DT
PT
About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਆਪਣੇ ਖ਼ੂਨ ਦੀ ਆਵਾਜ਼

ਗੱਲ 1977 ਦੇ ਨੇੜੇ-ਤੇੜੇ ਦੀ ਹੈ। ਸਾਉਣ ਦਾ ਮਹੀਨਾ ਸੀ ਤੇ ਤੀਆਂ ਦੇ ਦਿਨ ਸਨ। ਪਿਤਾ ਜੀ ਬਲਵੰਤ ਸਿੰਘ ਆਸ਼ਟ ‘ਜ਼ਰਗਰ’ ਸਨ। ਸ਼ਾਇਦ ਕੁਝ ਇਕ ਪਾਠਕਾਂ ਨੂੰ ਇਸ ਗੱਲ ਦਾ ਇਲਮ ਨਾ ਹੋਵੇ ਕਿ ਸੋਨੇ-ਚਾਂਦੀ ਦਾ ਕੰਮ ਕਰਨ ਵਾਲਿਆਂ ਨੂੰ...
  • fb
  • twitter
  • whatsapp
  • whatsapp
Advertisement

ਗੱਲ 1977 ਦੇ ਨੇੜੇ-ਤੇੜੇ ਦੀ ਹੈ। ਸਾਉਣ ਦਾ ਮਹੀਨਾ ਸੀ ਤੇ ਤੀਆਂ ਦੇ ਦਿਨ ਸਨ। ਪਿਤਾ ਜੀ ਬਲਵੰਤ ਸਿੰਘ ਆਸ਼ਟ ‘ਜ਼ਰਗਰ’ ਸਨ। ਸ਼ਾਇਦ ਕੁਝ ਇਕ ਪਾਠਕਾਂ ਨੂੰ ਇਸ ਗੱਲ ਦਾ ਇਲਮ ਨਾ ਹੋਵੇ ਕਿ ਸੋਨੇ-ਚਾਂਦੀ ਦਾ ਕੰਮ ਕਰਨ ਵਾਲਿਆਂ ਨੂੰ ‘ਜ਼ਰਗਰ’ ਕਿਹਾ ਜਾਂਦਾ ਹੈ।

ਉਹ ਬਰਾਸ ਪਿੰਡੋਂ ਰੋਜ਼ਾਨਾ ਸੱਤ-ਅੱਠ ਕਿਲੋਮੀਟਰ ਦੂਰ ਘੱਗੇ ਪਿੰਡ ਵਿੱਚ ਕਿਰਾਏ ਉੱਤੇ ਲਈ ਦੁਕਾਨ ’ਤੇ ਜਾਇਆ ਕਰਦੇ ਸਨ। ਬਰਾਸ ਪਿੰਡ ਵਿੱਚ ਗਹਿਣੇ ਬਣਾਉਣ ਵਾਲਾ ਸਾਡਾ ਇੱਕੋ ਪਰਿਵਾਰ ਸੀ ਜਿਸ ਨੇ ਦਿੜ੍ਹਬੇ ਨੇੜਲੇ ਪਿੰਡ ਕੜਿਆਲ ਤੋਂ ਹਿਜਰਤ ਕਰ ਕੇ ਪੰਜ ਛੇ ਕਿਲੋਮੀਟਰ ਦੂਰ ਬਰਾਸ ਪਿੰਡ ਵਿੱਚ ਕਿਆਮ ਕਰ ਲਿਆ ਸੀ। ਪਿਤਾ ਜੀ ਪਹਿਲਾਂ ਆਪਣੇ ਵੱਡੇ ਭਰਾ ਜਨਕ ਸਿੰਘ ਹੋਰਾਂ ਨਾਲ ਖੇਤੀ ਦਾ ਕੰਮ ਕਰਦੇ ਸਨ, ਫਿਰ ਜ਼ਮੀਨ ਨਾ ਮਾਤਰ ਹੋਣ ਕਰ ਕੇ ਦੋਵੇਂ ਭਰਾ ਜੱਦੀ ਪੁਸ਼ਤੀ ਕਿੱਤੇ, ਭਾਵ, ਗਹਿਣੇ ਬਣਾਉਣ ਦੇ ਕੰਮ ਵਿੱਚ ਪੈ ਗਏ ਸਨ।

Advertisement

ਦੋਵਾਂ ਭਰਾਵਾਂ ਦੀ ਘਰੇਲੂ ਤੇ ਜ਼ਮੀਨ-ਜ਼ਾਇਦਾਦ ਦੀ ਤਕਸੀਮ ਹੋਈ ਤਾਂ ਤਾਇਆ ਜੀ ਨੇ ਬਰਾਸ ਪਿੰਡ ਵਿੱਚ ਹੀ ਘਰ ਨੇੜੇ ਆਪਣੀ ਦੁਕਾਨ ਪਾ ਲਈ।

ਪਿਤਾ ਜੀ ਨੇ ਘੱਗੇ ਪਿੰਡ ਵਿੱਚ ਕਿਰਾਏ ’ਤੇ ਦੁਕਾਨ ਲੈ ਲਈ। ਜਿਵੇਂ ਆਮ ਸਮਾਜਿਕ ਵਰਤਾਰਾ ਹੈ, ਕਈ ਵਾਰ ਸਕੇ-ਸਬੰਧੀਆਂ ਵਿੱਚ ਵੀ ਗਾਹਕਾਂ ਨੂੰ ਲੈ ਕੇ ਥੋੜ੍ਹਾ ਬਹੁਤ ਕਿੱਤਈ ਸਾੜਾ ਹੋ ਜਾਂਦਾ ਹੈ। ਇਸ ਦੇ ਮੱਦੇਨਜ਼ਰ ਕਈ ਵਾਰ ਗਾਹਕਾਂ ਨੂੰ ਲੈ ਕੇ ਦੋਵਾਂ ਭਰਾਵਾਂ ਵਿਚਕਾਰ ਨਾਰਾਜ਼ਗੀ ਵੀ ਹੋ ਜਾਂਦੀ ਸੀ। ਕਈ ਵਾਰ ਤਾਂ ਬੋਲ-ਬੁਲਾਰਾ ਇੰਨਾ ਵੱਧ ਜਾਂਦਾ ਸੀ ਕਿ ਭਰਾ-ਭਰਾ ਆਪਸ ਵਿੱਚ ਕਈ-ਕਈ ਦਿਨ ਨਾ ਬੋਲਦੇ ਪਰ ਬੇਬੇ ਜੀ ਤੇ ਤਾਈ ਜੀ ਦੋਵਾਂ ਭਰਾਵਾਂ ਤੋਂ ਚੋਰੀਓਂ ਇੱਕ ਦੂਜੇ ਪਰਿਵਾਰ ਵਿੱਚ ਬਣੀਆਂ ਦਾਲਾਂ-ਸਬਜ਼ੀਆਂ ਦਾ ਦੇਣ-ਲੈਣ ਕਰਦੀਆਂ ਰਹਿੰਦੀਆਂ ਸਨ ਤਾਂ ਜੋ ਇੱਕ ਦੂਜੇ ਪਰਿਵਾਰ ਦੇ ਬੱਚੇ ਦਾਲ ਸਬਜ਼ੀ ਤੋਂ ਵਾਂਝੇ ਨਾ ਰਹਿਣ।

