ਇਹ ਵੇਲਾ ਤੇ ਉਹ ਵੇਲਾ
ਪ੍ਰਗਟ ਮੇਰਾ ਮਿੱਤਰ ਹੈ। ਉਹ ਆਪਣੇ ਬੱਚੇ ਦੇ ਸਕੂਲ ਦੀਆਂ ਸਿਫ਼ਤਾਂ ਕਰਦਾ ਰਹਿੰਦਾ ਹੈ। ਅਖੇ, ‘‘ਮੇਰੇ ਬੱਚੇ ਦਾ ਸਕੂਲ ਬਹੁਤ ਵਧੀਆ ਹੈ। ਵੈਨ ਸਾਡੇ ਬੂਹੇ ਅੱਗੇ ਬੱਚੇ ਨੂੰ ਲੈਣ ਆਉਂਦੀ ਹੈ। ਅਸੀਂ ਆਪਣੇ ਬੱਚੇ ਨੂੰ ਵੈਨ ਵਿੱਚ ਵੀ ਤੇ ਜਮਾਤ...
ਪ੍ਰਗਟ ਮੇਰਾ ਮਿੱਤਰ ਹੈ। ਉਹ ਆਪਣੇ ਬੱਚੇ ਦੇ ਸਕੂਲ ਦੀਆਂ ਸਿਫ਼ਤਾਂ ਕਰਦਾ ਰਹਿੰਦਾ ਹੈ। ਅਖੇ, ‘‘ਮੇਰੇ ਬੱਚੇ ਦਾ ਸਕੂਲ ਬਹੁਤ ਵਧੀਆ ਹੈ। ਵੈਨ ਸਾਡੇ ਬੂਹੇ ਅੱਗੇ ਬੱਚੇ ਨੂੰ ਲੈਣ ਆਉਂਦੀ ਹੈ। ਅਸੀਂ ਆਪਣੇ ਬੱਚੇ ਨੂੰ ਵੈਨ ਵਿੱਚ ਵੀ ਤੇ ਜਮਾਤ ਵਿੱਚ ਵੀ ਬੈਠੇ ਨੂੰ ਵੇਖ ਸਕਦੇ ਹਾਂ। ਬੱਚੇ ਦੇ ਘਰ ਪਹੁੰਚਣ ਤੋਂ ਪਹਿਲਾਂ ਹੋਮਵਰਕ ਵੱਟਸਐਪ ’ਤੇ ਆ ਜਾਂਦਾ ਹੈ।’’
ਜਦੋਂ ਵੀ ਪ੍ਰਗਟ ਆਪਣੇ ਬੱਚੇ ਦੇ ਸਕੂਲ ਤੇ ਅਧਿਆਪਕਾਂ ਦੀ ਗੱਲ ਛੇੜਦਾ ਹੈ, ਮੈਨੂੰ ਆਪਣੇ ਸਮੇਂ ਦਾ ਚਾਲ਼ੀ ਕੁ ਸਾਲ ਪਹਿਲਾਂ ਦਾ ਪਿੰਡ ਵਾਲਾ ਸਕੂਲ ਤੇ ਮਾਸਟਰ ਜੀ ਚੇਤੇ ਆ ਜਾਂਦੇ ਹਨ। ਉਹ ਸਮਾਂ ਇੰਟਰਨੈੱਟ ਤੇ ਵੱਟਸਐਪ ਦਾ ਨਹੀਂ ਸੀ। ਸਾਡੇ ਪਿੰਡ ਦੇ ਸਕੂਲ ਵਿੱਚ ਇੱਕ ਹੀ ਮਾਸਟਰ ਜੀ ਹੁੰਦੇੇ ਸਨ। ਉਹ ਹੀ ਪੰਜਾਂ ਜਮਾਤਾਂ ਨੂੰ ਵਾਰੀ ਸਿਰ ਪੜ੍ਹਾਉਂਦੇ ਸਨ। ਸਾਡੇ ਪਿੰਡ ਵਾਲੇ ਮਾਸਟਰ ਜੀ ਸੂਚਨਾ ਦੀਆਂ ਆਧੁਨਿਕ ਤਕਨੀਕਾਂ ਤੋਂ ਬਗੈਰ ਹੀ ਆਪਣੇ ਢੰਗ ਨਾਲ ਬੱਚਿਆਂ ਦੀ ਨਿਗਰਾਨੀ ਕਰਦੇ ਸਨ।
