DT
PT
About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਕਣਕ-ਝੋਨਾ ਫ਼ਸਲੀ ਚੱਕਰ ਦਾ ਮੱਕੜ ਜਾਲ

ਅਮਨਪ੍ਰੀਤ ਸਿੰਘ (ਡਾ.)* ਜਸਕਰਨ ਸਿੰਘ (ਡਾ.)** ਅਮਨਪ੍ਰੀਤ ਸਿੰਘ (ਡਾ.) ਜਸਕਰਨ ਸਿੰਘ (ਡਾ.) ਬਾਜ਼ਾਰੀਕਰਨ ਦੇ ਅਜੋਕੇ ਦੌਰ ਵਿੱਚ ਕਿਸਾਨ ਵੀ ਬਾਕੀ ਕਾਰੋਬਾਰੀਆਂ ਵਾਂਗ ਆਪਣੀ ਫ਼ਸਲੀ ਪੈਦਾਵਾਰ ਉੱਤੇ ਮੌਸਮ ਦੇ ਵਿਗਾੜ, ਬਿਮਾਰੀ ਜਾਂ ਬਾਜ਼ਾਰ ਵਿੱਚ ਭਾਅ ਘਟਣ ਵਰਗੇ ਜੋਖਿ਼ਮਾਂ ਤੋਂ ਬਚਾਓ ਲਈ...
  • fb
  • twitter
  • whatsapp
  • whatsapp
Advertisement
ਅਮਨਪ੍ਰੀਤ ਸਿੰਘ (ਡਾ.)* ਜਸਕਰਨ ਸਿੰਘ (ਡਾ.)**

Advertisement

ਅਮਨਪ੍ਰੀਤ ਸਿੰਘ (ਡਾ.)

ਜਸਕਰਨ ਸਿੰਘ (ਡਾ.)

ਬਾਜ਼ਾਰੀਕਰਨ ਦੇ ਅਜੋਕੇ ਦੌਰ ਵਿੱਚ ਕਿਸਾਨ ਵੀ ਬਾਕੀ ਕਾਰੋਬਾਰੀਆਂ ਵਾਂਗ ਆਪਣੀ ਫ਼ਸਲੀ ਪੈਦਾਵਾਰ ਉੱਤੇ ਮੌਸਮ ਦੇ ਵਿਗਾੜ, ਬਿਮਾਰੀ ਜਾਂ ਬਾਜ਼ਾਰ ਵਿੱਚ ਭਾਅ ਘਟਣ ਵਰਗੇ ਜੋਖਿ਼ਮਾਂ ਤੋਂ ਬਚਾਓ ਲਈ ਤਾਰਕਿਕ ਸਮਝ ਅਪਣਾਉਂਦੇ ਹਨ; ਭਾਵ, ਉਹ ਅਜਿਹੀਆਂ ਫਸਲਾਂ ਦੀ ਚੋਣ ਕਰਦੇ ਹਨ ਜੋ ਵਾਜਿਬ ਕੀਮਤਾਂ ਦੇ ਨਾਲ-ਨਾਲ ਚੰਗੀ ਉਪਜ ਵੀ ਦੇਣ ਅਤੇ ਉਨ੍ਹਾਂ ਦੀ ਕਾਸ਼ਤ ਉੱਤੇ ਜੋਖ਼ਿਮ ਘੱਟ ਤੋਂ ਘੱਟ ਰਹਿਣ। ਹਰੇ ਇਨਕਲਾਬ ਤੋਂ ਪੰਜਾਬ ਦੇ ਕਿਸਾਨਾਂ ਲਈ ਕਣਕ ਤੇ ਝੋਨੇ ਦੀ ਕਾਸ਼ਤ ਇਸ ਕਸੌਟੀ ’ਤੇ ਪੂਰੀ ਉੱਤਰ ਰਹੀ ਹੈ; ਖਾਸ ਕਰ ਕੇ ਜਦੋਂ ਉਨ੍ਹਾਂ ਕੋਲ ਇਨ੍ਹਾਂ ਫ਼ਸਲਾਂ ਬਾਬਤ ਬੁਨਿਆਦੀ ਸਿੰਜਾਈ ਸਹੂਲਤਾਂ (ਪਿਛਲੇ 28 ਸਾਲਾਂ ਤੋਂ ਟਿਊਬਵੈਲਾਂ ਰਾਹੀਂ ਮੁਫ਼ਤ ਬਿਜਲੀ), ਸਰਕਾਰੀ ਮੰਡੀਕਰਨ, ਲੋੜੀਦਾ ਮਸ਼ੀਨੀਕਰਨ, ਉੱਚ ਪਾਏ ਦੇ ਬੀਜ, ਖਾਦਾਂ ਅਤੇ ਕੀਟਨਾਸ਼ਕ/ਨਦੀਨਨਾਸ਼ਕ ਮੌਜੂਦ ਹਨ।

