ਟਰੈਂਡਿੰਗਦੇਸ਼ਵਿਦੇਸ਼ਖੇਡਾਂਚੰਡੀਗੜ੍ਹਦਿੱਲੀਪੰਜਾਬਪਟਿਆਲਾਮਾਲਵਾਮਾਝਾਦੋਆਬਾਸਾਹਿਤਫ਼ੀਚਰਸਤਰੰਗਖੇਤੀਬਾੜੀ
Advertisement

ਇੰਝ ਮਿਲੀ ਉਪਾਧੀ...

ਮਾਪਿਆਂ ਵੱਲੋਂ ਮਿਲੇ ਢਾਈ ਸੌ ਗਜ਼ ਦੇ ਪਲਾਟ ਵਿੱਚ ਮੈਂ ਆਪਣਾ ਨਵਾਂ ਘਰ ਬਣਾ ਕੇ ਮਈ 2000 ਤੋਂ ਇਸ ਨਵੇਂ ਘਰ ਵਿੱਚ ਚਾਈਂ-ਚਾਈਂ ਰਹਿਣਾ ਸ਼ੁਰੂ ਕਰ ਦਿੱਤਾ। ਘਰ ਦੇ ਬਿਲਕੁਲ ਨੇੜੇ ਬਣੇ ਸਾਧਾਂ ਦੇ ਡੇਰੇ ਵਿੱਚ ਸਵੇਰੇ-ਸ਼ਾਮ ਤੇ ਕਈ ਵਾਰ...
Advertisement

ਮਾਪਿਆਂ ਵੱਲੋਂ ਮਿਲੇ ਢਾਈ ਸੌ ਗਜ਼ ਦੇ ਪਲਾਟ ਵਿੱਚ ਮੈਂ ਆਪਣਾ ਨਵਾਂ ਘਰ ਬਣਾ ਕੇ ਮਈ 2000 ਤੋਂ ਇਸ ਨਵੇਂ ਘਰ ਵਿੱਚ ਚਾਈਂ-ਚਾਈਂ ਰਹਿਣਾ ਸ਼ੁਰੂ ਕਰ ਦਿੱਤਾ। ਘਰ ਦੇ ਬਿਲਕੁਲ ਨੇੜੇ ਬਣੇ ਸਾਧਾਂ ਦੇ ਡੇਰੇ ਵਿੱਚ ਸਵੇਰੇ-ਸ਼ਾਮ ਤੇ ਕਈ ਵਾਰ ਦਿਨੇ ਵੀ ਉੱਚੀ ਆਵਾਜ਼ ਵਿੱਚ ਵੱਜਦੇ ਸਪੀਕਰਾਂ ਨੇ ਇਸ ਨਵੇਂ ਘਰ ਵਿੱਚ ਰਹਿਣ ਦਾ ਚਾਅ ਥੋੜ੍ਹੇ ਦਿਨਾਂ ਵਿੱਚ ਹੀ ਮੱਠਾ ਪਾ ਦਿੱਤਾ। ਡੇਰੇ ਦੇ ਲਾਊਡ ਸਪੀਕਰਾਂ ਕਰ ਕੇ ਘਰ ਆਏ ਪ੍ਰਾਹੁਣੇ ਨਾਲ ਵੀ ਚੰਗੀ ਤਰ੍ਹਾਂ ਗੱਲਬਾਤ ਨਾ ਹੋ ਸਕਣੀ। ਪੜ੍ਹਨ ਬੈਠਣਾ ਤਾਂ ਲਾਊਡ ਸਪੀਕਰਾਂ ਦੇ ਰੌਲੇ ਕਾਰਨ ਮਨ ਛੇਤੀ ਹੀ ਪੜ੍ਹਾਈ ਤੋਂ ਉਚਾਟ ਹੋ ਜਾਂਦਾ। ਡੇਰੇ ਦੇ ਲਾਊਡ ਸਪੀਕਰਾਂ ਨੇ ਦਿਨ ਦਾ ਚੈਨ ਤੇ ਰਾਤਾਂ ਦੀ ਨੀਂਦ ਹਰਾਮ ਕਰ ਦਿੱਤੀ।

