DT
PT
About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਸਮਾਂ ਅਤੇ ਸਮਝ

ਦਰਸ਼ਨ ਸਿੰਘ ਸ਼ਾਇਦ ਕੋਈ ਵੀ ਨਹੀਂ ਜਾਣਦਾ ਹੁੰਦਾ ਕਿ ਜ਼ਿੰਦਗੀ ਨੇ ਸਾਡੇ ਕੱਲ੍ਹ ਲਈ ਕੀ ਸਾਂਭਿਆ ਹੁੰਦਾ ਹੈ ਜਾਂ ਜ਼ਿੰਦਗੀ ਕੱਲ੍ਹ ਨੂੰ ਸਾਨੂੰ ਕੀ ਕੁਝ ਦੇਵੇਗੀ। ਸੋਚਾਂ ’ਚ ਸੁਫਨੇ ਹਰ ਕਿਸੇ ਕੋਲ ਹੁੰਦੇ ਹਨ। ਮਨੁੱਖ ਦੇ ਅੰਦਰ ਦੀਆਂ ਖ਼ਾਹਿਸ਼ਾਂ ਉਸ...
  • fb
  • twitter
  • whatsapp
  • whatsapp
Advertisement

ਦਰਸ਼ਨ ਸਿੰਘ

ਸ਼ਾਇਦ ਕੋਈ ਵੀ ਨਹੀਂ ਜਾਣਦਾ ਹੁੰਦਾ ਕਿ ਜ਼ਿੰਦਗੀ ਨੇ ਸਾਡੇ ਕੱਲ੍ਹ ਲਈ ਕੀ ਸਾਂਭਿਆ ਹੁੰਦਾ ਹੈ ਜਾਂ ਜ਼ਿੰਦਗੀ ਕੱਲ੍ਹ ਨੂੰ ਸਾਨੂੰ ਕੀ ਕੁਝ ਦੇਵੇਗੀ। ਸੋਚਾਂ ’ਚ ਸੁਫਨੇ ਹਰ ਕਿਸੇ ਕੋਲ ਹੁੰਦੇ ਹਨ। ਮਨੁੱਖ ਦੇ ਅੰਦਰ ਦੀਆਂ ਖ਼ਾਹਿਸ਼ਾਂ ਉਸ ਦੇ ਹੱਥਾਂ ਪੈਰਾਂ ’ਚ ਕੁਝ ਕਰਨ ਤੇ ਪ੍ਰਾਪਤ ਕਰਨ ਦੀ ਕਾਹਲ ਬਣਾਈ ਰੱਖਦੀਆਂ ਹਨ। ਮਿਹਨਤ ਦੇ ਰਾਹ ਤੁਰਦਿਆਂ ਮਿਹਨਤ ਨੂੰ ਬੂਰ ਪੈਂਦਿਆਂ ਦੇਖ ਕੇ ਉਹ ਖ਼ੁਸ਼ ਵੀ ਹੁੰਦਾ ਹੈ ਤੇ ਕਦੀ-ਕਦੀ ਬੂਰ ਝੜ ਜਾਣ ’ਤੇ ਲੰਮੀਆਂ ਉਦਾਸੀਆਂ ਉਸ ਨੂੰ ਅੰਦਰੋ-ਅੰਦਰ ਘੇਰ ਵੀ ਲੈਂਦੀਆਂ ਹਨ। ਸਮੇਂ ਨਾਲ ਸਮਝ ’ਚ ਪਰਪੱਕਤਾ ਆਉਣੀ ਜ਼ਰੂਰੀ ਹੈ।

Advertisement

“ਇਹ ਬੀਬਾ ਪੁੱਤ ਕੁਝ ਨਾ ਕੁਝ ਜ਼ਰੂਰ ਬਣੂ। ਹੋਣਹਾਰ ਏ...।” ਇਹ ਗੱਲ ਕਈਆਂ ਨੇ ਮੇਰੇ ਬਾਰੇ ਕਈ ਵਾਰ ਮੇਰੇ ਮਾਪਿਆਂ ਨੂੰ ਦੁਹਰਾਈ ਸੀ। ਬੱਚੇ ਤੋਂ ਬੁੱਢੇ ਤੱਕ ਹਰ ਕੋਈ ਪ੍ਰਸ਼ੰਸਾ ਭਾਲਦਾ ਹੈ। ਸੁਣ-ਸੁਣ ਕੇ ਮੈਂ ਵੀ ਖ਼ੁਸ਼ ਹੁੰਦਾ। ਹੁਣ ਵੀ ਜਾਪਦਾ, ਚੇਤਿਆਂ ’ਚ ਵਸੀਆਂ ਇਹ ਪੁਰਾਣੀਆਂ ਗੱਲਾਂ ਜਿਵੇਂ ਲੰਘੇ ਕੱਲ੍ਹ ਦੀਆਂ ਹੋਣ। ਉਮਰ ਕਦੋਂ ਵਰ੍ਹੇ ਟੱਪ ਜਾਂਦੀ ਹੈ, ਪਤਾ ਹੀ ਨਹੀਂ ਲਗਦਾ। ਬੀਤਿਆ ਵਕਤ ਬਹੁਤ ਸਵਾਲ ਪਿੱਛੇ ਛੱਡ ਜਾਂਦਾ ਹੈ। ਦਸਵੀਂ ਫਸਟ ਡਿਵੀਜ਼ਨ ਵਿੱਚ ਪਾਸ ਕਰਨ ਪਿੱਛੋਂ ਉਚੇਰੀ ਪੜ੍ਹਾਈ ਲਈ ਗੌਰਮਿੰਟ ਕਾਲਜ ਲੁਧਿਆਣਾ ਨੂੰ ਪਹਿਲ ਦਿੰਦਿਆਂ ਦਾਖ਼ਲ ਹੋਇਆ। ਇੱਥੋਂ ਹੀ ਮੇਰੇ ਸੁਫਨਿਆਂ ਦੇ ਰਾਹ ਸ਼ੁਰੂ ਹੋਣੇ ਸਨ। ਮਾਪਿਆਂ ਦੀਆਂ ਆਸਾਂ ਉਮੀਦਾਂ ਵੀ ਵੱਡੀਆਂ ਹੋਣ ਲੱਗੀਆਂ ਸਨ। ਮੇਰੀ ਨਿੱਕੀ ਸਮਝ ਥੋੜ੍ਹੀ ਵੱਡੀ ਹੋਣ ਨਾਲ ਮੈਂ ਹੋਰ ਸਿਆਣਾ ਹੋ ਗਿਆ ਸੀ। ਸ਼ਰਾਰਤਾਂ ਭੁੱਲ-ਭੁਲਾ ਗਿਆ ਸਾਂ। ਸੋਚਾਂ ’ਚ ਗੰਭੀਰਤਾ ਤੇ ਸੰਜੀਦਗੀ ਸੀ। ਕਾਲਜ ਜਾਣ ਲਈ ਘਰੋਂ ਤੁਰਦਾ, ਪਾਪਾ ਜੀ ਦੀ ਆਵਾਜ਼ ਕੰਨੀਂ ਪੈਂਦੀ, “ਬਹੁਤ ਪੜ੍ਹੀਂ ਬੱਚੂ। ਸਾਰੀ ਉਮਰ ਦੀਆਂ ਮੌਜਾਂ ਨੇ ਫਿਰ...।”

