ਸਾਂਝ ਦੀ ਮਹਿਕ
ਸਾਡੇ ਪੁਰਖਿਆਂ ਦਾ ਪਿੰਡ ਖਿਆਲਾ ਕਲਾਂ (ਜ਼ਿਲ੍ਹਾ ਅੰਮ੍ਰਿਤਸਰ) ਸੀ। ਜਦੋਂ ਅੰਗਰੇਜ਼ ਸਰਕਾਰ ਨੇ ਸੰਨ 1900 ਦੇ ਲਗਭਗ ਤਿੰਨ ਨਹਿਰਾਂ ਰੱਖ ਬਰਾਂਚ (ਆਰਬੀ), ਗਾਗੇਰਾ ਬਰਾਂਚ (ਜੀਬੀ) ਅਤੇ ਝੰਗ ਬਰਾਂਚ (ਜੇਬੀ) ਬਣਾ ਕੇ ਸਾਂਦਲ ਬਾਰ ਦੇ ਇਲਾਕੇ ਨੂੰ ਆਬਾਦ ਕਰਨ ਲਈ ਕਿਸਾਨਾਂ ਨੂੰ ਜ਼ਮੀਨਾਂ ਅਲਾਟ ਕੀਤੀਆਂ, ਉਸ ਸਮੇਂ ਪੰਜਾਬ ਦੇ ਲੈਫਟੀਨੈਂਟ ਗਵਰਨਰ ਲਾਰਡ ਜੇਮਜ਼ ਲਾਇਲ ਨੇ ਆਪਣੇ ਨਾਂ ’ਤੇ ਲਾਇਲਪੁਰ ਜ਼ਿਲ੍ਹਾ ਹੋਂਦ ਵਿੱਚ ਲਿਆਂਦਾ ਅਤੇ ਪੂਰਬੀ ਪੰਜਾਬ ਦੇ ਕਿਸਾਨਾਂ ਨੂੰ ਇੱਕ ਤੋਂ ਲੈ ਕੇ ਪੰਜ ਮੁਰੱਬਿਆਂ ਤੱਕ ਜ਼ਮੀਨਾਂ ਅਲਾਟ ਕਰ ਕੇ ਕਿਹਾ ਕਿ ਜੰਗਲ ਵੱਢ ਕੇ ਵਾਹੀਯੋਗ ਜ਼ਮੀਨਾਂ ਬਣਾ ਕੇ ਖੇਤੀ ਕਰਨ। ਉਦੋਂ ਸਾਂਦਲ ਬਾਰ ਦਾ ਇਲਾਕਾ ਅੰਗਰੇਜ਼ ਸਰਕਾਰ ਵਿਰੁੱਧ ਲੜ ਰਹੇ ਸੁਤੰਤਰਤਾ ਸੰਗਰਾਮੀਆਂ ਦਾ ਕੇਂਦਰ ਬਣ ਚੁੱਕਾ ਸੀ। ਉਨ੍ਹਾਂ ਅੰਗਰੇਜ਼ਾਂ ਦੇ ਨੱਕ ਵਿੱਚ ਦਮ ਕੀਤਾ ਹੋਇਆ ਸੀ, ਉਹ ਅੰਗਰੇਜ਼ਾਂ ਵਿਰੁੱਧ ਕਾਰਵਾਈਆਂ ਕਰ ਕੇ ਸਾਂਦਲ ਬਾਰ ਵਿੱਚ ਲੁਕ ਜਾਂਦੇ। ਇਸੇ ਕਰ ਕੇ ਲੈਫਟੀਨੈਂਟ ਗਵਰਨਰ ਨੇ ਕਿਸਾਨਾਂ ਕੋਲੋਂ ਜੰਗਲ ਕਟਾ ਕੇ ਆਜ਼ਾਦੀ ਘੁਲਾਟੀਆਂ ਦੀਆਂ ਛੁਪਣ ਵਾਲੀਆਂ ਥਾਵਾਂ ਖ਼ਤਮ ਕਰ ਕੇ ਕਿਸਾਨਾਂ ਨੂੰ ਰੁਜ਼ਗਾਰ ਅਤੇ ਜ਼ਮੀਨ ਨੂੰ ਖੇਤੀ ਯੋਗ ਬਣਾ ਕੇ ਅਨਾਜ ਦਾ ਉਤਪਾਦਨ ਵਧਾਉਣ ਦੀ ਯੋਜਨਾ ਬਣਾਈ।
