ਉਹੀ ਰਸਤਾ
ਪਿਆਰਾ ਸਿੰਘ ਗੁਰਨੇ ਕਲਾਂ
ਮੈਂ ਪੇਂਡੂ ਵਿਦਿਆਰਥੀ ਸੀ। ਬੀਏ ਵਿੱਚ ਮੱਥਾ ਗਣਿਤ ਵਰਗੇ ਔਖੇ ਵਿਸ਼ੇ ਨਾਲ ਲਾ ਲਿਆ। ਗਣਿਤ ਦੀ ਪੜ੍ਹਾਈ ਬਹੁਤ ਔਖੀ ਤੇ ਸਿਲੇਬਸ ਬਹੁਤ ਜਿ਼ਆਦਾ ਲੱਗਦਾ, ਟਿਊਸ਼ਨ ਬਿਨਾਂ ਸਰਦਾ ਨਹੀਂ ਸੀ। ਟਿਊਸ਼ਨ ਲਈ ਸੁਨੀਲ ਸਰ ਕੋਲ ਬੁਢਲਾਡੇ ਜਾਂਦਾ। ਉਨ੍ਹਾਂ ਕੋਲ ਸਵੇਰੇ ਸਾਢੇ ਪੰਜ ਵਾਲਾ ਬੈਚ ਮਿਲਿਆ। ਪਿੰਡੋਂ ਪੰਜ ਵਜੇ ਕੋਈ ਬੱਸ ਨਾ ਜਾਵੇ। ਪਿਤਾ ਨੇ ਸਾਈਕਲ ਲੈ ਦਿੱਤਾ। ਪਿੰਡੋਂ 5 ਵਜੇ ਚੱਲ ਪੈਂਦਾ। ਪੂਰੀ ਸਰਦੀ ਹੁੰਦੀ ਤੇ ਉੱਤੋਂ ਹਨੇਰਾ; ਬੱਸ, ਡਰਦਾ ਰੱਬ-ਰੱਬ ਕਰਦਾ। ਰਾਹ ਵਿੱਚ ਹੱਡਾ ਰੋੜੀ ਸੀ; ਖੂਨ, ਮਾਸ ਤੇ ਕੁੱਤੇ! ਬਹੁਤ ਡਰ ਲੱਗਦਾ। ਕਈਆਂ ਨੇ ਕਹਿਣਾ- ਬਿਆਸ ਘਰ ਕੋਲ ਭੂਤਾਂ ਦਾ ਡੇਰਾ ਹੈ। ਉਸ ਥਾਂ ਜਾ ਕੇ ਹੋਰ ਵੀ ਡਰ ਲੱਗਣਾ। ਜਦ ਵੀ ਕੋਈ ਆਵਾਜ਼ ਸੁਣਨੀ ਜਾਂ ਖੜਕਾ ਹੋਣਾ ਤਾਂ ਮੈਂ ਜਾਪ ਸ਼ੁਰੂ ਕਰ ਦੇਣਾ। ਪੜ੍ਹਾਈ ਤੋਂ ਬਿਨਾਂ ਕੋਈ ਚਾਰਾ ਨਹੀਂ ਸੀ! ਚੰਗੇ ਭਵਿੱਖ ਦਾ ਚਾਨਣ ਸਾਹਮਣੇ ਸਿਰਜਿਆ ਹੋਇਆ ਸੀ।...
