DT
PT
About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਕੰਧ ਓਹਲੇ ਪਿਆ ਖ਼ਜ਼ਾਨਾ

ਸਾਲ 1974 ਸੀ... ਅਜੇ ਮੇਰਾ ਪ੍ਰੈੱਪ ਦਾ ਨਤੀਜਾ ਆਇਆ ਨਹੀਂ ਸੀ ਕਿ ਘਰਦਿਆਂ ਨੇ ਪੜ੍ਹਨੋਂ ਹਟਾ ਲਿਆ। ਪ੍ਰੈੱਪ ਉਦੋਂ ਦਸਵੀਂ ਤੋਂ ਅਗਲੀ 11ਵੀਂ ਜਮਾਤ ਨੂੰ ਕਹਿੰਦੇ ਸਨ। ਇਹ ਸਾਲ ਦੀ ਅਤੇ ਕਾਲਜ ਦੀ ਪਹਿਲੀ ਜਮਾਤ ਹੁੰਦੀ ਸੀ। ਹੁਣ ਪ੍ਰੈੱਪ ਦੀ...
  • fb
  • twitter
  • whatsapp
  • whatsapp
Advertisement

ਸਾਲ 1974 ਸੀ... ਅਜੇ ਮੇਰਾ ਪ੍ਰੈੱਪ ਦਾ ਨਤੀਜਾ ਆਇਆ ਨਹੀਂ ਸੀ ਕਿ ਘਰਦਿਆਂ ਨੇ ਪੜ੍ਹਨੋਂ ਹਟਾ ਲਿਆ। ਪ੍ਰੈੱਪ ਉਦੋਂ ਦਸਵੀਂ ਤੋਂ ਅਗਲੀ 11ਵੀਂ ਜਮਾਤ ਨੂੰ ਕਹਿੰਦੇ ਸਨ। ਇਹ ਸਾਲ ਦੀ ਅਤੇ ਕਾਲਜ ਦੀ ਪਹਿਲੀ ਜਮਾਤ ਹੁੰਦੀ ਸੀ। ਹੁਣ ਪ੍ਰੈੱਪ ਦੀ ਥਾਂ +1 ਅਤੇ +2, ਦੋ ਜਮਾਤਾਂ ਹੋ ਗਈਆਂ ਹਨ। ਅੱਜ ਕੱਲ੍ਹ ਇਹ ਕਲਾਸਾਂ ਕਾਲਜਾਂ ਦੀ ਬਜਾਏ ਸਕੂਲਾਂ ਵਿੱਚ ਆ ਗਈਆਂ ਹਨ।

ਕਾਲਜ ’ਚੋਂ ਹਟਾਉਣ ਕਰ ਕੇ ਮੇਰੀ 10ਵੀਂ ਦੀ ਫਸਟ ਡਿਵੀਜ਼ਨ ਅਤੇ ਸਕੂਲ ’ਚੋਂ ਫਸਟ ਪੁਜ਼ੀਸ਼ਨ ਖੇਤਾਂ ਦੇ ਮਿੱਟੀ-ਘੱਟੇ ਰੁਲ ਗਈ। ਅਕਾਦਮਿਕ ਪੜ੍ਹਾਈ ਦੇ ਨਾਲ-ਨਾਲ ਮੈਂ ਹੋਰ ਪੁਸਤਕਾਂ ਤੋਂ ਵੀ ਵਾਂਝਾ ਹੋ ਗਿਆ। ਸਕੂਲ ਕਾਲਜ ਦੀ ‘ਟੁੱਟੀ ਭੱਜੀ’ ਲਾਇਬਰੇਰੀ ’ਚੋਂ ਕਿਤਾਬਾਂ ਕਢਾ ਕੇ ਪੜ੍ਹਨ ਦੀ ਸਹੂਲਤ ਵੀ ਖ਼ਤਮ ਹੋ ਗਈ। ਸਾਹਿਤਕ ਲਿਖਤਾਂ ਪੜ੍ਹਨ ਦੀ ਚੇਟਕ ਥੋੜ੍ਹੀ-ਥੋੜ੍ਹੀ ਘਰ ਤੋਂ ਅਤੇ ਬਹੁਤੀ ਸਰਦੂਲਗੜ੍ਹ ਵਾਲੇ ਹਾਈ ਸਕੂਲ ਤੋਂ ਲੱਗੀ ਸੀ। ਮੇਰੇ ਅਧਿਆਪਕ ਗੁਰਦਿਆਲ ਸਿੰਘ ਡੀ ਪੀ ਨੇ ਮੈਨੂੰ ਜਸਵੰਤ ਸਿੰਘ ਕੰਵਲ ਦਾ ਨਾਵਲ ‘ਰਾਤ ਬਾਕੀ ਹੈ’ ਪੜ੍ਹਨ ਲਈ ਦਿੱਤਾ ਜਿਸ ਨੇ ਮੈਨੂੰ ਕਿਤਾਬਾਂ ਪੜ੍ਹਨ ਦੇ ਰਾਹ ਤੋਰਿਆ ਸੀ। ਨਹਿਰੂ ਕਾਲਜ ਮਾਨਸਾ ਦੀ ਇੱਕ ਸਾਲ ਦੀ ਪੜ੍ਹਾਈ ਨੇ ਮੈਨੂੰ ਪੰਜਾਬ ਸਟੂਡੈਂਟਸ ਯੂਨੀਅਨ ਨਾਲ ਜੋੜ ਕੇ ਸਾਹਿਤ ਨਾਲ ਸਿਧਾਂਤ ਪੜ੍ਹਨ ਲਾ ਦਿੱਤਾ ਸੀ।

