ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਹੜ੍ਹਾਂ ਦਾ ਸੰਤਾਪ ਤੇ ਪੰਜਾਬੀਆਂ ਦੀ ਸੇਵਾ ਭਾਵਨਾ

ਸਿਆਣੇ ਕਹਿੰਦੇ ਹਨ- ਖੁਸ਼ੀਆਂ ਵਿੱਚ ਤਾਂ ਹਰ ਕੋਈ ਹੱਸ ਲੈਂਦਾ ਹੈ, ਪਰ ਅਸਲੀ ਇਨਸਾਨ ਉਹ ਹੁੰਦਾ ਹੈ, ਜੋ ਮੁਸੀਬਤਾਂ ਵਿੱਚ ਘਿਰਿਆ ਵੀ ਹਾਸੇ ਬਿਖੇਰਦਾ ਨਜ਼ਰ ਆਵੇ। ਪੰਜਾਬੀਆਂ ਨੂੰ ਆਪਣੇ ਸ਼ਾਨਾਂਮੱਤੇ ਵਿਰਸੇ ਤੋਂ ਇਹ ਵਰਦਾਨ ਮਿਲਿਆ ਹੋਇਆ ਹੈ ਕਿ ਉਹ ਅਤਿ...
Advertisement

ਸਿਆਣੇ ਕਹਿੰਦੇ ਹਨ- ਖੁਸ਼ੀਆਂ ਵਿੱਚ ਤਾਂ ਹਰ ਕੋਈ ਹੱਸ ਲੈਂਦਾ ਹੈ, ਪਰ ਅਸਲੀ ਇਨਸਾਨ ਉਹ ਹੁੰਦਾ ਹੈ, ਜੋ ਮੁਸੀਬਤਾਂ ਵਿੱਚ ਘਿਰਿਆ ਵੀ ਹਾਸੇ ਬਿਖੇਰਦਾ ਨਜ਼ਰ ਆਵੇ। ਪੰਜਾਬੀਆਂ ਨੂੰ ਆਪਣੇ ਸ਼ਾਨਾਂਮੱਤੇ ਵਿਰਸੇ ਤੋਂ ਇਹ ਵਰਦਾਨ ਮਿਲਿਆ ਹੋਇਆ ਹੈ ਕਿ ਉਹ ਅਤਿ ਦੀਆਂ ਮੁਸ਼ਕਿਲਾਂ ਵਿੱਚ ਘਿਰੇ ਵੀ ਕਦੇ ਡੋਲਦੇ ਨਹੀਂ, ਹਮੇਸ਼ਾ ਚੜ੍ਹਦੀ ਕਲਾ ਵਿੱਚ ਵਿਚਰਦੇ ਹਨ। ਜਦੋਂ ਵੀ ਕਦੇ ਪੰਜਾਬੀਆਂ ਉੱਤੇ ਕੋਈ ਮੁਸੀਬਤ ਬਣੀ ਹੈ, ਉਹ ਆਪਣੇ ਬਲਬੂਤੇ ਸੰਕਟ ਵਿੱਚੋਂ ਨਿਕਲ ਕੇ ਛੇਤੀ ਹੀ ਮੁੜ ਪੈਰਾਂ ਸਿਰ ਆ ਜਾਂਦੇ ਹਨ। ਪੰਜਾਬ ਵਿੱਚ ਆਏ ਹੜ੍ਹਾਂ ਦੀ ਕਹਿਰਾਂ ਭਰੀ ਆਫ਼ਤ ਨਾਲ ਹੋਏ ਵੱਡੇ ਨੁਕਸਾਨ ਦੇ ਬਾਵਜੂਦ ਪੰਜਾਬੀਆਂ ਦੀ ਹਿੰਮਤ, ਦਲੇਰੀ ਤੇ ਅਡੋਲ ਜਜ਼ਬੇ ਨੇ ਇਕ ਵਾਰ ਫਿਰ ਸਾਬਤ ਕਰ ਦਿੱਤਾ ਕਿ ਪੰਜਾਬੀ ਕਦੇ ਹਾਰ ਨਹੀਂ ਮੰਨਦੇ।

ਹੜ੍ਹ ਤਾਂ ਪੰਜਾਬ ਵਿੱਚ ਪਹਿਲਾਂ ਵੀ ਆਉਂਦੇ ਰਹੇ ਹਨ, ਪਰ ਇਸ ਵਾਰ ਹੜ੍ਹਾਂ ਦੇ ਪਾਣੀ ਦਾ ਕਹਿਰ, ਪਹਿਲਾਂ ਨਾਲੋਂ ਕਿਤੇ ਵੱਧ ਡਰਾਉਣਾ ਸੀ। ਕੁਝ ਤਾਂ ਕੁਦਰਤ ਦਾ ਕਹਿਰ ਸੀ ਕਿ ਹਿਮਾਚਲ ਪ੍ਰਦੇਸ਼ ਤੇ ਪੰਜਾਬ ਵਿੱਚ ਮੀਂਹ ਵੀ ਆਫ਼ਤ ਬਣ ਕੇ ਵਰ੍ਹੇ, ਪਰ ਹੜ੍ਹ ਰੋਕਣ ਤੇ ਮੁਸੀਬਤ ਸਮੇਂ ਉਨ੍ਹਾਂ ਦਾ ਸਚਾਰੂ ਪ੍ਰਬੰਧ ਕਰਨ ਪ੍ਰਤੀ ਅਵੇਸਲੇਪਨ ਦੇ ਸਿੱਟੇ ਵਜੋਂ ਕੀਤੀਆਂ ਮਨੁੱਖੀ ਗ਼ਲਤੀਆਂ ਨੇ ਇਸ ਦੁਖਾਂਤ ਨੂੰ ਦੂਣਾ-ਚੌਣਾ ਕਰਨ ਵਿੱਚ ਕੋਈ ਕਸਰ ਨਹੀਂ ਛੱਡੀ।

Advertisement

ਜਿਨ੍ਹਾਂ ਦਾ ਹੜ੍ਹਾਂ ਨੇ ਸਭ ਕੁਝ- ਫ਼ਸਲਾਂ, ਘਰ, ਮੱਝਾਂ-ਗਾਵਾਂ, ਘਰ ਦਾ ਸਮਾਨ, ਸੰਦ-ਸੰਦੇੜਾ ਤੇ ਹੋਰ ਅਨੇਕ ਚੀਜ਼ਾਂ-ਵਸਤਾਂ ਬਰਬਾਦ ਕਰ ਦਿੱਤੀਆਂ, ਉਨ੍ਹਾਂ ਦੇ ਮਨਾਂ ਨੂੰ ਪੁੱਛਿਆ ਜਾਣੀਏ! ਉਹ ਬਾਹਰੀ ਰੂਪ ਵਿੱਚ ਭਾਵੇਂ ਚਿਹਰਿਆਂ ’ਤੇ ਮੁਸਕਾਨ ਲਈ ਫਿਰਦੇ ਹਨ, ਪਰ ਸਚਾਈ ਇਹ ਹੈ ਕਿ ਉਨ੍ਹਾਂ ਦੇ ਮਨਾਂ ਵਿੱਚ ਵੀ ਡੂੰਘੀ ਉਦਾਸੀ ਛਾਈ ਹੋਈ ਹੈ। ਜਦੋਂ ਮਿਹਨਤਾਂ ਨਾਲ ਬਣਾਇਆ ਕੁਝ ਬਚੇ ਹੀ ਨਾ, ਹੜ੍ਹਾਂ ਦਾ ਤੂਫ਼ਾਨ ਸੁਪਨੇ ਵੀ ਵਹਾ ਕੇ ਲੈ ਜਾਵੇ ਤਾਂ ਮਨ ਵਿੱਚ ਵੈਰਾਗ ਆਉਣਾ ਸੁਭਾਵਿਕ ਹੈ। ਇਹ ਵੱਖਰੀ ਗੱਲ ਹੈ ਕਿ ‘ਪੰਜਾਬ ਦੇ ਜੰਮਿਆਂ ਨੂੰ ਨਿੱਤ ਮੁਹਿੰਮਾਂ’ ਪਈਆਂ ਹੀ ਰਹਿੰਦੀਆਂ ਹਨ ਤੇ ਵਿਸ਼ਾਲ ਦਿਲਾਂ ਵਾਲੇ ਇਨ੍ਹਾਂ ਲੋਕਾਂ ਦੇ ਖੂਨ ਦੀ ਤਾਸੀਰ ਹੀ ਇਹ ਹੈ ਕਿ ਛੇਤੀ ਕੀਤੇ ਡੋਲਦੇ ਨਹੀਂ। ਇਹ ਗੱਲ ਬਹੁਤ ਵੱਡੀ ਹੈ ਕਿ ਜਦੋਂ ਬਾਂਹ ਫੜ ਕੇ ਸਹਾਰਾ ਦੇਣ ਵਾਲੇ ਹੋਣ ਤਾਂ ਦੁੱਖਾਂ ਦਾ ਭੰਨਿਆਂ ਬੰਦਾ ਵੀ ਹੌਸਲੇ ਵਿੱਚ ਹੋ ਜਾਂਦਾ ਹੈ।

