ਸਹਿਮ ਦਾ ਸਾਇਆ
ਕਈ ਤਰ੍ਹਾਂ ਦੀਆਂ ਖ਼ਬਰਾਂ ਮਨੁੱਖੀ ਮਨ ਨੂੰ ਉਦਾਸ ਵੀ ਕਰਦੀਆਂ ਅਤੇ ਭੈਅ-ਭੀਤ ਵੀ। ਪਹਿਲੀ ਖ਼ਬਰ ਆਪਣੀ ਮਿਹਨਤ ਅਤੇ ਢੁਕਵੀਂ ਵਿਉਂਤਬੰਦੀ ਨਾਲ ਸਥਾਪਤ ਕਾਰੋਬਾਰੀ ਤੋਂ ਜਦੋਂ ਵਿਦੇਸ਼ੀ ਫੋਨ ਰਾਹੀਂ ਫਿਰੌਤੀ ਮੰਗੀ ਜਾਂਦੀ ਹੈ ਅਤੇ ਨਾਲ ਹੀ ਦਿੱਤੇ ਸਮੇਂ ਵਿੱਚ ਇਹ ਮੰਗ ਪੂਰੀ ਕਰਨ ਦੀ ਚਿਤਾਵਨੀ ਦੇ ਨਾਲ-ਨਾਲ ਧਮਕੀ ਦਿੱਤੀ ਜਾਂਦੀ ਹੈ ਕਿ ਜੇ ਮੰਗ ਪੂਰੀ ਨਾ ਕੀਤੀ ਤਾਂ ਸਾਰੇ ਪਰਿਵਾਰ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਜਾਵੇਗਾ, ਤਾਂ ਧਮਕੀ ਪ੍ਰਾਪਤ ਕਰਨ ਵਾਲੇ ਦੀ ਹਾਲਤ ਤਰਸਯੋਗ ਬਣ ਜਾਂਦੀ ਹੈ। ਉਸ ਅਤੇ ਪਰਿਵਾਰ ਦੇ ਜੀਆਂ ਨੂੰ ਕੰਧਾਂ ਤੋਂ ਵੀ ਭੈਅ ਆਉਣ ਲੱਗ ਪੈਂਦਾ। ਬੂਹਾ ਖੜਕਣ ਜਾਂ ਕਾਲ ਬੈੱਲ ਵੱਜਣ ’ਤੇ ਪਰਿਵਾਰ ਸਹਿਮ ਜਾਂਦਾ ਹੈ। ਹੱਸਦੇ ਚਿਹਰਿਆਂ ’ਤੇ ਉਦਾਸੀ ਦੀ ਪਰਤ ਜੰਮ ਜਾਂਦੀ। ਕਈ ਵਪਾਰੀਆਂ ਨੇ ਅੰਦਰਖਾਤੇ ਗੈਂਗਸਟਰਾਂ ਨੂੰ ਆਪਣੀ ਪੂੰਜੀ ਦਾ ਵੱਡਾ ਹਿੱਸਾ ਦੇ ਕੇ ਖਹਿੜਾ ਛੁਡਵਾਇਆ ਹੈ। ਇਹ ਕੁਝ ਕਰਨ ਨਾਲ ਕਾਰੋਬਾਰ ਦਾ ਤਵਾਜ਼ਨ ਹਿੱਲ ਜਾਂਦਾ ਹੈ।
ਜਿਹੜੇ ਵਪਾਰੀਆਂ ਨੇ ‘ਹੁਕਮ’ ਦੀ ਪਾਲਣਾ ਨਹੀਂ ਕੀਤੀ, ਉਨ੍ਹਾਂ ਨੂੰ ਮੌਤ ਦੇ ਘਾਟ ਵੀ ਉਤਾਰਿਆ ਗਿਆ। ਬਾਅਦ ’ਚ ਪੁਲੀਸ ਵੱਲੋਂ ਦੋਸ਼ੀਆਂ ਨੂੰ ਛੇਤੀ ਫੜਨ ਦਾ ਦਾਅਵਾ ਕਰਨ ਦੇ ਨਾਲ-ਨਾਲ ਮ੍ਰਿਤਕ ਦੇ ਘਰ ਵਿਧਾਇਕ ਜਾਂ ਮੰਤਰੀ, ਪਰਿਵਾਰ ਨੂੰ ਦਿਲਾਸਾ ਦੇਣ ਲਈ ਵੀ ਪੁੱਜ ਜਾਂਦੇ ਹਨ। ਇਸ ਤਰ੍ਹਾਂ ਮੌਤ ਦੇ ਘਾਟ ਉਤਾਰੇ ਇੱਕ ਕਾਰੋਬਾਰੀ ਦੇ ਘਰ ਜਦੋਂ ਮੰਤਰੀ ਜੀ ਅਫਸੋਸ ਕਰਨ ਗਏ ਤਾਂ ਮ੍ਰਿਤਕ ਦੇ ਭਰਾ ਨੇ ਗ਼ਮਗੀਨ ਲਹਿਜੇ ਵਿੱਚ ਕਿਹਾ, “ਭਰਾ ਨੂੰ ਜਾਨੀ ਨੁਕਸਾਨ ਦੀਆਂ ਧਮਕੀਆਂ ਮਿਲ ਰਹੀਆਂ ਸਨ। ਅਸੀਂ ਕਈ ਵਾਰ ਜ਼ਿਲ੍ਹਾ ਪ੍ਰਸ਼ਾਸਨ ਅਤੇ ਪੁਲੀਸ ਮੁਖੀ ਕੋਲ ਜਾ ਕੇ ਜਾਨ ਦੀ ਖ਼ੈਰ ਮੰਗਦਿਆਂ ਗੰਨਮੈਨ ਦੇਣ ਦੀ ਬੇਨਤੀ ਕੀਤੀ ਪਰ ਕੁਝ ਨਹੀਂ ਬਣਿਆ। ਹੁਣ ਇੰਝ ਕਰੋ ਮੰਤਰੀ ਸਾਹਿਬ... ਇਹ ਜਿਹੜੀ ਤੁਹਾਡੇ ਨਾਲ ਗੰਨਮੈਨਾਂ ਦੀ ਹੇੜ੍ਹ ਫਿਰਦੀ ਹੈ, ਇਹਨੂੰ ਇੱਥੇ ਬਿਠਾ ਕੇ ਤੁਸੀਂ ਇਕੱਲੇ ਸ਼ਹਿਰ ਦਾ ਇੱਕ ਗੇੜਾ ਲਾ ਦਿਉ। ਤੁਹਾਨੂੰ ਅਮਨ-ਕਾਨੂੰਨ ਦੀ ਸਥਿਤੀ ਦਾ ਆਪੇ ਪਤਾ ਲੱਗ ਜਾਵੇਗਾ।” ਉਹਨੇ ਹੰਝੂ ਵਹਾਉਂਦਿਆਂ ਕਿਹਾ, “ਜੇ ਤੁਹਾਨੂੰ ਆਪਣੀ ਸੁਰੱਖਿਆ ਦਾ ਫਿ਼ਕਰ ਹੈ, ਫਿਰ ਲੋਕਾਂ ਦੀ ਸੁਰੱਖਿਆ ਕੌਣ ਕਰੇਗਾ?” ਮੰਤਰੀ ਜੀ ਕੋਈ ਢੁਕਵਾਂ ਜਵਾਬ ਨਹੀਂ ਦੇ ਸਕੇ।
ਦੂਜੇ, ਜਿਹੜੇ ਘਰ ਵਿੱਚ ਨਸ਼ਾ ਵੜ ਗਿਆ, ਸਮਝੋ ਉਸ ਘਰ ਵਿੱਚ ਭੂਤ ਵੜ ਗਿਆ ਅਤੇ ਇਹ ਭੂਤ ਪਤਾ ਨਹੀਂ ਕਿਸ-ਕਿਸ ਦਾ ਨੁਕਸਾਨ ਕਰ ਦੇਵੇ। ਮਾਨਸਿਕ, ਸਰੀਰਕ, ਬੌਧਿਕ ਅਤੇ ਆਰਥਿਕ ਪੱਖ ਤੋਂ ਨਸ਼ਈ ਘਰ ਦੀ ਹਾਲਤ ਕੱਖੋਂ ਹੌਲੀ ਅਤੇ ਪਾਣੀਉਂ ਪਤਲੀ ਕਰ ਦਿੰਦਾ ਹੈ। ਨਸ਼ਈ ਦੇ ਮਾਪੇ ਆਪਣੇ ਆਪ ਨੂੰ ਨਾ ਜਿਊਂਦਿਆਂ ਅਤੇ ਨਾ ਹੀ ਮਰਿਆਂ ਵਿੱਚ ਸਮਝਦੇ ਹਨ।