Advertisement

ਪਿੰਡ ਆ ਕੇ ਖੇਤੀਬਾੜੀ ਦੀ ਖਲਜਗਣ ਵਿੱਚ ਫਸ, ਇਸ ਸ਼ੌਕ ਅਤੇ ਰੁਚੀ ਨੂੰ ਬਰੇਕ ਵੱਜ ਗਏ। ਪੜ੍ਹਨ ਦੀ ਲਲਕ ਅਤੇ ਤਾਂਘ-ਤਮੰਨਾ ਬਹੁਤ ਸੀ ਪਰ ਪੜ੍ਹਨ ਲਈ ਕੁਝ ਵੀ ਮਿਲਦਾ ਨਹੀਂ ਸੀ। ਖੇਤੀ ’ਚੋਂ ਹੀ ਵਿਹਲ ਨਹੀਂ ਸੀ ਮਿਲਦੀ। ਪਿੰਡ ਵਿੱਚੋਂ ਕਿਸੇ ਤੋਂ ਮੰਗਵੀਂ ਕਿਤਾਬ ਰਸਾਲਾ ਨਹੀਂ ਸੀ ਮਿਲਦਾ। ਕੋਲ ਪੈਸੇ ਨਹੀਂ ਸਨ ਕਿ ਕਿਤਾਬ ਖਰੀਦ ਲਵਾਂ। ਘਰੋਂ ਤਾਂ ਹਜਾਮਤ ਕਰਾਉਣ ਲਈ ਪੈਸੇ ਨਹੀਂ ਸਨ ਮਿਲਦੇ ਹੁੰਦੇ। ਬਾਪੂ ਨੂੰ ਅਖ਼ਬਾਰ ਪੜ੍ਹਨ ਦਾ ਸ਼ੌਕ ਤਾਂ ਸੀ ਪਰ ਉਹ ਜਦੋਂ ਕਦੇ ਸ਼ਹਿਰ ਜਾਂਦਾ ਤਾਂ ਅਖ਼ਬਾਰ ਲਿਆਉਂਦਾ। ਕਦੇ-ਕਦੇ ਹੱਥ ਆਇਆ ਅਖ਼ਬਾਰ ਜਾਂ ਕਿਤਾਬ ਰਸਾਲਾ ਮੈਂ ਕਈ-ਕਈ ਵਾਰ ਪੜ੍ਹ ਦਿੰਦਾ।

1974 ਤੋਂ 1982-83 ਤੱਕ ਪਿੰਡ ਰਹਿਣ ਵਾਲੇ ਸੱਤ-ਅੱਠ ਸਾਲਾਂ ਦੀ ਭੁੱਖ ਬਠਿੰਡੇ ਨੌਕਰੀ ਲੱਗਣ ਤੋਂ ਬਾਅਦ ਪੂਰੀ ਹੋਈ। ਪੰਜਾਬੀ ਸਾਹਿਤ ਸਭਾ ਬਠਿੰਡਾ ਦਾ ਮੈਂਬਰ ਬਣਿਆ। ਲੇਖਕਾਂ ਤੇ ਅਗਾਂਹਵਧੂ ਸੋਚ ਦੇ ਲੋਕਾਂ ਨਾਲ ਵਾਹ ਪਿਆ। ਪੜ੍ਹਨ ਲਈ ਸਾਹਿਤਕ ਕਿਤਾਬਾਂ ਦੇ ਨਾਲ ਸਿਧਾਂਤਕ ਪੁਸਤਕਾਂ ਤੱਕ ਪਹੁੰਚ ਬਣਨ ਲੱਗੀ। ਪੁਸਤਕਾਂ ਦੇ ਸਮੁੰਦਰ ਪੰਜਾਬ ਬੁੱਕ ਸੈਂਟਰ ਬਠਿੰਡਾ ਅਤੇ ਪਬਲਿਕ ਲਾਇਬਰੇਰੀ ਮਿਲ ਗਏ। ਕਾਮਰੇਡ ਜਰਨੈਲ ਭਾਈਰੂਪਾ ਪੰਜਾਬ ਬੁੱਕ ਸੈਂਟਰ ਦਾ ਮੈਨੇਜਰ ਸੀ ਅਤੇ ਜਗਦੀਸ਼ ਸਿੰਘ ਘਈ ਪਬਲਿਕ ਲਾਇਬਰੇਰੀ ਦਾ ਕਰਤਾ ਧਰਤਾ... ਉਨ੍ਹਾਂ ਬਹੁਤ ਕਿਤਾਬਾਂ ਪੜ੍ਹਾਈਆਂ।

ਕਰੋਨਾ ਕਾਲ 2020 ਤੱਕ ਕਾਫੀ ਸਾਹਿਤ ਪੜ੍ਹ ਲਿਆ ਸੀ। ਪੰਜ ਸੱਤ ਕਿਤਾਬਾਂ ਵੀ ਲਿਖ ਲਈਆਂ। ਕਰੋਨਾ ਬਹਾਨਾ ਬਣਿਆ ਤਾਂ ਆਪਣਾ ਨਵਾਂ ਨਾਵਲ ‘ਹਰ ਮਿੱਟੀ ਦੀ ਆਪਣੀ ਖ਼ਸਲਤ’ ਲਿਖਣ ਪਿੰਡ ਚਲਿਆ ਗਿਆ। ਪੰਜ-ਛੇ ਮਹੀਨੇ ਲਾਏ। ਲਿਖਣ ਦਾ ਰੁਟੀਨ ਬਣਾ ਲਿਆ। ਸੌਣਾ, ਲਿਖਣਾ, ਸੈਰ, ਖੇਤ ਗੇੜਾ ਪੱਕਾ ਕਰ ਲਿਆ।

ਪਿੰਡ ਸਾਂ, ਇੱਕ ਦਿਨ ਫੋਨ ਆਇਆ: “ਬਾਈ ਜੀ... ਸਾਡੇ ਸਕੂਲ ਵਿੱਚ ਬਹੁਤ ਪੁਰਾਣੀਆਂ ਕਿਤਾਬਾਂ ਪਈਆਂ। ਸਾਨੂੰ ਤਾਂ ਬਹੁਤਾ ਪਤਾ ਨਹੀਂ ਕਿਤਾਬਾਂ ਬਾਰੇ, ਤੁਸੀਂ ਸਾਡੀ ਮਦਦ ਕਰ ਦਿਓ।” ਸਾਡੇ ਪਿੰਡ ਵਾਲੇ ਪ੍ਰਾਇਮਰੀ ਸਕੂਲ ਦੇ ਅਧਿਆਪਕ ਦਾ ਫੋਨ ਸੀ।

“ਕਿਵੇਂ?... ਕੀ ਕਰਨੈ?”

