ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਕੁਦਰਤ ਨਾਲ ਖਿਲਵਾੜ ਦੀਆਂ ਭਿਆਨਕ ਚੁਣੌਤੀਆਂ

ਮੁਖ਼ਤਾਰ ਗਿੱਲ ਅਸੀਂ ਹਵਾ, ਮਿੱਟੀ, ਜੰਗਲ ਤੇ ਪਾਣੀ, ਭਾਵ, ਪ੍ਰਕਿਰਤੀ ਦੇ ਹਰ ਸਾਧਨ ਨੂੰ ਨਜ਼ਰਅੰਦਾਜ਼ ਕੀਤਾ ਅਤੇ ਅੱਜ ਇਹ ਸਾਰੀਆਂ ਕੁਦਰਤੀ ਦਾਤਾਂ ਸਾਡੇ ਖਿ਼ਲਾਫ਼ ਹੋ ਗਈਆਂ ਹਨ। ਇਸ ਵਰਤਾਰੇ ਲਈਂ ਅਸੀਂ ਸਭ ਜਿ਼ੰਮੇਵਾਰ ਹਾਂ। ਮਨੁੱਖੀ ਸਭਿਅਤਾ ਦਾ ਵਿਕਾਸ ਹਿਮਾਲਿਆ ਅਤੇ...
Advertisement

ਮੁਖ਼ਤਾਰ ਗਿੱਲ

ਅਸੀਂ ਹਵਾ, ਮਿੱਟੀ, ਜੰਗਲ ਤੇ ਪਾਣੀ, ਭਾਵ, ਪ੍ਰਕਿਰਤੀ ਦੇ ਹਰ ਸਾਧਨ ਨੂੰ ਨਜ਼ਰਅੰਦਾਜ਼ ਕੀਤਾ ਅਤੇ ਅੱਜ ਇਹ ਸਾਰੀਆਂ ਕੁਦਰਤੀ ਦਾਤਾਂ ਸਾਡੇ ਖਿ਼ਲਾਫ਼ ਹੋ ਗਈਆਂ ਹਨ। ਇਸ ਵਰਤਾਰੇ ਲਈਂ ਅਸੀਂ ਸਭ ਜਿ਼ੰਮੇਵਾਰ ਹਾਂ। ਮਨੁੱਖੀ ਸਭਿਅਤਾ ਦਾ ਵਿਕਾਸ ਹਿਮਾਲਿਆ ਅਤੇ ਉਸ ਦੀਆਂ ਨਦੀਆਂ-ਘਾਟੀਆਂ ਤੋਂ ਮੰਨਿਆ ਜਾਂਦਾ ਪਰ ਅੱਜ ਵਿਕਾਸ ਦੇ ਤਰੀਕੇ ਅਤੇ ਜਲਦਬਾਜ਼ੀ ਨਾਲ ਸਮੁੱਚੇ ਹਿਮਾਲਿਆ ਦੇ ਖੋਖਲੇ (ਕਰੈਕ) ਹੋਣ ਦਾ ਸਿਲਸਿਲਾ ਜਾਰੀ ਹੈ। ਉਤਰਾਖੰਡ ਦੇ ਜ਼ਿਲ੍ਹੇ ਉਤਰਕਾਂਸ਼ੀ ਵਿੱਚ ਢਾਈ ਘੰਟੇ ਅੰਦਰ ਤਿੰਨ ਥਾਵਾਂ ’ਤੇ ਬੱਦਲ ਫਟਣ ਨਾਲ ਆਈ ‘ਜਲ ਪਰਲੋ’ ਨੇ ਭਾਰੀ ਤਬਾਹੀ ਮਚਾਈ। ਗੰਗੋਤਰੀ ਧਾਮ ਦੇ ਮੁੱਖ ਪੜਾਅ ਧਰਾਲੀ ਕਸਬੇ ਦਾ ਬਾਜ਼ਾਰ ਖੀਰ ਗੰਗਾ ਨਦੀ ਵਿੱਚ ਆਏ ਹੜ੍ਹ ’ਚ ਤਬਾਹ ਹੋ ਗਿਆ। ਘਰ, ਦੁਕਾਨਾਂ ਅਤੇ ਖੀਰ ਗੰਗਾ ਨਦੀ ਕਿਨਾਰੇ ਅਨਿਯਮਤ ਉਸਾਰੇ ਹੋਟਲ, ਰੇਸਤਰਾਂ ਅਤੇ ਗੈਸਟ ਹਾਊਸ ਕਾਗਜ਼ ਵਾਂਗ ਹੜ੍ਹ ਵਿਚ ਰੁੜ੍ਹ ਗਏ। ਵਿਗਿਆਨੀਆਂ ਨੇ ਬਿਨਾਂ ਯੋਜਨਾ ਬਣੇ ਘਰਾਂ, ਹੋਟਲਾਂ, ਰੇਸਤਰਾਂ, ਗੈਸਟ ਹਾਊਸਾਂ ਨੂੰ ਆਫ਼ਤ ਦਾ ਕਾਰਨ ਦੱਸਿਆ ਹੈ।