ਲਾਰਡ ਜੇਮਜ਼ ਲਾਇਲ ਨੇ ਲਾਇਲਪੁਰ ਸ਼ਹਿਰ ਵਸਾਉਣ ਤੋਂ ਪਹਿਲਾਂ ਸ਼ਹਿਰ ਵਿਚਕਾਰ ਉੱਚਾ ਘੰਟਾ ਘਰ ਬਣਾਇਆ ਅਤੇ ਉਸ ਤੋਂ ਚਾਰ-ਚੁਫੇਰੇ ਅੱਠ ਬਾਜ਼ਾਰ ਬਾਹਰ ਨੂੰ ਵੱਖਰੇ-ਵੱਖਰੇ ਨਾਵਾਂ ਦੇ ਕੱਢੇ। ਇਹ ਨਕਸ਼ਾ ਅੰਗਰੇਜ਼ਾਂ ਦੇ ਕੌਮੀ ਝੰਡੇ ਦੀਆਂ ਅੱਠ ਪੱਟੀਆਂ ਵਾਲਾ ਸੀ। ਬਾਅਦ ਵਿੱਚ ਪਾਕਿਸਤਾਨ ਵਿੱਚ ਇਸਲਾਮੀ ਕਾਨਫਰੰਸ ਹੋਈ ਜਿਸ ਵਿੱਚ ਸਾਊਦੀ ਅਰਬ ਦੇ ਰਾਜੇ ਸ਼ਾਹ ਫੈਸਲ ਦੇ ਨਾਂ ’ਤੇ ਲਾਇਲਪੁਰ ਦਾ ਨਾਂ ਫੈਸਲਾਬਾਦ ਰੱਖਿਆ ਗਿਆ।
ਸਾਡੇ ਪੁਰਖੇ ਖਿਆਲਾ ਕਲਾਂ ਤੋਂ ਵੱਡੀ ਗਿਣਤੀ ਵਿੱਚ ਉੱਠ ਕੇ ਸਾਂਦਲ ਬਾਰ ਦੇ ਇਲਾਕੇ ਵਿੱਚ ਚਲੇ ਗਏ। ਇਨ੍ਹਾਂ ਵਿੱਚੋਂ ਸ਼ਹੀਦ ਬਾਬਾ ਦਿੱਤ ਮੱਲ ਜੀ ਨੇ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਵੱਲੋਂ ਮੁਗਲਾਂ ਵਿਰੁੱਧ ਲੜੀ ਅੰਮ੍ਰਿਤਸਰ ਵਾਲੀ ਜੰਗ ਵਿੱਚ ਸ਼ਹੀਦੀ ਜਾਮ ਪੀਤਾ ਸੀ। ਪਿੰਡ ਖਿਆਲਾ ਕਲਾਂ ਵਿੱਚ ਉਨ੍ਹਾਂ ਦੀ ਯਾਦ ਵਿੱਚ ਗੁਰਦੁਆਰਾ ਬਣਾਇਆ ਗਿਆ ਜਿਹੜਾ ਬਾਬਾ ਮੜ ਕਰ ਕੇ ਮਸ਼ਹੂਰ ਹੋਇਆ। ਜਦੋਂ ਸਾਡੇ ਪੁਰਖਿਆਂ ਨੂੰ ਜ਼ਿਲ੍ਹਾ ਲਾਇਲਪੁਰ ਦੇ ਪਿੰਡ ਖਿਆਲਾ ਕਲਾਂ ਚੱਕ ਨੰਬਰ 57 ਜੇਬੀ ਵਿੱਚ ਜ਼ਮੀਨਾਂ ਅਲਾਟ ਹੋਈਆਂ ਤਾਂ ਉਨ੍ਹਾਂ ਉੱਥੇ ਵੀ ਬਾਬਾ ਜੀ ਦੀ ਯਾਦ ਵਿੱਚ ਬਾਬਾ ਮੜ ਬਣਾ ਲਿਆ। ਇਸ ਪਿੰਡ ਵਿੱਚ 85 ਪ੍ਰਤੀਸ਼ਤ ਆਬਾਦੀ ਸਿੱਖਾਂ ਦੀ ਸੀ, ਖਾਸ ਕਰ ਕੇ ਭੰਗੂ ਜੱਟਾਂ ਦੀ। 