ਬੜੀ ਚੰਗੀ ਤਰ੍ਹਾਂ ਵਕਤ ਦੀ ਮਹੱਤਤਾ ਨੂੰ ਸਮਝਦਾ ਸਾਂ। ਸਮਝ ਇਸ ਗੱਲ ਦੀ ਵੀ ਸੀ ਕਿ ਸੋਚ ਨੂੰ ਸਮੇਂ ਦਾ ਹਾਣੀ ਹੋਣਾ ਜ਼ਰੂਰੀ ਹੈ। ਪ੍ਰੀ-ਯੂਨੀਵਰਸਿਟੀ ਕਰਨ ਪਿੱਛੋਂ ਪ੍ਰੀ-ਮੈਡੀਕਲ ’ਚ ਦਾਖ਼ਲ ਹੋਣਾ ਸੀ। ਮਾਪਿਆਂ ਵੱਲੋਂ ਦਿੱਤਾ ਉਤਸ਼ਾਹ ਵੀ ਨਾਲ ਸੀ। ਕਿਤਾਬਾਂ ਦੇ ਪੰਨਿਆਂ ’ਚ ਮੈਨੂੰ ਆਪਣੀ ਜ਼ਿੰਦਗੀ ਦੀ ਝਲਕ ਪੈਂਦੀ ਤੇ ਮੈਂ ਅੱਖਰਾਂ ਵਿੱਚ ਜਿਊਣ ਲਗਦਾ। “ਪਾਪਾ ਜੀ, ਮੈਂ ਕਾਲਜ ਬਦਲਣਾ ਚਾਹੁੰਦਾਂ।” ਅਚਾਨਕ ਹੀ ਇਕ ਦਿਨ ਮੈਂ ਕਿਹਾ। ਕਿਉਂ?” ਉਨ੍ਹਾਂ ਪੁੱਛਿਆ। ਮੇਰੇ ਕੋਲ ਕਹਿਣ ਲਈ ਸ਼ਬਦ ਸਨ, ਆਵਾਜ਼ ਸੀ, ਸੋਚ ਵੀ ਸੀ ਪਰ ਮੈਂ ਚੁੱਪ ਰਿਹਾ। ਉਂਝ ਵਿਚਲੀ ਗੱਲ ਇਹ ਸੀ ਕਿ ਮੇਰਾ ਇੱਕ ਸਹਿਪਾਠੀ ਬਹੁਤ ਗੂੜ੍ਹਾ ਮਿੱਤਰ ਪਿਆਰਾ ਸੀ। ਉਸ ਦੇ ਨਾਲ ਹੀ ਮੇਰਾ ਸਾਂਝਾ ਉੱਠਣ ਬਹਿਣ ਤੇ ਤੋਰਾ ਫੇਰਾ ਸੀ। ਮੇਰੇ ਜਿਹੀਆਂ ਹੀ ਉਸ ਦੀਆਂ ਆਦਤਾਂ ਸਨ। ਜਲੰਧਰ ਜਾ ਕੇ ਪੜ੍ਹਨ ਦਾ ਫ਼ੈਸਲਾ ਉਸ ਦਾ ਹੀ ਸੀ। ਪਤਾ ਨਹੀਂ, ਉਸ ਨੂੰ ਨਾਂਹ ਕਰਨ ਦਾ ਮੇਰਾ ਹੌਸਲਾ ਕਿਉਂ ਨਾ ਪਿਆ। ਇੱਥੇ ਹੀ ਮੇਰੀ ਇਸ ਪੁੱਠੀ ਸੋਚ ਤੇ ਚੁਣੇ ਪੁੱਠੇ ਰਾਹਾਂ ਨੇ ਮੇਰੇ ਲਈ ਜਿਵੇਂ ਕੋਈ ਸਜ਼ਾ ਤਿਆਰ ਕਰ ਲਈ ਸੀ। ਮੇਰੇ ਫ਼ੈਸਲੇ ਨੇ ਮਾਪਿਆਂ ਦੇ ਮਨ ’ਚ ਡੂੰਘੀਆਂ ਬੇਚੈਨੀਆਂ ਭਰ ਦਿੱਤੀਆਂ। ਰੋਟੀ ਖਾਣ ਨੂੰ ਉਨ੍ਹਾਂ ਦਾ ਜੀਅ ਨਾ ਕਰੇ। ਛੁੱਪ-ਚਾਪ ਜਿਹੇ ਬੈਠੇ ਸੋਚੀਂ ਡੁੱਬੇ ਰਹਿੰਦੇ। ਉਨ੍ਹਾਂ ਦੀ ਚੁੱਪ ’ਚ ਲੁਕੀ ਤਕਲੀਫ਼ ਸਮਝਦਿਆਂ ਵੀ ਮੇਰਾ ਫ਼ੈਸਲਾ ਅਡੋਲ ਸੀ। ਸਮਝਾਉਣ ’ਤੇ ਵੀ ਮੈਂ ਕੁਝ ਨਾ ਸਮਝਿਆ। ਆਖ਼ਿਰ ਪਿਉ ਸੀ। ਕਰਿ ਉਪਦੇਸੁ ਝਿੜਕੇ ਬਹੁ ਭਾਤੀ ਬਹੁੜਿ ਪਿਤਾ ਗਲਿ ਲਾਵੈ॥ ਜਲੰਧਰ ਜਾਣ ਲਈ ਮੈਂ ਤਿਆਰ ਹੋਇਆ, ਆਪਣੇ ਗਲ ਲਾਉਂਦੇ ਮੈਨੂੰ ਕਿਹਾ, “ਚੰਗਾ ਸੀ ਏਥੇ ਪੜ੍ਹ ਲੈਂਦਾ। ਧਿਆਨ ਰੱਖੀਂ। ਓਹੀ ਕੰਮ ਕਰੀਂ ਜਿਸ ਲਈ ਘਰੋਂ ਤੁਰਿਆਂ ਏਂ...।”