ਪੰਜਾਬ ਵਿੱਚ ਕੁੱਲ ਖੇਤੀ ਯੋਗ ਰਕਬੇ ਦਾ 90% ਤੋਂ ਜ਼ਿਆਦਾ ਹਿੱਸਾ ਕੇਵਲ ਦੋ ਫਸਲਾਂ- ਕਣਕ ਤੇ ਝੋਨੇ, ਹੇਠ ਹੈ। ਜੇਕਰ ਪਿਛਲੇ 10 ਸਾਲਾਂ ਦੀ ਗੱਲ ਕਰੀਏ ਤਾਂ ਪੰਜਾਬ ਵਿੱਚ ਝੋਨੇ ਦੀ ਖੇਤੀ ਅਧੀਨ ਰਕਬਾ 2015-16 ਦੇ 29.7 ਲੱਖ ਹੈਕਟੇਅਰ ਤੋਂ ਵਧ ਕੇ 2024-25 ਵਿੱਚ 32.4 ਲੱਖ ਹੈਕਟੇਅਰ ਤੱਕ ਪਹੁੰਚ ਗਿਆ। ਇਸੇ ਸਮੇਂ ਵਿੱਚ ਕਪਾਹ ਅਧੀਨ ਰਕਬਾ 3.4 ਲੱਖ ਹੈਕਟੇਅਰ ਤੋਂ ਘਟ ਕੇ ਕੇਵਲ ਇੱਕ ਲੱਖ ਹੈਕਟੇਅਰ ਰਹਿ ਗਿਆ। ਇਸੇ ਸਾਲ ਕਣਕ ਹੇਠ ਰਕਬਾ ਲਗਭਗ 35 ਲੱਖ ਹੈਕਟੇਅਰ ਸੀ। ਬਿਨਾਂ ਸ਼ੱਕ ਕਣਕ ਤੇ ਝੋਨੇ ਅਧੀਨ ਲਗਾਤਾਰ ਵਧ ਰਹੇ ਰਕਬੇ ਦੇ ਵੱਡੇ ਕਾਰਨਾਂ ਵਿੱਚ ਸਰਕਾਰ ਦੁਆਰਾ ਇਨ੍ਹਾਂ ਦੋ ਫਸਲਾਂ ਉੱਤੇ ਦਿੱਤਾ ਜਾਣ ਵਾਲਾ ਘੱਟੋ-ਘੱਟ ਸਮਰਥਨ ਮੁੱਲ ਅਤੇ ਸਰਕਾਰੀ ਏਜੰਸੀਆਂ ਦੁਆਰਾ ਕੀਤੀ ਜਾਂਦੀ ਖਰੀਦ ਹੈ। ਅਜਿਹੀ ਖਰੀਦ ਦੀ ਸਹੂਲਤ ਅਤੇ ਕੀਮਤ ਦੀ ਸਰਕਾਰੀ ਗਰੰਟੀ ਹੋਰ ਫਸਲਾਂ ਲਈ ਮੌਜੂਦ ਨਹੀਂ ਹੈ ਜਿਸ ਕਾਰਨ ਉਨ੍ਹਾਂ ਦੀ ਖੇਤੀ ਨੂੰ ਉਤਸ਼ਾਹ ਨਹੀਂ ਮਿਲਦਾ।