ਪੰਜਾਬ ਸਰਕਾਰ ਨੇ ਪਹਿਲੀ ਮਾਰਚ 2025 ਤੋਂ ‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਸ਼ੁਰੂ ਕੀਤੀ ਹੋਈ ਹੈ, ਜਿਸ ਅਧੀਨ ਕਾਨੂੰਨ ਦੀ ਅਮਲਦਾਰੀ, ਨਸ਼ਿਆਂ ਦੀ ਸਪਲਾਈ ਲਾਈਨ ਰੋਕਣੀ, ਤਸ਼ਕਰਾਂ ਦੀ ਗ੍ਰਿਫਤਾਰੀ ਅਤੇ ਨਸ਼ੱਈਆਂ ਦਾ ਇਲਾਜ ਸ਼ਾਮਿਲ ਹੈ। ਇਸ ਨੀਤੀ ’ਤੇ ਅਮਲ ਕਰਦਿਆਂ ਜੇਲ੍ਹਾਂ ਵਿੱਚ ਨਸ਼ਾ ਤਸਕਰ, ਜੇਲ੍ਹਾਂ ਦੀ ਸਮਰੱਥਾ ਤੋਂ ਕਿਤੇ ਵੱਧ ਅੰਦਰ ਕੀਤੇ ਹੋਏ ਹਨ। ਨਸ਼ਾ ਛਡਾਊ ਕੇਂਦਰਾਂ ਵਿੱਚ ਵੀ ਪੁਲੀਸ ਨਸ਼ੱਈਆਂ ਨੂੰ ਫੜ ਕੇ ਧੜਾ-ਧੜ ਦਾਖ਼ਲ ਕਰਵਾ ਰਹੀ ਹੈ। ਨਸ਼ਾ ਬਰਾਮਦਗੀ ਦੀਆਂ ਖ਼ਬਰਾਂ ਵੀ ਰੋਜ਼ ਨਸ਼ਰ ਹੁੰਦੀਆਂ ਹਨ। ਸਰਹੱਦਾਂ ’ਤੇ ਐਂਟੀ-ਡਰੋਨਾਂ ਵਿੱਚ ਵੀ ਵਾਧਾ ਕੀਤਾ ਗਿਆ ਹੈ। ਇਨ੍ਹਾਂ ਸਭ ਯਤਨਾਂ ਦੇ ਬਾਵਜੂਦ ਜ਼ਮੀਨੀ ਪੱਧਰ ’ਤੇ ਨਾ ਤਾਂ ਨਸ਼ਿਆਂ ਦੀ ਓਵਰਡੋਜ਼ ਨਾਲ ਮਰਨ ਵਾਲਿਆਂ ਦੀ ਗਿਣਤੀ ਘਟੀ ਹੈ ਅਤੇ ਨਾ ਹੀ ਨਸ਼ੇ ਦੀ ਸਪਲਾਈ ਲਾਈਨ ’ਤੇ ਪੂਰੀ ਤਰ੍ਹਾਂ ਸੱਟ ਵੱਜੀ ਹੈ। ਕਈ ਥਾਵਾਂ ’ਤੇ ਤਾਂ ਸਮਾਜ ਦਾ ਭਲਾ ਸੋਚਣ ਵਾਲੇ ਜਿਨ੍ਹਾਂ ਲੋਕਾਂ ਨੇ ਨਸ਼ਾ ਤਸਕਰਾਂ ਵਿਰੁੱਧ ਆਵਾਜ਼ ਉਠਾਈ, ਉਨ੍ਹਾਂ ’ਤੇ ਤਸਕਰਾਂ ਨੇ ਜਾਨਲੇਵਾ ਹਮਲੇ ਵੀ ਕੀਤੇ ਹਨ।