Advertisement

ਮੌਨਸੂਨ ਦੇ ਇਸ ਸੀਜ਼ਨ ’ਚ ਹਿਮਾਚਲ ਪ੍ਰਦੇਸ਼ ਵਿੱਚ ਭਾਰੀ ਮੀਂਹ ਪੈਣ, ਬੱਦਲ ਫਟਣ, ਢਿੱਗਾਂ ਡਿੱਗਣ ਅਤੇ ਗਲੇਸ਼ੀਅਰਾਂ ਪਿਘਲਣ ਕਾਰਨ ਨਦੀਆਂ ਵਿੱਚ ਆਏ ਹੜ੍ਹ ਦੀ ਵਜ੍ਹਾ ਕਰ ਕੇ ਚੰਬਾ-ਪਠਾਨਕੋਟ ਮਾਰਗ ਧਸ ਗਿਆ। ਸੜਕਾਂ ਬੰਦ ਹੋ ਗਈਆਂ। ਪੰਜਾਬ ਵਿੱਚ ਸਤਲੁਜ ਤੇ ਬਿਆਸ ਦਰਿਆਵਾਂ ਵਿੱਚ ਜਿ਼ਆਦਾ ਪਾਣੀ ਆਉਣ ਕਰ ਕੇ ਦੋਹਾਂ ਦਰਿਆਵਾਂ ਦੇ ਆਸ-ਪਾਸ ਦੇ ਪਿੰਡਾਂ ਵਿਚ ਡਰ ਤੇ ਸਹਿਮ ਹੈ ਅਤੇ ਕਿਸਾਨਾਂ ਦੀਆਂ ਫ਼ਸਲਾਂ ਡੁੱਬ ਗਈਆਂ ਹਨ। ਕਪੂਰਥਲਾ ਜ਼ਿਲ੍ਹੇ ਦੇ 12 ਪਿੰਡ ਹੜ੍ਹ ਤੋਂ ਪ੍ਰਭਾਵਿਤ ਹੋਏ ਹਨ।

ਕਸਬਾ ਧਰਾਲੀ ਤੇ ਪਿੰਡ ਹਰਸਿਲ ਵਿੱਚ ਹੜ੍ਹ ਦੇ ਰੂਪ ਵਿਚ ਜੋ ਦ੍ਰਿਸ਼ ਦੇਖਣ ਨੂੰ ਮਿਲੇ ਹਨ, ਉਹ ਭਿਆਨਕ ਚਿੰਤਾ ਦਾ ਵਿਸ਼ਾ ਹਨ। ਧਰਾਲੀ ਉੱਜੜ ਗਿਆ, ਜੀਵਨ ਸੁੰਨਾ ਹੋ ਗਿਆ। ਮੌਸਮ ਅਤੇ ਕੁਦਰਤੀ ਆਫ਼ਤਾਂ ਦੀ ਜਾਣਕਾਰੀ ਦੇਣ ਵਾਲੇ ਉਪ ਗ੍ਰਹਿ ਭਾਵੇਂ ਕਿੰਨੇ ਵੀ ਆਧੁਨਿਕ ਤਕਨੀਕ ਨਾਲ ਜੁੜੇ ਹੋਣ, ਇਹ ਅਨਿਯਮਤ ਹੋ ਚੁੱਕੇ ਮੌਸਮ ਕਾਰਨ ਬੱਦਲ ਫਟਣ, ਢਿੱਗਾਂ ਡਿੱਗਣ, ਚਟਾਨਾਂ ਖਿਸਕਣ ਅਤੇ ਭਾਰੀ ਮੀਂਹ ਦੀ ਸਟੀਕ ਜਾਣਕਾਰੀ ਨਹੀਂ ਦੇ ਸਕਦੇ। 2013 ਵਿੱਚ ਕੇਦਾਰਨਾਥ ਤ੍ਰਾਸਦੀ ਅਤੇ 2014 ਵਿਚ ਜੰਮੂ ਕਸ਼ਮੀਰ ਦੀਆਂ ਨਦੀਆਂ ਵਿੱਚ ਹੜ੍ਹ ਆਉਣ ਦੇ ਸੰਕੇਤ ਵੀ ਉਪ ਗ੍ਰਹਿ ਤੋਂ ਨਹੀਂ ਸਨ ਮਿਲ ਸਕੇ। ਇਸੇ ਤਰ੍ਹਾਂ 2021 ਵਿਚ ਧੌਲੀਗੰਗਾ ਨਦੀ ਵਿਚ ਅਚਾਨਕ ਆਏ ਹੜ੍ਹ ਵਿੱਚ ਤਪਵਨ ਪਣ ਬਿਜਲੀ ਪ੍ਰਾਜੈਕਟ ’ਚ ਕੰਮ ਕਰ ਰਹੇ ਕੁਝ ਮਜ਼ਦੂਰਾਂ ਦ ਿਮੌਤ ਹੋ ਗਈ ਸੀ। ਹਿਮਾਚਲ ’ਚ ਢਿੱਗਾਂ ਡਿੱਗਣ, ਬੱਦਲ ਫਟਣ ਅਤੇ ਭਾਰੀ ਮੀਂਹ ਨਾਲ ਤਬਾਹੀ ਦੇਖਣ ਨੂੰ ਮਿਲ ਰਹੀ ਹੈ।

