ਫਿਰ ਉਹੀ ਸਤੰਬਰ
ਪਰ ਉਸ ਦਿਨ ਮੀਂਹ ਇੰਝ ਪੈ ਰਿਹਾ ਸੀ, ਜਿਵੇਂ ਅੱਜ ਹੀ ਸਾਰਾ ਪੈਣਾ ਹੋਵੇ। ਉਨ੍ਹਾਂ ਦਿਨਾਂ ਵਿੱਚ ਮੀਂਹ ਪੈ ਵੀ ਕਾਫੀ ਪੈ ਰਹੇ ਸਨ। ਏਨੇ ਤਾਂ ਨਹੀਂ, ਜਿੰਨੇ ਇਨ੍ਹਾਂ ਦਿਨਾਂ ਵਿੱਚ ਪੈ ਰਹੇ ਹਨ, ਫਿਰ ਵੀ ਕਾਫੀ ਸਨ। ਹਾਂ, ਉਸ ਤੋਂ ਪਿਛਲੇ ਸਾਲ ਕਾਫੀ ਮੀਂਹ ਪਾਏ ਸਨ, ਲਗਭਗ ਹੁਣ ਜਿੰਨੇ ਹੀ।
ਤੈਅ ਸਮੇਂ ’ਤੇ ਕੋਈ ਜਾਣਕਾਰ ਥ੍ਰੀ-ਵ੍ਹੀਲਰ ਲੈਣ ਚਲਾ ਗਿਆ। ਥ੍ਰੀ-ਵ੍ਹੀਲਰ ਬੜਾ ਔਖਾ ਮਿਲਿਆ। 17 ਸੈਕਟਰ ਦੇ ਬਸ ਅੱਡੇ ਤੋਂ ਅਸੀਂ ਦਿੱਲੀ ਲਈ ਬੱਸ ਲੈਣੀ ਸੀ। ਸਾਰੇ ਬਹੁਤ ਉਦਾਸ ਸਨ, ਵਿਸ਼ੇਸ਼ ਤੌਰ ’ਤੇ ਮੇਰੀ ਮਾਂ। ਅੰਤਾਂ ਦਾ ਰੋਵੇ। ਅੱਜ ਵਾਂਗ ਕੋਈ ਫੋਨ ਜਾਂ ਸੰਚਾਰ ਦੇ ਸਾਧਨ ਤਾਂ ਹੈ ਨਹੀਂ ਸਨ; ਸੋ, ਅਜੀਬ ਜਿਹਾ ਡਰ ਸੀ ਉਸ ਦੇ ਮਨ ਵਿੱਚ। ਬੜੀ ਮੁਸ਼ਕਿਲ ਨਾਲ ਉਸ ਨੂੰ ਸ਼ਾਂਤ ਕੀਤਾ।
ਮੈਂ ਅਤੇ ਭਾਪਾ ਜੀ ਥ੍ਰੀ-ਵ੍ਹੀਲਰ ’ਤੇ ਬੈਠ ਕੇ ਬੱਸ ਅੱਡੇ ਵੱਲ ਚੱਲ ਪਏ। ਪਾਸਪੋਰਟ ਮੇਰੀ ਪੈਂਟ ਦੀ ਜੇਬ ਵਿੱਚ ਪਲਾਸਟਿਕ ਦੇ ਲਿਫ਼ਾਫ਼ੇ ਜਿਹੇ ਵਿੱਚ ਸੀ। ਬਰਸਾਤ ਸਾਰੇ ਰਸਤੇ ਹੀ ਕਾਫ਼ੀ ਪੈਂਦੀ ਰਹੀ। ਦਿੱਲੀ ਰਾਤ ਅਸੀਂ ਮੇਰੇ ਮਾਮੇ ਦੇ ਘਰ ਕੱਟੀ। ਅਗਲੇ ਦਿਨ ਸਵੇਰ ਦੀ ਫਲਾਈਟ ਸੀ। ਕਿਣਮਿਣ-ਕਿਣਮਿਣ ਲਗਾਤਾਰ ਹੋ ਰਹੀ ਸੀ, ਜਿਵੇਂ ਝੜੀ ਲੱਗੀ ਹੋਵੇ। ਏਅਰੋਫਲੋਟ ਦੀ ਉਡਾਣ ਸੀ। ਉਸ ਤੋਂ ਬਾਅਦ ਮੈਂ ਕਿਵੇਂ ਮਾਸਕੋ, ਤੇ ਫਿਰ ਬਾਕੂ ਪਹੁੰਚਿਆ, ਕਿਵੇਂ ਅਜ਼ਰਬਾਈਜਾਨ-ਆਰਮੇਨੀਆ ਵਿਚਕਾਰ ਯੁੱਧ ਹੋਇਆ, ਕੀ ਕੁਝ ਦਿੱਕਤਾਂ ਆਈਆਂ ਆਦਿ, ਇਹ ਸਭ ਮੈਂ ਵੱਖ-ਵੱਖ ਲੇਖਾਂ ਰਾਹੀਂ ਪਿਛਲੇ ਸਮੇਂ ਵਿੱਚ ਬਿਆਨ ਕਰ ਚੁੱਕਾ ਹਾਂ।
17 ਕੁ ਵਰ੍ਹੇ ਦੀ ਉਮਰ, ਕਮਜ਼ੋਰ ਮਾਲੀ ਹਾਲਤ (ਭਾਪਾ ਜੀ ਕੁੱਲਵਕਤੀ ਪਾਰਟੀ ਮੈਂਬਰ ਜੋ ਸਨ), ਸੀਮਤ ਵਿੱਤੀ ਸਾਧਨ (ਸਿਰਫ਼ ਸਟਾਈਪੈਂਡ) ਅਤੇ ਸਭ ਤੋਂ ਵੱਡੀ ਗੱਲ, ਬਾਕੂ ਵਿੱਚ ਆਉਣ ਤੋਂ ਕੁਝ ਮਹੀਨਿਆਂ ਬਾਅਦ ਹੀ ਛਿੜਿਆ ਯੁੱਧ। ਬਹੁਤ ਹੀ ਅਜੀਬ ਉਦਾਸੀ ਵਾਲਾ ਮਾਹੌਲ। ਇਕ ਸੀਨੀਅਰ ਅਤੇ ਚੰਗੇ ਦੋਸਤ ਨੇ ਸਲਾਹ ਦਿੱਤੀ ਕਿ ਘਰੇ ਜਾ ਆ, ਮਨ ਠੀਕ ਹੋ ਜਾਵੇਗਾ। ਸ਼ਾਇਦ 300-400 ਰੂਬਲ ਦੀ ਟਿਕਟ ਮਿਲ ਜਾਂਦੀ ਸੀ, ਆਉਣ-ਜਾਣ ਦੀ। ਇੰਡੀਆ ਤੋਂ ਲਿਆਂਦੇ ਹੋਏ 20 ਡਾਲਰ, ਸਟਾਈਪੈਂਡ ਵਿੱਚੋਂ ਬਚਾਏ ਕੁਝ ਰੂਬਲ ਅਤੇ ਦੋਸਤ ਵੱਲੋਂ ਕੁਝ ਮਦਦ। ਤਾਸ਼ਕੰਦ ਤੋਂ ਜਾਣਾ ਆਸਾਨ ਸੀ, ਤੇ ਸਸਤਾ ਵੀ।
ਸਭ ਕੁਝ ਠੀਕ ਸੀ, ਕੇਵਲ ਇਕ ਦਿੱਕਤ ਸੀ। ਏਅਰ ਟਿਕਟ ਕਿਸੇ ਹੋਰ ਦੇ ਨਾਮ ਦੀ ਹੁੰਦੀ ਸੀ। ਦੋਸਤ ਅਤੇ ਬਾਕੀ ਸੀਨੀਅਰਜ਼ ਨੇ ਯਕੀਨ ਦਿਵਾਇਆ ਕਿ ਕੋਈ ਡਰ ਨਹੀਂ, ਸਭ ਇਸੇ ਤਰ੍ਹਾਂ ਜਾਂਦੇ ਹਨ; ਵਿਸ਼ੇਸ਼ ਕਰ ਕੇ ਉਹ ਵਿਦਿਆਰਥੀ, ਜਿਹੜੇ ‘ਬਿਜ਼ਨਸ’ ਕਰਦੇ ਹਨ, ਉਹ ਤਾਂ ਮਹੀਨੇ ਵਿੱਚ ਕਈ-ਕਈ ਵਾਰ ਜਾਂਦੇ ਹਨ। ਸੀਨੀਅਰ ਦੋਸਤ ਨੇ ਕਿਹਾ ਕਿ ਤਾਸ਼ਕੰਦ ਤੱਕ ਉਹ ਮੇਰੇ ਨਾਲ ਚੱਲੇਗਾ, ਉੱਥੇ ਉਸ ਦਾ ਕੋਈ ਦੋਸਤ ਪੜ੍ਹਦਾ ਹੈ, ਅਸੀਂ ਉਸ ਕੋਲ ਰਹਾਂਗੇ। ਇਕ-ਦੋ ਇਲੈਕਟ੍ਰੌਨਿਕ ਚੀਜ਼ਾਂ ਉਸ ਨੇ ਮੈਨੂੰ ਫੜਾਈਆਂ ਕਿ ਜੇਕਰ ਮੈਂ ਇੰਡੀਆ ਲਿਜਾ ਸਕਿਆ ਤਾਂ ਉਸ ਦੇ ਘਰ ਪਹੁੰਚਦੀਆਂ ਕਰ ਦੇਵਾਂਗਾ। ਤਾਸ਼ਕੰਦ ਆ ਕੇ ਅਸੀਂ ਟਿਕਟ ਦਾ ਪ੍ਰਬੰਧ ਕੀਤਾ। 17-18 ਦਿਨ ਬਾਅਦ ਦੀ ਮੇਰੀ ਵਾਪਸੀ ਸੀ।
ਤੈਅ ਸਮੇਂ ’ਤੇ ਅਸੀਂ ਏਅਰਪੋਰਟ ਪਹੁੰਚੇ। ਸਭ ਕੁਝ ਠੀਕ ਸੀ, ਬੱਸ ਦੋਸਤ ਦਾ ਸਮਾਨ ਲਿਜਾਉਣ ਨਾ ਦਿੱਤਾ ਗਿਆ, ਸੋ ਉਹ ਬਾਕੂ ਵਾਪਸ ਲੈ ਗਿਆ। ਦਿੱਲੀ ਏਅਰਪੋਰਟ ’ਤੇ ਉੱਤਰ ਕੇ ਮੈਂ ਆਪਣਾ ਸਮਾਨ ਲਿਆ। ਜਦੋਂ ਸਕਿਉਰਿਟੀ ਚੈੱਕ ’ਤੇ ਪਹੁੰਚਿਆ ਤਾਂ ਉਨ੍ਹਾਂ ਮੈਨੂੰ ਰੋਕ ਲਿਆ। ਮੈਨੂੰ ਲੱਗਿਆ ਕਿ ਟਿਕਟ ਅਤੇ ਸਮਾਨ ’ਤੇ ਵੱਖਰੇ ਨਾਮ ਦਾ ਟੈਗ ਹੋਣ ਕਾਰਨ ਰੋਕਿਆ ਹੈ। ਮੈਨੂੰ ਇਕ ਪਾਸੇ ਬਿਠਾ ਦਿੱਤਾ ਗਿਆ। ਮੈਂ ਬੁਰੀ ਤਰ੍ਹਾਂ ਡਰ ਗਿਆ। ਹੁਣ ਕੀ ਹੋਵੇਗਾ? ਭਿਆਨਕ ਖਿਆਲ ਮਨ ਵਿੱਚ ਆਉਣ ਲੱਗੇ। ਇਕ ਸੀਨੀਅਰ ਅਧਿਕਾਰੀ ਨੇ ਆ ਕੇ ਪੁੱਛ-ਪੜਤਾਲ ਸ਼ੁਰੂ ਕਰ ਦਿੱਤੀ। ਮੇਰਾ ਨਾਮ, ਕਦੋਂ ਗਿਆ ਸੀ, ਕਿਉਂ ਆਇਆ ਹਾਂ, ਮੇਰੇ ਪਰਿਵਾਰ ਬਾਰੇ, ਸਭ ਕੁਝ। ਮੈਂ ਡਰਦੇ-ਡਰਦੇ ਨੇ ਜਵਾਬ ਦਿੱਤੇ। ਫਿਰ ਮੈਂ ਹਿੰਮਤ ਕਰ ਕੇ ਰੋਕੇ ਜਾਣ ਦਾ ਕਾਰਨ ਪੁੱਛਿਆ ਤਾਂ ਉਨ੍ਹਾਂ ਮੈਨੂੰ ਮੇਰਾ ਪਾਸਪੋਰਟ ਦਿਖਾਇਆ, ਜਿਸ ਸਫ਼ੇ ’ਤੇ ਤਸਵੀਰ ਅਤੇ ਦਸਤਖ਼ਤ ਹੁੰਦੇ ਹਨ, ਉਸ ਉੱਤੇ ਦੋ ਕੁ ਥਾਂ ’ਤੇ ਸਿਆਹੀ ਫੈਲੀ ਹੋਈ ਸੀ (ਉਦੋਂ ਪਾਸਪੋਰਟ ਹੱਥ ਨਾਲ ਲਿਖੇ ਹੁੰਦੇ ਸਨ ਅਤੇ ਉਸ ਸਫ਼ੇ ਉੱਪਰ ਪਲਾਸਟਿਕ ਦੀ ਸ਼ੀਟ ਚਿਪਕੀ ਹੁੰਦੀ ਸੀ)। ਉਹ ਸਫ਼ਾ ਵੀ ਫੁੱਲਿਆ-ਫੁੱਲਿਆ ਲੱਗ ਰਿਹਾ ਸੀ, ਜਿਸ ਕਰ ਕੇ ਮੇਰੀ ਤਸਵੀਰ ਵੀ ਉਭਰੀ ਜਿਹੀ ਲੱਗ ਰਹੀ ਸੀ, ਹਾਲਾਂਕਿ ਪਛਾਣ ਆਉਣ ਵਿੱਚ ਕੋਈ ਦਿੱਕਤ ਨਹੀਂ ਹੋਣੀ ਚਾਹੀਦੀ ਸੀ।
ਮੈਂ ਸਮਝ ਗਿਆ ਕਿ ਇਹ ਪਹਿਲੀ ਸਤੰਬਰ ਵਾਲੇ ਮੀਂਹ ਦਾ ਕਮਾਲ ਹੈ। ਬੁਰੀ ਤਰ੍ਹਾਂ ਭਿੱਜਣ ਕਰ ਕੇ ਪਲਾਸਟਿਕ ਦੇ ਲਿਫ਼ਾਫ਼ੇ ਵਿੱਚੋਂ ਪਾਣੀ ਦੀਆਂ ਬੂੰਦਾਂ ਅੰਦਰ ਚਲੀਆਂ ਗਈਆਂ ਹੋਣੀਆਂ। ਖ਼ੈਰ ਉਨ੍ਹਾਂ ਮੈਨੂੰ ਦੋ ਕੁ ਘੰਟੇ ਬਿਠਾ ਰੱਖਿਆ। ਫਿਰ ਬਹੁਤੇ ਪ੍ਰਸ਼ਨ ਨਹੀਂ ਕੀਤੇ, ਪਰ ਇਸ ਸਾਰੇ ਸਮੇਂ ਦੌਰਾਨ ਧੁੜਕੂ ਜਿਹਾ ਲੱਗਿਆ ਰਿਹਾ ਕਿ ਜੇਕਰ ਮੇਰੀ ਟਿਕਟ ਜਾਂ ਲਗੇਜ ’ਤੇ ਵੱਖਰਾ ਨਾਮ ਦੇਖ ਲਿਆ ਤਾਂ ਮੇਰਾ ਕੀ ਬਣੂ। ਅਖ਼ੀਰ ਉਨ੍ਹਾਂ ਮੈਨੂੰ ਜਾਣ ਦਿੱਤਾ ਅਤੇ ਕਿਹਾ ਕਿ ਜਲਦੀ ਨਵਾਂ ਪਾਸਪੋਰਟ ਬਣਵਾ ਲੈਣਾ, ਨਹੀਂ ਤਾਂ ਇਹ ਦਿੱਕਤ ਵਾਰ-ਵਾਰ ਹੋਵੇਗੀ। ਮੇਰੀ ਜਾਨ ਵਿੱਚ ਜਾਨ ਆਈ।
ਦੋ ਕੁ ਹਫ਼ਤਿਆਂ ਬਾਅਦ ਵਾਪਸੀ ਵਿੱਚ ਓਨੀ ਦਿੱਕਤ ਨਹੀਂ ਆਈ ਅਤੇ ਕੁਝ ਕੁ ਮਹੀਨਿਆਂ ਬਾਅਦ ਮੈਂ ਮਾਸਕੋ ਜਾ ਕੇ ਇੰਡੀਅਨ ਐਂਬੈਸੀ ਰਾਹੀਂ ਨਵਾਂ ਪਾਸਪੋਰਟ ਬਣਵਾ ਲਿਆ।
ਕਾਫ਼ੀ ਬਾਅਦ ਵਿੱਚ ਮੈਨੂੰ ਪਤਾ ਲੱਗਾ ਕਿ ਸੋਵੀਅਤ ਯੂਨੀਅਨ ਨਾਲ ਚੰਗੇ ਸਬੰਧ ਹੋਣ ਕਰ ਕੇ ਅਤੇ ਪੈਰੇਸਤ੍ਰੋਇਕਾ ਦੀਆਂ ਖੁੱਲ੍ਹਾਂ ਕਰ ਕੇ ਭਾਰਤੀ ਵਿਦਿਆਰਥੀਆਂ ਲਈ ਉਨ੍ਹਾਂ ਦਿਨਾਂ ਵਿਚ, ਦੂਜੇ ਨਾਮਾਂ ’ਤੇ ਸਫ਼ਰ ਕਰਨਾ ਕੋਈ ਵੱਡੀ ਸਮੱਸਿਆ ਨਹੀਂ ਸੀ। ਦੋਹਾਂ ਸਰਕਾਰਾਂ ਦੇ ਆਪਸੀ ਸਮਝੌਤਿਆਂ ਕਰ ਕੇ ਭਾਰਤੀਆਂ, ਵਿਸ਼ੇਸ਼ ਕਰ ਕੇ ਵਿਦਿਆਰਥੀਆਂ ਨੂੰ ਸੁਰੱਖਿਅਤ ਪਰਵਾਸੀ ਮੰਨਿਆ ਜਾਂਦਾ ਸੀ; ਦੂਜੇ ਦੇਸ਼ਾਂ ਨਾਲ ਕਾਨੂੰਨ ਕਾਫ਼ੀ ਸਖ਼ਤ ਸਨ।
ਅੱਜ ਵੀ ਜਦੋਂ ਮੈਂ ਉਨ੍ਹਾਂ ਦਿਨਾਂ, ਵਿਸ਼ੇਸ਼ ਕਰ ਕੇ ਸਤੰਬਰ ਦੀ ਬਰਸਾਤ ਅਤੇ ਏਅਰਪੋਰਟ ਦੀ ਘਟਨਾ ਨੂੰ ਯਾਦ ਕਰਦਾ ਹਾਂ ਤਾਂ ਮੇਰਾ ਲੂੰ-ਲੂੰ ਖੜ੍ਹ ਜਾਂਦਾ ਹੈ ਅਤੇ ਮੈਂ ਅੰਦਰ ਤੱਕ ਕੰਬ ਜਾਂਦਾ ਹਾਂ।
ਸੰਪਰਕ: 98147-11605