ਉਨ੍ਹਾਂ ਸਮਿਆਂ ਵਿੱਚ ਬੱਚੇ ਪੈਦਲ ਹੀ ਸਕੂਲ ਜਾਂਦੇ ਸਨ। ਮਾਸਟਰ ਜੀ ਬੱਚਿਆਂ ਨੂੰ ਰੋਜ਼ਾਨਾ ਸਕੂਲ ਆਉਂਦੇ ਵਕਤ ਤੇ ਸਕੂਲੋਂ ਘਰ ਜਾਂਦੇੇ ਵਕਤ ਰਾਹ ਵਿੱਚ ਖੇਡ ਨਾ ਲੱਗ ਜਾਣ ਦੀ ਹਦਾਇਤ ਦਿੰਦੇ ਰਹਿੰਦੇ ਸਨ। ਫਿਰ ਛੁੱਟੀ ਹੋਣ ਤੋਂ ਬਾਅਦ ਉਹ ਆਪ ਬੱਚਿਆਂ ਦੇ ਪਿੱਛੇ ਹੋ ਲੈਂਦੇ ਸਨ।
ਮਾਸਟਰ ਜੀ ਪਿੰਡ ਵਿੱਚ ਹੀ ਰਹਿੰਦੇ ਸਨ। ਉਨ੍ਹਾਂ ਦਾ ਆਪਣਾ ਘਰ, ਸਕੂਲ ਤੋਂ ਬਹੁਤਾ ਦੂਰ ਨਹੀਂ ਸੀ। ਫਿਰ ਵੀ ਉਹ ਘੁੰਮ ਕੇ ਤੇ ਪਿੰਡ ਦੇ ਉੱਪਰ ਦੀ ਹੋ ਕੇ ਆਪਣੇ ਘਰ ਜਾਂਦੇ ਸਨ। ਮਾਸਟਰ ਜੀ ਇੱਕ ਲੱਤ ਤੋਂ ਆਰੀ ਸਨ। ਉਹ ਸਾਈਕਲ ’ਤੇ ਹੁੰਦੇ ਸਨ। ਉਹ ਸਾਈਕਲ ’ਤੇ ਝੱਟ ਹੀ ਪਿੰਡ ਦਾ ਗੇੜਾ ਲਾ ਦਿੰਦੇ। ਉਹ ਛੁੱਟੀ ਵਾਲੇ ਦਿਨ ਵੀ ਇੱਕ ਦੋ ਗੇੜੇ ਪਿੰਡ ਦੀਆਂ ਗਲੀਆਂ ਵਿੱਚ ਜ਼ਰੂਰ ਮਾਰਦੇ ਸਨ। ਮਾਸਟਰ ਜੀ ਦੀ ਹਦਾਇਤ ਮੁਤਾਬਿਕ ਬੱਚਿਆਂ ਦੇ ਖੇਡਣ ਦਾ ਸਮਾਂ ਨਿਰਧਾਰਿਤ ਹੁੰਦਾ ਸੀ। ਪਿੰਡ ਦਾ ਕੋਈ ਬੱਚਾ ਸਿਖਰ ਦੁਪਹਿਰੇ ਚੌਕਾਂ ਤੇ ਗਲ਼ੀਆਂ ਵਿੱਚ ਨਹੀਂ ਖੇਡ ਸਕਦਾ ਸੀ।
ਉਨ੍ਹਾਂ ਵੇਲਿਆਂ ਵਿੱਚ ਪਿੰਡਾਂ ਵਿੱਚ ਗੁੱਲੀ ਡੰਡਾ ਤੇ ਬੰਟੇ ਖੇਡਣ ਦਾ ਰਿਵਾਜ ਬਹੁਤ ਹੁੰਦਾ ਸੀ। ਸਾਡੇ ਪਿੰਡ ਦੇ ਮਾਸਟਰ ਜੀ ਇਨ੍ਹਾਂ ਦੋਵਾਂ ਖੇਡਾਂ ਨੂੰ ਖੇਡਣ ਤੋਂ ਵਰਜਦੇ ਸਨ। ਗੁੱਲੀ ਦੇ ਅੱਖ ਵਿੱਚ ਵੱਜਣ ਦਾ ਖ਼ਤਰਾ ਹੁੰਦਾ ਸੀ ਤੇ ਬੰਟਿਆਂ ਦੀ ਖੇਡ ਨੂੰ ਜੂਏ ਦੀ ਸ਼ੁਰੂਆਤ ਮੰਨਿਆ ਜਾਂਦਾ ਸੀ। ਕਿਧਰੇ ਵੀ ਕੋਈ ਬੱਚਾ ਇਹ ਖੇਡਾਂ ਖੇਡਦਾ ਮਿਲ ਜਾਂਦਾ ਤਾਂ ਮਾਸਟਰ ਜੀ ਦਾ ਡੰਡਾ ਉੱਥੇ ਹੀ ਪਾਸੇ ਸੇਕ ਦਿੰਦਾ ਸੀ।
