ ਕਣਕ ਪੈਦਾ ਕਰਦੇ ਹਨ ਤੇ ਦੂਜੇ ਲੋਕਾਂ ਦੀ ਸਿਹਤ ਨੂੰ ਰੱਬ ਆਸਰੇ ਛੱਡਦੇ ਹਨ। ਖ਼ਬਰ ਦਾ ਸਾਰ ਤੱਤ ਇਹ ਸੀ ਕਿ ਕਿਸਾਨਾਂ ਸਮੇਤ ਪੰਜਾਬ ਦੇ ਲੋਕ ਇਹ ਚੰਗੀ ਤਰ੍ਹਾਂ ਜਾਣਦੇ ਹਨ ਕਿ ਜ਼ਿਆਦਾ ਝਾੜ ਲੈਣ ਦੇ ਲਾਲਚ ਵਿੱਚ ਪੰਜਾਬ ਦੇ ਕਿਸਾਨ ਬਹੁਤ ਜ਼ਿਆਦਾ ਨਦੀਨ ਨਾਸ਼ਕ, ਕੀਟ ਨਾਸ਼ਕ ਅਤੇ ਰਸਾਇਣਕ ਖਾਦਾਂ ਦੀ ਵਰਤੋਂ ਕਰ ਕੇ ਖਾਧ ਅਨਾਜ ਪੈਦਾ ਕਰਦੇ ਹਨ।

ਇਸ ਖ਼ਬਰ ਦਾ ਅੱਗੇ ਵੀ ਵਿਸਥਾਰ ਬਣਦਾ ਹੈ। ਪਸ਼ੂਆਂ ਦਾ ਚਾਰਾ ਅਤੇ ਹੋਰ ਖੁਰਾਕਾਂ ਵੀ ਤਾਂ ਇਨ੍ਹਾਂ ਫ਼ਸਲਾਂ ਦੀ ਉਪਜ ਨਾਲ ਜੁੜੇ ਹੋਏ ਹਨ। ਕਿਸਾਨਾਂ ਅਤੇ ਪਸ਼ੂ ਪਾਲਕਾਂ ਦੇ ਚਿੱਤ-ਚੇਤੇ ਵੀ ਨਹੀਂ ਹੋਣਾ ਕਿ ਪਸ਼ੂਆਂ ਵਾਲਾ ਚਾਰਾ ਅਤੇ ਅਨਾਜ ਤਾਂ ਉਨ੍ਹਾਂ ਦੁਆਰਾ ਪਾਲ਼ੀਆਂ ਫ਼ਸਲਾਂ ਵਿੱਚੋਂ ਹੀ ਦਿੱਤਾ ਜਾਂਦਾ ਹੈ। ਇਨ੍ਹਾਂ ਪਸ਼ੂਆਂ ਦਾ ਮਾਸ ਖਾਧਾ ਜਾਂਦਾ ਹੈ, ਆਂਡੇ ਖਾਧੇ ਜਾਂਦੇ ਹਨ, ਦੁੱਧ ਪੀਤਾ ਜਾਂਦਾ ਹੈ, ਘਿਓ ਖਾਧਾ ਜਾਂਦਾ ਹੈ। ਫਿਰ ਸੋਚਿਆ ਜਾਵੇ ਕਿ ਜੇ ਇਹ ਲੋਕ ਜ਼ਹਿਰਾਂ ਅਤੇ ਰਸਾਇਣਕ ਖਾਦਾਂ ਵਾਲੀਆਂ ਫ਼ਸਲਾਂ ਦਾ ਅਨਾਜ ਨਹੀਂ ਖਾਣਾ ਚਾਹੁੰਦੇ ਤਾਂ ਇਹ ਖਾਧ ਪਦਾਰਥ ਕਿਹੋ ਜਿਹਾ ਖਾਂਦੇ ਪੀਂਦੇ ਹਨ? ਇਹ ਸਾਰਾ ਕੁਝ ਕਿਉਂ ਹੋ ਰਿਹਾ ਹੈ? ਇਸ ਪ੍ਰਸ਼ਨ ਦੀ ਕੁੱਖ ’ਚੋਂ ਹੋਰ ਸਵਾਲ ਪੈਦਾ ਹੁੰਦੇ ਹਨ ਅਤੇ ਇਨ੍ਹਾਂ ਦੀਆਂ ਤੰਦਾਂ ਕਿਤੇ ਨਾ ਕਿਤੇ ਸਰਕਾਰਾਂ ਤੱਕ ਜਾ ਜੁੜਦੀਆਂ ਹਨ। ਇਹ ਸਾਡੇ ਸਮਾਜਿਕ ਨਿਘਾਰ ਦੀ ਬਾਤ ਵੀ ਪਾਉਂਦੀਆਂ ਹਨ। ਇਹ ਗੱਲ ਅਜ਼ਮਾਈ ਹੋਈ ਹੈ ਕਿ ਅਸੀਂ ਜਿਹੋ ਜਿਹਾ ਖਾਂਦੇ ਹਾਂ, ਉਹੋ ਜਿਹੇ ਬਣਦੇ ਹਾਂ, ਫਿਰ ਸਾਡਾ ਵਿਹਾਰ ਉਹੋ ਜਿਹਾ ਹੁੰਦਾ ਹੈ।

Advertisement

ਆਜ਼ਾਦੀ ਤੋਂ ਬਾਅਦ ਸਰਕਾਰ ਨੇ ਮੁਲਕ ਦੇੇ ਅੰਨ ਸੰਕਟ ਨਾਲ ਨਜਿੱਠਣ ਲਈ ਖੇਤੀ ਉਪਜ ਵਿੱਚ ਵਾਧਾ ਕਰਨ ਲਈ ਗੰਭੀਰਤਾ ਨਾਲ ਸੋਚਿਆ। ਅਨਾਜ ਉਤਪਾਦਨ ਵਿੱਚ ਵਾਧਾ ਕਰਨ ਲਈ ਖੇਤੀ ਮਾਹਿਰਾਂ ਨੂੰ ਇਸ ਕੰਮ ਲਾਇਆ ਜਿਨ੍ਹਾਂ ਨੇ ਖੇਤੀ ਨੂੰ ਰਵਾਇਤੀ ਖੇਤੀ ਵਿੱਚੋਂ ਕੱਢ ਕੇ ਮਸ਼ੀਨੀਕਰਨ ਅਤੇ ਰਸਾਇਣਕ ਸਾਧਨਾਂ ਵੱਲ ਮੋੜਾ ਦੇ ਦਿੱਤਾ। ਮੁਲਕ ਵਿੱਚ ਖੇਤੀ ਯੂਨੀਵਰਸਿਟੀਆਂ ਨੂੰ ਇਸ ਪਾਸੇ ਖੋਜ ਕਾਰਜ ਕਰਨ ਦਾ ਕੰਮ ਦਿੱਤਾ ਗਿਆ ਅਤੇ ਖੇਤੀਬਾੜੀ ਵਿਭਾਗ ਨੂੰ ਕਿਸਾਨਾਂ ਦਾ ਸਹਿਯੋਗ ਕਰਨ ਲਾਇਆ ਗਿਆ। ਇਸੇ ਵਿੱਚੋਂ ਪੰਜਾਬ ਵਿੱਚ ਹਰੀ ਕ੍ਰਾਂਤੀ ਆਈ। ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਖੇਤੀ ਵਿਗਿਆਨੀਆਂ ਨੇ ਜਿੱਥੇ ਬੀਜ ਸੁਧਾਰਾਂ ਵੱਲ ਧਿਆਨ ਦਿੱਤਾ, ਉੱਥੇ ਹੀ ਖੇਤੀ ਨੂੰ ਰਵਾਇਤੀ ਢੰਗਾਂ ਨਾਲ ਕਰਨ ਦੀ ਥਾਂ ਮਸ਼ੀਨਾਂ, ਨਦੀਨ ਨਾਸ਼ਕਾਂ, ਕੀਟ ਨਾਸ਼ਕਾਂ, ਰਸਾਇਣਕ ਖਾਦਾਂ ਰਾਹੀਂ ਕਰਨ ਦਾ ਸੁਨੇਹਾ ਦਿੱਤਾ ਗਿਆ। ਕਿਸਾਨਾਂ ਵਿਸ਼ੇਸ਼ ਕਰ ਕੇ ਪੰਜਾਬ ਦੇ ਕਿਸਾਨਾਂ ਨੇ ਇਸ ਨੂੰ ਪੱਕੇ ਤੌਰ ’ਤੇ ਲੜ ਬੰਨ੍ਹ ਲਿਆ ਅਤੇ ਜ਼ਹਿਰਾਂ ਤੇ ਰਸਾਇਣਾਂ ਦੀ ਬਹੁਤ ਜਿ਼ਆਦਾ ਵਰਤੋਂ ਕਰ ਕੇ ਬੇਤਹਾਸ਼ਾ ਅਨਾਜ ਪੈਦਾ ਕੀਤਾ। ਇਸ ਸਦਕਾ ਜਿੱਥੇ ਮੁਲਕ ਅੰਨ ਸੰਕਟ ਵਿੱਚੋਂ ਨਿੱਕਲਿਆ, ਉੱਥੇ ਇਸ ਕੋਲ ਬਾਫਰ ਅਨਾਜ ਦੇ ਢੇਰ ਲੱਗ ਗਏ। ਉਂਝ, ਇਹ ਤੱਥ ਵੱਖਰਾ ਹੈ ਕਿ ਅਜਿਹਾ ਕਰਨ ਨਾਲ ਧਨਾਢ ਕਿਸਾਨੀ ਨੂੰ ਛੱਡ ਕੇ ਛੋਟੀ ਕਿਸਾਨੀ ਸੰਕਟ ਵਿੱਚ ਫਸ ਗਈ। ਅਜਿਹੇ ਹਾਲਾਤ ਵਿੱਚ ਕਿਸਾਨ ਨਾ ਲਾਹੇ ਜਾ ਸਕਣ ਵਾਲੇ ਕਰਜ਼ੇ ਨਾਲ ਵਾਲ਼-ਵਾਲ਼ ਵਿੰਨ੍ਹੇ ਗਏ ਅਤੇ ਖ਼ੁਦਕੁਸ਼ੀਆਂ ਦੇ ਰਾਹ ਪੈ ਗਏ। ਜਿਹੜਾ ਕਿਸਾਨ ‘ਰੁੱਖੀ ਮਿੱਸੀ ਖਾ ਕੇ’ ਸ਼ੁਕਰ ਕਰਦਾ ਸੀ, ਉਹ ਵਧੇਰੇ ਲਾਲਸਾ ਦਾ ਸ਼ਿਕਾਰ ਹੋ ਗਿਆ।

ਖੇਤੀ ਮਾਹਿਰਾਂ ਨੇ ਮੁਲਕ ਅਤੇ ਵਿਸ਼ੇਸ਼ ਕਰ ਕੇ ਕਿਸਾਨਾਂ ਨੂੰ ਆਰਥਿਕ ਮੰਦਹਾਲੀ ਵਿੱਚੋਂ ਕੱਢਣ ਦਾ ਕਾਰਜ ਕਰਨਾ ਸੀ ਪਰ ਯੂਨੀਵਰਸਿਟੀਆਂ ਦੇ ਅਧਿਆਪਕਾਂ ਨੇ ਆਪਣੇ ਆਪ ਨੂੰ ਯੂਨੀਵਰਸਿਟੀਆਂ ਦੀਆਂ ਕੁਰਸੀਆਂ ਅਤੇ ਕਿਤਾਬਾਂ ਤੱਕ ਸੀਮਤ ਕਰ ਲਿਆ; ਖੇਤੀਬਾੜੀ ਵਿਭਾਗ ਦੇ ਤਕਨੀਕੀ ਮਾਹਿਰਾਂ ਵਾਸਤੇ ਨਵਾਂ ਸੰਕਟ ਪੈਦਾ ਹੋ ਗਿਆ ਅਤੇ ਕਿਸਾਨੀ ਦੀ ਉਹ ਮਦਦ ਨਹੀਂ ਹੋ ਸਕੀ ਜੋ ਹੋਣੀ ਚਾਹੀਦੀ ਸੀ। ਇਸੇ ਸਮੇਂ ਦੌਰਾਨ ਮੁਲਕ ਦਾ ਲੋੜੋਂ ਵੱਧ ਝੁਕਾਅ ਉਦਾਰੀਕਰਨ, ਸੰਸਾਰੀਕਰਨ, ਨਿੱਜੀਕਰਨ ਵੱਲ ਹੋ ਗਿਆ। ਪੰਜਾਬ ਦੀਆਂ ਸਰਕਾਰਾਂ ਨੇ ਸਰਕਾਰੀ ਵਿਭਾਗਾਂ ਵਿੱਚ ਨੌਕਰੀਆਂ ਦੇ ਰਸਤੇ ਅੰਤਾਂ ਦੇ ਭੀੜੇ ਬਣਾ ਲਏ। ਨੌਕਰੀਆਂ ਤੋਂ ਹੱਥ ਘੁੱਟਦਿਆਂ ਸਰਕਾਰੀ ਵਿਭਾਗਾਂ ਦਾ ਕੰਮ-ਕਾਰ ਪ੍ਰਾਈਵੇਟ ਹੱਥਾਂ ਵਿੱਚ ਦੇ ਕੇ ਡੰਗ ਸਾਰਨਾ ਸ਼ੁਰੂ ਕਰ ਦਿੱਤਾ। ਨਤੀਜੇ ਵਜੋਂ ਕਿਸਾਨਾਂ ਨੇ ਅੱਧੇ-ਅਧੂਰੇ ਗਿਆਨ ਨਾਲ ਆਪਣੀ ਮਨਮਰਜ਼ੀ ਠੋਸਣੀ ਸ਼ੁਰੂ ਕਰ ਦਿੱਤੀ; ‘ਸ਼ਾਹੂਕਾਰ’ ਉਸ ਦੀ ਅਗਵਾਈ ਕਰਨ ਲੱਗਿਆ। ਖੇਤਾਂ ਵਿੱਚ ਨਾ ਜਾਣ ਵਾਲੇ ਕਿਸਾਨਾਂ ਦੇ ਸਲਾਹਕਾਰ ਬਣ ਗਏ। ਫਲਸਰੂਪ, ਹੁਣ ਤੱਕ ਇਸ ਦਾ ਅਸਰ ਪੰਜਾਬ ਦੀ ਕਣਕ ਵਾਲੀ ਖ਼ਬਰ ਤੱਕ ਪਹੁੰਚ ਗਿਆ।

ਹੁਣ ਹਾਲਾਤ ਇਹ ਬਣ ਗਏ ਹਨ ਕਿ ਪੈਦਾ ਕੀਤੀ ਜਾਣ ਵਾਲੀ ਫ਼ਸਲ ਬੀਜਣ ਤੋਂ ਪਹਿਲਾਂ ਇਸ ਨੂੰ ਰਸਾਇਣਾਂ ਨਾਲ ਸੋਧਿਆ ਜਾਂਦਾ ਹੈ, ਬਿਜਾਈ ਦੇ ਨਾਲ ਹੀ ਰਸਾਇਣਕ ਖਾਦਾਂ ਦੀ ਬਿਜਾਈ ਕੀਤੀ ਜਾਂਦੀ ਹੈ, ਫ਼ਸਲ ਉੱਗਣ ਤੋਂ ਪਹਿਲਾਂ ਨਦੀਨ ਨਾਸ਼ਕ ਦਾ ਛਿੜਕਾਅ ਕੀਤਾ ਜਾਂਦਾ ਹੈ, ਫ਼ਸਲ ਦੇ ਕੁਝ ਦਿਨਾਂ ਦੀ ਹੋਣ ’ਤੇ ਫਿਰ ਨਦੀਨ ਨਾਸ਼ਕਾਂ, ਰਸਾਇਣਕ ਖ਼ਾਦਾਂ ਦੀ ਵਰਤੋਂ ਕੀਤੀ ਜਾਂਦੀ ਹੈ। ਬਹੁਤੀ ਵਾਰੀ ਬਿਨਾਂ ਲੋੜ ਤੋਂ ਹੀ ਕੀਟ ਨਾਸ਼ਕਾਂ ਅਤੇ ਰਸਾਇਣਕ ਖਾਦਾਂ ਦੀ ਵਰਤੋਂ ਕੀਤੀ ਜਾਂਦੀ ਹੈ। ਇਹ ਸਾਰਾ ਕੁਝ ਕਿਸਾਨ ਦੀ ਮਰਜ਼ੀ ਨਾਲੋਂ ‘ਮੰਡੀ ਦੇ ਸ਼ਾਹੂਕਾਰ’ ਦੀ ਸਲਾਹ ਨਾਲ ਕੀਤਾ ਜਾਂਦਾ ਹੈ। ਖੇਤੀ ਮਾਹਿਰ ਅਤੇ ਹੋਰ ਸਰਕਾਰੀ ਵਿਭਾਗ ਮੂਕ ਦਰਸ਼ਕ ਬਣ ਕੇ ਦੇਖਦੇ ਰਹਿੰਦੇ ਹਨ। ਕਿਸਾਨ ਦੇ ਪੱਲੇ ਕਰਜ਼ੇ ਤੋਂ ਇਲਾਵਾ ਬਹੁਤਾ ਕੁਝ ਨਹੀਂ ਪੈਂਦਾ। ਸੰਕਟ ਵਿੱਚ ਘਿਰੀ ਖੇਤੀ ਨੂੰ ਸੰਕਟ ਮੁਕਤ ਕਰਨ ਲਈ ਸਰਕਾਰ ਦੇ ਤਿੰਨ ਵਿਭਾਗਾਂ ਨੂੰ ਪੂਰਾ ਚੁਸਤ ਅਤੇ ਕਾਰਜਸ਼ੀਲ ਕਰਨ ਦੀ ਲੋੜ ਹੈ। ਇਨ੍ਹਾਂ ਵਿਭਾਗਾਂ ਦੀ ਸੁਸਤੀ ਲਾਹੁਣ ਲਈ ਇਨ੍ਹਾਂ ਦੀਆਂ ਲੋੜਾਂ ਦੀ ਪੂਰਤੀ ਬੇਹੱਦ ਜ਼ਰੂਰੀ ਹੈ।

ਖੇਤੀਬਾੜੀ ਯੂਨੀਵਰਸਿਟੀ ਦੇ ਅਧਿਆਪਕਾਂ, ਖੇਤੀਬਾੜੀ ਵਿਭਾਗ ਦੇ ਮਾਹਿਰਾਂ ਅਤੇ ਸਹਿਕਾਰੀ ਵਿਭਾਗ ਦੇ ਜਿ਼ੰਮੇ ਕਿਸਾਨਾਂ ਦੀ ਅਗਵਾਈ ਤੈਅ ਹੋਣੀ ਚਾਹੀਦੀ ਹੈ ਪਰ ਡੁੱਬੀ ਤਾਂ ਜੇ ਸਾਹ ਨਾ ਆਇਆ। ਖੇਤੀਬਾੜੀ ਯੂਨੀਵਰਸਿਟੀ ਕੋਲ ਖੇਤੀ ਖੋਜ ਕਾਰਜਾਂ ਵਾਸਤੇ ਲੋੜੀਂਦੇ ਫੰਡ ਨਹੀਂ, ਖੇਤੀਬਾੜੀ ਤੇ ਸਹਿਕਾਰੀ ਵਿਭਾਗ ਦੀਆਂ ਖਾਲੀ ਅਸਾਮੀਆਂ ਕਾਰਨ ਦੋਹਾਂ ਵਿਭਾਗਾਂ ਦੇ ਅਧਿਕਾਰੀ ਅਤੇ ਕਰਮਚਾਰੀ ਅੰਕੜਿਆਂ ਦੀ ਪੂਰਤੀ ਤੱਕ ਸਿਮਟ ਕੇ ਰਹਿ ਜਾਂਦੇ ਹਨ। ਧਨਾਢ ਕਿਸਾਨ ਆਪਣੇ ਵਸੀਲਿਆਂ ਦੀ ਵਰਤੋਂ ਕਰ ਕੇ ਮੁਨਾਫ਼ਾ ਕਮਾਉਂਦਾ ਹੋਇਆ ਨਾ ਵਰਤੋਂ ਯੋਗ ਅਨਾਜ ਪੈਦਾ ਕਰ ਰਿਹਾ ਹੈ, ਮੱਧ ਤੇ ਛੋਟੇ ਦਰਜੇ ਦੀ ਕਿਸਾਨੀ ਵੀ ਸ਼ਾਹੂਕਾਰੀ ਜਾਲ ਸਦਕਾ ਅਜਿਹਾ ਅਨਾਜ ਪੈਦਾ ਕਰ ਰਹੀ ਹੈ; ਹਾਲਾਂਕਿ ਇਹ ਕਿਸਾਨੀ ਵਾਧੂ ਪੈਦਾਵਾਰ ਕਰ ਕੇ ਵੀ ਆਰਥਿਕ ਤੌਰ ’ਤੇ ਸੁਖਾਲੀ ਨਹੀਂ ਹੁੰਦੀ।

ਖੇਤੀ ਮਾਹਿਰ ਜਿੱਥੇ ਸਹੀ ਫ਼ਸਲਾਂ ਪੈਦਾ ਕਰਨ ਲਈ ਕਿਸਾਨੀ ਦੀ ਅਗਵਾਈ ਕਰ ਸਕਦੇ ਹਨ, ਉੱਥੇ ਲੋੜੀਂਦੀ ਮਿਕਦਾਰ ਵਿੱਚ ਰਸਾਇਣਕ ਖਾਦਾਂ ਅਤੇ ਜ਼ਹਿਰਾਂ ਬਾਰੇ ਦਿਸ਼ਾ-ਨਿਰਦੇਸ਼ ਦੇ ਸਕਦੇ ਹਨ। ਸ਼ਾਹੂਕਾਰੀ ਵਿੱਚ ਮੁਨਾਫ਼ਾਖ਼ੋਰੀ ਵਧੇਰੇ ਕਾਰਜਸ਼ੀਲ ਹੁੰਦੀ ਹੈ, ਉਸ ਦੀ ਥਾਂ ਖੇਤੀਬਾੜੀ ਤੇ ਸਹਿਕਾਰੀ ਵਿਭਾਗ ਨੂੰ ਵਧੇਰੇ ਕੰਮ ਸੌਂਪਿਆ ਜਾ ਸਕਦਾ ਹੈ। ਇੱਥੇ ਰਸਾਇਣਕ ਖ਼ਾਦਾਂ ਅਤੇ ਜ਼ਹਿਰਾਂ ਦੀ ਵਰਤੋਂ ਵਾਸਤੇ ਅਗਵਾਈ ਦੇ ਨਾਲ-ਨਾਲ ਆਰਥਿਕ ਤੌਰ ’ਤੇ ਵੀ ਕਿਸਾਨੀ ਦੀ ਬਾਂਹ ਫੜਨੀ ਚਾਹੀਦੀ ਹੈ। ਲੋੜ ਅਨੁਸਾਰ ਅਸਾਮੀਆਂ ਅਤੇ ਵਸੀਲਿਆਂ ਦੀ ਪੂਰਤੀ ਕਰਦਿਆਂ ਸਰਕਾਰੀ ਤੌਰ ’ਤੇ ਜਵਾਬਦੇਹੀ ਤੈਅ ਕੀਤੀ ਜਾ ਸਕਦੀ ਹੈ। ਯਾਦ ਰਹੇ, ਜਵਾਬਦੇਹੀ ਤਦ ਹੀ ਤੈਅ ਕੀਤੀ ਜਾ ਸਕਦੀ ਹੈ, ਜੇ ਵਸੀਲਿਆਂ ਦੀ ਕਮੀ ਨਾ ਹੋਵੇ ਅਤੇ ਕੰਮ ਦੀ ਨਿਰਖ-ਪਰਖ ਹੁੰਦੀ ਰਹੇ। ਸਿੱਖਿਅਤ ਅਤੇ ਵਸੀਲਿਆਂ ਵਾਲਾ ਸ਼ਖ਼ਸ ਹੀ ਚੰਗੇ ਰਸਤਿਆਂ ਦੀ ਤਲਾਸ਼ ਕਰ ਸਕਦਾ ਹੈ। ਬਿਨਾਂ ਜਾਣਕਾਰੀ ਤੋਂ ਚੰਗੇ ਨਤੀਜਿਆਂ ਤੱਕ ਅੱਪੜਿਆ ਨਹੀਂ ਜਾ ਸਕਦਾ।

ਅਸੀਂ ਭਾਵੇਂ ਬਹੁਤ ਕੁਝ ਗੁਆ ਚੁੱਕੇ ਹਾਂ, ਫਿਰ ਵੀ ਚਿੜੀਆਂ ਦੇ ਚੁਗਣ ਤੋਂ ਬਾਅਦ ਪਛਤਾਉਣ ਦੀ ਥਾਂ ਚੁਗੇ ਖੋਏ ਖੇਤ ਵਿੱਚੋਂ ਕੁਝ ਬਚਾਉਣ ਦੀਆਂ ਸੰਭਾਵਨਾਵਾਂ ਪੈਦਾ ਕੀਤੀਆਂ ਜਾ ਸਕਦੀਆਂ ਹਨ। ਲੋੜ ਦ੍ਰਿੜਤਾ ਨਾਲ ਇਰਾਦਿਆਂ ਦੀ ਪੂਰਤੀ ਕਰਨ ਵੱਲ ਕਦਮ ਪੁੱਟਣ ਦੀ ਹੈ।

ਸੰਪਰਕ: 95010-20731

Advertisement