ਸੋਚ
ਮੱਝਾਂ ਗਾਵਾਂ ਚਾਰਨ ਵਾਲੇ ਮੁੰਡੇ ਨੂੰ ਪੜ੍ਹਾਉਣ ਦੀ ਸਰਕਾਰੀ ਨੌਕਰੀ ਮਿਲ ਜਾਵੇ, ਖ਼ੁਸ਼ੀ ਤਾਂ ਆਪੇ ਹੋਣੀ ਸੀ। ਇੱਕ ਤਾਂ ਬਚਪਨ ਤੋਂ ਹੀ ਸਖ਼ਤ ਮਿਹਨਤ ਕਰਨ ਦੀ ਆਦਤ ਪਈ ਹੋਈ ਸੀ; ਦੂਜਾ, ਮੇਰੇ ਉੱਤੇ ਸੂਝਵਾਨ ਅਤੇ ਨਾਮਵਰ ਅਧਿਆਪਕਾਂ ਦੀ ਸੰਗਤ ਦਾ ਡੂੰਘਾ ਪ੍ਰਭਾਵ ਸੀ। ਪੜ੍ਹਾਉਣ ਤੋਂ ਜਦੋਂ ਵੀ ਵਿਹਲਾ ਹੋਣਾ, ਖੁਰਪਾ ਚੁੱਕ ਕੇ ਫੁੱਲ ਬੂਟਿਆਂ ਦੀਆਂ ਕਿਆਰੀਆਂ ਵੱਲ ਹੋ ਜਾਂਦਾ। ਸਵੇਰ ਦੀ ਸਭਾ ਵਿੱਚ ਵਿਦਿਆਰਥੀਆਂ ਨਾਲ ਕਿਸੇ ਨਾ ਕਿਸੇ ਵਿਸ਼ੇ ’ਤੇ ਬੋਲਣ ਦਾ ਮੈਨੂੰ ਅਮਲ ਜਿਹਾ ਹੋ ਗਿਆ ਸੀ। ਸਕੂਲ ਦੇ ਵਿਦਿਆਰਥੀ ਵੀ ਮੇਰੀ ਗੱਲ ਨੂੰ ਬੜੇ ਗਹੁ ਨਾਲ ਸੁਣਦੇ ਸਨ।
ਮੈਨੂੰ ਸਰਵਿਸ ਜੁਆਇਨ ਕੀਤਿਆਂ ਦੋ ਕੁ ਮਹੀਨੇ ਹੀ ਲੰਘੇ ਸਨ। ਚੌਕੀਦਾਰ ਦੀ ਡਿਊਟੀ ਭਾਵੇਂ ਸਵੇਰੇ ਸਕੂਲ ਲੱਗਣ ਸਮੇਂ ਖ਼ਤਮ ਹੋ ਜਾਂਦੀ ਹੈ ਪਰ ਪਤਾ ਨਹੀਂ ਕਿਉਂ, ਉਹ ਸਵੇਰ ਦੀ ਸਭਾ ਦੇ ਅੰਤ ਤੱਕ ਇੱਕ ਪਾਸੇ ਖਲੋ ਕੇ ਸਭਾ ਦਾ ਸਾਰਾ ਪ੍ਰੋਗਰਾਮ ਸੁਣਦਾ ਰਹਿੰਦਾ ਸੀ। ਜਿਉਂ ਹੀ ਸਭਾ ਖ਼ਤਮ ਹੁੰਦੀ, ਉਹ ਘਰ ਚਲਾ ਜਾਂਦਾ। ਇੱਕ ਦਿਨ ਸਕੂਲ ਵਿੱਚ ਛੁੱਟੀ ਹੋਣ ਤੋਂ ਦਸ ਕੁ ਮਿੰਟ ਪਹਿਲਾਂ ਉਹ ਮੇਰੇ ਕੋਲ ਆਇਆ, ਤੇ ਬਹੁਤ ਹੀ ਗਰੀਬੜਾ ਜਿਹਾ ਹੋ ਕੇ ਕਹਿੰਦਾ- “ਸਾਹਿਬ ਜੀ, ਮੇਰੀ ਇੱਕ ਅਰਜ਼ੀ ਲਿਖ ਦੋਂਗੇ ਜੀ?”
“ਹਾਂ ਹਾਂ। ਜ਼ਰੂਰ। ਪਰ ਅਰਜ਼ੀ ਲਿਖਾਉਣੀ ਕੀਹਦੇ ਨਾਂ ਐ?” ਮੈਂ ਪੁੱਛਿਆ।
“ਸਾਹਿਬ ਜੀ, ਮੈਂ ਆਪਣਾ ਛੋਟਾ ਜਿਹਾ ਘਰ ਬਣਾਇਐ। ਬਿਜਲੀ ਦਾ ਮੀਟਰ ਲਗਵਾਉਣੈ ਜੀ।”
ਮੈਂ ਉਸੇ ਵੇਲੇ ਅਰਜ਼ੀ ਲਿਖਣ ਬੈਠ ਗਿਆ। ਜਦੋਂ ਤੱਕ ਅਰਜ਼ੀ ਪੂਰੀ ਲਿਖੀ ਗਈ, ਤਦ ਤੱਕ ਸਕੂਲ ਵਿੱਚ ਛੁੱਟੀ ਹੋ ਚੁੱਕੀ ਸੀ। ਸਾਰਾ ਸਟਾਫ ਆਪੋ-ਆਪਣੀ ਹਾਜ਼ਰੀ ਲਾ ਕੇ ਜਾ ਚੁੱਕਾ ਸੀ। ਮੈਂ ਦਫ਼ਤਰ ’ਚ ਆਪਣੀ ਹਾਜ਼ਰੀ ਲਾਈ, ਬੈਗ ਚੁੱਕਿਆ ਤੇ ਬੱਸ ਅੱਡੇ ਵੱਲ ਤੁਰ ਪਿਆ।
ਰੋਜ਼ਾਨਾ ਮਿਲਣ ਵਾਲੀ ਬੱਸ ਕਦੋਂ ਦੀ ਲੰਘ ਚੁੱਕੀ ਸੀ। ਅਗਲੀ ਬੱਸ ਲਗਭਗ ਚਾਲੀ ਮਿੰਟ ਬਾਅਦ ਆਈ। ਮੈਂ ਬੱਸ ਚੜ੍ਹ ਕੇ ਆਪਣੀ ਮੰਜ਼ਿਲ ਦੇ ਰਾਹ ਪੈ ਗਿਆ।
ਸਾਡਾ ਸੱਤ ਕੁ ਪੁਰਸ਼ ਸਟਾਫ ਮੈਂਬਰਾਂ ਦਾ ਵੱਖਰਾ ਗਰੁੱਪ ਸੀ। ਅਗਲੇ ਦਿਨ ਮੈਂ ਜਿਉਂ ਹੀ ਚਾਹ ਪੀਣ ਲਈ ਗਰੁੱਪ ਮੈਂਬਰਾਂ ਕੋਲ ਗਿਆ, ਉਨ੍ਹਾਂ ਵਿੱਚੋਂ ਕਈਆਂ ਦੀਆਂ ਨਜ਼ਰਾਂ ਮੈਨੂੰ ਬਦਲੀਆਂ-ਬਦਲੀਆਂ ਜਿਹੀਆਂ ਲੱਗੀਆਂ। ਮੈਂ ਆਪਣਾ ਚਾਹ ਵਾਲਾ ਕੱਪ ਚੁੱਕਿਆ ਤੇ ਬਾਹਰ ਵੱਲ ਤੁਰ ਪਿਆ। ਅਚਾਨਕ ਕੁੰਢੀਆਂ ਮੁੱਛਾਂ ਵਾਲੇ ਸਾਥੀ ਨੇ ਮੈਨੂੰ ਅਵਾਜ਼ ਮਾਰ ਕੇ ਰੋਕ ਲਿਆ। ਮੈਂ ਉਨ੍ਹੀਂ ਪੈਰੀਂ ਮੁੜ ਆਇਆ, ਉਹ ਬੋਲਿਆ- “ਸਰ... ਕੱਲ੍ਹ ਤੁਸੀਂ ਅਰਜ਼ੀ ਲਿਖਣ ਬੈਠ ਗਏ ਸੀ... ਥੋਡੀ ਤਾਂ ਬੱਸ ਲੰਘ ਗਈ ਹੋਣੀ ਐਂ?”