“ਸਕੂਲ ਆਜੋ, ਸਾਨੂੰ ਦੱਸ ਦਿਓ... ਕਿਹੜੀ ਪੜ੍ਹਨ ਵਾਲੀ ਐ, ਕਿਹੜੀ ਐਵੇਂ ਦੀ ਐ।”

ਘਰੋਂ ਮੈਂ ਸਕੂਲ ਨੂੰ ਤੁਰ ਪਿਆ। ਉਹ ਇੱਕ ਕਮਰੇ ਵਿੱਚ ਪੁਰਾਣੀਆਂ, ਖ਼ਸਤਾ ਹਾਲ ਕਿਤਾਬਾਂ ਦਾ ਢੇਰ ਲਾਈ ਬੈਠੇ ਸਨ। ਕਿਤਾਬਾਂ ਦੀ ਬੁਰੀ ਹਾਲਤ ਦੇਖ ਕੇ ਮਨ ਮਸੋਸਿਆ ਗਿਆ। ਮੈਨੂੰ ਲੱਗਿਆ, ਕਿਤਾਬਾਂ ਰੋ ਰਹੀਆਂ ਹਨ। ਚੀਕ-ਚੀਕ ਕੇ ਆਖ ਰਹੀਆਂ ਹਨ: “ਅਸੀਂ ਲੰਮੇ ਸਮੇਂ ਤੋਂ ਕੈਦ ਹਾਂ ਐਥੇ...!”

ਮੈਂ ਕਿਤਾਬਾਂ ਦੇ ਢੇਰ ਕੋਲ ਕੁਰਸੀ ਡਾਹ ਲਈ ਤੇ ਕਿਹਾ, “ਐਂ ਕਰੋ, ਇੱਕ-ਇੱਕ ਕਿਤਾਬ ਝਾੜ ਕੇ, ਸਾਫ਼ ਕੱਪੜੇ ਨਾਲ ਪੂੰਝ ਸਮਾਰ ਕੇ ਮੈਨੂੰ ਫੜਾਈ ਚੱਲੋ।”

ਦੋ-ਤਿੰਨ ਮਾਸਟਰ ਲੱਗ ਗਏ। ਕਿਤਾਬ ਚੁੱਕਦੇ, ਝਾੜਦੇ ਪੂੰਝਦੇ ਤੇ ਮੈਨੂੰ ਫੜਾ ਦਿੰਦੇ। ਮੈਂ ਦੋ ਢੇਰੀਆਂ ਬਣਾ ਲਈਆਂ। ਇੱਕ ਉਪਰ ਪਾਟੀਆਂ ਹੋਈਆਂ, ਖ਼ਸਤਾ ਹਾਲ, ਨਾ ਪੜ੍ਹਨਯੋਗ ਤੇ ਐਵੇਂ ਦੀਆਂ ਕਿਤਾਬਾਂ ਰੱਖਣ ਲੱਗਾ; ਦੂਜੀ ਢੇਰੀ ਉਪਰ ਬਹੁਤ ਹੀ ਚੰਗੀਆਂ, ਕਲਾਸਿਕ ਵਿਸ਼ਵ ਸਾਹਿਤ ਦੀਆਂ, ਪੰਜਾਬੀ ਦੀਆਂ ਸ਼ਾਹਕਾਰ ਕਿਤਾਬਾਂ ਧਰੀ ਗਿਆ। ਪੜ੍ਹਨਯੋਗ ਪੁਸਤਕਾਂ ਦੀ ਢੇਰੀ ਉਚੀ ਹੋਣ ਲੱਗੀ। ਇਸ ਵਿੱਚ ਉੱਚ ਪਾਏ ਦਾ ਰੂਸੀ ਸਾਹਿਤ ਵੀ ਸੀ। ਅੰਗਰੇਜ਼ੀ ਸਾਹਿਤ ਦੀਆਂ ਅਨੁਵਾਦਿਤ ਪੁਸਤਕਾਂ ਸਨ। ਗੋਰਕੀ, ਦਾਸਤੋਵਸਕੀ, ਤਾਲਸਤਾਏ, ਰਸੂਲ ਹਮਜ਼ਾਤੋਵ, ਕੀਟਸ, ਲੂ ਸ਼ੁਨ ਸਮੇਤ ਪੰਜਾਬੀ ਦੇ ਵੱਡੇ ਸਾਹਿਤਕਾਰਾਂ ਦੀਆਂ ਕਿਤਾਬਾਂ। ਇਹ ਉਹ ਪੁਸਤਕਾਂ ਸਨ ਜੋ 1970 ਤੋਂ 1980 ਤੱਕ ਸਕੂਲਾਂ ਨੂੰ ਸਰਕਾਰੀ ਤੌਰ ’ਤੇ ਭੇਜੀਆਂ ਜਾਂਦੀਆਂ ਸਨ। ਇਹ ਸਾਰੀਆਂ ਸਾਡੇ ਪਿੰਡ ਮਾਨਖੇੜਾ ਦੇ ਪ੍ਰਾਇਮਰੀ ਸਕੂਲ ਦੀ ਲਾਇਬਰੇਰੀ ਲਈ ਆਈਆਂ ਸਨ।