1947 ਵਿੱਚ ਦੇਸ਼ ਦੀ ਵੰਡ ਹੋਈ ਜਿਸ ਨਾਲ ਪੰਜਾਬ ਦੋ ਹਿੱਸਿਆਂ ਵਿੱਚ ਵੰਡਿਆ ਗਿਆ ਜਿਸ ਕਰ ਕੇ ਸਾਡੇ ਪੁਰਖਿਆਂ ਨੂੰ ਵੀ ਉਪਜਾਊ ਜ਼ਮੀਨਾਂ ਛੱਡ ਕੇ ਭੋਗਪੁਰ ਇਲਾਕੇ ਦੇ ਪਿੰਡ ਚਾਹੜਕੇ, ਰਾਸਤਗੋ, ਚਮਿਆਰੀ, ਖੋਜਪੁਰ, ਚੱਕ ਸ਼ਕੂਰ, ਖੋਜਪੁਰ, ਕੁਰੇਸ਼ੀਆਂ ਆਦਿ ਵਿੱਚ ਬਸੇਰਾ ਕਰਨਾ ਪਿਆ।
ਜਦੋਂ ਬੁਜ਼ੁਰਗਾਂ ਨੇ ਜ਼ਿਲ੍ਹਾ ਲਾਇਲਪੁਰ ਅਤੇ ਪਿੰਡ ਖਿਆਲਾ ਕਲਾਂ ਚੱਕ ਨੰਬਰ 57 ਜੇਬੀ ਦੀਆਂ ਗੱਲਾਂ ਕਰਨੀਆਂ ਤਾਂ ਅਸੀਂ ਬਹੁਤ ਗਹੁ ਅਤੇ ਰੀਝ ਨਾਲ ਸੁਣਨੀਆਂ ਜਿਸ ਕਰਕੇ ਸਾਡੇ ਮਨ ਵਿੱਚ ਵੀ ਇਹ ਜ਼ਿਲ੍ਹਾ ਅਤੇ ਇਹ ਪਿੰਡ ਦੇਖਣ ਦੀ ਇੱਛਾ ਵਧਦੀ ਗਈ ਪਰ ਪਾਕਿਸਤਾਨ ਅਤੇ ਹਿੰਦੁਸਤਾਨ ਸਰਕਾਰਾਂ ਦੇ ਸਬੰਧ ਇਸ ਤਰ੍ਹਾਂ ਦੇ ਬਣ ਗਏ ਕਿ ਨਾ ਇਹ ਜ਼ਿਲ੍ਹਾ ਅਤੇ ਨਾ ਇਹ ਪਿੰਡ ਦੇਖ ਸਕਦੇ ਸਾਂ। ਉਸ ਦਿਨ ਮੇਰੀ ਖੁਸ਼ੀ ਦੀ ਹੱਦ ਨਾ ਰਹੀ ਜਦੋਂ ਪਾਕਿਸਤਾਨ ਦੇ ਪੱਤਰਕਾਰ ਲਵਲੀ ਨੇ ਯੂਟਿਊਬ ਅਤੇ ਫੇਸਬੁੱਕ ’ਤੇ ਜ਼ਿਲ੍ਹਾ ਲਾਇਲਪੁਰ (ਫੈਸਲਾਬਾਦ) ਦੇ ਪਿੰਡ ਖਿਆਲਾ ਕਲਾਂ ਚੱਕ ਨੰਬਰ 57 ਜੇਬੀ ਦੀ ਵੀਡੀਓ ਨਸ਼ਰ ਕੀਤੀ ਜਿਸ ਵਿੱਚ ਉਸ ਨੇ ਪਿੰਡ ਦੀਆਂ ਚੌੜੀਆਂ-ਚੌੜੀਆਂ ਗਲੀਆਂ ਦਿਖਾਉਣ ਤੋਂ ਬਾਅਦ ਗੁਰਦੁਆਰਾ ਸ਼ਹੀਦ ਬਾਬਾ ਦਿੱਤ ਮੱਲ ਜੀ (ਬਾਬਾ ਮੜ) ਵੀ ਦਿਖਾਇਆ ਜਿਸ ਦਾ ਰੰਗ-ਰੋਗਨ 1947 ਤੋਂ ਪਹਿਲਾਂ ਹੀ ਹੋਇਆ ਹੋਵੇਗਾ ਪਰ ਕੰਧਾਂ ਅਤੇ ਗੁੰਮਟ ਮਜ਼ਬੂਤ ਦਿਸ ਰਹੇ ਸਨ। ਸ਼ਰਧਾ ਅਨੁਸਾਰ ਬੁਜ਼ਰਗ ਮੁਹੰਮਦ ਹੁਸੈਨ ਇਸ ਗੁਰਦੁਆਰੇ ਦੀ ਸੇਵਾ ਕਰਦਾ ਸੀ। ਪਿੰਡ ਵਾਸੀ ਮਾਸਟਰ ਅੱਲ੍ਹਾ ਰੱਖਾ ਹੋਠੀ ਨੇ ਵੀਡੀਓ ਵਿਚ ਦੱਸਿਆ ਕਿ ਪਿੰਡ ਵਾਸੀਆਂ ਨੂੰ ਗੁਰਦੁਆਰੇ ਦੇ ਇਤਿਹਾਸ ਬਾਰੇ ਜਾਣਕਾਰੀ ਨਹੀਂ ਹੈ ਅਤੇ ਹੁਣ ਪਿੰਡ ਦੀ ਪੰਚਾਇਤ ਇਸ ਨੂੰ ਢਾਹ ਦੇਣਾ ਚਾਹੁੰਦੀ ਹੈ। ਉਸ ਨੇ ਆਪਣਾ ਮੋਬਾਈਲ ਫੋਨ ਨੰਬਰ ਵੀ ਨਸ਼ਰ ਕੀਤਾ। ਉਹਨੂੰ ਫੋਨ ਕੀਤਾ ਅਤੇ ਦੱਸਿਆ ਕਿ ਇਹ ਸਾਡੇ ਪੁਰਖਿਆਂ ਦਾ ਪਿੰਡ ਹੈ ਅਤੇ ਜਿਹੜਾ ਪਿੰਡ ਵਿੱਚ ਗੁਰਦੁਆਰਾ ਹੈ, ਇਹ ਬਾਬਾ ਦਿੱਤ ਮੱਲ ਜੀ ਦੀ ਯਾਦ ਵਿੱਚ ਬਣਾਇਆ ਗਿਆ ਸੀ।
ਫਿਰ ਸਬੱਬ ਇਹ ਬਣਿਆ ਕਿ ਸਰਕਾਰਾਂ ਨੇ ਗੁਰਦੁਆਰਾ ਕਰਤਾਰਪੁਰ ਸਾਹਿਬ ਵਾਲਾ ਲਾਂਘਾ ਖੋਲ੍ਹ ਦਿੱਤਾ। ਅਸੀਂ ਮਾਸਟਰ ਅੱਲ੍ਹਾ ਰੱਖਾ ਹੋਠੀ ਨੂੰ ਬੇਨਤੀ ਕੀਤੀ ਕਿ ਅਸੀਂ ਸਾਰੇ ਗੁਰਦੁਆਰਾ ਕਰਤਾਰਪੁਰ ਸਾਹਿਬ ਇਕੱਠੇ ਹੋਈਏ ਪਰ ਹੋਇਆ ਇਹ ਕਿ ਜਿਹੜਾ ਬੁਜ਼ਰਗ 1947 ਤੋਂ ਲੈ ਕੇ ਗੁਰਦੁਆਰਾ ਸ਼ਹੀਦ ਬਾਬਾ ਦਿੱਤ ਮੱਲ ਜੀ ਦੀ ਸੇਵਾ ਕਰ ਰਿਹਾ ਸੀ, ਸਾਡੇ ਮੇਲ ਤੋਂ ਪੰਜ ਦਿਨ ਪਹਿਲਾਂ ਹੀ ਚਲ ਵੱਸਿਆ ਪਰ ਮਾਸਟਰ ਅੱਲ੍ਹਾ ਰੱਖਾ ਹੋਠੀ ਅਤੇ ਪਿੰਡ ਦੇ ਕੁਝ ਹੋਰ ਪਿੰਡ ਵਾਸੀ 300 ਕਿਲੋਮੀਟਰ ਦਾ ਸਫਰ ਤੈਅ ਕਰ ਕੇ ਸਾਨੂੰ ਮਿਲਣ ਆਏ ਤਾਂ ਅਸੀਂ ਉਨ੍ਹਾਂ ਨੂੰ ਕੁਝ ਪੈਸੇ, ਗੁਰਦੁਆਰੇ ਦਾ ਇਤਿਹਾਸ, ਦਸ ਗੁਰੂਆਂ ਦੀ ਫੋਟੋ ਅਤੇ ਨਿਸ਼ਾਨ ਸਾਹਿਬ ਦਿੱਤੇ। ਉਨ੍ਹਾਂ ਗੁਰਦੁਆਰੇ ਦੀ ਇਮਾਰਤ ਨੂੰ ਰੰਗ ਕਰਵਾਇਆ। ਪਿੰਡ ਦੇ ਮੁਸਲਮਾਨ ਭਾਈਚਾਰੇ ਨੇ ਪਿਛਲੀ ਦੀਵਾਲੀ ਅਤੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ’ਤੇ ਗੁਰਦੁਆਰੇ ਦੀਪਮਾਲਾ ਕੀਤੀ, ਲੱਡੂ ਵੰਡ ਕੇ ਖੁਸ਼ੀ ਮਨਾਈ ਅਤੇ ਨਿਸ਼ਾਨ ਸਾਹਿਬ ਚੜ੍ਹਾਉਣ ਦੀ ਰਸਮ ਅਦਾ ਕੀਤੀ। ਗੁਰਦੁਆਰੇ ਦੀ ਸਾਂਭ-ਸੰਭਾਲ ਦਾ ਜਿ਼ੰਮਾ ਬਜ਼ੁਰਗ ਮੁਹੰਮਦ ਹੁਸੈਨ ਦੇ ਪੁੱਤਰ ਬਾਬਾ ਮੁਹੰਮਦ ਤਾਰਿਕ ਨੇ ਸਾਂਭ ਲਿਆ ਹੈ। ਗੁਰਦੁਆਰੇ ਵਿੱਚ ਵਿਸਾਖੀ ਦਾ ਤਿਉਹਾਰ ਅਤੇ ਖਾਲਸਾ ਸਾਜਨਾ ਦਿਵਸ ਸ਼ਰਧਾ ਨਾਲ ਮਨਾਏ, ਗੁੰਮਟ ਉੱਪਰ ਨਵਾਂ ਕੇਸਰੀ ਨਿਸ਼ਾਨ ਝੁਲਾ ਕੇ ਭਾਈਚਾਰਕ ਸਾਂਝ ਨੂੰ ਮਜ਼ਬੂਤ ਕੀਤਾ। ਅਸੀਂ ਬਾਬਾ ਤਾਰਿਕ ਨੂੰ 14 ਅਪਰੈਲ 2024 ਨੂੰ ਗੁਰਦੁਆਰਾ ਕਰਤਾਰਪੁਰ ਸਾਹਿਬ ਵਿੱਚ ਸੱਦ ਕੇ ਮਾਣ ਸਨਮਾਨ ਕੀਤਾ। ਉਨ੍ਹਾਂ ਨੇ ਵੀ ਹੱਦੋਂ ਵੱਧ ਸਤਿਕਾਰ ਅਤੇ ਪਿਆਰ ਦਿੱਤਾ। ਸਾਨੂੰ ਲੱਗਿਆ, ਪੌਣੀ ਸਦੀ ਬੀਤ ਜਾਣ ’ਤੇ ਵੀ ਪਿੰਡ ਖਿਆਲਾ ਕਲਾਂ ਚੱਕ ਨੰਬਰ 57 ਦੀ ਭਾਈਚਾਰਕ ਸਾਂਝ ਦੀ ਮਹਿਕ ਬਰਕਰਾਰ ਹੈ।
ਸੰਪਰਕ: 98150-76546