ਮੌਸਮ ਵਿਗਿਆਨੀਆਂ ਦਾ ਕਹਿਣਾ ਹੈ ਕਿ ਇਸ ਵਾਰ ਮੌਨਸੂਨ ਵਿੱਚ ਲੰਮੀ ਰੁਕਾਵਟ ਕਰ ਕੇ ਦੇਸ਼ ਦੇ ਕੁਝ ਹਿੱਸਿਆਂ ਵਿੱਚ ਪਏ ਘੱਟ ਮੀਂਹਾਂ ਕਰ ਕੇ ਸੋਕੇ ਵਰਗੇ ਹਾਲਾਤ ਪੈਦਾ ਹੋ ਗਏ ਹਨ; ਜਦਕਿ ਉਤਰਾਖੰਡ ਤੇ ਹਿਮਾਚਲ ਪ੍ਰਦੇਸ਼ ਵਿਚ ਜਿ਼ਆਦਾ ਮੀਂਹ ਪੈਣ ਕਰ ਕੇ ਤਬਾਹੀ ਮਚ ਗਈ ਹੈ। ਮੌਨਸੂਨ ਵਿੱਚ ਰੁਕਾਵਟ ਆਉਣ ਕਰ ਕੇ ਬੱਦਲ ਪਹਾੜਾਂ ਉੱਤੇ ਇਕੱਠੇ ਹੋ ਜਾਂਦੇ ਹਨ; ਫਿਰ ਇਹੋ ਮੋਹਲੇਧਾਰ ਮੀਂਹਾਂ ਅਤੇ ਤ੍ਰਾਸਦੀ ਦਾ ਕਾਰਨ ਬਣਦੇ ਹਨ। ਉਂਝ, ਤਬਾਹੀ ਲਈ ਮੌਨਸੂਨ ਨੂੰ ਜਿ਼ੰਮੇਵਾਰ ਠਹਿਰਾ ਕੇ ਜਵਾਬਦੇਹੀ ਤੋਂ ਨਹੀਂ ਬਚਿਆ ਜਾ ਸਕਦਾ। ਕੇਦਾਰਨਾਥ ਵਿੱਚ ਬਿਨਾਂ ਮੌਨਸੂਨ ਦੀ ਰੁਕਾਵਟ ਦੇ ਹੀ ਤਬਾਹੀ ਹੋ ਗਈ ਸੀ।