... ਇਹ ਸਭ ਚੇਤੇ ਕਰਦਿਆਂ 1959 ਵਾਲੇ ਦੌਰ ਵਿੱਚ ਚਲਾ ਜਾਂਦਾ ਹਾਂ। ਇਸੇ ਕੱਚੇ ਰਸਤੇ ’ਤੇ ਮੇਰਾ ਪਿਓ ਤੁਰ ਕੇ ਬੁਢਲਾਡੇ ਪੜ੍ਹਨ ਜਾਂਦਾ। ਘਰੇ ਅੰਤਾਂ ਦੀ ਗਰੀਬੀ। ਪਿਤਾ ਸਣੇ 8 ਬੱਚੇ। ਘਰੇ ਭੰਗ ਭੁੱਜਦੀ। ਦਾਦਾ ਦੇਸ਼ ’ਚ ਕਾਮਰੇਡੀ ਰਾਹੀਂ ਕ੍ਰਾਂਤੀਆਂ ਲਿਆਉਣ ਦੇ ਰਾਹ ਤੁਰਿਆ ਰਹਿੰਦਾ। ਪਿਤਾ ਦੱਸਦੇ ਕਿ ਟੁੱਟੇ ਫਿੱਡੇ ਪੈਰਾਂ ਵਿੱਚ ਹੋਣੇ, ਕੱਚਾ ਰਾਹ ਤੇ ਰਸਤੇ ਵਿੱਚ ਰੇਤ ਦਾ ਟਿੱਬਾ। ਟਿੱਬਾ ਸ਼ੁਰੂ ਹੋਣ ਤੋਂ ਪਹਿਲਾਂ ਬੋਹੜ ਦਾ ਦਰੱਖਤ ਸੀ। ਪਿਤਾ ਪੜ੍ਹਾਈ ਦੇ ਨਾਲ-ਨਾਲ ਪਿਤਾ-ਪੁਰਖੀ, ਸਿਲਾਈ ਦਾ ਕਿੱਤਾ ਵੀ ਕਰਦਾ। ਕਿਤਾਬਾਂ ਵਾਲੇ ਝੋਲੇ ਵਿੱਚ ਰੱਸੀਆਂ ਪਾ ਲੈਣੀਆਂ। ਟਿੱਬਾ ਸ਼ੁਰੂ ਹੋਣ ਤੋਂ ਪਹਿਲਾਂ ਬੋਹੜ ਦੇ ਪੱਤੇ ਤੋੜ ਕੇ ਫਿੱਡਿਆਂ ਦੇ ਉੱਪਰ ਦੀ ਲਪੇਟ ਕੇ ਉੱਪਰੋਂ ਰੱਸੀਆਂ ਬੰਨ੍ਹ ਲੈਣੀਆਂ। ਫਿਰ ਵੀ ਕਿਤੋਂ ਮੋਰੀ ਵਿੱਚੋਂ ਰੇਤ ਪੈਰਾਂ ’ਤੇ ਪੈ ਜਾਣੀ ਤਾਂ ਛਾਲੇ ਹੋ ਜਾਣੇ ਪਰ ਪੜ੍ਹਾਈ ਦੀ ਲਗਨ ਛਾਲਿਆਂ ਦੇ ਦਰਦ ਤੋਂ ਵੱਡੀ ਸੀ। ਪਿਤਾ ਜੀ ਦੱਸਦੇ ਕਿ ਪਿੰਡ ਦੇ ਇੱਕ ਦੋ ਜਣੇ ਸਾਈਕਲ ਦੇ ਟੱਲੀਆਂ ਵਜਾ ਕੇ ਕੋਲੋਂ ਲੰਘਦੇ। ਅੰਤ ਉਨ੍ਹਾਂ ਦੀ ਅਮੀਰੀ ਹੀ ਉਨ੍ਹਾਂ ਨੂੰ ਲੈ ਬੈਠੀ। ਨਸ਼ੇ-ਪੱਤਿਆਂ ’ਤੇ ਲੱਗ ਗਏ ਤੇ ਜਲਦੀ ਹੀ ਦੁਨੀਆ ਤੋਂ ਰੁਖ਼ਸਤ ਹੋ ਗਏ। ਪਿਤਾ ਦਸਵੀਂ ਦੀ ਪ੍ਰੀਖਿਆ ਚੰਗੇ ਨੰਬਰਾਂ ਨਾਲ ਪਾਸ ਕਰ ਗਏ। ਗਣਿਤ ਉਨ੍ਹਾਂ ਨੂੰ ਬਹੁਤ ਆਉਂਦਾ ਸੀ।...