ਪੰਜਾਬ ਦੇ ਜਿਨ੍ਹਾਂ ਖੇਤਰਾਂ ਵਿੱਚ ਹੜ੍ਹਾਂ ਦਾ ਕਹਿਰ ਵਾਪਰਿਆ, ਤੇ ਜਿਨ੍ਹਾਂ ਲੋਕਾਂ ਨੇ ਇਹ ਕਹਿਰ ਆਪਣੇ ਉੱਤੇ ਝੱਲਦਿਆਂ, ਸਭ ਕੁਝ ਤਬਾਹ ਹੁੰਦਾ ਆਪਣੇ ਅੱਖੀਂ ਦੇਖਿਆ, ਉਨ੍ਹਾਂ ਦੇ ਮਨਾਂ ਵਿੱਚ ਤਾਂ ਦਰਦ ਹੋਣਾ ਹੀ ਸੀ, ਪਰ ਬਾਕੀ ਸਾਰਾ ਪੰਜਾਬ ਵੀ ਤਬਾਹੀ ਦੇ ਭਿਆਨਕ ਦ੍ਰਿਸ਼ ਦੇਖ-ਸੁਣ ਕੇ ਕੰਬ ਉੱਠਿਆ। ਜਿਹੜੇ ਖੇਤਰ ਹੜ੍ਹਾਂ ਦੇ ਕਹਿਰ ਤੋਂ ਬਚੇ ਹੋਏ ਸਨ, ਉਨ੍ਹਾਂ ਲੋਕਾਂ ਨੇ ਮੁਸੀਬਤ ਮਾਰਿਆਂ ਦੀ ਬਾਂਹ ਫੜਨ ਤੇ ਉਨ੍ਹਾਂ ਨੂੰ ਹੌਸਲਾ ਦੇਣ ਲਈ, ਲੋੜੀਂਦਾ ਸਾਜ਼ੋ-ਸਮਾਨ ਲੈ ਕੇ, ਟਰੈਕਟਰ-ਟਰਾਲੀਆਂ ’ਤੇ ਸਵਾਰ ਹੋ ਕੇ ਬਿਫਰੇ ਪਾਣੀਆਂ ਵਿੱਚ ਠਿੱਲ੍ਹ ਪਏ।

ਪੰਜਾਬ ਦੇ ਸੈਂਕੜੇ ਨੌਜਵਾਨਾਂ ਨੇ ਆਪੋ-ਆਪਣੇ ਪਿੰਡਾਂ ਵਿੱਚੋਂ ਖਾਣ-ਪੀਣ ਦਾ ਸਮਾਨ, ਪਾਣੀ, ਤਰਪਾਲਾਂ, ਦਵਾਈਆਂ, ਪਸ਼ੂਆਂ ਲਈ ਤੂੜੀ, ਚਾਰੇ ਤੇ ਹੋਰ ਜ਼ਰੂਰੀ ਵਸਤਾਂ ਦੀਆਂ ਟਰਾਲੀਆਂ ਭਰ-ਭਰ ਲੋੜਵੰਦਾਂ ਤੱਕ ਪਹੁੰਚਾਈਆਂ। ਜਦੋਂ ਮੂੰਹ-ਜ਼ੋਰ ਹੜ੍ਹ ਦਾ ਪਾਣੀ ਹੋਵੇ, ਨਾ ਕੋਈ ਰਾਹ-ਖੇੜਾ ਤੇ ਕਿਸੇ ਸੜਕ ਦਾ ਪਤਾ ਲੱਗੇ, ਨਾ ਟੋਏ-ਟਿੱਬੇ ਦਿਸਣ, ਆਪਣੀ ਜਾਨ ਖ਼ਤਰੇ ਵਿੱਚ ਪਾ ਕੇ ਦੁਖਿਆਰਿਆਂ ਤੱਕ ਪਹੁੰਚਣਾ ਕੋਈ ਖੇਡ ਨਹੀਂ