ਘੱਟੋ-ਘੱਟ ਸਮਰਥਨ ਮੁੱਲ ਆਧਾਰਿਤ ਸਰਕਾਰੀ ਮੰਡੀ ਦੀ ਵਿਵਸਥਾ ਹੀ ਕਿਸਾਨਾਂ ਨੂੰ ਇਨ੍ਹਾਂ ਦੋਵੇਂ ਫਸਲਾਂ ਲਈ ਉਤਸ਼ਾਹਿਤ ਕਰਨ ਵਾਲਾ ਇਕੱਲਾ ਕਾਰਨ ਨਹੀਂ ਹੈ; ਹੋਰ ਮੁੱਖ ਕਾਰਨਾਂ ਵਿੱਚ ਸਭ ਤੋਂ ਪ੍ਰਮੁੱਖ ਉਤਪਾਦਨ ਘਟਣ ਦਾ ਖਤਰਾ ਹੈ ਜੋ ਕਣਕ ਝੋਨਾ ਫਸਲੀ ਚੱਕਰ ਵਿੱਚ ਬਾਕੀ ਫਸਲਾਂ ਦੀ ਤੁਲਨਾ ਵਿੱਚ ਬਹੁਤ ਘੱਟ ਹੈ। ਇਨ੍ਹਾਂ ਦੋਵਾਂ ਫਸਲਾਂ ਦੀ ਖੇਤੀ ਲਈ ਸਿੰਜਾਈ ਦੇ ਢੁਕਵੇਂ ਪ੍ਰਬੰਧ, ਉਪਜਾਊ ਤੇ ਪੱਧਰੀ ਜ਼ਮੀਨ, ਸੁਖਾਵਾਂ ਵਾਤਾਵਰਨ, ਬਿਜਾਈ ਤੋਂ ਪਹਿਲਾਂ ਤੇ ਕਟਾਈ ਤੋਂ ਬਾਅਦ ਫ਼ਸਲ ਭੰਡਾਰਨ ਜਾਂ ਪ੍ਰਾਸੈਸਿੰਗ ਲਈ ਲੋੜੀਂਦਾ ਢਾਂਚਾ ਪ੍ਰਾਂਤ ਵਿੱਚ ਬਾਖ਼ੂਬੀ ਮੌਜੂਦ ਹੈ। ਇਹ ਸਾਰੇ ਸਿੱਧੇ ਰੂਪ ਵਿੱਚ ਕਿਸਾਨਾਂ ਦੀ ਬੱਝਵੀਂ ਆਮਦਨ, ਵਪਾਰਕ ਬੈਂਕਾਂ ਵਿੱਚੋਂ ਕਰਜ਼ੇ ਦੀ ਪੇਸ਼ਗੀ ਅਤੇ ਭੁਗਤਾਨ ਵਰਗੇ ਆਰਥਿਕ ਤੇ ਅਤੇ ਢਾਂਚਾਗਤ ਕਾਰਨਾਂ ਦੇ ਨਾਲ-ਨਾਲ ਹੁਣ ਇਹ ਦੋਵੇਂ ਫ਼ਸਲਾਂ ਪੰਜਾਬ ਦੇ ਸੱਭਿਆਚਾਰ ਦਾ ਅਨਿੱਖੜਵਾਂ ਅੰਗ ਬਣ ਚੁੱਕੀਆਂ ਹਨ; ਖਾਸ ਤੌਰ ’ਤੇ ਇਨ੍ਹਾਂ ਨੂੰ ਲੰਮੇ ਸਮੇਂ ਤੋਂ ਖੋਜ ਸਹਾਇਤਾ ਵਿੱਚ ਵੀ ਤਰਜੀਹ ਦਿੱਤੀ ਜਾ ਰਹੀ ਹੈ। ਰਾਜ ਵਿੱਚ ਅਜੇ ਵੀ ਖੇਤੀਬਾੜੀ ਵਿਭਾਗ, ਖੋਜ ਸੰਸਥਾਵਾਂ ਅਤੇ ਖੇਤੀਬਾੜੀ ਯੂਨੀਵਰਸਿਟੀ ਦੂਜੀਆਂ ਫ਼ਸਲਾਂ ਦੇ ਮੁਕਾਬਲੇ ਮੁੱਖ ਤੌਰ ’ਤੇ ਕਣਕ ਅਤੇ ਝੋਨੇ ਦੀ ਕਾਸ਼ਤ ਨੂੰ ਉਤਸ਼ਾਹ ਦੇ ਰਹੇ ਹਨ।