ਇੱਕ ਪਿੰਡ ’ਚ ਮਾਪਿਆਂ ਦਾ ਇਕਲੌਤਾ ਪੁੱਤ ਨਸ਼ੇ ਦੀ ਓਵਰਡੋਜ ਦਾ ਸ਼ਿਕਾਰ ਹੋ ਗਿਆ। ਲਾਸ਼ ਝਾੜੀਆਂ ’ਚੋਂ ਮਿਲੀ। ਪਿੰਡ ਵਿੱਚ ਉਪਰੋਥਲੀ ਅਜਿਹੀਆਂ ਕਈ ਮੌਤਾਂ ਹੋ ਚੁੱਕੀਆਂ ਸਨ। ਵਿਹੜੇ ਵਿੱਚ ਨੌਜਵਾਨ ਦੀ ਲਾਸ਼ ਨੇੜੇ ਬੈਠੇ, ਹੰਝੂ ਕੇਰਦੇ ਮਾਪਿਆਂ ਦੀ ਹਾਲਤ ਦੇਖੀ ਨਹੀਂ ਸੀ ਜਾਂਦੀ। ਨੌਜਵਾਨ ਦੇ ਚਾਚੇ ਨੇ ਸੱਥਰ ’ਤੇ ਬੈਠੇ ਲੋਕਾਂ ਨੂੰ ਦੋ ਸਰਿੰਜਾਂ ਦਿਖਾਈਆਂ, “ਇਹ ਸਰਿੰਜ ਤਾਂ ਚਿੱਟੇ ਨਾਲ ਭਰੀ ਹੋਈ ਅਣਵਰਤੀ ਮੁੰਡੇ ਦੀ ਜੇਬ ਵਿੱਚੋਂ ਮਿਲੀ ਹੈ; ਦੂਜੀ ਸਰਿੰਜ ਨਾਲ ਉਹਨੇ ਨਸ਼ੇ ਦਾ ਟੀਕਾ ਲਾਇਆ ਸੀ।” ਵਰਤੀ ਹੋਈ ਸਰਿੰਜ ’ਤੇ ਖੂਨ ਦੇ ਧੱਬੇ ਸਨ। ਉਹਨੇ ਭੁੱਬਾਂ ਮਾਰਦਿਆਂ ਖੂਨ ਵਾਲੀ ਸਰਿੰਜ ਦਿਖਾਈ, “ਜੇ ਸਾਡੇ ਮੁੰਡੇ ਦਾ ਇਹੀ ਖੂਨ ਸਰਹੱਦ ’ਤੇ ਡੁੱਲ੍ਹਦਾ ਤਾਂ ਅਸੀਂ ਉਸ ਦੀ ਸ਼ਹੀਦੀ ’ਤੇ ਮਾਣ ਕਰਦੇ ਪਰ ਇਹ ਖੂਨ ਤਾਂ ਢਾਈ-ਤਿੰਨ ਇੰਚ ਦੀਆਂ ਸਰਿੰਜਾਂ ਪੀ ਰਹੀਆਂ ਨੇ। ਇੱਕ ਪਾਸੇ ਸਰਕਾਰ ਨੇ ਸਰਿੰਜਾਂ ਵੇਚਣ ’ਤੇ ਪਾਬੰਦੀ ਲਾਈ ਹੋਈ ਹੈ, ਦੂਜੇ ਪਾਸੇ ਚਿੱਟਾ ਖ਼ਤਮ ਕਰਨ ਦਾ ਵੀ ਦਾਅਵਾ ਕੀਤਾ ਜਾ ਰਿਹਾ ਹੈ... ਫਿਰ ਭਲਾ ਇਹ ਦੋਵੇਂ ਜਾਨਲੇਵਾ ਚੀਜ਼ਾਂ ਕਿੱਥੋਂ ਆ ਰਹੀਆਂ ਨੇ?”
ਸੱਥਰ ’ਤੇ ਸੰਨਾਟਾ ਪਸਰਿਆ ਹੋਇਆ ਸੀ। ਨੌਜਵਾਨ ਦੇ ਚਾਚੇ ਦੇ ਸਵਾਲ ਦਾ ਕਿਸੇ ਨੂੰ ਵੀ ਜਵਾਬ ਨਹੀਂ ਸੀ ਸੁੱਝ ਰਿਹਾ।
ਸੰਪਰਕ: 94171-48866