ਲਾਊਡ ਸਪੀਕਰਾਂ ਦੀ ਆਵਾਜ਼ ਘੱਟ ਕਰਵਾਉਣ ਲਈ ਮੈਂ ਆਪਣੇ ਗੁਆਂਢੀਆਂ ਨਾਲ ਗੱਲ ਕੀਤੀ। ਡੇਰੇ ਦੇ ਸਾਧ ਦੀ ਕਰੋਪੀ ਤੋਂ ਡਰਦਾ ਕੋਈ ਵੀ ਗੁਆਂਢੀ ਲਾਊਡ ਸਪੀਕਰਾਂ ਦੀ ਆਵਾਜ਼ ਘੱਟ ਕਰਨ ਲਈ ਸਾਧ ਨੂੰ ਕਹਿਣ ਮੇਰੇ ਨਾਲ ਡੇਰੇ ਵਿੱਚ ਜਾਣ ਲਈ ਤਿਆਰ ਨਾ ਹੋਇਆ। ਜਦੋਂ ਮੈਂ ਡੇਰੇ ਜਾ ਕੇ ਮੁਖੀ ਸਾਧ ਨੂੰ ਲਾਊਡ ਸਪੀਕਰਾਂ ਦੀ ਆਵਾਜ਼ ਘੱਟ ਕਰਨ ਲਈ ਨਿਮਰਤਾ ਸਹਿਤ ਬੇਨਤੀ ਕੀਤੀ ਤਾਂ ਉਹਨੇ ਬੜਾ ਰੁੱਖਾ ਜਿਹਾ ਜਵਾਬ ਦਿੱਤਾ, “ਮਾਸਟਰਾ, ਡੇਰੇ ਦੇ ਲਾਊਡ ਸਪੀਕਰਾਂ ਦੀ ਤੈਨੂੰ ਇਕੱਲੇ ਨੂੰ ਈ ਤਕਲੀਫ ਐ? ਹੋਰ ਵੀ ਤਾਂ ਲੋਕ ਰਹਿੰਦੇ ਨੇ, ਉਨ੍ਹਾਂ ਨੂੰ ਤਾਂ ਕਿਸੇ ਨੂੰ ਕੋਈ ਤਕਲੀਫ ਨੀ ਹੈਗੀ।”

Advertisement

ਮੈਂ ਹੱਥ ਜੋੜ ਕੇ ਫਿਰ ਨਿਮਰਤਾ ਨਾਲ ਕਿਹਾ, “ਮਹਾਰਾਜ, ਲਾਊਡ ਸਪੀਕਰਾਂ ਦੇ ਰੌਲੇ ਕਾਰਨ ਮੇਰੀ ਅਤੇ ਬੱਚਿਆਂ ਦੀ ਪੜ੍ਹਾਈ ਦਾ ਨੁਕਸਾਨ ਹੁੰਦੈ। ਉੱਚੀ ਆਵਾਜ਼ ਕਾਰਨ ਘਰ ਆਏ ਪ੍ਰਾਹੁਣੇ ਨਾਲ ਵੀ ਚੰਗੀ ਤਰ੍ਹਾਂ ਗੱਲ ਨਹੀਂ ਹੁੰਦੀ। ਤੁਸੀਂ ਜੇ ਲਾਊਡ ਸਪੀਕਰ ਚਲਾਉਣੇ ਹੀ ਨੇ ਤਾਂ ਹੌਲ਼ੀ ਆਵਾਜ਼ ਵਿੱਚ ਸਵੇਰੇ-ਸ਼ਾਮ ਇੱਕ-ਇੱਕ ਘੰਟਾ ਲਗਾ ਲਿਆ ਕਰੋ। ਸ਼ਾਮ ਨੂੰ ਚਾਰ ਵਜੇ ਤੋਂ ਲਾਊਡ ਸਪੀਕਰ ਨਾ ਲਾਇਆ ਕਰੋ।” ਸਾਧ ਕਹਿੰਦਾ, “ਨਾ ਹੁਣ ਮੈਨੂੰ ਡੇਰੇ ਦੇ ਲਾਊਡ ਸਪੀਕਰ ਚਲਾਉਣ ਲਈ ਤੇਰੇ ਕੋਲੋਂ ਮਨਜ਼ੂਰੀ ਲੈਣੀ ਪਊ? ਤੈਨੂੰ ਰੱਬ ਦਾ ਨਾਂ ਵੀ ਰੌਲਾ ਲਗਦੈ... ਲਾਊਡ ਸਪੀਕਰ ਤਾਂ ਸਾਡੇ ਸਮੇਂ ਅਨੁਸਾਰ ਹੀ ਚੱਲਣਗੇ।” ਚਲੋ ਜੀ, ਮੈਂ ‘ਸਤਿ ਬਚਨ’ ਕਹਿ ਕੇ ਘਰ ਆ ਗਿਆ।

ਡੇਰੇ ਦੇ ਲਾਊਡ ਸਪੀਕਰਾਂ ਦੀ ਆਵਾਜ਼ ਘੱਟ ਕਰਵਾਉਣ ਸਬੰਧੀ ਮੇਰੀ ਚਾਰਜੋਈ ਬਾਰੇ ਜਦੋਂ ਸਾਧ ਦੇ ਹਮਾਇਤੀਆਂ ਨੂੰ ਪਤਾ ਲੱਗਾ ਤਾਂ ਉਨ੍ਹਾਂ ਮੇਰੇ ਬਾਰੇ ਪਿੰਡ ਵਿੱਚ ਊਲ-ਜਲੂਲ ਬੋਲਣਾ ਸ਼ੁਰੂ ਕਰ ਦਿੱਤਾ ਤੇ ਨਾਲ ਹੀ ਉਪਾਧੀ ਵੀ ਦੇ ਦਿੱਤੀ; ਕਹਿੰਦੇ, “ਇਹ ਤਾਂ ਪੜ੍ਹ-ਲਿਖ ਕੇ ਹੰਕਾਰ ਗਿਐ... ਨੌਕਰੀ ਮਿਲ ਗਈ ਇਹਨੂੰ... ਹੁਣ ਇਹਨੂੰ ਰੱਬ ਦਾ ਨਾਂ ਕਿੱਥੇ ਚੰਗਾ ਲੱਗਦੈ। ਇਹ ਨਾਸਤਿਕ ਏ ਨਾਸਤਿਕ।”