ਜਿਉਂ-ਜਿਉਂ ਹੜ੍ਹਾਂ ਦਾ ਕਹਿਰ ਵਧਦਾ ਗਿਆ, ਤਿਉਂ-ਤਿਉਂ ਲੋਕਾਂ ਦੀ ਸੇਵਾ ਵਿੱਚ ਜੁਟੀਆਂ ਸੰਸਥਾਵਾਂ, ਸਮਾਜ ਸੇਵੀ ਜਥੇਬੰਦੀਆਂ, ਰਾਜਨੀਤਕ ਪਾਰਟੀਆਂ ਤੇ ਆਮ ਲੋਕਾਂ ਨੇ ਸੇਵਾ ਦਾ ਹੜ੍ਹ ਵਗਾ ਦਿੱਤਾ। ਮੁਸੀਬਤਾਂ ਵਿੱਚ ਫਸੇ ਲੋਕਾਂ ਤੱਕ ਪਹੁੰਚਣ ਲਈ, ਭਾਈ ਘਨਈਆ ਜੀ ਦੇ ਵਾਰਸਾਂ ਨੇ ਬੇੜੀਆਂ ਤੇ ਟਰੈਕਟਰ-ਟਰਾਲੀਆਂ ’ਤੇ ਸਮਾਨ ਲੱਦ ਕੇ ਪੀੜਤਾਂ ਤੱਕ ਪਹੁੰਚਾਇਆ। ਜਦੋਂ ਹੜ੍ਹ ਮਾਰੇ ਖੇਤਰਾਂ ਵਿੱਚ ਇਹ ਸੇਵਾਦਾਰ ਪੀੜਤਾਂ ਤੱਕ ਪਹੁਚੇ ਤਾਂ ਇਨ੍ਹਾਂ ਨੂੰ ਚੀਜ਼ਾਂ-ਵਸਤਾਂ ਨਾਲੋਂ ਵੀ ਵੱਧ ਖੁਸ਼ੀ ਇਸ ਗੱਲ ਦੀ ਹੋਈ ਕਿ ਦੁੱਖ ਦੀ ਘੜੀ ਵਿੱਚ ਉਨ੍ਹਾਂ ਦੀ ਬਾਂਹ ਫੜਨ ਲਈ ਕੋਈ ਬਹੁੜਿਆ ਹੈ।

ਇਸ ਵਾਰ ਹੜ੍ਹ ਪੀੜਤਾਂ ਦੀ ਬਾਂਹ ਜਿਸ ਤਰ੍ਹਾਂ ਪੰਜਾਬੀ ਗਾਇਕਾਂ ਤੇ ਫਿਲਮੀ ਕਲਾਕਾਰਾਂ ਨੇ ਫੜੀ, ਇਹ ਮਾਨਵੀ ਕਦਰਾਂ ਤੇ ਭਾਈਚਾਰਕ ਸਾਂਝ ਦੀ ਉੱਤਮ ਉਦਾਹਰਨ ਹੋ ਨਿਬੜੀ। ਇਹ ਗੱਲ ਸਕੂਨ ਦੇਣ ਵਾਲੀ ਹੈ ਕਿ ਪੰਜਾਬ ’ਤੇ ਪਈ ਬਿਪਤਾ ਸਮੇਂ ਇਨ੍ਹਾਂ ਕਲਾਕਾਰਾਂ ਨੇ ਆਪਣੀ ਕਮਾਈ ਵਿੱਚੋਂ ਕਰੋੜਾਂ ਰੁਪਏ ਖਰਚਣ ਦੇ ਐਲਾਨ ਕੀਤੇ। ਬਹੁਤੇ ਕਲਾਕਾਰ, ਸਮਾਜ ਸੇਵੀ, ਸਮਾਜਿਕ ਜਥੇਬੰਦੀਆਂ ਦੇ ਵਾਲੰਟੀਅਰ ਹੜ੍ਹ ਮਾਰੇ ਖੇਤਰਾਂ ਵਿੱਚ ਆਪ ਜਾ ਕੇ ਲੋਕਾਂ ਦੀ ਹਰ ਸੰਭਵ ਸੇਵਾ ਵਿੱਚ ਜੁੱਟੇ ਰਹੇ। ਦਾਲਾਂ, ਸਬਜ਼ੀਆਂ, ਪ੍ਰਸ਼ਾਦੇ, ਪਾਣੀ, ਬਿਸਕੁਟ ਅਜਿਹੀਆਂ ਵਸਤਾਂ ਦਾ ਤਾਂ ਜਿਵੇਂ ਹੜ੍ਹ ਵਗਦਾ ਰਿਹਾ। ਸਮਾਜ ਸੇਵਕਾਂ ਨੇ ਤਾਂ ਲੋਕਾਂ ਦੇ ਨੁਕਸਾਨ ਨੂੰ ਦੇਖਦਿਆਂ ਵੱਡੀਆਂ-ਵੱਡੀਆਂ ਵਸਤਾਂ ਦੇ ਲੰਗਰ ਲਾ ਦਿੱਤੇ।