ਸਭ ਤੋਂ ਮਹੱਤਵਪੂਰਨ ਗੱਲ ਇਹ ਹੈ ਕਿ ਅਸੀਂ ਅੱਜ ਵੀ ਪ੍ਰਕਿਰਤੀ ਦੇ ਨਿਯਮਾਂ ਨੂੰ ਨਹੀਂ ਸਮਝ ਸਕੇ ਅਤੇ ਨਾ ਹੀ ਉਸ ਦੇ ਵਿਹਾਰ ਨੂੰ ਲੈ ਕੇ ਕੋਈ ਵਿਗਿਆਨਕ ਸਮਝ ਵਿਕਸਤ ਕਰ ਸਕੇ ਹਾਂ। ਹਾਲਾਤ ਮੁਤਾਬਿਕ ਦੇਖੀਏ ਤਾਂ ਜਿੱਥੇ-ਜਿੱਥੇ ਅਸੀਂ ਪ੍ਰਕਿਰਤੀ ਨਾਲ ਜਿ਼ਆਦਾ ਛੇੜਛਾੜ ਕੀਤੀ, ਜਿਵੇਂ ਹਿਮਾਲਿਆ ਦੇ ਖੇਤਰ ਵਿੱਚ, ਉੱਥੇ ਉੱਥੇ ਵਿਨਾਸ਼ਕਾਰੀ ਘਟਨਾਵਾਂ ਸਾਹਮਣੇ ਆ ਰਹੀਆਂ ਹਨ। ਜਲਵਾਯੂ ਪਰਿਵਰਤਨ ਤੇ ਆਲਮੀ ਤਪਸ਼ (ਗਲੋਬਲ ਵਾਰਮਿੰਗ) ਹੁਣ ਕੰਟਰੋਲ ਤੋਂ ਬਾਹਰ ਹੋ ਚੁੱਕੇ ਹਨ। ਗਲੇਸ਼ੀਅਰ ਪਿਘਲਣ ਨਾਲ ਨਦੀਆਂ ਵਿੱਚ ਉਛਾਲ, ਹੜ੍ਹ ਦਾ ਰੂਪ ਧਾਰਨ ਕਰ ਲੈਂਦਾ ਹੈ ਅਤੇ ਤਬਾਹੀ ਦਾ ਸਬੱਬ ਬਣਦਾ ਹੈ। ਹਿਮਾਲਿਆ ਦੇ ਖੇਤਰਾਂ, ਉਤਰਾਖੰਡ, ਹਿਮਾਚਲ ਵਿਚ ਅਸਾਂ ਸੈਰ ਸਪਾਟੇ ਨੂੰ ਉਤਸ਼ਾਹਤ ਕਰਨ ਅਤੇ ਸੈਲਾਨੀਆਂ ਨੂੰ ਸਹੂਲਤਾਂ ਮੁਹੱਈਆ ਕਰਨ ਲਈ ਨਦੀਆਂ ਦਾ ਕੁਦਰਤੀ ਲਾਂਘਾ ਰੋਕਿਆ ਹੈ। ਹਿਮਾਚਲੀ ਨਦੀਆਂ ਅਤੇ ਉਤਰਾਖੰਡ ਦੀ ਖੀਰ ਗੰਗਾ ਆਦਿ ਨਦੀਆਂ ਕਿਨਾਰੇ ਅਨਿਯਮਤ ਹੋਟਲ, ਰੇਸਤਰਾਂ, ਗੈਸਟ ਹਾਊਸ, ਹੋਮ ਸਟੇਅ ਉਸਾਰੇ ਗਏ ਜਿਹੜੇ ਨਦੀਆਂ ਦੇ ਬੇਤਹਾਸ਼ਾ ਪਾਣੀਆਂ ਦੇ ਪਰਵਾਹ ਨੂੰ ਰੋਕਣ ਕਰ ਕੇ ਤਾਸ਼ ਦੇ ਪੱਤਿਆਂ ਵਾਂਗ ਢੇਰ ਹੋ ਗਏ।