ਉਨ੍ਹਾਂ ਦਿਨਾਂ ਵਿੱਚ ਸਕੂਲਾਂ ਵਿੱਚ ਫੱਟੀ ਲਿਖਵਾਉਣ ਦਾ ਰਿਵਾਜ ਹੁੰਦਾ ਸੀ। ਦਿਨ ਵਿੱਚ ਦੋ ਵਾਰ ਅੱਧੀ ਛੁੱਟੀ ਤੋਂ ਪਹਿਲਾਂ ਤੇ ਬਾਅਦ ਵਿੱਚ ਫੱਟੀ ਲਿਖਵਾਈ ਜਾਂਦੀ ਸੀ। ਮਾਸਟਰ ਜੀ ਇਸੇ ਫੱਟੀ ਨੂੰ ਜੇਠ ਹਾੜ੍ਹ ਦੀ ਧੁੱਪ ਤੋਂ ਬਚਣ ਲਈ ਬੱਚਿਆਂ ਨੂੰ ਸਿਰ ’ਤੇ ਰੱਖ ਕੇ ਘਰ ਜਾਣ ਦੀ ਸਲਾਹ ਦਿੰਦੇ ਰਹਿੰਦੇ ਸਨ। ਗਰਮੀ ਵਿੱਚ ਬਤਾਲੀ ਦਿਨਾਂ ਦੀਆਂ ਛੁੱਟੀਆਂ ਹੁੰਦੀਆਂ ਸਨ। ਇਨ੍ਹਾਂ ਛੁੱਟੀਆਂ ਵਿੱਚ ਵੀ ਮਾਸਟਰ ਜੀ ਪਿੰਡ ਹੀ ਰਹਿੰਦੇ ਸਨ। ਉਹ ਪਿੰਡ ਵਿੱਚ ਗੇੜੇ ਮਾਰਨੇੇ ਵੀ ਨਹੀਂ ਭੁੱਲਦੇ ਸਨ। ਅਸੀਂ ਗਰਮੀ ਦੀਆਂ ਛੁੱਟੀਆਂ ਵਿੱਚ ਘਰ ਤੋਂ ਬਾਹਰ ਤੂਤਾਂ ਹੇਠਾਂ ਦੁਪਹਿਰ ਕੱਟਦੇ ਹੁੰਦੇ ਸਾਂ। ਉੱਥੇ ਹੀ ਅਸੀਂ ਛੁੱਟੀਆਂ ਦਾ ਕੰਮ ਕਰਦੇ ਸਾਂ। ਮਾਸਟਰ ਜੀ ਲੰਘਦੇ ਟੱਪਦੇ ਤੂਤਾਂ ਹੇਠਾਂ ਆ ਜਾਂਦੇ। ਉਹ ਛੁੱਟੀਆਂ ਦੇ ਕੰਮ ਨੂੰ ਵੇਖ ਜਾਂਦੇ ਤੇ ਦੋ ਚਾਰ ਸਵਾਲ ਸਮਝਾ ਵੀ ਜਾਂਦੇ ਸਨ।
ਉਨ੍ਹਾਂ ਸਮਿਆਂ ਵਿੱਚ ਪੀਟੀਐੱਮ ਦਾ ਰਿਵਾਜ ਨਹੀਂ ਸੀ ਪਰ ਸਾਡੇ ਮਾਸਟਰ ਜੀ ਗਾਹੇ-ਬਗਾਹੇ ਬੱਚਿਆਂ ਦੇ ਮਾਪਿਆਂ ਨੂੰ ਮਿਲਦੇ ਰਹਿੰਦੇ ਸਨ। ਉਹ ਬੱਚਿਆਂ ਦੀਆਂ ਕਮੀਆਂ ਤੇ ਖ਼ੂਬੀਆਂ ਮਾਪਿਆਂ ਦੇ ਕੰਨੀ ਪਾਉਂਦੇ ਰਹਿੰਦੇ ਸਨ। ਸਾਉਣ-ਭਾਦੋਂ ਵਿੱਚ ਉਹ ਸਕੂਲ ਵਿੱਚ ਬੱਚਿਆਂ ਕੋਲੋਂ ਨਵੇਂ ਬੂਟੇ ਲੁਆਉਂਦੇ। ਉਹ ਇੱਕ-ਇੱਕ ਬੂਟਾ ਬੱਚਿਆਂ ਨੂੰ ਘਰ ਤੇ ਗਲ਼ੀ ਮੁਹੱਲੇ ਵਿੱਚ ਲਾਉਣ ਲਈ ਵੀ ਦਿੰਦੇ। ਫਿਰ ਲੰਘਦੇ-ਟੱਪਦੇ ਘਰਾਂ ਦੇ ਆਲ਼ੇ-ਦੁਆਲ਼ੇ ਲੱਗੇ ਬੂਟਿਆਂ ਨੂੰ ਵੀ ਦੇਖ ਜਾਂਦੇ। ਸਾਡੇ ਪਿੰਡ ਸਕੂਲ ਪੰਜ ਜਮਾਤਾਂ ਤੱਕ ਦਾ ਸੀ। ਪੰਜਾਂ ਸਾਲਾਂ ਵਿੱਚ ਮਾਸਟਰ ਜੀ ਹਰੇਕ ਬੱਚੇ ਨੂੰ ਸਮਝ ਲੈਂਦੇ ਸਨ। ਮਾਸਟਰ ਜੀ ਨਲਾਇਕਾਂ ਨੂੰ ਵੇਲੇ ਨਾਲ ਕਿਸੇ ਦਸਤਕਾਰੀ ਵਿੱਚ ਲਾ ਦੇਣ ਵੱਲ ਇਸ਼ਾਰਾ ਕਰ ਦਿੰਦੇ ਸਨ। ਉਹ ਪੜ੍ਹਾਈ ਵਿੱਚ ਹੁਸ਼ਿਆਰ ਬੱਚਿਆਂ ਦੇ ਮਾਪਿਆਂ ਨੂੰ ਅੱਗੇ ਪੜ੍ਹਾਉਣ ਦੀ ਸਲਾਹ ਦਿੰਦੇ ਰਹਿੰਦੇ ਸਨ। ਮਾਸਟਰ ਜੀ ਛੇਵੀਂ ਜਮਾਤ ਵਿੱਚ ਬੱਚਿਆਂ ਦਾ ਨਾਲ ਦੇ ਪਿੰਡ ਦੇ ਵੱਡੇ ਸਕੂਲ ਵਿੱਚ ਦਾਖਲਾ ਆਪ ਕਰਵਾ ਕੇ ਆਉਂਦੇ। ਇਹ ਵੱਖਰੀ ਗੱਲ ਹੈ ਕਿ ਸਾਡੇ ਪਿੰਡ ਦੇ ਥੋੜ੍ਹੇ ਬੱਚੇ ਅੱਗੇ ਪੜ੍ਹਦੇ ਸਨ। ਬੇਆਬਾਦ ਜ਼ਮੀਨ ਨੂੰ ਵਾਹੀਯੋਗ ਬਣਾਉਣ ਦੇ ਲਾਲਚ ਕਾਰਨ ਤੇ ਥੁੜਾਂ ਕਾਰਨ ਬਹੁਤੇ ਬੱਚੇ ਅੱਗੇ ਨਹੀਂ ਪੜ੍ਹਦੇ ਸਨ। ਇਸ ਲਈ ਉਹ ਅਕਸਰ ਆਖਦੇ, ‘‘ਮੇਰੇ ਮਿਹਨਤ ਕਰਵਾਉਣ ਦਾ ਕੀ ਫ਼ਾਇਦਾ, ਜੇ ਅੱਗੇ ਪੜ੍ਹਨਾ ਹੀ ਨਹੀਂ।’’
ਪ੍ਰਗਟ ਜੋ ਕੁਝ ਦੱਸਦਾ ਸੀ, ਸਾਡੇ ਪਿੰਡ ਵਾਲੇ ਸਕੂਲ ਵਿੱਚ ਉਨ੍ਹਾਂ ਵਿੱਚੋਂ ਕੁਝ ਵੀ ਨਹੀਂ ਸੀ। ਮੈਨੂੰ ਫਿਰ ਵੀ ਪ੍ਰਗਟ ਦੇ ਬੱਚੇ ਦੇ ਸਕੂਲ ਨਾਲੋਂ ਮੇਰੇ ਆਪਣੇ ਸਮੇਂ ਦਾ ਪਿੰਡ ਵਾਲਾ ਸਕੂਲ ਵਧੀਆ ਲਗਦਾ ਹੈ। ਮੈਨੂੰ ਲਗਦਾ ਹੈ ਕਿ ਆਧੁਨਿਕ ਸਹੂਲਤਾਂ ਨਾਲ ਲੈਸ ਹੋਣ ਦੇ ਬਾਵਜੂਦ ਅਜੋਕੇ ਅਧਿਆਪਕ ਬੱਚਿਆਂ ਦੇ ਓਨੇ ਨੇੜੇ ਨਹੀਂ ਹਨ, ਜਿੰਨਾ ਸਾਡੇ ਮਾਸਟਰ ਜੀ ਹੁੰਦੇ ਸਨ।
ਸੰਪਰਕ: 94165-92149