ਕੁਝ ਦਿਨਾਂ ਬਾਅਦ ਮੈਂ ਆਪਣੀ ਅਧਿਆਪਕਾ ਪਤਨੀ ਅਤੇ ਸਾਥੀ ਅਧਿਆਪਕਾਂ ਦੀ ਸਲਾਹ ਅਨੁਸਾਰ ਡੇਰੇ ਦੇ ਉੱਚੀ ਆਵਾਜ਼ ਵਿੱਚ ਵੱਜਦੇ ਲਾਊਡ ਸਪੀਕਰਾਂ ਖਿਲਾਫ਼ ਪੁਲੀਸ ਤੇ ਸਿਵਲ ਪ੍ਰਸ਼ਾਸਨ ਨੂੰ ਲਿਖਤੀ ਸ਼ਿਕਾਇਤਾਂ ਕੀਤੀਆਂ। ਲਾਊਡ ਸਪੀਕਰਾਂ ਖਿਲਾਫ਼ ਲਗਾਤਾਰ, ਕਈ ਸਾਲ ਲਿਖਤੀ ਸ਼ਿਕਾਇਤਾਂ ਕਰਨ ਅਤੇ ਅਖ਼ਬਾਰਾਂ ਵਿੱਚ ਖਬਰਾਂ ਤੇ ਲੇਖ ਪ੍ਰਕਾਸ਼ਤ ਕਰਵਾਉਣ ਕਾਰਨ ਲਾਊਡ ਸਪੀਕਰਾਂ ਦੀ ਸਮੱਸਿਆ ਦਾ ਹੱਲ ਹੋ ਗਿਆ।

ਪੂਰੇ ਬਾਰਾਂ ਸਾਲ ਸਾਧਾਂ ਦੇ ਡੇਰੇ ਨੇੜਲੇ ਆਪਣੇ ਪਿੰਡ ਨਸਰਾਲੀ ਉਸ ਘਰ ਵਿੱਚ ਰਹਿੰਦਿਆਂ ਤੇ ਤੇਰਾਂ ਸਾਲ ਤੋਂ ਹੁਣ ਖੰਨਾ ਸ਼ਹਿਰ ਵਿੱਚ ਬਣਾਏ ਨਵੇਂ ਘਰ ਵਿੱਚ ਰਹਿੰਦੇ ਹੋਏ ਸੋਚਦਾ ਹਾਂ, ਕੀ ਰੱਬ ਦੇ ਨਾਮ ’ਤੇ ਉੱਚੀਆਂ ਆਵਾਜ਼ਾਂ ਵਿੱਚ ਚਲਾਏ ਜਾ ਰਹੇ ਲਾਊਡ ਸਪੀਕਰਾਂ ਦਾ ਵਿਰੋਧ ਕਰਨ ਵਾਲੇ ਸ਼ਾਂਤੀ ਪਸੰਦ ਬੰਦੇ ਨਾਸਤਿਕ ਹਨ? ਜੇ ਰੱਬ ਦੇ ਨਾਮ ’ਤੇ ਫੈਲਾਏ ਜਾ ਰਹੇ ਸ਼ੋਰ ਪਦੂਸ਼ਣ ਦਾ ਵਿਰੋਧ ਕਰਨ ਵਾਲੇ ਨਾਸਤਿਕ ਲਗਦੇ ਹਨ ਤਾਂ ਉਨ੍ਹਾਂ ਨੂੰ ਭਗਤ ਕਬੀਰ ਜੀ ਦਾ ਇਹ ਸਲੋਕ ਜ਼ਰੂਰ ਪੜ੍ਹ ਲੈਣਾ ਚਾਹੀਦਾ ਹੈ ਜੋ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪੰਨਾ 1374 ’ਤੇ ਦਰਜ ਹੈ:

ਕਬੀਰ ਮੁਲਾਂ ਮੁਨਾਰੇ ਕਿਆ ਚਢਹਿ ਸਾਂਈ ਨ ਬਹਰਾ ਹੋਇ॥

ਜਾ ਕਾਰਨਿ ਤੂੰ ਬਾਂਗ ਦੇਹਿ ਦਿਲ ਹੀ ਭੀਤਰਿ ਜੋਇ॥

ਸੰਪਰਕ: 98729-18089

Advertisement