ਮੈਂ ਵੀ ਉਸੇ ਰਸਤੇ ਡਰਦਾ-ਡਰਦਾ ਰੋਜ਼ ਲੰਘਦਾ। ਸੁਨੀਲ ਸਰ ਦੀ ਮਾਤਾ ਨੇ ਮੈਨੂੰ ਵੀ ਚਾਹ ਦਾ ਕੱਪ ਦੇਣਾ, ਕਹਿਣਾ, “ਜਵਾਕ ਠੰਢ ’ਚੋਂ ਆਇਆ।” ਉੱਥੋਂ ਘਰੇ ਆ ਕੇ ਕਾਹਲੀ-ਕਾਹਲੀ ਕਾਲਜ ਜਾਣਾ। ਕਈ ਵਾਰ ਸਾਰਾ ਦਿਨ ਭੁੱਖੇ ਰਹਿਣਾ ਪੈਂਦਾ, ਸ਼ਾਮ ਨੂੰ ਘਰੇ ਜਾ ਕੇ ਰੋਟੀ ਮਿਲਦੀ। ਪਿਤਾ ਸਖ਼ਤ ਬਹੁਤ ਸਨ, ਕਦੀ ਇੱਕ ਰੁਪਈਆ ਵੀ ਫਾਲਤੂ ਨਹੀਂ ਸੀ ਦਿੰਦੇ। ਉਨ੍ਹਾਂ ਦੀ ਧਾਰਨਾ ਸੀ ਕਿ ਫਾਲਤੂ ਪੈਸੇ ਨਾਲ ਬੱਚੇ ਵਿਗੜ ਜਾਂਦੇ ਹਨ। ਨਾਲ ਦੇ ਮੁੰਡੇ ਕੰਟੀਨ ’ਚ ਚਾਹ ਪੀਂਦੇ ਤੇ ਨਾਲ ਕੁਝ ਨਾ ਕੁਝ ਖਾ ਲੈਂਦੇ। ਮੇਰੇ ਲਈ ਇਹ ਮੌਕਾ ਮਹੀਨੇ ’ਚ ਇਕ ਅੱਧੀ ਵਾਰ ਹੀ ਆਉਂਦਾ।
ਦਸਵੀਂ ਮਗਰੋਂ ਪਿਤਾ ਜੀ ਨੂੰ ਨੌਕਰੀ ਮਿਲੀ ਪਰ ਘਰ ਦੀ ਗਰੀਬੀ ਅੜਿੱਕਾ ਬਣ ਜਾਂਦੀ। ਤਾਇਆ ਕਹਿ ਦਿੰਦਾ ਕਿ ਕੰਮ ਕਰ। ਉਹ ਘਰ ਦਾ ਮੋਢੀ ਸੀ। ਦਾਦੇ ਦੀ ਕੁੱਟ ਦੇ ਸਤਾਏ ਮੇਰੇ ਦੋ ਤਾਏ ਕਲਕੱਤੇ ਚਲੇ ਗਏ। ਤਾਇਆ ਤੇ ਚਾਚਾ ਪਿੰਡੋਂ-ਪਿੰਡ ਡੱਗੀ ਵੇਚਦੇ ਤੇ ਪਿਤਾ ਘਰੇ ਕੱਪੜੇ ਸਿਉਂਦਾ। ਜਿੰਨੇ ਪੈਸੇ ਵੱਟੇ ਜਾਂਦੇ, ਤਾਏ ਅੱਗੇ ਢੇਰੀ ਕਰ ਦਿੰਦੇ।... ਪਿਤਾ ਦੀ ਪ੍ਰਾਇਮਰੀ ਅਧਿਆਪਕ ਬਣਨ ਦੀ ਇੱਛਾ ਮੈਂ 1998 ਵਿੱਚ ਪੂਰੀ ਕੀਤੀ। ਗਣਿਤ ਵਿੱਚ ਪਿਤਾ ਦੇ ਹੁਸ਼ਿਆਰ ਹੋਣ ਦਾ 2006 ਵਿੱਚ ਗਣਿਤ ਮਾਸਟਰ ਬਣ ਕੇ ਸੁਫਨਾ ਪੂਰਾ ਕੀਤਾ।
ਬਹੁਤ ਵਾਰ ਸੋਚਦਾ-ਸੋਚਦਾ ਉਸੇ ਰਸਤੇ ’ਤੇ ਚਲਾ ਜਾਂਦਾ ਹਾਂ। ਪਿਤਾ ਵੀ ਟਿੱਬਾ ਪਾਰ ਕਰਦਾ ਸੀ ਤੇ ਮੈਂ ਵੀ। ਉਹੀ ਰਸਤਾ ਆਖਿ਼ਰਕਾਰ ਸਫਲਤਾ ਤੱਕ ਲੈ ਗਿਆ। ਪਿਤਾ ਸਫਲ ਪਿਤਾ ਸਿੱਧ ਹੋਇਆ। ਮੈਂ ਨਾਨਕੇ ਦਾਦਕੇ ਪਰਿਵਾਰ ਵਿੱਚ ਪਹਿਲਾ ਅਧਿਆਪਕ ਬਣਿਆ... ਪਿਤਾ ਦਾ ਅਧਿਆਪਕ ਬਣਨੋਂ ਰਹਿ ਜਾਣਾ ਮੇਰੇ ਅੰਦਰ ਅਧਿਆਪਕ ਬਣਨ ਲਈ ਸਿਸਕੀਆਂ ਲੈ ਰਿਹਾ ਸੀ। ਉਹੀ ਰਸਤਾ ਔਕੜਾਂ ਕਰ ਕੇ ਮੇਰੀ ਅਤੇ ਪਿਤਾ ਦੀ ਸਫਲਤਾ ਦਾ ਗਵਾਹ ਬਣਿਆ ਰਹੇਗਾ ਅਤੇ ਰਾਹ ਦਸੇਰਾ ਵੀ।
ਸੰਪਰਕ: 99156-21188