ਹੜ੍ਹਾਂ ਨੇ ਕਿਸਾਨਾਂ ਦੀਆਂ ਪੈਲੀਆਂ ਦੀ ਇੱਕ ਵਾਰ ਤਾਂ ਹੋਂਦ ਹੀ ਮਿਟਾ ਦਿੱਤੀ। ਪਾਣੀ ਨੇ ਅਜਿਹੀ ਤਬਾਹੀ ਮਚਾਈ ਕਿ ਸਭ ਵੱਟਾਂ-ਬੰਨੇ ਮੇਚ ਦਿੱਤੇ। ਪੈਲੀਆਂ ਵਿੱਚੋਂ ਕਈ-ਕਈ ਫੁੱਟ ਚੜ੍ਹੀ ਗਾਰ/ਰੇਤਾ ਸਾਫ ਕਰਨਾ ਖਾਲਾ ਜੀ ਦਾ ਵਾੜਾ ਨਹੀਂ ਹੈ ਪਰ ਪੰਜਾਬੀ ਪਿਆਰਿਆਂ ਨੇ ਟਰੈਕਟਰ, ਜੇ ਸੀ ਬੀ ਮਸ਼ੀਨਾਂ ਆਦਿ ਸਮਾਨ ਨਾਲ ਪੈਲੀਆਂ ਵਿੱਚੋਂ ਰੇਤਾ ਕੱਢਣੀ ਸ਼ੁਰੂ ਕਰ ਕੇ ਕਿਸਾਨਾਂ ਨੂੰ ਹੌਸਲਾ ਦਿੱਤਾ- ‘ਅਸੀਂ ਤੁਹਾਡੇ ਨਾਲ ਹਾਂ’। ਕਿਤੇ ਜ਼ਮੀਨਾਂ ਵਿੱਚੋਂ ਰੇਤ ਕੱਢਣ ਲਈ ਡੀਜ਼ਲ ਦਾ ਪ੍ਰਬੰਧ ਕੀਤਾ ਜਾ ਰਿਹਾ ਹੈ, ਕਿਤੇ ਢਹਿ ਗਏ ਘਰ ਮੁੜ ਉਸਾਰਨ ਦੀਆਂ ਵਿਉਤਾਂ ਬਣਾਈਆਂ ਜਾ ਰਹੀਆਂ ਹਨ, ਕੋਈ ਹੜ੍ਹ ਮਾਰੇ ਪਿੰਡ ਗੋਦ ਲੈ ਰਿਹਾ ਹੈ, ਕੋਈ ਕਿਸਾਨਾਂ ਨੂੰ ਬੀਜ ਤੇ ਹੋਰ ਸਮਾਨ ਲੈ ਕੇ ਦੇ ਰਿਹਾ ਹੈ। ਹੜ੍ਹਾਂ ਵਿੱਚ ਪਸ਼ੂ-ਧਨ ਦਾ ਵੀ ਬਹੁਤ ਨੁਕਸਾਨ ਹੋਇਆ। ਸੇਵਾਦਾਰ ਮੱਝਾਂ ਦੇਣ ਦੀ ਸੇਵਾ ਕਰੀ ਜਾਂਦੇ ਹਨ।