ਪਰ ਇੱਥੇ ਆ ਕੇ ਮੇਰੀਆਂ ਕੀਤੀਆਂ ਮਨਮਰਜ਼ੀਆਂ, ਲਾਪ੍ਰਵਾਹੀਆਂ, ਸੋਚਣ ਦੇ ਬਦਲੇ ਢੰਗ ਤਰੀਕੇ ਤੇ ਮੇਰੇ ਹੱਥੋਂ ਹੋਈ ਸਮੇਂ ਦੀ ਬੇਕਦਰੀ ਨੇ ਮੇਰੇ ਕੋਲੋਂ ਬਹੁਤ ਕੁਝ ਖੋਹ ਲਿਆ। ਯੂਨੀਵਰਸਿਟੀ ਤੋਂ ਆਇਆ ਨਤੀਜਾ ਮੈਨੂੰ ਬੇਸੁਰ, ਬੇਕਦਰ ਤੇ ਨਿਥਾਵਾਂ ਕਰ ਗਿਆ। ਸੁਫਨੇ... ਆਸਾਂ ਉਮੀਦਾਂ... ਚਾਅ... ਉਤਸ਼ਾਹ। ਹੁਣ ਕੁਝ ਵੀ ਮੇਰੇ ਹੱਥਾਂ ’ਚ ਨਹੀਂ ਸੀ। ਜੋ ਚਾਹੁੰਦਾ ਸੀ, ਉਹ ਹੋ ਨਾ ਸਕਿਆ। ਮੇਰੀ ਜ਼ਿੰਦਗੀ ਦੀ ਤਸਵੀਰ ਦਾ ਕੋਈ ਰੰਗ ਸਦਾ ਲਈ ਗਾਇਬ ਹੋ ਗਿਆ। ਭਾਈ ਵੀਰ ਸਿੰਘ ਜੀ ਦੀ ਕਵਿਤਾ ਦਾ ਸੱਚ ਮੈਨੂੰ ਯਾਦ ਆਉਂਦਾ:

ਰਹੀ ਵਾਸਤੇ ਘੱਤ, ਸਮੇਂ ਨੇ ਇੱਕ ਨਾ ਮੰਨੀ।

ਫੜ-ਫੜ ਰਹੀ ਧਰੀਕ, ਸਮੇਂ ਖਿਸਕਾਈ ਕੰਨੀ।

ਮੇਰੇ ਮਾਪਿਆਂ ਨੇ ਮੇਰੀ ਅਸਫਲਤਾ ਨੂੰ ਕਿਵੇਂ ਨਾ ਕਿਵੇਂ ਝੱਲ ਤਾਂ ਲਿਆ ਪਰ ਉਨ੍ਹਾਂ ਦੇ ਚਿਹਰੇ ਦੇ ਹਾਵ ਭਾਵ, ਆਵਾਜ਼ ਤੇ ਅੱਖਾਂ ’ਚੋਂ ਉਨ੍ਹਾਂ ਅੰਦਰਲੇ ਸਦਮੇ ਤੇ ਮਧੋਲੀਆਂ ਗਈਆਂ ਉਮੀਦਾਂ ਦੀ ਪੀੜ ਨੂੰ ਪੜ੍ਹ ਤੇ ਦੇਖ ਸਕਦਾ ਸਾਂ। ਬਾਅਦ ’ਚ ਕੀਤੀਆਂ ਹੋਰ ਪੜ੍ਹਾਈਆਂ ਸਦਕਾ ਭਾਵੇਂ ਮੈਨੂੰ ਸਰਕਾਰੀ ਨੌਕਰੀ ਤਾਂ ਮਿਲ ਗਈ ਪਰ ਟੁੱਟੇ-ਮੁੱਕੇ ਸੁਫਨਿਆਂ ਦੀਆਂ ਕਿਰਚਾਂ ਹੁਣ ਤਕ ਵੀ ਮਨ ਦੇ ਹਰ ਕੋਨੇ ’ਚ ਚੁੱਭਦੀਆਂ ਹਨ।

ਸਮਾਂ ਤੇ ਸਮਝ ਹਰ ਕਿਸੇ ਕੋਲ ਹੁੰਦੇ ਹਨ। ਵਿਹਲੇ ਰਹਿਣਾ ਨਿਕੰਮਾਪਣ ਹੀ ਹੁੰਦਾ ਹੈ। ਆਪਣੇ ਇਰਾਦਿਆਂ, ਸੁਫਨਿਆਂ, ਜ਼ਿੰਦਗੀ ਦੇ ਰਾਹਾਂ ਤੇ ਸਿਆਣਿਆਂ ਦੀਆਂ ਕਹੀਆਂ ਗੱਲਾਂ ਨੂੰ ਸਮੇਂ ਸਿਰ ਸਮਝਣ ਦੀ ਸਮਝ ਹੋਣੀ ਚਾਹੀਦੀ ਹੈ ਤਾਂ ਹੀ ਬੁਲੰਦੀਆਂ ਛੂਹਣਾ ਸੰਭਵ ਹੈ। ਹਰ ਇਕ ਦੇ ਹਿੱਸੇ ਜ਼ਿੰਦਗੀ ਦੇ ਇਮਤਿਹਾਨ ਆਉਂਦੇ ਹਨ ਪਰ ‘ਬੂਹੇ ਆਈ ਜੰਝ, ਵਿੰਨ੍ਹੋ ਕੁੜੀ ਦੇ ਕੰਨ’ ਜਿਹੀ ਬੇਸਮਝੀ ਅਸਫਲਤਾ ਹੀ ਪੱਲੇ ਪਾਉਂਦੀ ਹੈ ਤੇ ਘੋਰ ਪਛਤਾਵਿਆਂ ਦੀ ਭਾਰੀ ਪੰਡ ਸਿਰ ’ਤੇ ਚੁੱਕ ਕੇ ਉਮਰ ਭਰ ਤੁਰਨਾ ਪੈਂਦਾ ਹੈ।

ਜਾਪਦਾ ਹੈ, ਮਨੁੱਖ ਦੀ ਕਿਸਮਤ ਜਾਂ ਤਕਦੀਰ ਉਸ ਦੇ ਹੱਥਾਂ ਦੀਆਂ ਲਕੀਰਾਂ ’ਚ ਨਹੀਂ, ਸਗੋਂ ਉਸ ਦੇ ਸੋਚਣ ਸਮਝਣ ਤੇ ਸਮੇਂ ਨੂੰ ਸੂਝ ਨਾਲ ਸਾਂਭਣ ਵਿੱਚ ਹੁੰਦੀ ਹੈ।

ਸੰਪਰਕ: 94667-37933

Advertisement
×