ਕਿਤਾਬਾਂ ਛਾਂਟਦਿਆਂ ਮੇਰੀ ਸੋਚ ਪਿੱਛੇ ਚਲੀ ਗਈ ਤੇ ਉਸ ਸਮੇਂ ’ਤੇ ਜਾ ਖੜ੍ਹੀ ਜਦੋਂ ਮੈਂ ਕਾਲਜੋਂ ਹਟ ਕੇ ਖੇਤੀਬਾੜੀ ਕਰਦਾ ਸੀ। ਇੱਕ-ਇੱਕ ਕਿਤਾਬ ਨੂੰ ਕਈ-ਕਈ ਵਾਰ ਪੜ੍ਹਦਾ ਹੁੰਦਾ ਸੀ। ਜਦੋਂ ਮੈਨੂੰ ਪੜ੍ਹਨ ਦੀ ਬਹੁਤ ਚਾਹਨਾ ਹੁੰਦੀ ਸੀ। ਮੈਂ ਕਮਲਿਆ ਵਾਂਗ ਕਿਤਾਬ ਭਾਲਦਾ ਹੁੰਦਾ ਸੀ। ਪੜ੍ਹਨ ਕਰ ਕੇ ਘਰੋਂ ਗਾਲਾਂ ਪੈਂਦੀਆਂ ਸਨ: “ਕਿਉਂ ਅੱਖਾਂ ਗਾਲ਼ਦੈ! ਨਾਲੇ ਤੇਲ ਫੂਕਦੈਂ! ਰਾਤ ਨੂੰ ਹੈਅਨਾ ਪਤੰਦਰਨੀਆਂ ਨਾਲ ਮੱਥਾ ਮਾਰਦਾ ਰਹਿਨੈਂ। ਫਿਰ ਸੰਦੇਹਾਂ ਉਠਦਾ ਨ੍ਹੀਂ। ਦਿਨੇ ਉਨੀਂਦਰੇ ਤੋਂ ਖੇਤ ਕੰਮ ਨਹੀਂ ਹੁੰਦਾ।”

ਮੇਰੇ ਪਿੰਡ ਰਹਿਣ ਵੇਲੇ ਦੀਆਂ, ਸਕੂਲ ਵਿੱਚ ਬੰਦ ਪਈਆਂ ਇਹ ਬੇਸ਼ਕੀਮਤੀ ਕਿਤਾਬਾਂ ਦੇਖ ਕੇ ਮੇਰਾ ਹਉਕਾ ਨਿਕਲ ਗਿਆ। ਮੇਰੇ ਹੀ ਸ਼ਬਦ ਮੇਰੇ ਅੰਦਰ ਗੂੰਜਣ ਲੱਗੇ: “ਹਾਏ ਓਏ!... ਇਹ ਕੀਮਤੀ ਖ਼ਜ਼ਾਨਾ ਉਦੋਂ ਵੀ ਘਰ ਦੀ ਕੰਧ ਓਹਲੇ ਪਿਆ ਸੀ, ਜਦੋਂ ਮੈਂ ਅੱਖਰ-ਅੱਖਰ ਨੂੰ ਤਰਸ ਰਿਹਾ ਸੀ!”

ਸੰਪਰਕ: 97800-42156

Advertisement
×