ਇਨ੍ਹਾਂ ਖੇਤਰਾਂ ’ਚ ਬੱਚਿਆਂ ਦੀ ਪੜ੍ਹਾਈ ਬਹੁਤ ਪ੍ਰਭਾਵਿਤ ਹੋਈ ਹੈ। ਸ਼ੂਕਦੇ ਪਾਣੀਆਂ ਅੱਗੇ ਬੱਚਿਆਂ ਦੇ ਬੈਗ ਸਾਂਭਣ ਦੀ ਸੁਰਤ ਭਲਾ ਕਿਸ ਨੂੰ ਸੀ ਪਰ ਵਾਰੇ-ਵਾਰੇ ਜਾਈਏ ਸਮਾਜ ਸੇਵਕਾਂ ਦੇ, ਜਿਹੜੇ ਸਕੂਲ ਬੈਗ, ਕਿਤਾਬਾਂ, ਕਾਪੀਆਂ ਤੇ ਹੋਰ ਸਮੱਗਰੀ ਘਰਾਂ ’ਚ ਵੀ ਤੇ ਸਕੂਲਾਂ ਵਿੱਚ ਵੀ ਆਪ ਜਾ ਕੇ ਬੱਚਿਆਂ ਨੂੰ ਵੰਡ ਰਹੇ ਹਨ। ਇਸ ਤੋਂ ਵੱਡਾ ਪਰਉਪਕਾਰ ਭਲਾ ਕੀ ਹੋ ਸਕਦਾ ਹੈ ਕਿ ਹੜ੍ਹਾਂ ਤੋਂ ਖ਼ੌਫ਼ਜ਼ਦਾ ਹੋਏ ਬੱਚੇ ਦੁਬਾਰਾ ਪੜ੍ਹਾਈ ਨਾਲ ਜੁੜ ਗਏ ਹਨ।

ਦੁੱਖ ਦੀ ਇਸ ਘੜੀ ਵਿੱਚ ਹਰਿਆਣਾ, ਰਾਜਸਥਾਨ, ਯੂ ਪੀ ਤੇ ਹੋਰ ਰਾਜਾਂ ਵਿੱਚੋਂ ਵੀ ਸਮਾਨ ਦੇ ਟਰੱਕ ਅਤੇ ਪੈਸਾ ਆ ਰਿਹਾ ਹੈ। ਇਸ ਵਿੱਚ ਕੋਈ ਦੋ ਰਾਵਾਂ ਨਹੀਂ ਕਿ ਇਹ ਤਰਾਸਦੀ ਬਹੁਤ ਵੱਡੀ ਹੈ, ਪੈਰਾਂ ਸਿਰ ਆਉਣ ਲਈ ਅਜੇ ਸਮਾਂ ਲੱਗੇਗਾ ਪਰ ਇਹ ਗੱਲ ਬਹੁਤ ਤਸੱਲੀ ਵਾਲੀ ਹੈ ਕਿ ਦਾਨੀਆਂ ਨੇ ਆਪਣੇ ਖ਼ਜ਼ਾਨਿਆਂ ਦੇ ਮੂੰਹ ਪੀੜਤਾਂ ਲਈ ਖੋਲ੍ਹ ਦਿੱਤੇ ਹਨ। ਪੰਜਾਬ ਦੇ ਵੱਡੇ ਉਦਯੋਗਪਤੀਆਂ, ਕਾਰੋਬਾਰੀਆਂ, ਸਿਆਸੀ ਨੇਤਾਵਾਂ ਨੂੰ ਵੀ ਚਾਹੀਦਾ ਹੈ ਕਿ ਇਹ ਪੰਜਾਬ ਦੀ ਬਾਂਹ ਫੜਨ।