“ਹਾਂ... ਬੱਸ ਤਾਂ ਲੰਘ ਗਈ ਸੀ ਪਰ ਅਗਲੀ ਬੱਸ ਆਉਣ ਤੱਕ ਮੈਂ ਪਿੱਪਲ ਹੇਠ ਬਹਿ ਕੇ ਕਿਤਾਬ ਪੜ੍ਹਨ ਲੱਗ ਪਿਆ... ਪਤਾ ਈ ਨ੍ਹੀਂ ਲੱਗਿਆ, ਚਾਲੀ ਮਿੰਟ ਕਦੋਂ ਲੰਘ ਗਏ।”
“ਡਾਕਟਰ ਸਾਹਿਬ, ਗੱਲ ਇਹ ਨ੍ਹੀਂ ਕਿ ਤੁਸੀਂ ਕਿਤਾਬ ਪੜ੍ਹਦੇ ਰਹੇ ਤੇ ਤੁਹਾਨੂੰ ਸਮੇਂ ਦਾ ਪਤਾ ਨ੍ਹੀਂ ਲੱਗਿਆ... ਗੱਲ ਤਾਂ ਇਹ ਹੈ ਕਿ ਤੁਹਾਨੂੰ ਕੀ ਲੋੜ ਪਈ ਸੀ, ਉਹਦੀ ਅਰਜ਼ੀ ਲਿਖਣ ਦੀ?... ਤੁਹਾਥੋਂ ਪਹਿਲਾਂ ਉਹਨੇ ਸਾਨੂੰ ਵੀ ਕਿਹਾ ਸੀ... ਅਰਜ਼ੀ ਲਿਖਣ ਨੂੰ। ਅਸੀਂ ਤਾਂ ਕਿਸੇ ਨੇ ਨ੍ਹੀਂ ਲਿਖੀ ਉਹਦੀ ਅਰਜ਼ੀ।... ਡਾਕਟਰ ਸਾਹਿਬ, ਤੁਸੀਂ ਹੈਗੇ ਯੂਨੀਵਰਸਿਟੀ ਪੜ੍ਹੇ ਲਿਖੇ। ਥੋਨੂੰ ਪਿੰਡਾਂ ਦੇ ’ਸਾਬ-ਕਿਤਾਬ ਦਾ ਬਹੁਤਾ ਪਤਾ ਨ੍ਹੀਂ ਹੈਗਾ। ਇਨ੍ਹਾਂ ਲਾਗੀ-ਤਿਥੀਆਂ ਨੂੰ ਬਹੁਤਾ ਮੂੰਹ ਨ੍ਹੀਂ ਲੌਂਦੇ ਅਸੀਂ। ’ਗਾਂਹ ਤੋਂ ਤੁਸੀਂ ਵੀ ਟਰਕਾ ਦਿਆ ਕਰੋ।”
ਉਹਦੀਆਂ ਗੱਲਾਂ ਸੁਣ ਕੇ ਮੈਨੂੰ ਵੱਟ ਜਿਹਾ ਤਾਂ ਬਹੁਤ ਚੜ੍ਹਿਆ, ਫਿਰ ਅਚਾਨਕ ਮੇਰੇ ਜ਼ਿਹਨ ਵਿੱਚ ਆਇਆ ਕਿ ਜਿਸ ਸ਼ਖ਼ਸ ਉੱਤੇ ਤੂੰ ਆਪਣਾ ਗੁੱਸਾ ਕੱਢਣ ਨੂੰ ਫਿਰਦੈਂ, ਉਹਦਾ ਤੇ ਤੇਰਾ ਕੀ ਮੁਕਾਬਲਾ?... ਮੈਂ ਚਾਹ ਦਾ ਭਰਿਆ ਭਰਾਇਆ ਕੱਪ ਉੱਥੇ ਹੀ ਰੱਖ ਦਿੱਤਾ। ਬਾਹਰ ਜਾਂਦਿਆਂ ਮੈਂ ਕੇਵਲ ਇੱਕੋ ਵਾਕ ਬੋਲਿਆ- “ਜੇ ਇਨ੍ਹਾਂ ਪਵਿੱਤਰ ਵਿੱਦਿਅਕ ਸੰਸਥਾਵਾਂ ਵਿੱਚ ਪੜ੍ਹਾਉਣ ਵਾਲਿਆਂ ਦੀ ਸੋਚ ਏਨੀ ਛੋਟੀ ਹੈ ਤਾਂ ਵਿਦਿਆਰਥੀ ਚੰਗੀ ਸੋਚ ਲਈ ਕਿੱਥੇ ਜਾਣਗੇ?” ਮੁੜ ਉਸ ਗਰੁੱਪ ਵਿੱਚ ਚਾਹ ਪੀਣੀ ਤਾਂ ਦੂਰ, ਮੈਂ ਉਨ੍ਹਾਂ ਨਾਲ ਬੈਠਣਾ ਹੀ ਬੰਦ ਕਰ ਦਿੱਤਾ।
ਸੰਪਰਕ: 84276-85020