ਇਸੇ ਤਰ੍ਹਾਂ ਸਮੁੱਚੇ ਹਿਮਾਲਿਆ ਖੇਤਰ ਵਿਚ ਬੀਤੇ ਇਕ ਦਹਾਕੇ ਤੋਂ ਸੈਲਾਨੀਆਂ ਲਈ ਸਹੂਲਤਾਂ ਮੁਹੱਈਆ ਕਰਨ ਲਈ ਪਣ ਬਿਜਲੀ ਪ੍ਰਾਜੈਕਟ, ਰੇਲ ਤੇ ਸੜਕ ਨਿਰਮਾਣ ਦੇ ਕਾਰਜਾਂ ਵਿਚ ਕੁਦਰਤ ਨਾਲ ਛੇੜਛਾੜ ਹੋ ਰਹੀ ਹੈ। ਇਨ੍ਹਾਂ ਪ੍ਰਾਜੈਕਟਾਂ ਲਈ ਹਿਮਾਲਿਆ ਖੇਤਰ ਵਿੱਚੋਂ ਰੇਲ ਲੰਘਾਉਣ ਅਤੇ ਹੋਰ ਕਈ ਹਿਮਾਲਿਆਈ ਛੋਟੀ ਨਦੀਆਂ ਨੂੰ ਵੱਡੀਆਂ ਨਦੀਆਂ ਵਿੱਚ ਮਿਲਾਉਣ ਲਈ ਸੁਰੰਗਾਂ ਬਣਾਈਆਂ ਜਾ ਰਹੀਆਂ ਹਨ। ਬਿਜਲੀ ਪ੍ਰਾਜੈਕਟਾਂ ਲਈ ਵੀ ਜੋ ਪਲਾਂਟ ਲੱਗ ਰਹੇ ਹਨ, ਉਨ੍ਹਾਂ ਲਈ ਹਿਮਾਲਿਆ ਨੂੰ ਖੋਖਲਾ ਕੀਤਾ ਜਾ ਰਿਹਾ ਹੈ। ਜੰਗਲ ਸਾਫ ਕਰ ਦਿੱਤੇ ਗਏ ਹਨ। ਰੁੱਖ ਪਹਾੜਾਂ ਦੀ ਮਿੱਟੀ ਦਾ ਖੋਰਾ ਰੋਕਦੇ ਸਨ।

ਇਹ ਆਧੁਨਿਕ ਉਦਯੋਗਿਕ ਅਤੇ ਟੈਕਨਾਲੋਜੀ ਦੇ ਵਿਕਾਸ ਕਾਰਨ ਕੁਦਰਤ ਵਿੱਚ ਆ ਰਹੇ ਅਸੰਤੁਲਨ ਦਾ ਹੀ ਨਤੀਜਾ ਹੈ ਕਿ ਪਹਾੜ ਟੁੱਟ (ਕਰੈਕ) ਰਹੇ ਹਨ, ਗਲੇਸ਼ੀਅਰ ਪਿਘਲ ਰਹੇ ਹਨ। ਆਫ਼ਤ ਪ੍ਰਭਾਵਿਤ ਧਰਾਲੀ ਤੇ ਹਰਸਿਲ ਖੇਤਰ ਵਿੱਚੋਂ ਵਗਣ ਵਾਲੀ ਭਾਗੀਰਥੀ ਨਦੀ ਉਪਰ ਬਣੀ 1300 ਮੀਟਰ ਲੰਮੀ ਅਤੇ 80 ਮੀਟਰ ਚੌੜੀ ਝੀਲ ’ਚੋਂ ਪਾਣੀ ਦੀ ਨਿਕਾਸੀ ਹੋ ਰਹੀ ਹੈ। ਪਹਾੜਾਂ ਵਿੱਚ ਭਾਰੀ ਮੀਂਹ ਕਾਰਨ ਇਹ ਝੀਲ ਹੋਂਦ ਵਿਚ ਆ ਗਈ ਹੈ। ਹਿਮਾਲਿਆ ਵਿੱਚ ਝੀਲ, ਤਲਾਬ ਅਤੇ ਗਲੇਸ਼ੀਅਰ ਬਣਨਾ ਹੈਰਾਨੀਜਨਕ ਪਰ ਸੁਭਾਵਿਕ ਪ੍ਰਕਿਰਿਆ ਹੈ। ਇਹ ਝੀਲ ਹੁਣ ਧਰਾਲੀ ਤੇ ਹਰਸਿਲ ਲਈ ਸੰਕਟ ਬਣ ਗਈ ਹੈ। ਇਸ ਆਫ਼ਤ ਨੇ ਸਾਫ਼ ਕਰ ਦਿੱਤਾ ਕਿ ਉਤਰਾਖੰਡ ਦੇ ਉੱਚੇ ਹਿਮਾਲਿਆਈ ਖੇਤਰ ਵਿਚ ਝੀਲਾਂ ਦੇ ਖ਼ਤਰੇ ਵਧ ਰਹੇ ਹਨ। ਉਤਰਾਖੰਡ ਵਿੱਚ ਅਜਿਹੀਆਂ 1266 ਝੀਲਾਂ ਹਨ। ਲਿਹਾਜਾ ਇਸ ਨੂੰ ਤੋੜਨਾ ਜ਼ਰੂਰੀ ਹੋ ਗਿਆ ਹੈ। ਜੇ ਇਹ ਕੁਦਰਤੀ ਕਹਿਰ ਨਾਲ ਟੁੱਟਦੀ ਹਨ ਤਾਂ ਖ਼ਤਰਾ ਹੋਰ ਜਿ਼ਆਦਾ ਪੈਦਾ ਹੋ ਜਾਵੇਗਾ।