ਸਭ ਤੋਂ ਦੁਖਦਾਈ ਪੱਖ ਇਹ ਹੈ ਕਿ ਇੰਨੇ ਵੱਡੇ ਨੁਕਸਾਨ ਦੇ ਬਾਵਜੂਦ, ਕੇਂਦਰ ਤੇ ਰਾਜ ਸਰਕਾਰਾਂ, ਹੜ੍ਹ ਪੀੜਤਾਂ ਲਈ ਮੁਆਵਜ਼ੇ ਦੇ ਨਾਂ ’ਤੇ ਅਜੇ ਵੀ ਸਿਆਸਤ ਕਰ ਰਹੀਆਂ ਹਨ। ਪੰਜਾਬ ਸਰਕਾਰ ਵੀ ਕਹਿ ਤਾਂ ਬਹੁਤ ਕੁਝ ਰਹੀ ਹੈ, ਪਰ ਅਮਲੀ ਰੂਪ ਵਿੱਚ ਬਹੁਤ ਥੋੜ੍ਹਾ ਕੀਤਾ ਜਾ ਰਿਹਾ ਹੈ। ਕੇਂਦਰ ਸਰਕਾਰ ਨੇ ਤਾਂ ਤਬਾਹੀ ਦੇ ਕਈ ਦਿਨਾਂ ਬਾਅਦ ਤੱਕ ਕੋਈ ਨੋਟਿਸ ਨਹੀਂ ਸੀ ਲਿਆ। ਹਵਾਈ ਸਰਵੇਖਣ ਦੀ ਜਾਣੀ-ਪਛਾਣੀ ‘ਰਸਮ’ ਤੋਂ ਬਾਅਦ ਕੇਂਦਰੀ ਹਕੂਮਤ ਨੇ ਪੰਜਾਬ ਦੇ ਨੁਕਸਾਨ ਦੀ ਬਰਪਾਈ ਲਈ 1600 ਕਰੋੜ ਰੁਪਏ ਦਾ ਐਲਾਨ ਕੀਤਾ। ਹੈਰਾਨੀ ਹੈ ਕਿ ਇੰਨੇ ਵੱਡੇ ਦੁਖਾਂਤ ਦੇ ਬਾਵਜੂਦ ਦੋਵੇਂ ਸਰਕਾਰਾਂ ਪਹਿਲਾਂ ਆਏ ਫੰਡਾਂ ਦੇ ਨਾਂ ’ਤੇ ਇਕ ਦੂਜੇ ਨਾਲ ਮਿਹਣੋ-ਮਿਹਣੀ ਹੋ ਕੇ, ਹੜ੍ਹ ਪੀੜਤਾਂ ਦੇ ਜ਼ਖ਼ਮਾਂ ’ਤੇ ਲੂਣ ਛਿੜਕਦੀਆਂ ਜਾਪਦੀਆਂ ਹਨ। ਸਿਆਸੀ ਪਾਰਟੀਆਂ ਦੇ ਨੇਤਾ ਵੀ ਇੱਕਜੁੱਟ ਹੋ ਕੇ ਪੀੜਤਾਂ ਦੀ ਮਦਦ ਕਰਨ ਦੀ ਥਾਂ, ਇਕ ਦੂਜੇ ਉੱਤੇ ਚਿੱਕੜ ਉਛਾਲ ਕੇ, ਆਪਣੇ ਆਪ ਨੂੰ ਦੁੱਧ ਧੋਤਾ ਸਾਬਤ ਕਰਨ ਲਈ ਤਰਲੋ-ਮੱਛੀ ਹੋ ਰਹੇ ਹਨ।

ਆਪਣੇ ਦੇਸ਼ ’ਚ ਹੀ ਨਹੀਂ, ਕਿਸੇ ਹੋਰ ਦੇਸ਼ਾਂ ’ਚ ਵੀ ਜੇ ਕੋਈ ਹੜ੍ਹ, ਸੋਕਾ, ਭੂਚਾਲ, ਸੁਨਾਮੀ ਆ ਜਾਵੇ ਤਾਂ ਪੰਜਾਬੀਆਂ ਦੀਆਂ ਸੰਸਥਾਵਾਂ ਮੋਹਰੀ ਹੋ ਕੇ ਸੇਵਾ ਲਈ ਜਾ ਪਹੁੰਚਦੀਆਂ; ਹੁਣ ਤਾਂ ਪੰਜਾਬ ’ਤੇ ਹੀ ਭੀੜ ਬਣੀ ਹੈ। ਪੰਜਾਬ ਨੂੰ ਇਸ ਸੰਕਟ ’ਚੋਂ ਕੱਢਣ ਲਈ ਸਮਾਜ ਸੇਵੀ ਸੰਸਥਾਵਾਂ ਸੇਵਾ ਵਿੱਚ ਜੁਟੀਆਂ ਹੋਈਆਂ ਹਨ। ਹੜ੍ਹ ਪੀੜਤਾਂ ਨੂੰ ਪੈਰਾਂ ਸਿਰ ਕਰਨ ਲਈ ਅਜੇ ਬਹੁਤ ਵੱਡੇ ਉਪਰਾਲਿਆਂ ਦੀ ਲੋੜ ਹੈ।

ਸੰਪਰਕ: 98153-56086

Advertisement
Show comments