ਖੋਜ ਦੀ ਗੱਲ ਕੀਤੀ ਜਾਵੇ ਤਾਂ ਜਿੱਥੇ ਕਣਕ ਦੀਆਂ ਰਵਾਇਤੀ ਕਿਸਮਾਂ ਜੋ ਪਤਲੇ ਤਣੇ ਵਾਲੀਆਂ ਹੁੰਦੀਆਂ ਸਨ ਤੇ ਇਨ੍ਹਾਂ ਦਾ ਔਸਤ ਉਤਪਾਦਨ ਇੱਕ ਤੋਂ 15 ਕੁਇੰਟਲ ਪ੍ਰਤੀ ਹੈਕਟੇਅਰ ਹੀ ਸੀ, ਨਵੀਆਂ ਕਿਸਮਾਂ ਜਿਵੇਂ ਐੱਚਡੀ-3386 ਵਿੱਚ ਵਧ ਕੇ 62.5 ਕੁਇੰਟਲ ਪ੍ਰਤੀ ਹੈਕਟੇਅਰ ਹੋ ਗਿਆ। ਹਰੇ ਇਨਕਲਾਬ ਤੋਂ ਬਾਅਦ ਦੀਆਂ ਕਿਸਮਾਂ ਨਾਲ ਜਿੱਥੇ ਉਤਪਾਦਨ ਵਿੱਚ ਭਾਰੀ ਵਾਧਾ ਹੋਇਆ, ਉਥੇ ਇਹ ਕਿਸਮਾਂ ਮਜ਼ਬੂਤ ਤਣੇ ਵਾਲੀਆਂ ਹੁੰਦੀਆਂ ਹਨ ਜਿਸ ਦਾ ਖਰਾਬ ਮੌਸਮ ਵਿੱਚ ਵੀ ਬਹੁਤ ਘੱਟ ਨੁਕਸਾਨ ਹੁੰਦਾ ਹੈ। ਇਸ ਦੇ ਨਾਲ ਹੀ ਇਹ ਨਵੀਆਂ ਕਿਸਮਾਂ ਕਣਕ ਦੇ ਪ੍ਰਮੁੱਖ ਰੋਗਾਂ ਵਿਰੁੱਧ ਵੀ ਪ੍ਰਤੀਰੋਧਕ ਸਮਰੱਥਾ ਰੱਖਦੀਆਂ ਹਨ।

ਝੋਨੇ ਦੀਆਂ ਰਵਾਇਤੀ ਕਿਸਮਾਂ ਨਾਲ ਜਿੱਥੇ 160 ਤੋਂ 180 ਦਿਨਾਂ ਵਿੱਚ ਇੱਕ ਤੋਂ 30 ਕੁਇੰਟਲ ਪ੍ਰਤੀ ਹੈਕਟੇਅਰ ਦਾ ਉਤਪਾਦਨ ਹੁੰਦਾ ਸੀ, ਉੱਥੇ 1986 ਵਿੱਚ ਪੇਸ਼ ਕੀਤੀ ਕਿਸਮ ਸਾਂਬਾ ਮਹਸੂਰੀ (Samba Mahsuir BPT 5204) 130 ਤੋਂ 145 ਦਿਨਾਂ ਵਿੱਚ 65 ਕੁਇੰਟਲ ਪ੍ਰਤੀ ਹੈਕਟੇਅਰ ਤੱਕ ਪੈਦਾਵਾਰ ਸਮਰੱਥਾ ਰੱਖਦੀ ਹੈ। ਹਾਲ ਹੀ ਵਿੱਚ ਭਾਰਤੀ ਖੇਤੀਬਾੜੀ ਖੋਜ ਕੌਂਸਲ (ICAR) ਨੇ ਇਸ ਦੀ ਇੱਕ ਹੋਰ ਸੋਧੀ ਹੋਈ ਕਿਸਮ ਦੀ ਖੋਜ ਕੀਤੀ ਹੈ ਜੋ ਪੁਰਾਣੀ ਕਿਸਮ ਦੇ ਮੁਕਾਬਲੇ ਪੱਕਣ ਵਿੱਚ 15 ਤੋਂ 20 ਦਿਨ ਦਾ ਸਮਾਂ ਘੱਟ ਲੈਂਦੀ ਹੈ ਅਤੇ ਉਤਪਾਦਨ ਸਮਰੱਥਾ ਵੀ 90 ਕੁਇੰਟਲ ਪ੍ਰਤੀ ਹੈਕਟੇਅਰ ਤੱਕ ਹੈ। ਇਸ ਦੀਆਂ ਜੜ੍ਹਾਂ ਵਿੱਚ ਪੁਰਾਣੀ ਕਿਸਮ ਦੇ ਮੁਕਾਬਲੇ ਮਿੱਟੀ ਵਿਚਲੇ ਤੱਤਾਂ ਜਿਵੇਂ ਫਾਸਫੋਰਸ ਤੇ ਨਾਈਟ੍ਰੋਜਨ ਚੂਸਣ ਦੀ ਵਧੇਰੇ ਸਮਰੱਥਾ ਹੁੰਦੀ ਹੈ। ਇਉਂ ਖਾਦ ਦੀ ਵੀ ਬਚਤ ਹੁੰਦੀ ਹੈ।

ਕਣਕ ਅਤੇ ਝੋਨੇ ਦੀ ਬਿਜਾਈ, ਕਟਾਈ ਅਤੇ ਛਾਂਟੀ ਲਈ ਮਸ਼ੀਨਾਂ ਆਸਾਨੀ ਨਾਲ ਮਿਲ ਜਾਂਦੀਆਂ ਹਨ। ਕਸਟਮ ਹਾਇਰਿੰਗ ਸੈਂਟਰਾਂ ਅਤੇ ਸਬਸਿਡੀਆਂ ਨੇ ਇਨ੍ਹਾਂ ਮਸ਼ੀਨਾਂ ਨੂੰ ਕਿਸਾਨਾਂ ਦੀ ਪਹੁੰਚ ਵਿੱਚ ਲਿਆ ਦਿੱਤਾ ਹੈ। ਦੂਜੀਆਂ ਫਸਲਾਂ ਲਈ ਮਸ਼ੀਨੀਕਰਨ ਕਾਫ਼ੀ ਸੀਮਤ ਹੈ। ਇਸ ਕਾਰਨ ਕਿਸਾਨਾਂ ਨੂੰ ਮਿਹਨਤ ਅਤੇ ਸਮੇਂ ਦੀ ਵਧੇਰੇ ਲਾਗਤ ਦਾ ਸਾਹਮਣਾ ਕਰਨਾ ਪੈਂਦਾ ਹੈ। ਮਜ਼ਦੂਰ ਦੀ ਘਾਟ ਅਤੇ ਵਧਦੀਆਂ ਮਜ਼ਦੂਰੀ ਦਰਾਂ ਨੇ ਇਸ ਸਮੱਸਿਆ ਨੂੰ ਹੋਰ ਗੰਭੀਰ ਬਣਾ ਦਿੱਤਾ ਹੈ। ਝੋਨੇ ਦੀ ਸਿੱਧੀ ਬਿਜਾਈ ਵਰਗੇ ਤਰੀਕਿਆਂ ਵਿੱਚ ਹੋ ਰਹੀਆਂ ਖੋਜਾਂ ਨਾਲ ਲਾਗਤ ਘੱਟ ਕਰਨ ਦੀਆਂ ਕੋਸ਼ਿਸ਼ਾਂ ਹੋ ਰਹੀਆਂ ਹਨ।