ਸ਼ਮਸ਼ੇਰ ਸਿੰਘ ਤਾਇਆ ਜੀ ਦਾ ਲੜਕਾ ਸੀ। ਉਹ ਉਨ੍ਹਾਂ ਨਾਲ ਦੁਕਾਨ ’ਤੇ ਹੀ ਬੈਠਦਾ ਸੀ। ਤਾਇਆ ਜੀ ਦੀ ਉਸ ਨੂੰ ਸਖ਼ਤ ਹਦਾਇਤ ਸੀ ਕਿ ਉਹ ਸਾਡੇ ਨਾਲ ਕਦੇ ਨਹੀਂ ਬੋਲੇਗਾ ਤੇ ਸਾਡੇ ਗਾਹਕਾਂ ਉੱਪਰ ਵੀ ਨਜ਼ਰ ਰੱਖੇਗਾ। ਪਿਤਾ ਜੀ ਦੇ ਸਖ਼ਤ ਵਿਹਾਰ ਕਾਰਨ ਸ਼ਮਸ਼ੇਰ ਬੇਬੇ-ਬਾਪੂ ਜਾਂ ਸਾਡੇ ਨਾਲ ਗੱਲ ਕਰਨ ਤੋਂ ਕੰਨੀ ਕਤਰਾਉਂਦਾ ਰਹਿੰਦਾ। ਉਹ ਚੰਗੇ ਕੱਦ-ਕਾਠ ਦਾ ਨੌਜਵਾਨ ਸੀ, ਪੂਰਾ ਤਾਕਤਵਰ।

ਸਾਉਣ ਮਹੀਨਾ ਆ ਗਿਆ, ਪਿੰਡ ਵਿੱਚ ਤੀਆਂ ਲੱਗ ਚੁੱਕੀਆਂ ਸਨ। ਅਸੀਂ ਪੰਜ-ਪੰਜ ਛੇ-ਛੇ ਸਾਲ ਦੇ ਨਿੱਕੇ ਭੈਣ ਭਰਾ ਟੋਭੇ ਕੋਲ ਤੀਆਂ ਦੇ ਪਿੜ ਨੇੜੇ ਅਕਸਰ ਸ਼ਾਮ ਨੂੰ ਖੇਡਣ ਚਲੇ ਜਾਂਦੇ ਸਾਂ; ਪਿਆਜ਼ ਤੇ ਪੁੜੀਆਂ ਵਿਚ ਲੂਣ ਲੈ ਕੇ। ਉੱਥੇ ਮਜ਼ੇ ਨਾਲ ਖਾਂਦੇ-ਖੇਡਦੇ ਰਹਿੰਦੇ ਸਨ।

ਇੱਕ ਸ਼ਾਮ ਚਾਣਚੱਕ ਵੱਡਾ ਭਰਾ ਭੁਪਿੰਦਰ ਸਿੰਘ ਆਸ਼ਟ ਘਾਬਰਿਆ ਹੋਇਆ ਸਾਡੇ ਕੋਲ ਆਇਆ। ਭਾਬੀ ਜੀ ਹੁਰੀਂ ਵੀ ਤੀਆਂ ਵਿੱਚ ਆਏ ਹੋਏ ਸਨ। ਭਰਾ ਇੱਕੋ ਸਾਹੇ ਸਾਨੂੰ ਵੀ ਬੋਲਿਆ, “ਉਏ ਛੇਤੀ ਘਰ ਆ ਜਾਓ, ਆਪਣੀ ਛੱਤ ਡਿੱਗ ਪਈ। ਬੇਬੇ ਤੇ ਸੁੱਖੀ (ਭਾਣਜਾ, ਜੋ ਪਟਿਆਲੇ ਤੋਂ ਮਿਲਣ ਆਇਆ ਹੋਇਆ ਸੀ) ਛੱਤ ਹੇਠਾਂ ਆ ਕੇ ਦੱਬ ਗਏ।”

ਛੱਤ ਡਿੱਗਣ ਵੇਲੇ ਬੇਬੇ ਰੋਟੀਆਂ ਲਾ ਰਹੀ ਸੀ ਤੇ ਸੁੱਖੀ ਕੋਲ ਬੈਠਾ ਰੋਟੀ ਖਾ ਰਿਹਾ ਸੀ। ਭੁਪਿੰਦਰ ਭਰਾ ਦਾ ਬਚਾਅ ਇਸ ਕਰ ਕੇ ਹੋ ਗਿਆ ਸੀ ਕਿ ਉਹ ਗਲੀ ਵਿੱਚ ਮਕਾਨ ਦੀ ਡਿਓਢੀ ਕੋਲ ਬਾਹਰ ਖੜ੍ਹੇ ਸਨ।