ਹੁਣ ਸਮਾਂ ਆ ਗਿਆ ਹੈ ਜਦੋਂ ਹਿਮਾਚਲ ਪ੍ਰਦੇਸ਼ ਜਾਂ ਉਤਰਾਖੰਡ ਵਰਗੇ ਪਹਾੜੀ ਰਾਜ ਹੀ ਨਹੀਂ, ਸਗੋਂ ਸਾਰੇ ਮੁਲਕ ਨੂੰ ਆਪਣੇ ਢਾਂਚਾਗਤ ਵਿਕਾਸ ਦੀਆਂ ਨੀਤੀਆਂ ਬਾਰੇ ਨਵੇਂ ਸਿਰੇ ਤੋਂ ਵਿਚਾਰ ਕਰਨਾ ਚਾਹੀਦਾ ਹੈ; ਸੈਟਲਮੈਂਟ ਮੈਪਿੰਗ, ਭਾਵ, ਨਕਸ਼ਿਆਂ ਦਾ ਅਧਿਅਨ ਕਰਨਾ ਹੋਵੇਗਾ। ਪਿਛਲੇ 200 ਸਾਲਾਂ ਵਿੱਚ ਸਾਡੇ ਰਹਿਣ-ਸਹਿਣ ਸਥਾਨ ਅਤੇ ਆਬਾਦੀ ਵਿੱਚ ਬਹੁਤ ਜਿ਼ਆਦਾ ਤਬਦੀਲੀ ਆਈ ਹੈ। ਜਦੋਂ ਇਹ ਬਸਤੀਆਂ ਹਿਮਾਲਿਆ, ਉਤਰਾਖੰਡ ਜਾਂ ਹਿਮਾਲਿਆਈ ਖੇਤਰਾਂ ਵਿੱਚ ਵੱਸੀਆਂ ਸਨ ਤਾਂ ਇਨ੍ਹਾਂ ਕੁਦਰਤੀ ਆਫ਼ਤਾਂ ਦੀ ਕਲਪਨਾ ਵੀ ਨਹੀਂ ਸੀ ਕੀਤੀ ਗਈ, ਪਰ ਅੱਜ ਜਦੋਂ ਹਾਲਾਤ ਪੂਰੀ ਤਰ੍ਹਾਂ ਬਦਲ ਚੁੱਕੇ ਹਨ ਤਾਂ ਸਾਨੂੰ ਆਪਣੀਆਂ ਨੀਤੀਆਂ, ਬਦਲਦੇ ਜਲਵਾਯੂ ਤੇ ਹਾਲਾਤ ਮੁਤਾਬਿਕ ਢਾਲਣੀਆਂ ਪੈਣਗੀਆਂ। ਪਹਾੜੀ ਖੇਤਰਾਂ ’ਚ ਕੁਦਰਤ ਨਾਲ ਸੰਤੁਲਨ ਬਣਾ ਕੇ ਵਿਕਾਸ ਕਾਰਜ ਕਰਨੇ ਚਾਹੀਦੇ ਹਨ। ਕੁਦਰਤ ਸਾਨੂੰ ਕੁਝ ਨਾ ਕੁਝ ਦਿੰਦੀ ਹੀ ਹੈ, ਸਾਡੇ ਕੋਲੋਂ ਲੈਂਦੀ ਨਹੀਂ। ਜੇ ਰਾਜ ਸਰਕਾਰ ਕੋਈ ਸੰਤੁਲਿਤ ਨੀਤੀ ਬਣਾ ਵੀ ਲੈਂਦੀ ਹੈ ਤਾਂ ਕਥਿਤ ਵਿਕਾਸ ਦੀ ਚਕਾਚੌਂਧ ਵਿੱਚ ਉਸ ਉੱਤੇ ਅਮਲ ਕਰਨ ਦੀ ਘਾਟ ਕਰ ਕੇ ਹਿਮਾਲਿਆ ਖੇਤਰਾਂ ਵਿਚ ਅੰਧਾਧੁੰਦ ਵਿਕਾਸ ਕਾਰਜ ਚੱਲ ਰਹੇ ਹਨ ਜਿਹੜੇ ਕੁਦਰਤੀ ਆਫਤਾਂ ਨੂੰ ਸੱਦਾ ਦਿੰਦੇ ਹਨ।

ਸੰਪਰਕ: 98140-82217

Advertisement