ਕਣਕ ਅਤੇ ਝੋਨੇ ਦੀ ਕਾਸ਼ਤ ਉਪਰ ਲਗਾਤਾਰ ਹੋ ਰਹੀਆਂ ਖੋਜਾਂ ਕਾਰਨ ਇਨ੍ਹਾਂ ਦੀ ਉਪਜ, ਬਿਮਾਰੀਆਂ ਅਤੇ ਕੀਟਾਂ ਵਿਰੁੱਧ ਪ੍ਰਤੀਰੋਧਕ ਸ਼ਕਤੀ ਤੇ ਉਚੇ ਤਾਪਮਾਨ ਪ੍ਰਤੀ ਲਚਕੀਲੇਪਣ ਵਿੱਚ ਵਾਧਾ ਹੋਇਆ ਹੈ, ਇਨ੍ਹਾਂ ਦਾ ਪੱਕਣ ਸਮਾਂ ਘਟਿਆ ਹੈ। ਸਿੰਜਾਈ ਸਹੂਲਤਾਂ ਮਿਲਣ ਕਾਰਨ ਵੀ ਕਿਸਾਨ ਇਨ੍ਹਾਂ ਦੀ ਪੈਦਾਵਾਰ ਲਈ ਵਧੇਰੇ ਉਤਸ਼ਾਹਿਤ ਹੁੰਦੇ ਹਨ। ਪੰਜਾਬ ਦੇ ਰਕਬੇ ਦੇ ਲਗਭਗ 99% ਹਿੱਸੇ ਵਿੱਚ ਸਿੰਜਾਈ ਸਹੂਲਤਾਂ ਜਿਵੇਂ ਨਹਿਰਾਂ ਤੇ ਟਿਊਬਵੈੱਲ, ਮੌਜੂਦ ਹਨ । ਪੰਜਾਬ ਵਿੱਚ ਟਿਊਬਵੈੱਲਾਂ ਦੀ ਗਿਣਤੀ ਜੋ 2001 ਵਿੱਚ 8 ਲੱਖ ਸੀ, ਹੁਣ 15 ਲੱਖ ਤੋਂ ਵੀ ਜਿ਼ਆਦਾ ਹੋ ਗਈ ਹੈ। ਇਸ ਸਿੰਜਾਈ ਪ੍ਰਣਾਲੀ ਨੂੰ ਮੁੱਖ ਤੌਰ ’ਤੇ ਕਣਕ ਤੇ ਝੋਨੇ ਦੀਆਂ ਲੋੜਾਂ ਨੂੰ ਧਿਆਨ ਵਿੱਚ ਰੱਖ ਕੇ ਬਣਾਇਆ ਗਿਆ ਹੈ। ਮੁਫ਼ਤ ਬਿਜਲੀ ਦੀ ਨੀਤੀ ਨੇ ਝੋਨੇ ਦੀ ਖੇਤੀ ਨੂੰ ਹੋਰ ਆਕਰਸ਼ਕ ਬਣਾ ਦਿੱਤਾ ਹੈ।

ਹੋਰ ਫਸਲਾਂ ਵਿੱਚ ਖੋਜ ਅਤੇ ਵਿਕਾਸ ਦੀ ਗੱਲ ਕਰੀਏ ਤਾਂ ਕਪਾਹ ਦੇ ਖੇਤਰ ਵਿੱਚ 2002 ਤੋਂ 2006 ਦੇ ਸਮੇਂ ਦੌਰਾਨ ਆਈਆਂ ਜਨੈਟਿਕਲੀ ਮੋਡੀਫਾਈਡ ਕਪਾਹ ਦੀਆਂ ਹਾਈਬ੍ਰਿਡ ਕਿਸਮਾਂ ਤੋਂ ਬਾਅਦ ਕੋਈ ਵੀ ਖਾਸ ਸੁਧਰੇ ਬੀਜ ਨਹੀਂ ਮਿਲਦੇ; ਨਾ ਹੀ ਦਾਲਾਂ ਤੇ ਬਾਕੀ ਅਨਾਜਾਂ ਵਿੱਚ ਕੋਈ ਖਾਸ ਖੋਜ ਦੇਖਣ ਵਿੱਚ ਆਈ ਹੈ। ਜਿ਼ਆਦਾਤਰ ਤੇਲ ਬੀਜਾਂ, ਦਾਲਾਂ ਅਤੇ ਹੋਰ ਫਸਲਾਂ ਦੀ ਉਪਜ ਵਿੱਚ ਵਾਧਾ ਜਾਂ ਤਾਂ ਰੁਕਿਆ ਹੋਇਆ ਹੈ ਜਾਂ ਫਿਰ ਨਾ-ਮਾਤਰ ਹੈ।