ਅਸੀਂ ਸਾਹੋ-ਸਾਹੀ ਹੋਏ ਘਰ ਕੋਲ ਪੁੱਜੇ। ਦੇਖਿਆ, ਆਂਢ-ਗੁਆਂਢ ਦਾ ਇਕੱਠ ਵੱਖ-ਵੱਖ ਸਾਧਨਾਂ ਨਾਲ ਫਟਾਫਟ ਮਲਬਾ ਹਟਾ ਰਿਹਾ ਸੀ ਤਾਂ ਜੋ ਹੇਠਾਂ ਦੱਬੇ ਹੋਏ ਬੇਬੇ ਜੀ ਤੇ ਸੁੱਖੀ ਨੂੰ ਜ਼ਿੰਦਾ ਕੱਢਿਆ ਜਾ ਸਕੇ।

ਕਹੀਆਂ ਤੇਜ਼ੀ ਨਾਲ ਚੱਲ ਰਹੀਆਂ ਸਨ।

ਸਭ ਤੋਂ ਅੱਗੇ ਸ਼ਮਸ਼ੇਰ ਸੀ।

ਸ਼ਮਸ਼ੇਰ ਨੇ ਪੂਰਾ ਤਾਣ ਲਾ ਕੇ ਇਕੱਲੇ ਨੇ ਹੀ ਮਲਬੇ ਵਿੱਚੋਂ ਸ਼ਤੀਰ ਨੂੰ ਮੋਢੇ ’ਤੇ ਚੁੱਕਿਆ। ਚਾਣਚੱਕ ਉਸ ਨੇ ਚੌਫਾਲ ਡਿੱਗੇ ਪਏ ਬੇਬੇ ਜੀ ਤੇ ਸੁੱਖੀ ਨੂੰ ਅੱਖਾਂ ਪੁੱਟਦਿਆਂ ਦੇਖਿਆ ਜੋ ਲਗਭਗ ਬੇਹੋਸ਼ੀ ਦੀ ਹਾਲਤ ਵਿੱਚ ਸਨ।

“ਕੋਈ ਕਹੀ ਨਾ ਮਾਰਿਓ ਬਈ...।” ਸ਼ਮਸ਼ੇਰ ਨੇ ਉੱਚੀ ਆਵਾਜ਼ ਵਿੱਚ ਬਾਕੀਆਂ ਨੂੰ ਰੋਕਦਿਆਂ ਕਿਹਾ, “ਚਾਚੀ ਤੇ ਸੁੱਖੀ ਜਿਊਂਦੇ ਨੇ।”

ਸ਼ਮਸ਼ੇਰ ਨੇ ਜ਼ਖ਼ਮੀ ਹਾਲਤ ਵਿੱਚ ਦੋਵਾਂ ਨੂੰ ਬਾਹਰ ਕੱਢਿਆ।

ਇੰਨੇ ਨੂੰ ਪਿੰਡ ਦਾ ਡਾਕਟਰ ਵੀ ਆ ਗਿਆ। ਦੋਵਾਂ ਦੇ ਗੁੱਝੀਆਂ ਸੱਟਾਂ ਵੱਜੀਆਂ ਸਨ। ਕੁਝ ਦੇਰ ਬਾਅਦ ਦੋਵੇਂ ਹੋਸ਼ ਵਿੱਚ ਆ ਗਏ।

ਅਸੀਂ ਦੇਖਿਆ, ਸ਼ਮਸ਼ੇਰ ਦੀਆਂ ਅੱਖਾਂ ਵਿੱਚੋਂ ਖ਼ੁਸ਼ੀ ਤੇ ਜਿੱਤ ਦੇ ਹੰਝੂ ਵਹਿ ਰਹੇ ਸਨ। ਇਹ ਹੰਝੂ ਨਹੀਂ ਸਨ, ਆਪਣਾ ਪਰਿਵਾਰਕ ਖ਼ੂਨ ਬੋਲ ਰਿਹਾ ਸੀ।

ਸੰਪਰਕ: 98144-23703

Advertisement
×