ਇਸ ਪ੍ਰਕਾਰ ਪੰਜਾਬ ਦੀ ਖੇਤੀ ਕੇਵਲ ਦੋ ਫਸਲਾਂ ਕਣਕ ਅਤੇ ਝੋਨੇ ’ਤੇ ਨਿਰਭਰ ਹੋਣ ਦੇ ਕਾਰਨਾਂ ਵਿੱਚ ਘੱਟੋ-ਘੱਟ ਸਮਰਥਨ ਮੁੱਲ ਆਧਾਰਿਤ ਮੰਡੀਕਰਨ ਦੇ ਨਾਲ-ਨਾਲ ਇਨ੍ਹਾਂ ਦੋਵਾਂ ਫਸਲਾਂ ਅਨੁਕੂਲ ਖੋਜ ਪ੍ਰਬੰਧਨ ਲਈ ਸਰਕਾਰੀ ਤਰਜੀਹ ਅਤੇ ਸਮਾਜਿਕ-ਆਰਥਿਕ ਤੇ ਢਾਂਚਾਗਤ ਤਬਦੀਲੀਆਂ ਵੀ ਜਿ਼ੰਮੇਵਾਰ ਹਨ। ਪੰਜਾਬ ਵਿੱਚ ਕਣਕ-ਝੋਨਾ ਫਸਲੀ ਚੱਕਰ ਦੇ ਮੱਕੜ ਜਾਲ ਵਿੱਚ ਫਸੀ ਕਿਸਾਨੀ ਨੂੰ ਕੱਢਣ ਲਈ ਪਿਛਲੇ ਸਾਲ ਜਨਤਕ ਕੀਤੇ ਨਵੀਂ ਖੇਤੀ ਨੀਤੀ ਦੇ ਖਰੜੇ ਵਿੱਚ ਫ਼ਸਲੀ ਵੰਨ-ਸਵੰਨਤਾ ਲਈ ਬਾਜ਼ਾਰ ਆਧਾਰਿਤ ਫ਼ਸਲੀ ਕਾਸ਼ਤ ਹੱਲ ਵਜੋਂ ਪੇਸ਼ ਕੀਤੀ ਗਈ ਹੈ। ਇਉਂ ਜਦੋਂ ਤੱਕ ਸੂਬੇ ਦੇ ਸੰਪੂਰਨ ਅਰਥਚਾਰੇ ਵਿੱਚ ਢਾਂਚਾਗਤ ਸੁਚਾਰੂ ਤਬਦੀਲੀ ਨਹੀਂ ਆਉਂਦੀ ਅਤੇ ਗੈਰ-ਖੇਤੀ ਖੇਤਰ ਪੂਰੀ ਤਰ੍ਹਾਂ ਵਿਕਸਤ ਨਹੀਂ ਹੁੰਦੇ, ਉਦੋਂ ਤੱਕ ਕਣਕ-ਝੋਨਾ ਫਸਲੀ ਚੱਕਰ ਦੇ ਮੱਕੜ ਜਾਲ ਤੋਂ ਖਹਿੜਾ ਛਡਾਉਣਾ ਮੁਸ਼ਕਿਲ ਲੱਗ ਰਿਹਾ ਹੈ। ਇਸ ਸਮੱਸਿਆ ਦੇ ਹੱਲ ਲਈ ਸਿਰਫ ਬਾਜ਼ਾਰ ਆਧਾਰਿਤ ਫ਼ਸਲੀ ਪੈਦਾਵਾਰ ’ਤੇ ਕੇਂਦਰਿਤ ਹੋਣ ਦੀ ਬਜਾਏ ਪੂਰੇ ਪੇਂਡੂ ਅਰਥਚਾਰੇ ਵਿੱਚ ਵੰਨ-ਸਵੰਨਤਾ ਲਿਆ ਕੇ ਖੇਤੀ ਖੇਤਰ ’ਤੇ ਨਿਰਭਰਤਾ ਘਟਾਉਣੀ ਪਵੇਗੀ। ਇਸ ਸਭ ਲਈ ਕੇਂਦਰ ਅਤੇ ਰਾਜ ਸਰਕਾਰਾਂ ਵੱਲੋਂ ਵੱਡੇ ਨਿਵੇਸ਼ ਦੀ ਜ਼ਰੂਰਤ ਹੋਵੇਗੀ।

ਸੰਪਰਕ: *98783-77639 **98154-80892

Advertisement
×